June 28, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ ਮਨਾਉਣ ਲਈ ਸਿੱਖ ਜਥੇ ਨੂੰ ਪੂਰੀ ਤਿਆਰੀ ਅਤੇ ਕਾਗਜ਼ਾਤ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਪਾਕਿਸਤਾਨ ਨਹੀਂ ਜਾਣ ਦਿੱਤਾ। ਅਟਾਰੀ ਪਹੁੰਚੇ 300 ਸਿੱਖ ਯਾਤਰੀਆਂ ਕੋਲ ਪਾਕਿਸਤਾਨ ਦੇ ਵੀਜ਼ੇ ਵੀ ਸਨ। ਪਾਕਿਸਤਾਨ ਤੋਂ ਲੈਣ ਆਈ ਵਿਸ਼ੇਸ਼ ਰੇਲ ਗੱਡੀ ਵੀ ਇਨ੍ਹਾਂ ਦੇ ਸਾਹਮਣੇ ਸੀ ਪਰ ਯਾਤਰੀਆਂ ਨੂੰ ਰੇਲ ‘ਤੇ ਨਹੀਂ ਚੜ੍ਹਨ ਦਿੱਤਾ ਗਿਆ।
ਭਾਰਤ ਸਰਕਾਰ ਨੇ ਜਥੇ ਨੂੰ ਰੋਕਣ ਦੀ ਵਜ੍ਹਾ “ਸੁਰੱਖਿਆ ਕਾਰਨ” ਦੱਸਿਆ। 300 ਯਾਤਰੀਆਂ ਦੀ ਗਿਣਤੀ ਵਾਲਾ ਸਿੱਖ ਜਥਾ ਅੱਜ (28 ਜੂਨ) ਸਵੇਰੇ 8 ਵਜੇ ਅਟਾਰੀ ਸਰਹੱਦ ਪਹੁੰਚ ਗਿਆ ਸੀ। ਕਾਫੀ ਉਡੀਕ ਕਰਨ ਦੇ ਬਾਵਜੂਦ ਜਥੇ ਨੂੰ ਰੇਲ ਗੱਡੀ ‘ਤੇ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਪਾਕਿਸਤਾਨੋਂ ਆਈ ਰੇਲ ਗੱਡੀ ਸਰਹੱਦ ਪਾਰ ਕਰਕੇ ਅਟਾਰੀ ਰੇਲਵੇ ਸਟੇਸ਼ਨ ‘ਤੇ ਨਹੀਂ ਪਹੁੰਚ ਸਕਦੀ।
ਭਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਰਾਹੀਂ ਭੇਜੇ ਯਾਤਰੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਸੀ।
ਇਸ ਤੋਂ ਬਾਅਦ ਇੱਕ ਸਿੱਖ ਸੰਸਥਾ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਨਿੱਜੀ ਤੌਰ ‘ਤੇ ਚਾਹਵਾਨ 300 ਸਿੱਖ ਯਾਤਰੀਆਂ ਦੇ ਪਾਕਿਸਤਾਨ ਜਾਣ ਦੇ ਪ੍ਰਬੰਧ ਕੀਤੇ ਗਏ। ਇਨ੍ਹਾਂ ਯਾਤਰੀਆਂ ਨੂੰ 10 ਦਿਨ ਦਾ ਪਾਕਿਸਤਾਨ ਵੀਜ਼ਾ ਮਿਲਿਆ ਸੀ। ਇਸ ਤਹਿਤ ਸੰਗਤ ਨੇ ਅੱਜ ਰਵਾਨਾ ਹੋ ਕੇ ਕੱਲ੍ਹ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਉਪਰੰਤ ਲਾਹੌਰ ਤੇ ਨਨਕਾਣਾ ਸਾਹਿਬ ਦੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨੇ ਸੀ। 7 ਜੁਲਾਈ ਨੂੰ ਜਥੇ ਨੇ ਵਾਪਸ ਭਾਰਤ ਪਰਤਣਾ ਸੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਚੀਨ ਸਰਕਾਰ ਨੇ ਹਿੰਦੂ ਤੀਰਥ ਯਾਤਰੀਆਂ ਨੂੰ ਕੈਲਾਸ਼ ਮਾਨਸਰੋਵਰ ਦੀ ਯਾਤਰਾ ‘ਤੇ ਜਾਣ ਲਈ ਤਿਬੱਤ ਇਲਾਕੇ ਦੇ ਨਾਥੁਲਾ ਦੱਰੇ ਤੋਂ ਜਾਣ ਤੋਂ ਰੋਕ ਦਿੱਤਾ ਅਤੇ ਭਾਰਤ ਸਰਕਾਰ ਨੇ ਫੌਰੀ ਤੌਰ ‘ਤੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ ਲਈ ਚੀਨ ਨਾਲ ਉੱਚ ਪੱਧਰ ‘ਤੇ ਗੱਲਬਾਤ ਕੀਤੀ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Related Topics: Indian Politics, Indian Satae, Maharaja Ranjeet Singh, Pakisatan, Sikh Jatha, Sikh News, Sikhs in India