November 5, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਕੇਂਦਰ ਸਰਕਾਰ ਦੇ 3 ਖੇਤੀਬਾੜੀ ਕਾਨੂੰਨਾਂ ਅਤੇ ਬਿਜਲੀ-ਐਕਟ-2020 ਰੱਦ ਕਰਵਾਉਣ ਲਈ ਪਿਛਲੇ 35 ਦਿਨਾਂ ਤੋਂ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 30 ਸੰਘਰਸਸ਼ੀਲ ਕਿਸਾਨ ਜਥੇਬੰਦੀਆਂ ਦੀ ਸਾਂਝੀ-ਮੀਟਿੰਗ ਪੰਜਾਬ ਕਿਸਾਨ ਭਵਨ, ਚੰਡੀਗੜ੍ਹ ਵਿਖੇ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਆਗੂਆਂ ਕੁਲਵੰਤ ਸਿੰਘ ਸੰਧੂ, ਜਗਮੋਹਨ ਸਿੰਘ ਪਟਿਆਲਾ, ਬਲਬੀਰ ਸਿੰਘ ਰਾਜੇਵਾਲ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ 20 ਨਵੰਬਰ ਤੱਕ ਮਾਲ-ਗੱਡੀਆਂ ਨੂੰ ਛੋਟ ਦਿੱਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਲੋਕਲ-ਡੀਲਰਾਂ ਦੀ ਮਾਲਕੀ ਵਾਲ਼ੇ ਰਿਲਾਇੰਸ-ਪੰਪਾਂ ਸਬੰਧੀ ਹਾਂ-ਪੱਖੀ ਫੈਸਲਾ ਭਲਕੇ ਚੱਕਾ-ਜਾਮ ਦੌਰਾਨ ਕਿਸਾਨ-ਆਗੂਆਂ ਵੱਲੋਂ ਐਲਾਨਿਆ ਜਾਵੇਗਾ।
ਰੇਲਵੇ-ਸਟੇਸ਼ਨਾਂ, ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਚੱਲ ਰਹੇ ਧਰਨੇ ਜਾਰੀ ਰਹਿਣਗੇ। ਭਾਜਪਾ ਆਗੂਆਂ ਦਾ ਘਿਰਾਓ ਵੀ ਜਾਰੀ ਰਹੇਗਾ। ਕਿਸਾਨ-ਆਗੂ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮੀਟਿੰਗ-ਦੌਰਾਨ ਅੱਜ 5 ਨਵੰਬਰ ਦੇ ਦੇਸ਼-ਪੱਧਰੀ ਚੱਕਾ-ਜਾਮ ਨੂੰ ਸੂਬੇ ਭਰ ‘ਚ ਸਫ਼ਲ ਬਣਾਉਣ ਅਤੇ 26-27 ਨਵੰਬਰ ਨੂੰ ਦਿੱਲੀ ਵਿਖੇ ਦੇਸ਼-ਪੱਧਰੀ ਇਕੱਠ ਲਈ ਵਿਉਂਤਬੰਦੀ ਕੀਤੀ ਗਈ। ਮੀਟਿੰਗ ਦੌਰਾਨ ਭਾਜਪਾ ਦੇ ਪੰਜਾਬ ਕਿਸਾਨ ਸੈੱਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਵਾਲ਼ੇ ਤਰਲੋਚਨ ਸਿੰਘ ਗਿੱਲ ਨੇ ਪਹੁੰਚ ਕੇ ਕਿਸਾਨ-ਜਥੇਬੰਦੀਆਂ ਨਾਲ ਇੱਕਜੁੱਟਤਾ ਪ੍ਰਗਟਾਈ। ਸਾਬਕਾ ਸੈਨਿਕਾਂ ਵੱਲੋਂ ਵੀ ਕਿਸਾਨ-ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।
Related Topics: BKU Lakhowal, BKU Rajewal, farmer