August 20, 2014 | By ਸਿੱਖ ਸਿਆਸਤ ਬਿਊਰੋ
ਮੁੰਬਈ ( 19 ਅਗਸਤ 2014):ਸਿੱਖ ਕੌਮ ਨਾਲ ਹੋਈਆਂ ਵਧੀਕੀਆਂ ਲਈ ਇਨਸਾਫ ਦੀ ਆਸ ਦੀ ਗੱਲ ਤਾਂ ਇੱਕ ਪਾਸੇ, ਸਿੱਖ ਭਾਰਤ ਵਿੱਚ ਆਪਣੇ ਨਾਲ ਹੋਈਆਂ ਵਧੀਕੀਆਂ, ਸਰਕਾਰੀ ਅਤੇ ਗੈਰ ਸਰਕਾਰੀ ਜ਼ੁਲਮ ਦੀ ਗੱਲ ਵੀ ਲੋਕਾਂ ਨੂੰ ਨਹੀਂ ਦੱਸ ਸਕਦੇ।
ਜੇਕਰ ਭਾਰਤੀ ਨਿਆਇਕ ਤੇ ਪ੍ਰਬੰਧਕੀ ਢਾਂਚੇ ਨੇ ਸਿੱਖਾਂ ਨੂੰ ਦਿੱਲੀ ਸਿੱਖ ਕਤਲੇਆਮ ਵਰਗੇ ਜ਼ੁਲ਼ਮਾਂ ਲਈ ਇਨਸਾਫ ਤੋਂ ਦੂਰ ਰੱਖਿਆ, ੳੱਥੇ ਭਾਰਤੀ ਫਿਲਮ ਸੈਂਸਰ ਬੋਰਡ ਸਿੱਖਾਂ ਨੂੰ ਆਪਣੇ ‘ਤੇ ਹੋਏ ਇਸ ਕਹਿਰੀ ਜ਼ੁਲਮ ਦੀ ਕਹਾਣੀ ਨੂੰ ਵੀ ਲੋਕਾਂ ਦੇ ਸਾਹਮਣੇ ਰੱਖਣ ਤੋਂ ਰੋਕ ਰਿਹਾ ਹੈ।
ਭਾਰਤੀ ਫਿਲਮ ਸੈਂਸਰ ਬੋਰਡ ਇਸ ਤੋਂ ਪਹਿਲਾਂ ਸਿੱਖ ਸੰਘਰਸ਼ ਨਾਲ ਫਿਲਮ “ਸਾਡਾ ਹੱਕ” ਅਤੇ “ਕੌਮ ਦੇ ਹੀਰੇ” ਫਿਲਮ ‘ਤੇ ਵੀ ਪਾਬੰਦੀ ਲਗਾ ਚੁਕਿਆ ਹੈ ਅਤੇ ਹੁਣ ਦਿੱਲੀ ਸਿੱਖ ਕਤਲੇਆਮ ਦੀ ਪੀੜ ਆਪਣੇ ਤਨ-ਮਨ ‘ਤੇ ਝੱਲਣ ਵਾਲੀ ਬੀਬੀ ਜਗਦੀਸ਼ ਕੌਰ ਦੀ ਜਿੰਦਗੀ ‘ਤੇ ਅਧਾਰਿਤ ਫਿਲਮ “ਦਿੱਲੀ 1984” ਨੂੰ ਪਾਸ ਕਰਨੋਂ ਕੋਰੀ ਨਾਂਹ ਕਰ ਦਿੱਤੀ ਹੈ।
ਭਾਰਤੀ ਸੈਂਸਰ ਬੋਰਡ ਨੇ ਇੱਕ ਵਾਰ ਫਿਰ ਸਿੱਖ ਵਿਰੋਧੀ ਫੈਸਲਾ ਦਿੰਦਿਆਂ ਬੀਬੀ ਜਗਦੀਸ਼ ਕੌਰ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ “ਦਿੱਲੀ 1984″ ਦੇ ਪ੍ਰਦਰਸ਼ਨ ਉੱਤੇ ਪਾਬੰਦੀ ਲਗਾ ਦਿੱਤੀ ਹੈ । ਵਿਧਵਾ ਬੀਬੀ ਜਗਦੀਸ਼ ਕੌਰ ਦੇ ਸਾਰੇ ਪਰਿਵਾਰ ਨੂੰ 1984 ਦੇ ਸਿੱਖ ਕਤਲੇਆਮ ਦੌਰਾਨ ਕਤਲ ਕਰ ਦਿੱਤਾ ਗਿਆ ਸੀ ।
ਫਿਲਮ ਦਾ ਟਰਾਇਲ ਸ਼ੋਅ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਸੀ ਤੇ ਬੋਰਡ ਨੇ ਸਰਬਸੰਮਤੀ ਨਾਲ ਫਿਲਮ ਨੂੰ ਸਰਟੀਫਿਕੇਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ । ਬੋਰਡ ਮੁਤਾਬਿਕ ਇਹ ਫਿਲਮ “ਜਨਤਾ ਦੇ ਦੇਖਣ ਯੋਗ ਨਹੀਂ ਹੈ” । ਬੋਰਡ ਨੇ ਫਿਲਮ ਵਿੱਚੋਂ ਇਤਰਾਜ਼ਯੋਗ ਸੀਨਾਂ ਨੂੰ ਹਟਾਉਣ ਦੇ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ।
ਸੈਂਸਰ ਬੋਰਡ ਮੁਤਾਬਿਕ ਫਿਲਮ ਨਾਲ ਇੱਕ ਵਾਰ ਫਿਰ ਅਮਨ ਭੰਗ ਹੋ ਸਕਦਾ ਹੈ । ਇਸ ਦੇ ਨਾਲ ਹੀ ਫਿਲਮ ਜਗਦੀਸ਼ ਟਾਈਟਲਰ ਖਿਲਾਫ ਚੱਲ ਰਹੇ ਕੈਸ ਦੇ ਫੈਸਲੇ ਨੂੰ ਪ੍ਰਭਾਵਿਤ ਕਰ ਸਕਦੀ ਹੈ ।
ਫਿਲਮ ਬਨਾਉਣ ਵਾਲੀ ਟੀਮ ਵੱਲੋਂ ਫਿਲਮ ਦੀ ਪ੍ਰਮੋਸ਼ਨ ਲਈ ਹੋਰ ਦੇਸ਼ਾ ਵਿੱਚ ਟੂਰ ਕਰਨ ਦਾ ਪ੍ਰੋਗਰਾਮ ਹੈ ਜਿੱਥੇ ਇਹ ਫਿਲਮ ਰਿਲੀਜ਼ ਕੀਤੀ ਜਾਵੇਗੀ ।
Related Topics: Bibi Jagdish Kaur, Punjabi Movies, ਸਿੱਖ ਨਸਲਕੁਸ਼ੀ 1984 (Sikh Genocide 1984)