May 19, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤੀ ਰਾਜ-ਤੰਤਰ ਉਹ ਅਦਾਰੇ ਜਿਨ੍ਹਾਂ ਨੂੰ ਪਹਿਲਾਂ ਸਟੇਟ ਦੇ ਵੱਖ-ਵੱਖ ਹਿੱਸੇ ਨਿਰਪੱਖ ਕਹਿ ਕੇ ਵਡਿਆਉਂਦੇ ਸਨ ਉਹ ਹੁਣ ਗੰਭੀਰ ਸਵਾਲਾਂ ਦੇ ਘੇਰੇ ਵਿਚ ਹਨ। ਭਾਰਤ ਦੇ ਸੁਪਰੀਮ ਕੋਰਟ ਦੇ ਲਗਾਤਾਰ ਵਿਵਾਦਾਂ ਵਿਚ ਆਉਣ ਤੋਂ ਬਾਅਦ ਹੁਣ ਚੋਣ ਕਮਿਸ਼ਨ ਵੀ ਵਿਵਾਦਾਂ ਵਿਚ ਘਿਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਆਗੂ ਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚੋਣ ਪ੍ਰਚਾਰ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ‘ਚ ਅੰਦਰੂਨੀ ਮਤਭੇਦ ਹੁਣ ਜੱਗ ਜ਼ਾਹਰ ਹੋ ਗਏ ਹਨ। ਮੋਦੀ ਨੂੰ ਦਿੱਤੀਆਂ ਗਈਆਂ “ਕਲੀਨ ਚਿੱਟਾਂ” ਕਾਰਨ ਚੋਣ ਕਮਿਸ਼ਨ ਦੇ 3 ਮੈਂਬਰਾਂ ਵਿਚ ਇਕ ਨੇ ਬਹੁਮਤ ਦੇ ਫ਼ੈਸਲੇ ਨਾਲ ਇਤਫ਼ਾਕ ਨਾ ਰੱਖਣ ਕਾਰਨ ਉਸ ਦੀ ਆਵਾਜ਼ ਨਾ ਸੁਣੇ ਜਾਣ ਵਿਰੁਧ ਮੁੱਖ ਚੋਣ ਕਮਿਸ਼ਨਰ ਨੂੰ ਚਿੱਠੀ ਲਿਖੀ ਹੈ। ਉੱਥੇ ਦੂਜੇ ਬੰਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਵੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਹਿਲਾਂ ਵੀ ਅਜਿਹੇ ਮਾਮਲੇ ਹੁੰਦੇ ਰਹੇ ਹਨ ਪਰ ਉਸ ਵੇਲੇ ਅੰਦਰੂਨੀ ਸ਼ਿਕਾਇਤਾਂ ਨੂੰ ਅਦਾਰੇ ਦੇ ਅੰਦਰੂਨੀ ਮਾਮਲੇ ਦੇ ਤੌਰ ਤੇ ਨਜਿੱਠਿਆ ਜਾਂਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲੇ ਚੋਂ ਮੋਦੀ ਨੂੰ ਸਾਫ ਬਰੀ ਕਰਨ ਦਾ ਵਿਰੋਧ ਕਰਨ ਵਾਲੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਅਖੀਰ ਚ ਜਾਬਤੇ ਦੀ ਉਲੰਘਣਾ ਦੇ ਮਾਮਲੇ ਤੇ ਚੋਣ ਕਮਿਸ਼ਨ ਦੀਆਂ ਇਕੱਤਰਤਾਵਾਂ ਵਿਚ ਸ਼ਾਮਲ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਉਸਨੇ 4 ਮਈ ਤੋਂ ਬਾਅਦ ਕਿਸੇ ਵੀ ਅਜਿਹੀ ਇਕੱਤਰਤਾ ਵਿਚ ਹਿੱਸਾ ਨਹੀਂ ਲਿਆ।
ਆਪਣੀ ਚਿੱਠੀ ਵਿਚ ਉਸ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਉਸ ਦੇ ਮਤ ਨੂੰ ਦਰਜ਼ ਨਹੀਂ ਕੀਤਾ ਗਿਆ ਅਤੇ ਉਸ ਉੱਤੇ ਇਕੱਤਰਤਾਵਾਂ ਤੋਂ ਦੂਰ ਰਹਿਣ ਲਈ ਦਬਾਅ ਬਣਾਇਆ ਗਿਆ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਲਿਖਤੀ ਬਿਆਨ ਜਾਰੀ ਕੀਤਾ
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਬੀਤੇ ਕੱਲ ਜਾਰੀ ਕੀਤੇ ਬਿਆਨ ‘ਚ ਕਿਹਾ ਕਿ ਜਾਬਤੇ ਦੀ ਉਲੰਘਣਾ ਦੀਆਂ ਸਿਕਾਇਤਾਂ ਦਾ ਨਿਪਟਾਰਾ ਕਰਨ ਵਾਲੀ ਕਮੇਟੀ ਦੇ ਤਿੰਨੋਂ ਮੈਂਬਰ ਇਕ-ਦੂਜੇ ਦਾ “ਕਲੋਨ” ਨਹੀਂ ਹੋ ਸਕਦੇ। ਉਸਨੇ ਕਿਹਾ ਕਿ ਇਸ ਬਾਰੇ ਉੱਠ ਰਹੇ ਵਿਵਾਦ ਨੂੰ ਟਾਲਿਆ ਜਾ ਸਕਦਾ ਸੀ।
ਮੋਦੀ ਦਾ ਪਿੱਠੂ ਬਣ ਚੁੱਕੈ ਚੋਣ ਕਮਿਸ਼ਨ: ਕਾਂਗਰਸ
ਚੋਣ ਕਮਿਸ਼ਨਰ ਲਵਾਸਾ ਦੀ ਚਿੱਠੀ ਦੇ ਮਾਮਲੇ ਤੇ ਭਾਜਪਾ ਦੀਆਂ ਵਿਰੋਧੀ ਧਿਰਾਂ ਚੋਣ ਕਮਿਸ਼ਨ ਤੇ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਕਾਂਗਰਸ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਉਸ ‘ਤੇ ਅਦਾਰਿਆਂ ਦੀ ਅਜ਼ਾਦਾਨਾ ਹਸਤੀ ਖ਼ਤਮ ਕਰਨ ਦਾ ਇਲਜ਼ਾਮ ਲਾਇਆ।
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਟਵਿੱਟਰ ਰਾਹੀਂ ਕਿਹਾ ਕਿ ਚੋਣ ਕਮਿਸ਼ਨ ਹੈ ਜਾਂ ਚੂਕ ਕਮਿਸ਼ਨ? ਸੂਰਜੇਵਾਲਾ ਨੇ ਅਸ਼ੋਕ ਲਵਾਸਾ ਦੀ ਨਰਾਜ਼ਗੀ ਦੀ ਖ਼ਬਰ ਸਾਂਝੀ ਕਰਦਿਆਂ ਇਸ ਨੂੰ ਲੋਕਤੰਤਰ ਲਈ ਇਕ ਕਾਲਾ ਦਿਨ ਕਰਾਰ ਦਿੱਤਾ। ਉਸਨੇ ਕਿਹਾ ਕਿ ਚੋਣ ਕਮਿਸ਼ਨ ਮੋਦੀ ਦਾ ਪਿੱਠੂ ਬਣ ਚੁੱਕਾ ਹੈ।
Related Topics: ECI, Indian Politics, Indian State, Lok Sabha, Lok Sabha Elections, Lok Sabha Elections 2019