September 23, 2019 | By ਸਿੱਖ ਸਿਆਸਤ ਬਿਊਰੋ
ਹੂਸਟਨ (ਟੈਕਸਸ): ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦਾ ਨਾਂ ਬਦਲ ਕੇ ‘ਗੁਰੂ ਨਾਨਕ ਦੇਵ ਕੌਮਾਂਤਰੀ ਹਵਾਈ ਅੱਡਾ’ ਰੱਖਣ ਦੀ ਗੱਲ ਚਰਚਾ ਵਿਚ ਹੈ। ਕਈਆਂ ਦਾ ਮੰਨਣਾ ਹੈ ਕਿ ਇਸ ਲਈ ਮੈਦਾਨ ਲਗਭਗ ਤਿਆਰ ਹੈ। ਇਸ ਸੰਬੰਧੀ ਰਸਮੀ ਐਲਾਨ ਨਵੰਬਰ ਮਹੀਨੇ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਬਾਦਲਾਂ ਦੀ ਅਗਵਾਈ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣ ਵਾਲੇ ਵੱਡੇ ਸਮਾਗਮ ‘ਚ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਜਾ ਸਕਦਾ ਹੈ।
ਮੋਦੀ ਸਰਕਾਰ ਦੇ ਇਸ ‘ਇੱਕ ਤੀਰ ਦੋ ਸ਼ਿਕਾਰ’ ਵਾਲੇ ਕਦਮ ਨਾਲ ਸਿੱਖ ਵੀ ਖੁਸ਼ ਸਰਕਾਰ ਸਿੱਖਾਂ ਨੂੰ ਖੁਸ਼ ਕਰਨ ਦੇ ਨਾਲ-ਨਾਲ ਕਾਂਗਰਸ ਮੁਕਤ ਭਾਰਤ ਦੇ ਨਾਅਰੇ ਦੀ ਪੂਰਤੀ ਲਈ ਨਹਿਰੂ ਖ਼ਾਨਦਾਨ ਦੀਆਂ ਨਿਸ਼ਾਨੀਆਂ ਮੇਟਣ ਦੀ ਮੁਹਿੰਮ ਦਾ ਕੰਮ ਵੀ ਅੱਗੇ ਤੋਰਨਾ ਚਾਹੁੰਦੀ ਹੈ।
ਅਮਰੀਕਾ ਦੇ ਟੈਕਸਸ ਸੂਬੇ ਹੂਸਟਨ ਸ਼ਹਿਰ ਵਿੱਚ “ਹੌਊਡੀ-ਮੌਡੀ” ਸਿਆਸੀ ਸ਼ੋਅ ਦੌਰਾਨ ਮੋਦੀ ਨੂੰ ਮਿਲੇ ਦਰਬਾਰੀਏ ਅਮਰੀਕੀ ਸਿੱਖ ਵਫ਼ਦ ਦੇ ਮੰਗ-ਪੱਤਰ ਵਿੱਚ ਇਸ ਸੰਬੰਧੀ ਮੰਗ ਅਗਾਊ ਸਹਿਮਤੀ ਨਾਲ ਸ਼ਾਮਲ ਕੀਤੀ ਜਾਣੀ ਸੁਭਾਵਿਕ ਮੰਨੀ ਜਾ ਰਹੀ ਹੈ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਦੀ ਇਸ ‘ਸਿਆਸੀ ਸ਼ਤਰੰਜ’ ਸਬੰਧੀ ਸਿੱਖ ਭਾਈਚਾਰੇ ਵਲੋਂ ਵੱਖ ਵੱਖ ਪੱਖਾਂ ਤੋਂ ਵੇਖਣਾ, ਸਿੱਖਣਾ ਤੇ ਸਮਝਣਾ ਚਾਹੀਦਾ ਹੈ। ਸਿੱਖਾਂ ਦੇ ਵੱਡੇ ਹਿੱਸੇ ਦਾ ਕਹਿਣਾ ਹੈ ਕਿ ਪੈਗ਼ੰਬਰਾਂ ਦੇ ਪੈਗੰਬਰ ਬਾਬਾ ਨਾਨਕ ਦੇ ਨਾਂ ਕੋਈ ਹਵਾਈ ਅੱਡਾ ਕਰ ਦੇਣ ਨਾਲ਼ੋਂ ਉਨ੍ਹਾਂ ਦੇ ‘ਮਾਨਵ ਕੀ ਜਾਤ, ਸਬੈ ਏਕੈ ਪਹਿਚਾਨਬੋ’ ਉੱਤੇ ਪਹਿਰਾ ਦੇਣ ਦੀ ਅੱਜ ਦੇ ‘ਨਫ਼ਰਤਾਂ ਭਰੇ ਸਮਿਆਂ’ ਵਿੱਚ ਵੱਧ ਲੋੜ ਹੈ।
ਵੈਸੇ ਬਹੁਤ ਸਾਰੇ ਸਿੱਖ ਹੁਣ ਵੀ ਉਵੇਂ ਹੀ ਖੁਸ਼ ਹੋਣਗੇ ਜਿਵੇਂ ਪਿੱਛੇ ਜਿਹੇ ਦਰਬਾਰ ਸਾਹਿਬ ਅੰਮਿ੍ਰਤਸਰ ਦੇ ‘ਦੁਨੀਆ ਦੇ ਸਭ ਤੋਂ ਵੱਧ ਵੇਖੇ ਜਾਣ ਸਥਾਨ’ ਸੰਬੰਧੀ ਇੱਕ ਰਿਪੋਰਟ ਤੋਂ ਬਹੁਤੇ ਸਿੱਖ ਖੁਸ਼ੀਆਂ ਮਨਾਉਣ ਤੇ ਰਿਪੋਰਟ ਕਰਨ ਵਾਲ਼ਿਆਂ ਦਾ ਸ਼ੁਕਰਾਨਾ ਕਰਨ ਲੱਗ ਗਏ। ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਰੂਆਨੀਅਤ ਦੇ ਸੋਮੇ ਦਰਬਾਰ ਸਾਹਿਬ ਦੀ ਹਸਤੀ ਦੇ ਮੁਕਾਬਲੇ ਅਜਿਹੀਆਂ ਰਿਪੋਰਟਾਂ/ਟਿੱਪਣੀਆਂ ਕੋਈ ਮਾਅਨਾ ਨਹੀਂ ਰੱਖਦੀਆਂ।
Related Topics: Indian Politics, Indian State, Sikh Diaspora, Sikh News USA, Sikhs in United States