ਲੇਖ » ਸਿੱਖ ਖਬਰਾਂ

ਜੈਤੋ ਦੇ ਮੋਰਚੇ ਵਿਚ ਸਿੱਖ ਬੀਬੀਆਂ ਦਾ ਯੋਗਦਾਨ

February 13, 2024 | By

ਡਾ. ਹਰਪ੍ਰੀਤ ਕੌਰ

ਸਾਰੇ ਪਾਸਿਆਂ ਤੋਂ ਗੋਲੀ ਚੱਲ ਰਹੀ ਸੀ। ਇਕ ਗੋਲੀ ਇਕ ਦੁੱਧ ਚੁੰਘਦੇ ਬੱਚੇ ਦੇ ਲੱਗੀ ਜੋ ਜਥੇ ਦੇ ਨਾਲ ਜਾ ਰਹੀ ਆਪਣੀ ਮਾਂ (ਬਲਬੀਰ ਕੌਰ) ਦੀਆਂ ਬਾਹਾਂ ਵਿਚ ਜਥੇ ਨਾਲ ਜਾ ਰਿਹਾ ਸੀ। ਮਾਂ ਲਈ ਦੁਨੀਆ ਵਿਚ ਸਭ ਤੋਂ ਪਿਆਰੀ ਉਸਦੀ ਔਲਾਦ ਹੁੰਦੀ ਹੈ। ਸਿੱਖੀ ਸਿਦਕ ਦੀ ਮਿਸਾਲ ਬਣ ਇਸ ਮਾਂ ਨੇ ਆਪਣੇ ਸ਼ਹੀਦ ਹੋਏ ਬੱਚੇ ਨੂੰ ਰੇਤ ਵਿਚ ਦੱਬ ਦਿੱਤਾ ਅਤੇ ਗੋਲੀਆਂ ਦੀ ਵਰ੍ਹਦੀ ਹੋਈ ਬੁਛਾੜ ਵਿਚ ਸ਼ਾਂਤਮਈ ਤਰੀਕੇ ਨਾਲ ਜਥੇ ਨਾਲ ਅੱਗੇ ਵਧਦੀ ਗਈ।

ਸਿੱਖ ਧਰਮ ਵਿਚ ਇਸਤਰੀ ਨੂੰ ਮਰਦ ਦੇ ਬਰਾਬਰ ਸਤਿਕਾਰ ਦਿੱਤਾ ਗਿਆ ਹੈ। ਸਿੱਖ ਇਤਿਹਾਸ ਵਿਚ ਸਾਨੂੰ ਸਿੱਖ ਇਸਤਰੀਆਂ ਦੇ ਵੱਖ-ਵੱਖ ਖੇਤਰਾਂ ਵਿਚ ਪਾਏ ਯੋਗਦਾਨ ਦਾ ਵਰਨਣ ਪ੍ਰਾਪਤ ਹੁੰਦਾ ਹੈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਸਮੇਂ ਵੱਖ-ਵੱਖ ਸਾਕਿਆਂ ਅਤੇ ਮੋਰਚਿਆਂ ਦੌਰਾਨ ਜਿਥੇ ਸਿੰਘਾਂ ਨੇ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਕੇ ਯੋਗਦਾਨ ਪਾਇਆ, ਉਥੇ ਸਿੱਖ ਬੀਬੀਆਂ ਦੁਆਰਾ ਇਸ ਲਹਿਰ ਵਿਚ ਨਿਭਾਈ ਭੂਮਿਕਾ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸਿੱਖ ਬੀਬੀਆਂ ਨੇ ਆਪਣੇ ਇਤਿਹਾਸ ਨੂੰ ਦੁਹਰਾਉਂਦਿਆਂ ਸਰੀਰਕ ਅਤੇ ਮਾਨਸਿਕ ਤਸ਼ੱਦਦ ਨੂੰ ਝੱਲਿਆ। ਜੈਤੋ ਦੇ ਮੋਰਚੇ ਵਿਚ ਵੀ ਸਿੱਖ ਬੀਬੀਆਂ ਦੇ ਸਿੱਖੀ ਸਿਦਕ ਦੀਆਂ ਕਈ ਮਿਸਾਲਾਂ ਦੇਖੀਆਂ ਜਾ ਸਕਦੀਆਂ ਹਨ। ਇਸ ਮੋਰਚੇ ਦੌਰਾਨ ਸਿੱਖ ਬੀਬੀਆਂ ਦੁਆਰਾ ਆਪਣੇ ਭਰਾਵਾਂ, ਪਤੀਆਂ, ਬੱਚਿਆਂ ਆਦਿ ਨੂੰ ਜਥਿਆਂ ਵਿਚ ਜਾਣ ਲਈ ਉਤਸ਼ਾਹਿਤ ਕਰਨ, ਜ਼ਖ਼ਮੀਆਂ ਦੀ ਸੇਵਾ, ਲੰਗਰ ਦੀ ਸੇਵਾ ਵਿਚ ਪਾਏ ਯੋਗਦਾਨ ਦਾ ਵੇਰਵਾ ਮਿਲਦਾ ਹੈ। ਇਸ ਦੌਰਾਨ ਸਿੱਖ ਬੀਬੀਆਂ ਨੇ ਅੰਗਰੇਜ਼ ਸਰਕਾਰ ਦੇ ਤਸ਼ੱਦਦ ਦਾ ਸਾਹਮਣਾ ਕੀਤਾ, ਲੰਮਾਂ ਸਮਾਂ ਜੇਲ੍ਹਾਂ ਕੱਟੀਆਂ ਅਤੇ ਆਪਣੇ ਸਰੀਰ ਉੱਪਰ ਜ਼ਾਲਮਾਂ ਦੇ ਅਸਹਿ ਕਸ਼ਟ ਨੂੰ ਸਹਾਰਦਿਆਂ ਅਡੋਲ ਰਹੀਆਂ। ਹਥਲੇ ਲੇਖ ਵਿਚ ਜੈਤੋ ਦੇ ਮੋਰਚੇ ਵਿਚ ਸਿੱਖ ਬੀਬੀਆਂ ਦੀ ਭੂਮਿਕਾ ਨੂੰ ਆਧਾਰ ਬਣਾਇਆ ਗਿਆ ਹੈ।

ਮਹਾਰਾਜਾ ਰਿਪੁਦਮਨ ਸਿੰਘ ਨੂੰ ਇਨਸਾਫ਼ ਦਵਾਉਣ ਅਤੇ ਦੁਬਾਰਾ ਗੱਦੀ ਦੀ ਬਹਾਲੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 9 ਸਤੰਬਰ, 1923ਈ. ਨੂੰ ‘ਨਾਭਾ ਡੇ’ (ਨਾਭਾ ਦਿਵਸ) ਸੰਬੰਧੀ ਐਲਾਨ ਕੀਤਾ। ਇਸ ਦੌਰਾਨ ਠੀਕਰੀਵਾਲ ਦੇ ਗੁਰਦੁਆਰਾ ਸਾਹਿਬ (ਬਰਨਾਲਾ ਤੋਂ ਚਾਰ ਮੀਲ ਦੂਰ) ਵਿਖੇ ਦੀਵਾਨ ਰੱਖਿਆ ਗਿਆ ਜਿਥੋਂ ਸਿੱਖ ਜਥੇ ਦੇ ਰੂਪ ਵਿਚ ਨਿਕਲੇ। ਇਸ ਜਥੇ ਦੇ ਜਥੇਦਾਰ ਅਤੇ ਪੰਜ ਅਕਾਲੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਕਜੁੱਟਤਾ ਦਾ ਸਬੂਤ ਪੇਸ਼ ਕਰਦਿਆਂ ਬਾਕੀ ਸਿੰਘਾਂ ਨੇ ਵੀ ਜਥੇਦਾਰ ਨਾਲੋਂ ਵੱਖ ਹੋਣ ਤੋਂ ਮਨ੍ਹਾਂ ਕਰ ਦਿੱਤਾ, ਜਿਸ ਕਾਰਨ ੨੫੦ ਸਿੱਖਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸੇ ਹੀ ਸਮੇਂ ਸਿੱਖ ਬੀਬੀਆਂ ਨੇ ਵੀ ਐਜੀਟੇਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ ਆਪਣਾ ਸਿੱਖ ਬੀਬੀਆਂ ਦਾ ਜਥਾ ਬਣਾਇਆ ਅਤੇ ਗੁਰਬਾਣੀ ਸ਼ਬਦ ਪੜ੍ਹਦੀਆਂ ਹੋਈਆਂ ਬਰਨਾਲਾ ਦੀਆਂ ਗਲੀਆਂ ਵਿੱਚੋਂ ਲੰਘੀਆਂ। ਜਿਨ੍ਹਾਂ ਸਿੱਖਾਂ ਨੇ ਨਾਭਾ ਦਿਵਸ ਦੌਰਾਨ ਸ਼ਮੂਲੀਅਤ ਨਹੀਂ ਸੀ ਕੀਤੀ, ਇਨ੍ਹਾਂ ਬੀਬੀਆਂ ਨੂੰ ਸ਼ਬਦ ਪੜ੍ਹਦਿਆਂ ਹੋਏ ਲੰਘਦਿਆਂ ਦੇਖ ਕੇ ਸ਼ਰਮ ਮਹਿਸੂਸ ਕੀਤੀ ਅਤੇ ਇਸ ਤਰ੍ਹਾਂ ਸੈਂਕੜੇ ਸਿੱਖਾਂ ਨੇ ਬੀਬੀਆਂ ਦੇ ਜਥੇ ਤੋਂ ਉਤਸ਼ਾਹਿਤ ਹੋ ਕੇ ਨਾਭਾ ਦਿਵਸ ਮਨਾਉਣ ਲਈ ਸ਼ਮੂਲੀਅਤ ਕੀਤੀ।’ ਇਸ ਤਰ੍ਹਾਂ ਜੈਤੋ ਦਾ ਮੋਰਚਾ ਲੱਗਣ ਤੋਂ ਪਹਿਲਾਂ ਹੀ ਨਾਭਾ ਦਿਵਸ ਤੋਂ ਬੀਬੀਆਂ ਦੀ ਭੂਮਿਕਾ ਅਰੰਭ ਹੋ ਗਈ। ਇਸ ਤੋਂ ਬਾਅਦ ਜੈਤੋ ਦੇ ਮੋਰਚੇ ਸਮੇਂ ਵੱਖ-ਵੱਖ ਸ਼ਹੀਦੀ ਜਥਿਆਂ ਵਿਚ ਸਿੱਖ ਬੀਬੀਆਂ ਦੇ ਲਾਸਾਨੀ ਯੋਗਦਾਨ ਦੀਆਂ ਕਈ ਮਿਸਾਲਾਂ ਸਿੱਖ ਇਤਿਹਾਸ ਦੇ ਪੰਨਿਆਂ ਉੱਪਰ ਦੇਖੀਆਂ ਜਾ ਸਕਦੀਆਂ ਹਨ।

ਜੈਤੋ ਵੱਲ ਪਹਿਲੇ ਸ਼ਹੀਦੀ ਜਥੇ ਦੀ ਰਵਾਨਗੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਸੰਤ ਪੰਚਮੀ ਵਾਲੇ ਦਿਨ ਖੰਡਿਤ ਅਖੰਡ ਪਾਠ ਸਾਹਿਬ ਨੂੰ ਮੁੜ ਅਰੰਭ ਕਰਾਉਣ ਦੇ ਪ੍ਰਣ ਵਜੋਂ ੯ ਫਰਵਰੀ, ੧੯੨੪ ਈ. ਨੂੰ ਹੋਈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਥੇ ਨੂੰ ਸ਼ਾਂਤ ਰਹਿਣ ਦਾ ਆਦੇਸ਼ ਕੀਤਾ ਗਿਆ। ਇਸ ਜਥੇ ਨਾਲ ਬੀਬੀਆਂ ਨੂੰ ਜਾਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ। ਪਰ ਕੁਝ ਬੀਬੀਆਂ ਦੁਆਰਾ ਲੰਗਰ ਦੀ ਸੇਵਾ ਕਰਨ ਦਾ ਜ਼ੋਰ ਪਾਉਣ ਉਪਰੰਤ ਇਜ਼ਾਜ਼ਤ ਦੇ ਦਿੱਤੀ ਗਈ। ਰਸਤੇ ਵਿਚ ਪਹਿਲੇ ਪੜਾਅ ਸਮੇਂ ਜਥੇਦਾਰ ਵੱਲੋਂ ਬੀਬੀਆਂ ਨੂੰ ਵਾਪਸ ਜਾਣ ਦਾ ਆਦੇਸ਼ ਕੀਤਾ ਜਿਸ ਕਾਰਨ ਕੁਝ ਬੀਬੀਆਂ ਵਾਪਸ ਚਲੀਆਂ ਗਈਆਂ ਪਰ ਕਈ ਬੀਬੀਆਂ ਜਥੇ ਦੇ ਨਾਲ ਅੱਗੇ ਵਧਦੀਆਂ ਗਈਆਂ। ਰਸਤੇ ਵਿਚ ਲੰਗਰ ਦਾ ਪ੍ਰਬੰਧ ਹੋਣ ਕਾਰਨ ਜਥੇਦਾਰ ਦੁਆਰਾ ਬਾਕੀ ਬੀਬੀਆਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ। ਜਥੇ ਵਿਚ ੨੨ ਸਾਲ ਦੀ ਇਸਤਰੀ ਬੀਬੀ ਬਲਬੀਰ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਵਾਪਸ ਜਾਣ ਲਈ ਕਿਹਾ ਗਿਆ ਕਿਉਂਕਿ ਉਸਦੇ ਨਾਲ ਉਸਦਾ ਦੋ ਸਾਲ ਦਾ ਬੱਚਾ ਸੀ। ਪਰ ਬੀਬੀ ਨੇ ਜਵਾਬ ਦਿੱਤਾ:

“ਵੀਰ ! ਮੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਹੀਦਾਂ ਦੀ ਸੇਵਾ ਕਰਨ ਤੋਂ ਨਾ ਰੋਕ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਮੌਤ ਕਿਸੇ ਵੇਲੇ ਵੀ ਆ ਸਕਦੀ ਹੈ। ਮੈਨੂੰ ਅੱਗੇ ਵਧਣ ਦਿਓ ਤਾਂ ਜੋ ਮੈਂ ਆਪਣੇ ਗੁਰੂ ਦੀ ਸੇਵਾ ਕਰ ਸਕਾਂ।”

ਜਥੇ ਵਿਚ ਬੀਬੀਆਂ ਨੇ ਲੰਗਰ ਦੀ ਸੇਵਾ ਕੀਤੀ। ਅੱਗੇ ਗੋਲੀਆਂ ਚਲਾਉਣ ਦੀ ਤਿਆਰੀ ਹੋਣ ਕਰਕੇ ਜਥੇਦਾਰ ਦੁਆਰਾ ਦੁਬਾਰਾ ਬੀਬੀ ਨੂੰ ਵਾਪਸ ਜਾਣ ਲਈ ਕਿਹਾ ਗਿਆ ਅਤੇ ਬੀਬੀ ਨੇ ਦੁਬਾਰਾ ਜੋਸ਼ ਵਿਚ ਆ ਕੇ ਜਵਾਬ ਦਿੱਤਾ:

“ਮੈਨੂੰ ਗੋਲੀਆਂ ਦਾ ਡਰ ਦੱਸ ਕੇ ਪਿੱਛੇ ਜਾਣ ਨੂੰ ਨਾ ਕਹੋ। ਮੇਰੇ ਨਾਲ ਪੰਜ ਸੌ ਵੀਰ ਹਨ। ਉਨ੍ਹਾਂ ਦੀ ਮੌਤ ਨਿਸ਼ਚਿਤ ਹੈ, ਫੇਰ ਮੈਨੂੰ ਇਸ ਵਿਚ ਸ਼ਾਮਲ ਕਰਨ ਤੇ ਚਿੰਤਾ ਕਿਉਂ? ਮੈਂ ਵੀ ਗੁਰੂ ਜੀ ਦਾ ਅੰਮ੍ਰਿਤਪਾਨ ਕੀਤਾ ਹੈ। ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਾਂਗੀ, ਜੇ ਮੈਂ ਆਪਣੇ ਵੀਰਾਂ ਦੇ ਨਾਲ ਗੁਰੂ ਦਰਬਾਰ ਵਿਚ ਸ਼ਹੀਦੀ ਪਾ ਕੇ ਪਹੁੰਚਾਂਗੀ। ਉਸ ਦਾ ਪੁੱਤਰ ਗੁਰੂ ਦੀ ਦਾਤ ਹੈ। ਇਸ ਤੋਂ ਚੰਗਾ ਕੀ ਹੋਵੇਗਾ ਕਿ ਜੇ ਉਹ ਵੀ ਪੰਥ ਦੀ ਸੇਵਾ ਦੇ ਲੇਖੇ ਲੱਗ ਜਾਵੇ।”

ਇਸ ਤੋਂ ਬਾਅਦ ਗੁਰਦੁਆਰਾ ਟਿੱਬੀ ਸਾਹਿਬ ਵੱਲ ਜਾਂਦਿਆਂ ਐਡਮਨਿਸਟਰੇਟਰ ਦੁਆਰਾ ਜਥੇ ਨੂੰ ਰੁਕਣ ਦਾ ਹੁਕਮ ਦਿੱਤਾ ਗਿਆ ਪਰ ਜਥੇ ਦੁਆਰਾ ਨਾ ਰੁਕਣ ਉਪਰੰਤ ਗੋਲੀ ਚਲਾ ਦਿੱਤੀ ਗਈ। ਇਸ ਸਮੇਂ ਦੌਰਾਨ ਅਜਿਹੀ ਘਟਨਾ ਵਾਪਰੀ ਜਿਸਨੇ ਪੁਰਾਤਨ ਸਿੱਖ ਇਤਿਹਾਸ ਨੂੰ ਦੁਹਰਾ ਦਿੱਤਾ। ਸਾਰੇ ਪਾਸਿਆਂ ਤੋਂ ਗੋਲੀ ਚੱਲ ਰਹੀ ਸੀ। ਇਕ ਗੋਲੀ ਇਕ ਦੁੱਧ ਚੁੰਘਦੇ ਬੱਚੇ ਦੇ ਲੱਗੀ ਜੋ ਜਥੇ ਦੇ ਨਾਲ ਜਾ ਰਹੀ ਆਪਣੀ ਮਾਂ (ਬਲਬੀਰ ਕੌਰ) ਦੀਆਂ ਬਾਹਾਂ ਵਿਚ ਜਥੇ ਨਾਲ ਜਾ ਰਿਹਾ ਸੀ। ਮਾਂ ਲਈ ਦੁਨੀਆ ਵਿਚ ਸਭ ਤੋਂ ਪਿਆਰੀ ਉਸਦੀ ਔਲਾਦ ਹੁੰਦੀ ਹੈ। ਸਿੱਖੀ ਸਿਦਕ ਦੀ ਮਿਸਾਲ ਬਣ ਇਸ ਮਾਂ ਨੇ ਆਪਣੇ ਸ਼ਹੀਦ ਹੋਏ ਬੱਚੇ ਨੂੰ ਰੇਤ ਵਿਚ ਦੱਬ ਦਿੱਤਾ ਅਤੇ ਗੋਲੀਆਂ ਦੀ ਵਰ੍ਹਦੀ ਹੋਈ ਬੁਛਾੜ ਵਿਚ ਸ਼ਾਂਤਮਈ ਤਰੀਕੇ ਨਾਲ ਜਥੇ ਨਾਲ ਅੱਗੇ ਵਧਦੀ ਗਈ। ਬੀਬੀ ਬਲਬੀਰ ਕੌਰ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ, “ਧੰਨ ਭਾਗ ਹਨ ਮੇਰੇ, ਮੇਰਾ ਲਾਡਲਾ ਮੇਰੇ ਸਾਹਮਣੇ ਕੌਮ ਵਲੋਂ ਚਲਾਏ ਜਾ ਰਹੇ ਧਰਮ ਯੁੱਧ ‘ਚ ਹਿੱਸਾ ਪਾ ਕੇ ਦਸਮੇਸ਼ ਪਿਤਾ ਜੀ ਦੇ ਚਰਨਾਂ ‘ਚ ਜਾ ਬਿਰਾਜਿਆ ਹੈ। ਮੇਰੀ ਕੁੱਖ ਸਫ਼ਲ ਕਰਕੇ ਗਿਆ ਹੈ। ਤੇਰੀ ਬਖਸ਼ੀ ਦਾਤ ਤੁਹਾਡੇ ਹਵਾਲੇ ਹੈ।” ਕੁਝ ਸਮੇਂ ਬਾਅਦ ਬੀਬੀ ਬਲਬੀਰ ਕੌਰ ਵੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਈ। ਇਕ ਮਾਂ ਦੁਆਰਾ ਆਪਣੇ ਬੱਚੇ ਦੀ ਸ਼ਹਾਦਤ ਤੋਂ ਬਾਅਦ ਵੀ ਉਸੇ ਜਜ਼ਬੇ ਨਾਲ ਗੋਲੀਆਂ ਦੇ ਵਰ੍ਹਦੇ ਮੀਂਹ ਵਿਚ ਜਥੇ ਨਾਲ ਅੱਗੇ ਵਧਦੇ ਜਾਣਾ ਅਤੇ ਆਪ ਵੀ ਸ਼ਹੀਦੀ ਪ੍ਰਾਪਤ ਕਰ ਜਾਣ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਮਿਲਣੀ ਔਖੀ ਹੈ।

ਪੁਲਿਸ ਦੀਆਂ ਗੋਲੀਆਂ ਨਾਲ ਜ਼ਖਮੀ ਹੋਏ ਸਿੰਘਾਂ ਦੀ ਸੇਵਾ ਵਿਚ ਵੀ ਬੀਬੀਆਂ ਦੇ ਯੋਗਦਾਨ ਦਾ ਜ਼ਿਕਰ ਪ੍ਰਾਪਤ ਹੁੰਦਾ ਹੈ। ਇਸ ਸਮੇਂ ਜ਼ਖ਼ਮੀ ਸਿੰਘਾਂ ਦੀ ਸੇਵਾ ਸੰਭਾਲ ਲਗਪਗ ੨੦-੩੦ ਬੀਬੀਆਂ ਦੁਆਰਾ ਕੀਤੀ ਗਈ ਜਿਨ੍ਹਾਂ ਨੂੰ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਅਤੇ ਗ੍ਰਿਫ਼ਤਾਰ ਵੀ ਕੀਤਾ ਗਿਆ। ਜੈਤੋ ਦੇ ਮੋਰਚੇ ਵਿਚ ਮੋਹਰੀਆਂ ਵਜੋਂ ਭਾਗ ਨੈਣ ਵਿਚ ਬੀਬੀ ਕਿਸ਼ਨ ਕੌਰ ਦਾ ਵਿਸ਼ੇਸ਼ ਯੋਗਦਾਨ ਮਿਲਦਾ ਹੈ। ਇਸ ਬੀਬੀ ਨੇ ਸਿੱਖ ਬੀਬੀਆਂ ਵਿਚ ਜੋਸ਼ ਭਰ ਕੇ ਕੁਰਬਾਨੀ ਦਾ ਜਜ਼ਬਾ ਭਰਨ ਦੀ ਜ਼ਿੰਮੇਵਾਰੀ ਨਿਭਾਈ। ਪਹਿਲੇ ਸ਼ਹੀਦੀ ਜਥੇ ਸਮੇਂ ਬੀਬੀ ਕਿਸ਼ਨ ਕੌਰ ਜੀ ਨੇ ਗੁਰਦੁਆਰਾ ਟਿੱਬੀ ਸਾਹਿਬ ਜੈਤੋ ਵਿਖੇ ਜ਼ਖ਼ਮੀਆਂ ਦੀ ਸੇਵਾ ਕੀਤੀ। ਬੱਬਰ ਸ਼ੇਰ ਅਖ਼ਬਾਰ ਵਿਚ ਪ੍ਰਕਾਸ਼ਿਤ ਵਿਚ ਪ੍ਰਕਾਸ਼ਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਲਾਨ ਨੰ. ੯੪੦ ਅਨੁਸਾਰ ਬੀਬੀ ਕਿਸ਼ਨ ਕੌਰ ਉੱਪਰ ਗੁਰਦੁਆਰਾ ਟਿੱਬੀ ਸਾਹਿਬ ਜੈਤੋ ਵਿਖੇ ਅੰਗਰੇਜ਼ ਅਫ਼ਸਰ ਦੁਆਰਾ ਤਸ਼ੱਦਦ ਕੀਤਾ ਗਿਆ। ਸਿਪਾਹੀਆਂ ਦੁਆਰਾ ਬੀਬੀ ਨੂੰ ਇਹ ਥਾਂ ਛੱਡਣ ਲਈ ਹੁਕਮ ਦਿੱਤਾ ਗਿਆ। ਪਰ ਮਨ੍ਹਾਂ ਕਰਨ ‘ਤੇ ਅੰਗਰੇਜ਼ ਅਫ਼ਸਰ ਨੇ ਇਸ ਬੀਬੀ ਦੇ ਆਪਣੇ ਬੂਟ ਨਾਲ ਠੁੱਡ ਮਾਰਿਆ ਅਤੇ ਲੱਤਾਂ ਬਾਹਾਂ ਤੋਂ ਫੜ ਕੇ ਪੌੜੀਆਂ ਤੋਂ ਹੇਠਾਂ ਸੁੱਟ ਦਿੱਤਾ। ਇਸਨੇ ਬੀਬੀ ਤੇਜ ਕੌਰ ਨਾਲ ਮਿਲ ਕੇ ਇਲਾਕੇ ਦੀਆਂ ਬੀਬੀਆਂ ਦਾ ਇਕ ਸੰਗਠਨ ਕਾਇਮ ਕੀਤਾ। ਇਸ ਸਮੇਂ ਮੁਸ਼ਕਿਲ ਕੰਮ ਕਰਨ ਲਈ ਕਈ ਤਰ੍ਹਾਂ ਦੇ ਭੇਸ ਬਦਲਣੇ ਪੈਂਦੇ ਸਨ। ਬੀਬੀ ਕਿਸ਼ਨ ਕੌਰ ਨੇ ਜੈਤੋ ਦੇ ਕਿਲ੍ਹੇ ਵਿਚ ਕੈਦ ਸਿੱਖ ਕੈਦੀਆਂ ਦੀਆਂ ਸੂਚਨਾਵਾਂ ਇਕੱਤਰ ਕਰਨ ਲਈ ਜੈਨ ਸਾਧਣੀ ਦਾ ਰੂਪ ਧਾਰਿਆ। ਸੂਚਨਾਵਾਂ ਆਦਾਨ ਪ੍ਰਦਾਨ ਕਰਨ ਦੇ ਸੰਬੰਧ ਵਿਚ ਮਾਤਾ ਕਿਸ਼ਨ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਰਕਾਰ ਵਿਰੁੱਧ ਬਗਾਵਤ ਅਤੇ ਦੇਸ਼ ਧ੍ਰੋਹ ਦੇ ਦੋਸ਼ ਵਿਚ ਚਾਰ ਸਾਲ ਕੈਦ ਦੀ ਸਜ਼ਾ ਕੀਤੀ ਗਈ। ਇਕ ਸਿੱਖ ਬੀਬੀ ਉੱਪਰ ਹੋਏ ਅੰਨੇ ਤਸ਼ੱਦਦ ਸੰਬੰਧੀ ਸੂਚਨਾ ਮੌਕੇ ਉੱਪਰ ਗਵਾਹ ਫੋਟੋਗ੍ਰਾਫਰ ਦੁਆਰਾ ਵੀ ਦਿੱਤੀ ਗਈ। ਬੱਬਰ ਸ਼ੇਰ ਅਖ਼ਬਾਰ ਵਿਚ ਪਹਿਲੇ ਸ਼ਹੀਦੀ ਜਥੇ ਨਾਲ ਜਾਣ ਵਾਲੀਆਂ ਇਨ੍ਹਾਂ ਪੰਜ ਬੀਬੀਆਂ: ਬੀਬੀ ਕਿਸ਼ਨ ਕੌਰ, ਬੀਬੀ ਹਰਨਾਮ ਕੌਰ, ਬੀਬੀ ਤੇਜ ਕੌਰ, ਬੀਬੀ ਹਰਨਾਮ ਕੌਰ ਅਤੇ ਇਕ ਹੋਰ ਬੀਬੀ ਨੂੰ ਗ੍ਰਿਫ਼ਤਾਰ ਕਰ ਕੇ ਜੈਤੋ ਤੋਂ ਨਾਭੇ ਜੇਲ੍ਹ ਵਿਚ ਭੇਜਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ। ਪ੍ਰੋ. ਕਰਤਾਰ ਸਿੰਘ ਨੇ ਇਕ ਮਾਈ ਨੂੰ ਜਥੇ ਦੀ ਸੇਵਾ ਕਰਨ ਦੇ ਦੋਸ਼ ਵਿਚ ਦਸ ਸਾਲ ਦੀ ਕੈਦ ਦੀ ਸਜ਼ਾ ਹੋਣ ਦਾ ਜ਼ਿਕਰ ਕੀਤਾ ਹੈ।

ਜੈਤੋ ਦੇ ਮੋਰਚੇ ਨਾਲ ਸੰਬੰਧਿਤ ਮਾਈ ਬਸੰਤ ਕੌਰ ਦੀ ਬਹਾਦਰੀ ਦਾ ਜ਼ਿਕਰ ਵੀ ਪ੍ਰਾਪਤ ਹੁੰਦਾ ਹੈ। ਜਦੋਂ ਉਸਦੇ ਪਤੀ ਸ. ਅਲਬੇਲ ਸਿੰਘ ਨੂੰ ਸ਼ਹੀਦੀ ਜਥੇ ਦੇ ਸਿੰਘਾਂ ਦੀ ਸੇਵਾ ਕਰਨ ਦੇ ਜ਼ੁਰਮ ਵਿਚ ਪੁਲਿਸ ਫੜਨ ਲਈ ਪਿੰਡ ਲਲਤੋਂ (ਲੁਧਿਆਣਾ) ਆਈ ਤਾਂ ਉਸ ਬੀਬੀ ਨੇ ਬੜੀ ਹਿੰਮਤ ਨਾਲ ਆਪਣੇ ਪਤੀ ਨੂੰ ਤੋਰਿਆ। ਪਤੀ ਦੇ ਨਾਲ ਆਪਣੇ ਸਪੁੱਤਰ ਜਗਨ ਸਿੰਘ ਨੂੰ ਵੀ ਬਹਾਦਰੀ ਨਾਲ ਵਿਦਾ ਕੀਤਾ। ਤਹਿਸੀਲ ਖਰੜ ਨਾਲ ਸੰਬੰਧਿਤ ਪਿੰਡ ਦਾਨੀ ਮਾਜਰਾ ਦੇ ਡਾ. ਬਖਸ਼ੀਸ਼ ਸਿੰਘ ਦੀ ਸੁਪਤਨੀ ਬੀਬੀ ਬਚਨ ਕੌਰ ਨੂੰ ਇਕ ਝੂਠੇ ਕੇਸ ਵਿਚ ਗ੍ਰਿਫ਼ਤਾਰ ਕਰਕੇ ਕੈਦ ਕਰ ਲਿਆ ਗਿਆ ਸੀ। ਉਸ ਉੱਪਰ ਹੋਏ ਅੰਨੇ ਤਸ਼ੱਦਦ ਦੇ ਕਾਰਨ ਉਹ ਕਿਲ੍ਹੇ ਵਿਚ ਹੀ ਸ਼ਹੀਦ ਹੋ ਗਈ।

ਜੈਤੋ ਵੱਲ ਦੂਜੇ ਸ਼ਹੀਦੀ ਜਥੇ ਦੀ ਰਵਾਨਗੀ ੨੮ ਫਰਵਰੀ, ੧੯੨੪ ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ। ਇਸ ਜਥੇ ਨੂੰ ਰਵਾਨਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਗਪਗ ੪੦,੦੦੦ ਹਜ਼ਾਰ ਸੰਗਤ ਦਾ ਭਰਵਾਂ ਇਕੱਠ ਹੋਇਆ। ਕਈ ਸਿੱਖ ਮਾਵਾਂ, ਸੁਪਤਨੀਆਂ ਅਤੇ ਭੈਣਾਂ ਨੇ ਕ੍ਰਮਵਾਰ ਆਪਣੇ ਸਪੁੱਤਰਾਂ, ਪਤੀਆਂ ਅਤੇ ਭਰਾਵਾਂ ਦੇ ਗਲਾਂ ਵਿਚ ਹਾਰ ਪਾ ਕੇ ਜੈਤੋ ਵੱਲ ਰਵਾਨਾ ਹੋਣ ਲਈ ਪਿਆਰ ਭਰੀ ਵਿਦਾਈ ਦਿੱਤੀ। ਇਕ ਮਾਂ ਜਿਸਦਾ ਵੱਡਾ ਸਪੁੱਤਰ ਪਹਿਲੇ ਸ਼ਹੀਦੀ ਜਥੇ ਵਿਚ ਸ਼ਾਮਲ ਹੋਇਆ ਸੀ, ਨੇ ਅਪਣੇ ਦੂਜੇ ਸਪੁੱਤਰ ਨੂੰ ਦੂਜੇ ਸ਼ਹੀਦੀ ਜਥੇ ਵਿਚ ਹਾਰ ਪਾ ਕੇ ਤੋਰਿਆ ਅਤੇ ਸਿੱਖਿਆ ਦਿੱਤੀ। “ਪਿਆਰੇ ਸੁਪੱਤਰ, ਆਪਣੇ ਪੰਥ ਲਈ ਯੁੱਧ ਕਰੋ ਅਤੇ ਆਪਣੀ ਮਾਂ ਨੂੰ ਸ਼ਹਾਦਤਾਂ ਨਾਲ ਨਿਵਾਜੋ।” ਇਸ ਤਰ੍ਹਾਂ ਇਸ ਮਾਂ ਨੇ ਮਾਤਾ ਗੁਜਰੀ ਦੀ ਵਾਰਸ ਬਣ ਆਪਣੇ ਸਪੁੱਤਰਾਂ ਨੂੰ ਧਰਮ ਯੁੱਧ ਵੱਲ ਤੋਰ ਕੇ ਸ਼ਹੀਦੀਆਂ ਪ੍ਰਾਪਤ ਕਰਨ ਦੀ ਸਿੱਖਿਆ ਦਿੱਤੀ।

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਇਕ ਬੀਬੀ ਨੂੰ ਸੰਗਤ ਦੇ ਸਨਮੁਖ ਕੀਤਾ ਗਿਆ ਜਿਸਨੇ ਆਪਣੇ ਪਤੀ ਨੂੰ ਸ਼ਹਾਦਤ ਦੇਣ ਲਈ ਜਥੇ ਨਾਲ ਰਵਾਨਾ ਕਰਨਾ ਸੀ। ਦੀਵਾਨ ਵਿਚ ਆ ਕੇ ਉਸ ਬੀਬੀ ਨੇ ਆਪਣੇ ਪਤੀ ਦੇ ਗਲ ਵਿਚ ਹਾਰ ਪਾਏ ਅਤੇ ਆਪਣੇ ਪਤੀ ਨੂੰ ਕਿਹਾ, “ਤੁਸੀਂ ਹੌਂਸਲੇ ਨਾਲ ਜਾਣਾ ਤੇ ਅਪਣਾ ਦਿਲ ਮਜ਼ਬੂਤ ਰਖਣਾ। ” ਬੀਬੀ ਦੇ ਇਹ ਬੋਲ ਸੁਣ ਕੇ ਸਾਰੀ ਸੰਗਤ ਭਾਵੁਕ ਹੋ ਗਈ। ਉਸ ਬੀਬੀ ਦਾ ਜਲਾਲ ਭਰਪੂਰ ਚਿਹਰਾ ਉਸਦੇ ਅੰਦਰਲੇ ਜੋਸ਼ ਦੀ ਗਵਾਹੀ ਭਰ ਰਿਹਾ ਸੀ।

ਤੀਜੇ ਸ਼ਹੀਦੀ ਜਥੇ ਸਮੇਂ ਰਸਤੇ ਵਿਚ ਵੱਡੀ ਗਿਣਤੀ ਵਿਚ ਜੁਆਨ ਅਤੇ ਬਜ਼ੁਰਗ ਬੀਬੀਆਂ ਦੁਆਰਾ ਗੁਰਬਾਣੀ ਸ਼ਬਦ ਪੜ੍ਹਨ ਦਾ ਜ਼ਿਕਰ ਵੀ ਮਿਲਦਾ ਹੈ।

ਚੌਥਾ ਸ਼ਹੀਦੀ ਜਥਾ ੨੭ ਮਾਰਚ, ੧੯੨੪ ਈ. ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ। ਇਸ ਜਥੇ ਨੂੰ ਰਵਾਨਾ ਕਰਨ ਸਮੇਂ ਸਿੰਘਾਂ ਦੇ ਨਾਲ ਬੀਬੀਆਂ ਨੇ ਵੀ ਹਾਜ਼ਰੀ ਭਰੀ।

ਛੇਵੇਂ ਸ਼ਹੀਦੀ ਜਥੇ ਦੀ ਰਵਾਨਗੀ ੧੦ ਮਈ, ੧੯੨੪ ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਈ। ਵੱਖ-ਵੱਖ ਪੜ੍ਹਾਵਾਂ ਤੋਂ ਲੰਘਦਾ ਹੋਇਆ ਇਹ ਜਥਾ ਆਪਣੇ ਆਖਰੀ ਪੜਾਅ ਉੱਪਰ ਪਿੰਡ ਰਣ ਸਿੰਘ ਵਾਲਾ ਰਿਆਸਤ ਨਾਭਾ ਵਿਖੇ ੧੯ ਜੂਨ, ੧੯੨੪ ਈ. ਨੂੰ ਪਹੁੰਚਿਆ। ਜੂਨ ਦੇ ਮਹੀਨੇ ਅੱਤ ਦੀ ਗਰਮੀ ਦਾ ਮੌਸਮ ਹੁੰਦਾ ਹੈ। ਜਥੇ ਨੇ ਇਕ ਬੋਹੜ ਦੇ ਰੁੱਖ ਹੇਠਾਂ ਆਪਣਾ ਠਹਿਰਾਅ ਕੀਤਾ। ਰਿਆਸਤ ਦੀ ਪੁਲਿਸ ਨੇ ਪਿੰਡ ਵਾਲਿਆਂ ਨੂੰ ਡਰਾ ਧਮਕਾ ਕੇ ਜਥੇ ਦੀ ਸੇਵਾ ਕਰਨ ਤੋਂ ਵਰਜਿਆ। ਇੱਥੋਂ ਤਕ ਕਿ ਲੰਗਰ ਲਈ ਇਕੱਠੀ ਕੀਤੀ ਰਸਦ ਵੀ ਪੁਲਿਸ ਨੇ ਜ਼ਬਤ ਕਰ ਲਈ। ਸਿੰਘਾਂ ਦੇ ਸੇਵਾ ਦੇ ਜਜ਼ਬੇ ਅੱਗੇ ਪੁਲਿਸ ਦੀਆਂ ਧਮਕੀਆਂ ਕੁਝ ਨਾ ਕਰ ਸਕੀਆਂ। ਸਿੰਘਾਂ ਦੀ ਸੇਵਾ ਲਈ ਤਤਪਰ ਪਿੰਡ ਦੀਆਂ ਬੀਬੀਆਂ ਨੇ ਆਪਣੇ ਘਰਾਂ ਵਿਚ ਚੁੱਲ੍ਹੇ ਬਾਲ ਕੇ ਪਰਸ਼ਾਦਾ ਤਿਆਰ ਕੀਤਾ। ਵੈਦ ਅਮਰ ਸਿੰਘ ਤੇਗ਼ ਅਨੁਸਾਰ ਬੀਬੀਆਂ ਨੇ ਅੱਧੇ ਘੰਟੇ ਵਿਚ ਹੀ ਪੰਜ ਸੌ ਸਿੰਘਾਂ ਦਾ ਪਰਸ਼ਾਦਾ ਤਿਆਰ ਕਰ ਲਿਆ। ਪਰਸ਼ਾਦਾ ਤਿਆਰ ਕਰਨ ਉਪਰੰਤ ਬੀਬੀਆਂ ਦਾ ਜਥਾ ਲੰਗਰ ਲੈ ਕੇ ਸ਼ਹੀਦੀ ਜਥੇ ਵੱਲ ਰਵਾਨਾ ਹੋ ਗਿਆ। ਦਸ ਬੀਬੀਆਂ ਨੇ ਪਰਸ਼ਾਦਾ ਅਤੇ ਪੰਦਰ੍ਹਾਂ ਵੀਹ ਬੀਬੀਆਂ ਨੇ ਲੱਸੀ ਦੇ ਚਟੂਰੇ ਸਿਰਾਂ ਉੱਪਰ ਚੁੱਕੇ ਹੋਏ ਸਨ। ਬਾਕੀ ਬੀਬੀਆਂ ਨੇ ਇਨ੍ਹਾਂ ਦੇ ਆਲੇ-ਦੁਆਲੇ ਘੇਰਾ ਪਾਇਆ ਹੋਇਆ ਸੀ। ਇਨ੍ਹਾਂ ਬੀਬੀਆਂ ਦੇ ਜਥੇ ਨੇ ਬਹਾਦਰੀ ਨਾਲ ਪੁਲਿਸ ਦਾ ਘੇਰਾ ਤੋੜ੍ਹਿਆ ਅਤੇ ਸ਼ਹੀਦੀ ਜਥੇ ਕੋਲ ਪਹੁੰਚ ਗਈਆਂ। ਇੰਨੇ ਘੱਟ ਸਮੇਂ ਵਿਚ ਆਪਣੇ ਵੀਰਾਂ ਲਈ ਪਰਸ਼ਾਦਾ ਤਿਆਰ ਕਰ ਕੇ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ। ਇਨ੍ਹਾਂ ਸੇਵਾ ਭਾਵਨਾ ਵਾਲੀਆਂ ਬੀਬੀਆਂ ਨੂੰ ਪੁਲਿਸ ਦੀਆਂ ਧਮਕੀਆਂ ਡਰਾ ਨਾ ਸਕੀਆਂ। ਜੈਤੋ ਦੇ ਮੋਰਚੇ ਤੋਂ ਪਹਿਲਾਂ ਮੋਰਚਾ ਗੁਰੂ ਕਾ ਬਾਗ਼ (੧੯੨੨ ਈ.) ਦੇ ਕੈਦੀ ਸਿੰਘਾਂ ਨੂੰ ਪਰਸ਼ਾਦਾ ਛਕਾਉਣ ਲਈ ਤਾਂ ਚੱਲਦੀ ਰੇਲ ਗੱਡੀ ਦੇ ਰੂਪ ਵਿਚ ਆ ਰਹੀ ਮੌਤ ਵੀ ਸਿੰਘਾਂ ਦੇ ਸੇਵਾ ਦੇ ਜਜ਼ਬੇ ਨੂੰ ਡੁਲਾ ਨਾ ਸਕੀ। ਸਿੰਘਾਂ ਨੂੰ ਪਰਸ਼ਾਦਾ ਛਕਾਉਣ ਲਈ ਰੇਲ ਗੱਡੀ ਨੂੰ ਰੋਕਣ ਸਮੇਂ ਹੀ ਸ੍ਰੀ ਪੰਜਾ ਸਾਹਿਬ ਦਾ ਸਾਕਾ (੧੯੨੨ ਈ.) ਵਾਪਰਿਆ।

੧੩ ਜੁਲਾਈ, ੧੯੨੪ ਈ. ਨੂੰ ਦਸਵੇਂ ਅਤੇ ਗਿਆਰ੍ਹਵੇਂ ਜਥੇ ਨੇ ਸ੍ਰੀ ਅੰਮ੍ਰਿਤਸਰ ਤੋਂ ਇਕੱਠਿਆਂ ਰਵਾਨਗੀ ਕੀਤੀ। ਜੈਤੋ ਵੱਲ ਰਵਾਨਾ ਹੁੰਦੇ ਜਥਿਆਂ ਵਿਚ ਜਿੱਥੇ ਸਿੱਖ ਬੀਬੀਆਂ ਨੇ ਜ਼ਖਮੀਆਂ ਦੀ ਸੇਵਾ ਕੀਤੀ। ਉੱਥੇ ਜਥਿਆਂ ਨੂੰ ਲੰਗਰ ਛਕਾਉਣ ਵਿਚ ਵੀ ਆਪਣੀ ਅਹਿਮ ਭੂਮਿਕਾ ਨਿਭਾਈ। ਦਸਵੇਂ ਸ਼ਹੀਦੀ ਜਥੇ ਵਿਚ ਮਾਈ ਰਾਮ ਕੌਰ ਸੁਪਤਨੀ ਸ. ਅਤਰ ਸਿੰਘ ਖੈਹਰਾ ਫੌਜੂ ਸਿੰਘ ਅਤੇ ਉਸਦੀ ਨੂੰਹ ਬੀਬੀ ਆਸ ਕੌਰ ਸੁਪਤਨੀ ਭਾਈ ਫੁੰਮਣ ਸਿੰਘ ਨੇ ਤਨੋਂ ਮਨੋਂ ਇਕ ਹੋ ਕੇ ਲੰਗਰ ਛਕਾਉਣ ਦੀ ਸੇਵਾ ਕੀਤੀ। ਪੁਲਿਸ ਦੀ ਸਖ਼ਤੀ ਵੇਲੇ ਜਿਥੇ ਕਈ ਜਥੇ ਤੋਂ ਪਾਸੇ ਹੋ ਗਏ ਸਨ। ਉਥੇ ਇਹ ਬੀਬੀਆਂ ‘ਭੈ ਕਾਹੂ ਕਉ ਦੇਤਿ ਨਹਿ ਨਹਿ ਭੈ ਮਾਨਤ ਆਨਿ॥ ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਨਿਡਰ ਹੋ ਕੇ ਜਥੇ ਦੇ ਨਾਲ ਹੀ ਰਹੀਆਂ। ਪੁੱਛ-ਗਿੱਛ ਦੌਰਾਨ ਪੁਲਿਸ ਨੇ ਮਾਈ ਨੂੰ ਲਾਂਭੇ ਨਾ ਹੋਣ ਦਾ ਕਾਰਨ ਪੁੱਛਿਆ ਤਾਂ ਮਾਈ ਰਾਮ ਕੌਰ ਨੇ ਜੁਆਬ ਦਿੱਤਾ, “ਮੇਰਾ ਇਕ ਪੁੱਤਰ ਥਾਨ ਸਿੰਘ ਜੈਤੋ ਵਿਚ ਗਿਆ ਹੈ। ਇਸ ਲਈ ਸ਼ਹੀਦੀ ਜਥੇ ਦੇ ਸਾਰੇ ਸਿੰਘ ਮੈਨੂੰ ਪੁੱਤਰ ਦਿਸਦੇ ਹਨ।” ਇਸ ਮਾਈ ਰਾਮ ਕੌਰ ਨੇ ਜਥੇ ਨੂੰ ਆਪਣੇ ਨਾਲ ਪਿੰਡ ਲਿਆਂਦਾ ਜਿੱਥੇ ਇਸਦੀ ਪ੍ਰੇਰਨਾ ਸਦਕਾ ਸਾਰੇ ਨਗਰ ਨੇ ਜਥੇ ਦੀ ਸੇਵਾ ਕੀਤੀ।

ਪੰਜ ਸੌਂ ਸਿੰਘਾਂ ਦਾ ਤੇਰ੍ਹਵਾਂ ਸ਼ਹੀਦੀ ਜਥਾ ੧੮ ਸਤੰਬਰ, ੧੯੨੪ ਈ. ਨੂੰ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਾਮ ਨੂੰ ਪੰਜ ਵਜੇ ਇਸ ਜਥੇ ਦੀ ਹਾਜ਼ਰੀ ਦੌਰਾਨ ਇਕ ਮਾਈ ਦੁਆਰਾ ਇਕ ਛੋਟਾ ਬੱਚਾ ਆਪਣੇ ਮੋਢੇ ਉੱਪਰ ਚੁੱਕ ਕੇ ਸ਼ਹੀਦੀ ਜਥੇ ਦੀ ਭੇਂਟ ਕੀਤਾ। ਸੰਗਤ ਦੁਆਰਾ ਉਸ ਦਾ ਨਾਂ ਪੰਜ ਹਜ਼ਾਰੀ ਰੱਖਿਆ ਗਿਆ। ਇਹ ਬੱਚਾ ਜ਼ਿਲ੍ਹਾ ਲਾਹੌਰ ਨਾਲ ਸੰਬੰਧਿਤ ਸੀ ਜਿਸਨੂੰ ਬਾਅਦ ਵਿਚ ਰਘਬੀਰ ਸਿੰਘ ਪੰਜ ਹਜ਼ਾਰੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਰਿਹਾ। “ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ” ਅਨੁਸਾਰ ਇਸ ਬਹਾਦਰ ਮਾਂ ਨੇ ਗੁਰੂ ਦੀ ਬਖ਼ਸ਼ਿਸ਼ ਆਪਣਾ ਸਪੁੱਤਰ ਧਰਮ ਯੁੱਧ ਵਿਚ ਭੇਟ ਕੀਤਾ।

ਚੌਦਵਾਂ ਸ਼ਹੀਦੀ ਜਥਾ ੧੫ ਦਸੰਬਰ, ੧੯੨੪ ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਇਹ ਜਥਾ ਆਪਣਾ ਸਫ਼ਰ ਤੈਅ ਕਰਦਾ ਹੋਇਆ ਆਪਣੇ ਅੰਤਮ ਪੜਾਅ ਰੋੜੀ ਕਪੂਰਾ ਵਿਖੇ ਪਹੁੰਚਿਆ। ਇਥੇ ਜਥੇ ਦਾ ਦੋ ਦਿਨ ਦਾ ਠਹਿਰਾਅ ਸੀ। ਇਥੋਂ ਜਥੇ ਦੀ ਰਵਾਨਗੀ ਸਮੇਂ ਬੀਬੀਆਂ ਦੁਆਰਾ ਆਪਣੇ ਭਰਾਵਾਂ ਨੂੰ ਗਰਮ ਕੱਪੜੇ ਦੇਣ ਦਾ ਜ਼ਿਕਰ ਵੀ ਪ੍ਰਾਪਤ ਹੁੰਦਾ ਹੈ। ਸ਼ਹੀਦੀ ਜਥੇ ਵਿਚ ਜੈਤੋ ਲਈ ਰਵਾਨਾ ਹੋ ਰਹੇ ਸ. ਈਸ਼ਰ ਸਿੰਘ ਨੂੰ ਵਿਦਾਇਗੀ ਦੇਣ ਸਮੇਂ ਪਰਿਵਾਰ ਵੱਲੋਂ ਬਾਕੀ ਵਸਤਾਂ ਦੇ ਨਾਲ ਗਰਮ ਕੱਪੜੇ ਵੀ ਭੇਟ ਕੀਤੇ ਗਏ। ਪਰ ਸ. ਈਸ਼ਰ ਸਿੰਘ ਨੇ ਕਿਹਾ ਕਿ ਜਦ ਤਕ ਮੇਰੇ ਭਰਾ ਸ. ਅਮਰ ਸਿੰਘ ਤੇਗ ਨੂੰ ਗਰਮ ਕੱਪੜੇ ਨਹੀਂ ਮਿਲਦੇ ਮੈਂ ਇਹ ਕੱਪੜੇ ਨਹੀਂ ਲਵਾਂਗਾ। ਪਰਿਵਾਰ ਵੱਲੋਂ ਸ. ਅਮਰ ਸਿੰਘ ਲਈ ਕੰਬਲ ਦਾ ਪ੍ਰਬੰਧ ਤਾਂ ਉਸੇ ਸਮੇਂ ਕਰ ਦਿੱਤਾ ਗਿਆ ਪਰ ਗਰਮ ਕੱਪੜਿਆਂ ਦਾ ਪ੍ਰਬੰਧ ਕਰਨਾ ਮੁਸ਼ਕਿਲ ਸੀ। ਜਥੇ ਨੇ ਸਵੇਰੇ ਛੇ ਵਜੇ (੨੯ ਜਨਵਰੀ, ੧੯੨੫ ਈ..) ਨੂੰ ਤੁਰਨਾ ਸੀ ਅਤੇ ਇਸ ਸਮੇਂ ਸ਼ਾਮ ਦੇ ਛੇ ਵਜੇ ਦਾ ਸਮਾਂ ਸੀ। ਬੀਬੀ ਗੁਰਦੀਪ ਕੌਰ ਅਤੇ ਬੀਬੀ ਤੇਜ ਕੌਰ ਧਰਮ ਪਤਨੀ ਭਾਈ ਤਖ਼ਤ ਸਿੰਘ ਜੀ (ਇਸ ਸਮੇਂ ਜੇਲ੍ਹ ਵਿਚ ਸਨ) ਨੇ ਰਾਤ ਭਰ ਸਖ਼ਤ ਮਿਹਨਤ ਕਰਨ ਤੋਂ ਬਾਅਦ ਦੋ ਕੁੜਤੇ ਪਜਾਮੇ ਅਮਰ ਸਿੰਘ ਨੂੰ ਸਿਉਂ ਕੇ ਦਿੱਤੇ। ਇਸ ਤਰ੍ਹਾਂ ਭੈਣਾਂ ਨੇ ਸ਼ਹੀਦੀ ਜਥੇ ਵਿਚ ਸ਼ਾਮਲ ਹੋਣ ਜਾ ਰਹੇ ਆਪਣੇ ਭਰਾ ਦੇ ਬੋਲ ਪੁਗਾਏ। ਇਸ ਘਟਨਾ ਤੋਂ ਭੈਣ ਭਰਾ ਦੇ ਸਨੇਹ ਭਰੇ ਰਿਸ਼ਤੇ ਦੀ ਗਵਾਹੀ ਮਿਲਦੀ ਹੈ। ਵਿਦਾਇਗੀ ਸਮੇਂ ਭੈਣ ਨੇ ਦੋਵਾਂ ਭਰਾਵਾਂ ਨੂੰ ਫ਼ਤਹ ਪ੍ਰਾਪਤੀ ਲਈ ਸ਼ੁਭ ਇੱਛਾਵਾਂ ਦਿੱਤੀਆਂ।

ਪੰਜ ਸੌ ਸਿੰਘਾਂ ਦਾ ਸੋਲ੍ਹਵਾਂ ਸ਼ਹੀਦੀ ਜਥਾ ੧੭ ਅਪ੍ਰੈਲ, ੧੯੨੫ ਈ. ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਇਆ। ਰਸਤੇ ਵਿਚ ਸਾਧੋਕੀ ਨੇੜੇ ਮਹਾਰਾਜਾ ਦਲੀਪ ਸਿੰਘ ਦੀ ਲੜਕੀ ਮਹਾਰਾਣੀ ਬੰਬਾ ਨੇ ਜਥੇ ਨੂੰ ਦੇਖਦਿਆਂ ਦੀਵਾਨ ਵਿਚ ਸ਼ਮੂਲੀਅਤ ਕੀਤੀ ਅਤੇ ਜਥੇ ਦੀ ਸਫ਼ਲਤਾ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ।

ਉਪਰੋਕਤ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਜੈਤੋ ਦੇ ਮੋਰਚੇ ਸਮੇਂ ਸਿੱਖ ਬੀਬੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਬੀਬੀਆਂ ਦੁਆਰਾ ਇਸ ਮੋਰਚੇ ਵਿਚ ਪਾਇਆ ਯੋਗਦਾਨ ਪੁਰਾਤਨ ਸਿੱਖ ਇਤਿਹਾਸ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਬੀਬੀਆਂ ਦੁਆਰਾ ਆਪਣੇ ਪਤੀਆਂ, ਸਪੁੱਤਰਾਂ, ਭਰਾਵਾਂ ਨੂੰ ਧਰਮ ਯੁੱਧ ਵਿਚ ਆਪਣੇ ਹੱਥੀਂ ਤੋਰ ਕੇ ਉਨ੍ਹਾਂ ਨੂੰ ਅਡੋਲ ਰਹਿਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੋਰਚੇ ਦੌਰਾਨ ਬੀਬੀਆਂ ਨੇ ਸਰੀਰਕ, ਮਾਨਸਿਕ ਅਤੇ ਆਰਥਿਕ ਕਸ਼ਟ ਸਹਾਰਿਆ ਪਰ ਸਿੱਖੀ ਜ਼ਜ਼ਬੇ ਨੂੰ ਬਰਕਰਾਰ ਰੱਖਿਆ। ਇਨ੍ਹਾਂ ਬੀਬੀਆਂ ਦੇ ਸਿੱਖੀ ਸਿਦਕ ਅਤੇ ਅਡੋਲਤਾ ਦੀਆਂ ਮਿਸਾਲਾਂ ਸਦਾ ਹੀ ਸਾਡਾ ਮਾਰਗ-ਦਰਸ਼ਨ ਕਰਦੀਆਂ ਰਹਿਣਗੀਆਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,