ਸਿੱਖ ਖਬਰਾਂ

ਨਿਹੰਗ ਸਿੰਘਾਂ ਵੱਲੋਂ ਕੱਢੇ ਮੁਹੱਲੇ ਨਾਲ ਸਮਾਪਤ ਹੋਇਆ ਹੋਲੇ ਮੁਹੱਲੇ ਦਾ ਜੋੜ ਮੇਲਾ

March 26, 2016 | By

ਸ੍ਰੀ ਆਨੰਦਪੁਰ ਸਾਹਿਬ (25 ਮਾਰਚ, 2016): ਅਜ਼ਾਦੀ, ਸਵੈਮਾਨ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹਲੇ ਮੁਹੱਲੇ ਦਾ ਜੋੜ ਮੇਲਾ ਅੱਜ ਨਿਹੰਗ ਸਿੰਘਾਂ ਵੱਲੋਂ ਕੱਢੇ ਮੁਹੱਲੇ ਨਾਲ ਸਮਾਪਤ ਹੋ ਗਿਆ।

19 ਤੋਂ 21 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 22 ਤੋਂ 24 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਗਏ ਇਸ ਤਿਓਹਾਰ ਦੌਰਾਨ ਲੱਖਾਂ ਸ਼ਰਧਾਲੂ ਗੁਰਦੁਆਰਿਆਂ ਵਿੱਚ ਨਤਮਤਸਕ ਹੋਏ। ਇਸੇ ਦੌਰਾਨ ਤਖ਼ਤ ਕੇਸਗੜ੍ਹ ਸਾਹਿਬ ਤੋਂ ਇਸ ਵਾਰ ਮਹੱਲੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾੲੇ ਗਏ ਨਗਰ ਕੀਰਤਨ ਦੌਰਾਨ ਉਤਸ਼ਾਹ ਦੀ ਜ਼ਿਕਰਯੋਗ ਕਮੀ ਨਜ਼ਰ ਆਈ। ਮਹੱਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿੱਚ ਆਪਸੀ ਤਾਲਮੇਲ ਦੀ ਘਾਟ ਸਾਫ ਝਲਕੀ।

1282967__d73587492
ਪ੍ਰਾਪਤ ਜਾਣਕਾਰੀ ਅਨੁਸਾਰ ਹੋਲੇ ਮਹੱਲੇ ਦੇ ਅੰਤਿਮ ਦਿਨ ਸਵੇਰੇ ਤਖ਼ਤ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਗਿਆਨੀ ਮੱਲ ਸਿੰਘ ਨੇ ਅਰਦਾਸ ਕੀਤੀ ਅਤੇ ਸੰਗਤ ਨੂੰ ਗੁਰੂ ਸਾਹਿਬ ਦੇ ਸ਼ਸਤਰ ਵੀ ਵਿਖਾਏ। ਤਖ਼ਤ ਕੇਸਗਡ਼੍ਹ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਸਵੇਰੇ ਹੀ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਰਵਾਨਾ ਕੀਤਾ ਗਿਆ। ਇਸ ਬਾਰੇ ਸੰਗਤ ਨੂੰ ਪਤਾ ਹੀ ਨਹੀਂ ਲੱਗਿਆ ਕਿਉਂਕਿ ਨਗਰ ਕੀਰਤਨ ਦੇ ਨਾਲ ਮਹਿਜ਼ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ, ਪ੍ਰਬੰਧਕੀ ਸਟਾਫ, ਪੰਜ ਪਿਆਰੇ, ਪੰਜ ਨਿਸ਼ਾਨਚੀ ਅਤੇ ਤਖ਼ਤਾਂ ਦੇ ਜਥੇਦਾਰਾਂ ਸਣੇ ਗਿਣੇ ਚੁਣੇ ਲੋਕ ਹੀ ਹਾਜ਼ਰ ਸਨ।

ਹੋਰ ਤਾਂ ਹੋਰ ਇਸ ਨਗਰ ਕੀਰਤਨ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਦੇ ਅਧਿਕਾਰੀ ਅਜੇ ਪੁਲੀਸ ਮੁਲਾਜ਼ਮਾਂ ਦੀਆਂ ਡਿਊਟੀਆਂ ਹੀ ਲਗਾ ਰਹੇ ਸਨ ਕਿ ਨਗਰ ਕੀਰਤਨ ਕਿਲਾ ਅਨੰਦਗੜ੍ਹ ਸਾਹਿਬ ਤੱਕ ਪਹੁੰਚ ਗਿਆ। ਬਾਅਦ ਵਿੱਚ ਪੁਲੀਸ ਵਾਲੇ ਮੀਡੀਆ ਦੇ ਦੱਸਣ ’ਤੇ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਕਿਲ੍ਹਾ ਅਨੰਦਗੜ੍ਹ ਸਾਹਿਬ ਤੱਕ ਪਹੁੰਚੇ। ਇੱਥੇ ਹੀ ਬੱਸ ਨਹੀਂ ਸੀ.ਆਈ.ਡੀ. ਅਤੇ ਆਈ.ਬੀ. ਦੇ ਦਰਜਨਾਂ ਮੁਲਾਜ਼ਮਾਂ ਨੂੰ ਨਗਰ ਕੀਰਤਨ ਦੇ ਰਵਾਨਾ ਹੋ ਜਾਣ ਦਾ ਪਤਾ ਹੀ ਨਹੀਂ ਲੱਗਿਆ ਅਤੇ ਦੋ ਕਿਲੋਮੀਟਰ ਤੱਕ ਦਾ ਪੈਂਡਾ ਤੈਅ ਕਰਨ ਤੋਂ ਬਾਅਦ ਉਹ ਨਗਰ ਕੀਰਤਨ ਨਾਲ ਰਲ ਸਕੇ।

ਹੱਦ ਤਾਂ ਉਦੋਂ ਹੋ ਗਈ ਜਦੋਂ ਨਗਰ ਕੀਰਤਨ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਮਾਤਾ ਜੀਤੋ ਜੀ ਅਗੰਮਪੁਰ ਵਿਖੇ ਪੁੱਜਿਆ ਅਤੇ ਉਨ੍ਹਾਂ ਨਾਲ ਕਿਸੇ ਵੀ ਨਿਹੰਗ ਜਥੇਬੰਦੀ ਦਾ ਕਾਫ਼ਲਾ ਨਹੀਂ ਸੀ। ਇਹ ਵੀ ਪਹਿਲੀ ਵਾਰ ਹੀ ਹੋਇਆ ਕਿ ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨਾਲ ਇੱਕ ਬਖ਼ਤਰਬੰਦ ਗੱਡੀ ਵਿੱਚ ਵੱਖਰੇ ਤੌਰ ’ਤੇ ਬੈਠੇ ਹੋਏ ਸਨ ਅਤੇ ਉਨ੍ਹਾਂ ਨੂੰ ਸਖਤ ਸੁਰਖਿਆ ਪ੍ਰਬੰਧਾਂ ਕਰਕੇ ਇੱਕ ਘੇਰੇ ਵਿੱਚ ਵੀ ਰੱਖਿਆ ਹੋਇਆ ਸੀ।

ਨਗਰ ਕੀਰਤਨ ਤੋਂ ਬਾਅਦ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿੱਚ ਮਹੱਲਾ ਕੱਢਿਆ ਗਿਆ। ਇਸ ਵਿੱਚ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਅਵਤਾਰ ਸਿੰਘ, ਤਰਸੇਮ ਸਿੰਘ ਮੋਰਾਂਵਾਲੀ ਸਹਿਤ ਸੈਂਕੜਿਆਂ ਦੀ ਗਿਣਤੀ ਵਿੱਚ ਘੋੜਸਵਾਰ ਪੂਰੇ ਖ਼ਾਲਸਈ ਰੰਗ ਵਿੱਚ ਰੰਗੇ ਨਜ਼ਰ ਆਏ। ਚਰਨਗੰਗਾ ਸਟੇਡੀਅਮ ਵਿੱਚ ਮੌਜੂਦ ਸੰਗਤ ਨੂੰ ਆਪਣੇ ਕਰਤੱਵਾਂ ਨਾਲ ਨਿਹਾਲ ਕਰਨ ਵਾਲੇ ਨਿਹੰਗ ਸਿੰਘਾਂ ਨੇ ਸਿੱਖ ਮਾਰਸ਼ਲ ਆਰਟ, ਗੱਤਕਾ ਦਾ ਨਜ਼ਾਰਾ ਪੇਸ਼ ਕੀਤਾ। ਕਰਤੱਵਾਂ ਨਾਲ ਹੀ ਇਹ ਕੌਮੀ ਤਿਓਹਾਰ ਸੰਪੂਰਨ ਹੋ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: