ਵਿਦੇਸ਼

ਇਸਰਾਇਲ ਵੱਲੋਂ ਫਲਸਤੀਨ ‘ਤੇ ਮੁੜ ਹਵਾਈ ਹਮਲੇ, ਕਈ ਮੌਤਾਂ

July 11, 2014 | By

ਗਾਜ਼ਾ/ ਯੇਰੋਸ਼ਲਮ (10 ਜੁਲਾਈ 2014): ਇਸਰਾਇਲੀ ਯਹੂਦੀਆਂ ਅਤੇ ਫਲਸਤੀਨੀ ਮੁਸਲਮਾਨਾ ਵਿੱਚਕਾਰ ਲੜਾਈ ਇੱਕ ਵਾਰ ਫਿਰ ਭੱਖ ਗਈ ਹੈ।ਇਸਰਾਇਲ ਵੱਲੋਂ ਹਮਾਸ ਦੇ 300 ਤੋਂ ਜ਼ਿਆਦਾ ਟਿਕਾਣਿਆਂ ਉਪਰ ਅੱਜ ਕੀਤੇ ਗਏ ਹਵਾਈ ਹਮਲਿਆਂ ਵਿੱਚ ਘੱਟੋ-ਘੱਟ 29 ਫ਼ਲਸਤੀਨੀ ਮਾਰੇ ਗਏ ਹਨ ਜਿਸ ਨਾਲ ਸੱਜਰੇ ਟਕਰਾਅ ਦੌਰਾਨ ਮੌਤਾਂ ਦੀ ਗਿਣਤੀ ਵਧ ਕੇ 80 ਹੋ ਗਈ ਹੈ।

ਗਾਜ਼ਾ ਵਿਚਲੇ ਮੈਡੀਕਲ ਅਧਿਕਾਰੀਆਂ ਨੇ ਆਖਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਇਸਰਾਇਲੀ ਹਵਾਈ ਹਮਲਿਆਂ ’ਚ ਮਾਰੇ ਗਏ ਲੋਕਾਂ ’ਚ ਅੱਧ ਤੋਂ ਵੱਧ ਆਮ ਨਾਗਰਿਕ ਹਨ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਸ਼ਾਮਲ ਹਨ। ਫ਼ਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਅੱਜ ਤੜਕਸਾਰ ਦੱਖਣੀ ਖ਼ਾਨ ਯੂਨਿਸ ਸ਼ਹਿਰ ਨੇੜੇ ਇਕ ਘਰ ’ਤੇ ਹੋਏ ਹਮਲੇ ਵਿੱਚ ਅੱਠ ਜਣੇ ਮਾਰੇ ਗਏ ਹਨ। ਇੱਥੇ ਇਲਾਕੇ ਵਿੱਚ ਇਕ ਕੈਫੇ ’ਤੇ ਹੋਏ ਹਮਲੇ ਵਿੱਚ ਨੌਂ ਜਣੇ ਮਾਰੇ ਗਏ ਹਨ। ਪੱਛਮੀ ਗਾਜ਼ਾ ਸ਼ਹਿਰ ਵਿੱਚ ਇਕ ਕਾਰ ’ਤੇ ਹੋਏ ਹਮਲੇ ’ਚ ਵੀ ਤਿੰਨ ਵਿਅਕਤੀ ਮਾਰੇ ਗਏ ਹਨ।

ਇਸਰਾਇਲੀ ਫੌਜ ਦੇ ਤਰਜਮਾਨ ਨੇ ਖ਼ਾਨ ਯੂਨਿਸ ਹਮਲੇ ’ਤੇ ਅਫਸੋਸ ਜ਼ਾਹਰ ਕਰਦਿਆਂ ਇਸ ਨੂੰ ਤਰਾਸਦੀ ਕਰਾਰ ਦਿੱਤਾ ਅਤੇ ਕਿਹਾ ਕਿ ਇਕ ਟੈਲੀਫੋਨ ’ਤੇ ਚਿਤਾਵਨੀ ਦੇਣ ਤੋਂ ਬਾਅਦ ਲੋਕ ਬਹੁਤ ਛੇਤੀ ਘਰ ਵਾਪਸ ਆ ਗਏ ਸਨ। ਇਸਰਾਇਲੀ ਡਿਫੈਂਸ ਫੋਰਸਿਜ਼ (ਆਈ.ਡੀ.ਐਫ.) ਨੇ ਕਿਹਾ ਕਿ ਇਸ ਘਰ ’ਚ ਹਮਾਸ ਦੇ ਖ਼ਾਨ ਯੂਨਿਸ ਕੰਪਨੀ ਕਮਾਂਡਰ ਉਦੇ ਕਵਾਰੇ ਦਾ ਟਿਕਾਣਾ ਸੀ ਅਤੇ ਇੱਥੇ ਉਸ ਨੇ ਆਪਣਾ ਹੈੱਡਕੁਆਰਟਰ ਬਣਾਇਆ ਹੋਇਆ ਸੀ। ਫਲਸਤੀਨੀ ਸੂਤਰਾਂ ਨੇ ਦੱਸਿਆ ਕਿ ਇਸ ਘਰ ’ਤੇ ਹੋਏ ਹਮਲੇ ਵਿੱਚ 25 ਜਣੇ ਜ਼ਖ਼ਮੀ ਹੋ ਗਏ ਹਨ। ਇਸਰਾਇਲੀ ਫੌਜ ਨੇ ਕਿਹਾ ਕਿ ਉਸ ਵੱਲੋਂ ਹਮਾਸ ਦੇ ਸੀਨੀਅਰ ਕਾਰਕੁਨਾਂ ਦੇ ਟਿਕਾਣਿਆਂ ਉਪਰ ਹਮਲੇ ਜਾਰੀ ਰੱਖੇ ਜਾਣਗੇ।

ਇਸਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੱਲ੍ਹ ਗਾਜ਼ਾ ਵਿੱਚ ਹਮਾਸ ਦੇ ਟਿਕਾਣਿਆਂ ’ਤੇ ਹਮਲੇ ਤੇਜ਼ ਕਰਨ ਦਾ ਅਹਿਦ ਲਿਆ ਸੀ ਅਤੇ ਕਿਹਾ ਸੀ ਕਿ ਅਤਿਵਾਦੀਆਂ ਨੂੰ ਰਾਕੇਟ ਹਮਲਿਆਂ ਦੀ ਭਾਰੀ ਕੀਮਤ ਅਦਾ ਕਰਨੀ ਪਵੇਗੀ।

ਉਧਰ, ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅਬਾਸ ਨੇ ਇਸਰਾਇਲੀ ਹਮਲਿਆਂ ਨੂੰ ਫਲਸਤੀਨੀਆਂ ਦੀ ਨਸਲਕੁਸ਼ੀ ਕਰਾਰ ਦਿੱਤਾ ਹੈ। ਏਐਫਪੀ ਦੀ ਇਕ ਰਿਪੋਰਟ ਅਨੁਸਾਰ ਗਾਜ਼ਾ ਸਰਹੱਦ ’ਤੇ ਬਹੁਤ ਸਾਰੇ ਟੈਂਕ ਬੀੜੇ ਗਏ ਹਨ। ਇਸਰਾਇਲੀ ਰਾਸ਼ਟਰਪਤੀ ਸ਼ਿਮੋਨ ਪੈਰੇਜ਼ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਗਾਜ਼ਾ ਦੀ ਤਰਫੋਂ ਰਾਕੇਟ ਹਮਲੇ ਜਾਰੀ ਰਹੇ ਤਾਂ ਜ਼ਮੀਨੀ ਹਮਲੇ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਸ੍ਰੀ ਪੈਰੇਜ਼ ਇਸੇ ਮਹੀਨੇ ਸੇਵਾਮੁਕਤ ਹੋ ਰਹੇ ਹਨ। ਇਸ ਦੌਰਾਨ ਯਹੂਦੀ ਕੱਟੜਪੰਥੀਆਂ ਵੱਲੋਂ ਇਕ ਫਲਸਤੀਨੀ ਨੌਜਵਾਨ ਨੂੰ ਜ਼ਿੰਦਾ ਸਾੜ ਦੇਣ ਖ਼ਿਲਾਫ਼ ਅਰਬ ਇਸਰਾਇਲੀਆਂ ਅੰਦਰ ਜ਼ਬਰਦਸਤ ਰੋਹ ਬਣਿਆ ਹੋਇਆ ਹੈ।

ਇਸਰਾਈਲ ਨੇ ਦਾਅਵਾ ਕੀਤਾ ਹੈ ਕਿ ਤਾਜ਼ਾ ਹਮਲਿਆਂ ਵਿੱਚ ਸੀਨੀਅਰ ਆਗੂ ਆਇਮਨ ਸਾਇਮ ਮਾਰਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸਰਾਈਲ ’ਤੇ ਰਾਕੇਟ ਹਮਲੇ ਉਸ ਦੀ ਨਿਗਰਾਨੀ ਹੇਠ ਹੀ ਕੀਤੇ ਜਾ ਰਹੇ ਸਨ। ਇਸੇ ਦੌਰਾਨ ਹਮਾਸਸ ਨੇ ਸਾਇਮ ਦੀ ਮੌਤ ਤੋਂ ਇਨਕਾਰ ਕੀਤਾ ਹੈ।

ਸਲਾਮਤੀ ਕੌਂਸਲ ਦੀ ਮੀਟਿੰਗ ਬੁਲਾਉਣ ਦੀ ਮੰਗ

ਸੰਯੁਕਤ ਰਾਸ਼ਟਰ:  ਅਰਬ ਦੇਸ਼ਾਂ ਨੇ ਫਲਸਤੀਨ ਖ਼ਿਲਾਫ਼ ਇਸਰਾਇਲ ਦੇ ਧੱਕੜ ਹਮਲਿਆਂ ਦੇ ਮੁੱਦੇ ’ਤੇ ਵਿਚਾਰ-ਵਟਾਂਦਰਾ ਕਰਨ ਲਈ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੀ ਫੌਰੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੇ ਦੂਤ ਰਿਆਦ ਮਨਸੂਰ ਅਤੇ ਅਰਬ ਇਸਲਾਮੀ ਤੇ ਗੁੱਟ ਨਿਰਲੇਪ ਦੇਸ਼ਾਂ ਦੇ ਰਾਜਦੂਤਾਂ ਨੇ ਸਲਾਮਤੀ ਕੌਂਸਲ ਦੇ ਪ੍ਰਧਾਨ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੁਰੱਖਿਆ ਕੌਂਸਲ ਦੀ ਮੀਟਿੰਗ ਜਲਦੀ ਹੋਣ ਦੀ ਆਸ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,