September 13, 2019 | By ਸਿੱਖ ਸਿਆਸਤ ਬਿਊਰੋ
ਨਿਊ ਜਰਸੀ, ਅਮਰੀਕਾ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸੰਸਾਰ ਪੱਧਰ ਉੱਤੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਤੇ ਦੁਨੀਆ ਦੇ ਕੋਨੇ-ਕੋਨੇ ਵਿਚ ਬਹੁਭਾਂਤੀ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਗੁਰੂ ਪਾਤਿਸ਼ਾਹ ਵੱਲੋਂ ਸਮੁੱਚੀ ਮਨੱਖਤਾ ਲਈ ਕੀਤੀ ਗਈ ਅਦੁੱਤੀ ਤੇ ਰੂਹਾਨੀ ਬਖਸ਼ਿਸ਼ ਦਾ ਸੁਨੇਹਾ ਪ੍ਰਚਾਰਿਆ-ਪ੍ਰਸਾਰਿਆ ਜਾ ਰਿਹਾ ਹੈ। ਇਸੇ ਦੌਰਾਨ ਅਮਰੀਕਾ ਦੇ ਨਿਊ ਜਰਸੀ ਸੂਬੇ ਵਲੋਂ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ, ਜੋ ਕਿ 12 ਨਵੰਬਰ 2019 ਨੂੰ ਆ ਰਿਹਾ ਹੈ, ਨੂੰ ‘ਆਲਮੀ ਬਰਾਰਬੀ ਦਿਹਾੜੇ’ ਦੇ ਤੌਰ ਉੱਤੇ ਮਨਾਉਣ ਦਾ ਫੈਸਲਾ ਕੀਤਾ ਹੈ।
ਨਿਊ ਜਰਸੀ ਸੂਬੇ ਦੀ ‘ਸੈਨੇਟ’ ਦੇ ਮੁਖੀ ਸਟੀਵ ਸਵੀਨੀ ਨੇ ਇਸ ਬਾਰੇ ਪ੍ਰਵਾਣ ਕੀਤਾ ਗਿਆ ਇਕ ਲਿਖਤੀ ਮਤਾ ਲੰਘੇ ਕੱਲ (12 ਸਤੰਬਰ) ‘ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ’ ਅਤੇ ਮੁਕਾਮੀ ਸਿੱਖ ਸੰਗਤਾਂ ਨੂੰ ਭੇਟ ਕੀਤਾ। ਇਸ ਮਤੇ ਵਿਚ ਗੁਰੂ ਸਾਹਿਬ ਵੱਲੋਂ ਜਾਤ-ਪਾਤ ਜਿਹੀ ਮਾਰੂ ਮਨੁੱਖੀ ਵੰਡ ਦੇ ਵਿਚਾਰ ਅਤੇ ਢਾਂਚੇ ਨੂੰ ਰੱਦ ਕਰਕੇ ਬਾਰਬਰੀ ਦੇ ਦਿੱਤੇ ਇਲਾਹੀ ਉਪਦੇਸ਼ ਦੇ ਮੱਦੇਨਜ਼ਰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ‘ਆਲਮੀ ਮਨੁੱਖੀ ਬਰਾਬਰੀ’ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
Related Topics: Sikh Diaspora, Sikh News New Jersey, Sikh News USA, Sikhs in New Jersey, Sikhs in United States, World Equality Day 2019