ਸਿੱਖ ਖਬਰਾਂ

ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ ਗੁਰਦੁਆਰਾ ਸਾਹਿਬ ਵਿੱਚ ਦਿੱਤੀ ਗਈ ਗੁਰੂ ਨਾਨਕ ਦੇਵ ਜੀ ਦੀ ਮੂਰਤੀ

November 23, 2015 | By

ਮੈਨੇਜਰ ਨੇ ਕਿਹਾ ਮੂਰਤੀ ਅਕਾਲੀ ਆਗੂਆਂ ਵੱਲੋਂ ਦਿੱਤੀ ਗਈ, ਸੰਗਤ ਤੋਂ ਮੰਗੀ ਮੁਆਫੀ
ਅੰਬਾਲਾ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੱਲ੍ਹ ਅੰਬਾਲਾ ਸਥਿਤ ਗੁਰਦੁਆਰਾ ਮੰਜੀ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਉਨ੍ਹਾਂ ਦਾ ਇਹ ਦੌਰਾ ਉਦੋਂ ਜਿਆਦਾ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਗੁਰਦੁਆਰਾ ਸਾਹਿਬ ਵਿੱਚ ਉਨ੍ਹਾਂ ਦਾ ਸਨਮਾਨ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਦੇ ਕੇ ਕੀਤਾ ਗਿਆ।

ਮਨੋਹਰ ਲਾਲ ਖੱਟਰ ਨੂੰ ਗੁਰੂ ਸਾਹਿਬ ਦੀ ਮੂਰਤੀ ਨਾਲ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼

ਮਨੋਹਰ ਲਾਲ ਖੱਟਰ ਨੂੰ ਗੁਰੂ ਸਾਹਿਬ ਦੀ ਮੂਰਤੀ ਨਾਲ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼

ਇਸ ਤੇ ਇਤਰਾਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਪ੍ਰਧਾਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਮਛੋੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਤਹਿਤ ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਅਤੇ ਹੋਰ ਅਕਾਲੀ ਆਗੂਆਂ ਵੱਲੋਂ ਮੁੱਖ ਮੰਤਰੀ ਨੂੰ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਬਤੌਰ ਯਾਦਗਾਰੀ ਚਿੰਨ੍ਹ ਵਜੋਂ ਦੇਣੀ ਮਨਮਤਿ ਹੈ ਕਿਉਂਕਿ ਮੂਰਤੀ ਦੇ ਸੰਕਲਪ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ।

ਇਸ ਬਾਰੇ ਜਦੋਂ ਸਿੱਖ ਸਿਆਸਤ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੇ ਮੈਨੇਜਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸੈਣੀ ਭਵਨ ਵਿੱਚ ਕੋਈ ਸਮਾਗਮ ਸੀ ਜਿੱਥੇ ਮੁੱਖ ਮੰਤਰੀ ਪਹੁੰਚੇ ਸਨ।ਉਨ੍ਹਾਂ ਕਿਹਾ ਕਿ ਉਸ ਸਮਾਗਮ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵੀ ਦਰਸ਼ਨ ਕਰਨ ਲਈ ਆਏ ਤੇ ਉਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹੋਣ ਨਾਤੇ ਉਨ੍ਹਾਂ ਵੱਲੋਂ ਮੁੱਖ ਮੰਤਰੀ ਨੂੰ ਸਿਰਪਾਓ ਅਤੇ ਸ਼ਾਲ ਭੇਂਟ ਕੀਤੀ ਗਈ।ਪਰ ਉਸ ਸਮੇਂ ਮੁੱਖ ਮੰਤਰੀ ਨਾਲ ਆਏ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਗੋਵਿੰਦਗੜ੍ਹ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਦੇਸ਼ਕ ਬੁਲਾਰੇ ਸੰਤ ਸਿੰਘ ਕੰਧਾਰੀ, ਅਜੀਤ ਸਿੰਘ ਸੌਂਢਾ ਵੱਲੌਂ ਗੁਰੂ ਨਾਨਕ ਦੇਵ ਜੀ ਦੀ ਮੂਰਤੀ ਰੂਪੀ ਇੱਕ ਯਾਦਗਾਰੀ ਚਿੰਨ੍ਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭੇਂਟ ਕੀਤਾ ਗਿਆ।ਉਨ੍ਹਾਂ ਮੰਨਿਆ ਕਿ ਇਹ ਗੁਰਮਤਿ ਦੇ ਸਿਧਾਂਤ ਵਿਰੁੱਧ ਹੋਈ ਗਲਤੀ ਹੈ ਜਿਸ ਲਈ ਉਹ ਸੰਗਤ ਤੋਂ ਮੁਆਫੀ ਮੰਗਦੇ ਹਨ।

ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬਾ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਗੇਤਰੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਪਾਸੋਂ ਪ੍ਰੇਰਣਾ ਲੈ ਕੇ ਉਨ੍ਹਾਂ ਦੇ ਦਰਸਾਏ ਮਾਰਗ ਤੇ ਚਲਦਿਆਂ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਸਿਧਾਂਤ ਨੂੰ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਹਰਿਆਣਾ ਸਾਰੇ ਪ੍ਰਦੇਸ਼ ਵਾਸੀਆਂ ਦਾ ਆਪਣਾ ਸੂਬਾ ਹੈ ਅਤੇ ਸਾਰੇ ਵਰਗਾਂ ਤੇ ਧਰਮਾਂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਤਰੱਕੀ ਲਈ ਸਰਕਾਰ ਨੂੰ ਸਹਿਯੋਗ ਦੇਣ।ਇਸ ਮੌਕੇ ਉਨ੍ਹਾਂ ਨਾਲ ਰਾਜ ਮੰਤਰੀ ਨਾਇਬ ਸਿੰਘ ਸੈਣੀ, ਸੰਸਦ ਮੈਂਬਰ ਰਤਨ ਲਾਲ ਕਟਾਰੀਆ ਅਤੇ ਵਿਧਾਇਕ ਅਸੀਮ ਗੋਇਲ ਵੀ ਹਾਜਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,