January 29, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ( 28 ਜਨਵਰੀ, 2016): ਜੂਨ 1984 ਵਿੱਚ ਤਤਕਾਲੀ ਪਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਭਾਰਤੀ ਫੌਜ ਨੂੰ ਹਮਲਾ ਕਰਨ ਦੇ ਦਿੱਤੇ ਹੁਕਮਾਂ ਨੂੰ ਭਾਰਤੀ ਰਾਸ਼ਟਰਪਤੀ ਪ੍ਰਨਾਬ ਮੁਖਰਜੀ ਨੇ ਜ਼ਾਇਜ ਦੱਸਦਿਆਂ ਕਿਹਾ ਕਿ ਇਸ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ।
ਭਾਰਤੀ ਰਾਸ਼ਟਰਪਤੀ ਦੀ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵਲੋਂ ਅੱਜ ‘ਅਸ਼ਾਂਤ ਵਰ੍ਹੇ: 1980-96’ ਦੇ ਸਿਰਲੇਖ ਵਾਲੀ ਜਾਰੀ ਕਿਤਾਬ ਵਿਚ ਮੁਖਰਜੀ ਨੇ ਜੂਨ 1984 ਦੀ ਘਟਨਾ ਨੂੰ ਚੇਤੇ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ ਸਥਿਤੀ ਨੂੰ ਚੰਗੀ ਤਰ੍ਹਾਂ ਸਮਝਦੀ ਸੀ ਅਤੇ ਇਹ ਗੱਲ ਸਾਫ ਸੀ ਕਿ ਸੈਨਿਕ ਕਾਰਵਾਈ ਤੋਂ ਬਿਨਾਂ ਕੋਈ ਚਾਰਾ ਨਹੀਂ ।
ਭਾਰਤੀ ਰਾਸ਼ਟਰਪਤੀ ਨੇ ਅੱਗੇ ਲਿਖਿਆ ਕਿ ਇਹ ਕਹਿਣਾ ਸੌਖਾ ਹੈ ਕਿ ਫ਼ੌਜੀ ਕਾਰਵਾਈ ਤੋਂ ਬਚਿਆ ਜਾ ਸਕਦਾ ਸੀ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਕੋਈ ਦੂਸਰਾ ਬਦਲ ਕੰਮ ਕਰੇਗਾ ਵੀ ਜਾਂ ਨਹੀਂ । ਇਸ ਤਰ੍ਹਾਂ ਦੇ ਫ਼ੈਸਲੇ ਉਸ ਸਮੇਂ ਚਲ ਰਹੇ ਹਾਲਾਤ ਦੇ ਆਧਾਰ ‘ਤੇ ਲਏ ਜਾਂਦੇ ਹਨ ।
ਦੋਵਾਂ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਅਤੇ ਫ਼ੌਜ ਨੇ ਵਿਸ਼ਵਾਸ਼ ਜ਼ਾਹਿਰ ਕੀਤਾ ਸੀ ਕਿ ਬਿਨਾਂ ਕਿਸੇ ਮੁਸ਼ਕਿਲ ਦੇ ਉਹ ਦਰਬਾਰ ਸਾਹਿਬ ਸਮੂਹ ਵਿਚ ਖਾੜਕੂਆਂ ਨੂੰ ਖਤਮ ਕਰ ਦੇਣਗੇ । ਕਿਸੇ ਨੂੰ ਵੀ ਸੈਨਿਕ ਕਾਰਵਾਈ ਇੰਨੀ ਲੰਬੀ ਖਿੱਚੇ ਜਾਣ ਦਾ ਅਨੁਮਾਨ ਨਹੀਂ ਸੀ ।
ਮੁਖਰਜੀ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਅਸਾਧਾਰਨ ਸੀ ਅਤੇ ਇਸ ਕਿਸਮ ਦਾ ਸੰਕਟ ਫਿਰ ਵਾਪਰਨ ਦੀ ਸੰਭਾਵਨਾ ਨਹੀਂ ਪਰ ਭਵਿੱਖ ਦੀਆਂ ਪੀੜ੍ਹੀਆਂ ਲਈ ਸਬਕ ਇਹ ਹੈ ਕਿ ਵੱਖਵਾਦੀ ਰੁਝਾਨਾਂ ਨੂੰ ਹਰ ਕੀਮਤ ‘ਤੇ ਰੋਕਿਆ ਜਾਵੇ । । ਉਨ੍ਹਾਂ ਕਿਹਾ ਕਿ ਇਨ੍ਹਾਂ ਜ਼ਖ਼ਮਾਂ ਨੂੰ ਭਰਨ ਨੂੰ ਲੰਬਾ ਸਮਾਂ ਲੱਗੇਗਾ ਅਤੇ ਅੱਜ ਵੀ ਸਮੇਂ ਸਮੇਂ ‘ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ।
ਜ਼ਿਕਰਯੋਗ ਹੈ ਕਿ ਭਾਰਤੀ ਫੌਜ ਨੇ ਜੂਨ 1984 ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਸਿੱਖ ਸਰਵਉੱਚਤਾ ਦੇ ਪ੍ਰਤੀਕ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਨਾਲ ਨਾਲ ਪੰਜਾਬ ਅਤੇ ਗੁਆਢੀ ਰਾਜਾਂ ਦੇ 37 ਗੁਰਦੁਆਰਾ ਸਾਹਿਬਾਨ ‘ਤੇ ਹਮਲਾ ਕਰਕੇ ਹਜ਼ਾਰਾਂ ਬੇਕਸੂਰ ਸਿੱਖਾਂ ਨੂੰ ਕਤਲ ਕਰ ਦਿੱਤਾ ਸੀ।
ਇਸ ਗੈਰਮਨੁੱਖੀ ਕਾਰਵਾਈ ਲਈ ਭਾਰਤ ਸਰਕਾਰ ਨੇ ਮਾਫੀ ਤਾਂ ਕੀ ਮੰਗਣੀ ਸੀ, ਭਾਰਤ ਦੇ ਅਹਿਮ ਅਹਦਿਆਂ ‘ਤੇ ਬਿਰਾਜ਼ਮਾਨ ਵਿਅਕਤੀਆਂ ਵੱਲੋਂ ਸਮੇਂ ਸਮੇਂ ਇਸ ਗੈਰਮਨੁੱਖੀ ਅਤੇ ਨਾਜ਼ਾਇਜ਼ ਕਾਰਵਾਈ ਨੂੰ ਹਮੇਸ਼ਾਂ ਜ਼ਾਇਜ ਠਹਿਰਾਣ ਦਾ ਯਤਨ ਕੀਤਾ ਜਾਦਾ ਹੈ।
Related Topics: Akal Takhat Sahib, Attack on Darbar Sahib, Indian President, Indra Gandhi, Sikhs in India