ਸਿਆਸੀ ਖਬਰਾਂ » ਸਿੱਖ ਖਬਰਾਂ

ਕਿਰਪਾਲ ਸਿੰਘ ਬਡੂੰਗਰ ਅਤੇ ਉਸਦੀ ਅਗਵਾਈ ਵਾਲੀ ਕਾਰਜਕਾਰਣੀ ਨੂੰ ਰੁਖਸਤ ਕਰ ਗੋਬਿੰਦ ਸਿੰਘ ਲੋਂਗੋਵਾਲ ਨੇ ਨਵੀਂ ਟੀਮ ਸਹਿਤ ਸੰਭਾਲੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ

November 29, 2017 | By

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਲਾਨਾ ਚੋਣ ਲਈ ਹੋਏ ਜਨਰਲ ਅਜਲਾਸ ਮੌਕੇ ਗੋਬਿੰਦ ਸਿੰਘ ਲੋਂਗੋਵਾਲ, ਆਪਣੇ ਵਿਰੋਧੀ ਅਤੇ ਪੰਥਕ ਫਰੰਟ ਦੇ ਉਮੀਦਵਾਰ ਅਮਰੀਕ ਸਿੰਘ ਸ਼ਾਹਪੁਰ ਨੂੰ 139 ਵੋਟਾਂ ਨਾਲ ਹਰਾਕੇ ਪ੍ਰਧਾਨ ਬਣ ਗਏ ਹਨ। ਕਰਨਾਲ ਤੋਂ ਕਮੇਟੀ ਮੈਂਬਰ ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਹਰਪਾਲ ਸਿੰਘ ਜੱਲ੍ਹਾ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਗੁਰਬਚਨ ਸਿੰਘ ਕਰਮੂੰਵਾਲ ਨੂੰ ਜਨਰਲ ਸਕੱਤਰ ਚੁੱਣਿਆ ਗਿਆ ਹੈ। ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਹਗਵਾਈ ਵਾਲੀ ਕਾਰਜਕਾਰਣੀ ਵਲੋਂ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਦੁਵਿਧਾ ਪਾਣ ਅਤੇ ਤਖਤਾਂ ਦੇ ਜਥੇਦਾਰਾਂ ਦੇ ਏਕਾ ਅਧਿਕਾਰ ਖਿਲਾਫ ਲਿਖਤੀ ਰੋਸ ਦਰਜ ਕਰਾਉਂਦਿਆਂ ਕਮੇਟੀ ਮੈਂਬਰ ਹਰਦੀਪ ਸਿੰਘ ਮੋਹਾਲੀ ਨੇ ਆਪਣੀ ਵੋਟ ਨਹੀਂ ਪਾਈ। ਕਮੇਟੀ ਦੀ 11 ਮੈਂਬਰੀ ਕਾਰਜਕਾਰਣੀ ਵਿੱਚ ਨਵਤੇਜ ਸਿੰਘ ਕਾਉਣੀ ਦੀ ਸ਼ਮੂਲੀਅਤ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੈ ਕਿਉਂਕਿ ਡੇਰਾ ਸਿਰਸਾ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਾਰਣ ਉਹ ਦੋ ਵਾਰ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਕੇ ਤਨਖਾਹ ਵੀ ਲਵਾ ਚੁਕਾ ਹੈ।

ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਗੋਬਿੰਦ ਸਿੰਘ ਲੌਂਗੋਵਾਲ

ਸ਼੍ਰੋਮਣੀ ਕਮੇਟੀ ਦੇ 42ਵੇਂ ਪ੍ਰਧਾਨ ਬਣੇ ਗੋਬਿੰਦ ਸਿੰਘ ਲੌਂਗੋਵਾਲ

ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਬਾਅਦ ਦੁਪਿਹਰ ਸ਼ੁਰੂ ਹੋਏ ਜਨਰਲ ਅਜਲਾਸ ਮੌਕੇ ਆਰੰਭਤਾ ਦੀ ਅਰਦਾਸ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਉਪਰੰਤ ਚੋਣ ਸਬੰਧੀ ਕਾਰਵਾਈ ਸ਼ੁਰੂ ਹੋਣ ‘ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੋਂਗੋਵਾਲ ਦਾ ਨਾਮ ਪੇਸ਼ ਕੀਤਾ। ਇਸ ਨਾਮ ਦੀ ਤਾਈਦ ਤੇ ਤਾਈਦ ਮਜ਼ੀਦ ਹੋ ਜਾਣ ‘ਤੇ ਜਿਉਂ ਹੀ ਹਾਉਸ ਦੇ ਚੇਅਰਮੈਨ ਦੀ ਹੈਸੀਅਤ ਵਿੱਚ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਸੇ ਹੋਰ ਨਾਮ ਪੇਸ਼ ਕਰਨ ਦੀ ਗੱਲ ਕਹੀ ਤਾਂ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਕੁਝ ਸਮਾਂ ਪਹਿਲਾਂ ਹੀ ਬਣੇ ਪੰਥਕ ਫਰੰਟ ਨੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਦਾ ਨਾਮ ਪੇਸ਼ ਕੀਤਾ, ਉਪ੍ਰੰਤ ਕਮੇਟੀ ਅੰਦਰਲੇ ਬਾਦਲ ਪੱਖੀ ਧੜੇ ਨੇ ਭੌਰ ਧੜੇ ਨਾਲ ਕਾਰਜਕਾਰਣੀ ਕਮੇਟੀ ਵਿੱਚ ਮੈਂਬਰ ਲਏ ਜਾਣ ਬਾਰੇ ਸੌਦੇਬਾਜ਼ੀ ਸ਼ੁਰੂ ਕੀਤੀ ਜੋ ਨੇਪਰੇ ਨਾ ਚੜ੍ਹ ਸਕੀ। ਆਖਿਰ ਨਿਯਮਾਂ ਅਨੁਸਾਰ ਪ੍ਰਧਾਨ ਦੀ ਚੋਣ ਲਈ ਬੈਲਟ ਪੇਪਰ ਦਾ ਸਹਾਰਾ ਲਿਆ।

ਸ਼੍ਰੋਮਣੀ ਕਮੇਟੀ ਦੇ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ ਅਤੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ

ਸ਼੍ਰੋਮਣੀ ਕਮੇਟੀ ਦੇ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ ਅਤੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ

ਕੋਈ ਡੇਢ ਘੰਟਾ ਚੱਲੀ ਇਸ ਚੋਣ ਪ੍ਰਣਾਲੀ ਵਿੱਚ 169 ਕਮੇਟੀ ਮੈਂਬਰਾਨ ਵਲੋਂ ਪਾਈਆਂ ਵੋਟਾਂ ਚੋਂ 154 ਗੋਬਿੰਦ ਸਿੰਘ ਲੋਂਗੋਵਾਲ ਅਤੇ 15 ਵੋਟਾਂ ਵਿਰੋਧੀ ਧਿਰ ਦੇ ਅਮਰੀਕ ਸਿੰਘ ਸ਼ਾਹਪੁਰ ਨੂੰ ਪਈਆਂ। ਇਸ ਉਪਰੰਤ ਵਿਰੋਧੀ ਧਿਰ ਨੇ ਬਾਕੀ ਅਹੁੱਦੇਦਾਰੀਆਂ ਲਈ ਕੋਈ ਨਾਮ ਪੇਸ਼ ਨਹੀਂ ਕੀਤਾ। ਚੋਣ ਕਾਰਵਾਈ ਨੂੰ ਜਾਰੀ ਰੱਖਦਿਆਂ ਹਰਿਆਣਾ ਤੋਂ ਨਾਮਜ਼ਦ ਮੈਂਬਰ ਤੇ ਬਾਦਲ ਪਰਿਵਾਰ ਦੇ ਕਰੀਬੀ ਜਾਣੇ ਜਾਂਦੇ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਜੱਲ੍ਹਾ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਗੁਰਬਚਨ ਸਿੰਘ ਕਰਮੂੰਵਾਲ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ। ਉਧਰ ਕਮੇਟੀ ਪ੍ਰਧਾਨ ਚੁਣੇ ਜਾਣ ਬਾਅਦ ਲੋਂਗੋਵਾਲ ਨੇ 11 ਮੈਂਬਰੀ ਕਾਰਜਕਾਰਣੀ ਦੇ ਨਾਮ ਐਲਾਨ ਦਿੱਤੇ। ਵਿਰੋਧੀ ਧਿਰ ਨੇ ਇਕ ਵਾਰ ਫਿਰ ਦਸਤਕ ਦਿੱਤੀ ਕਿ ਨਿਯਮਾਂ ਅਨੁਸਾਰ ਉਨ੍ਹਾਂ ਦਾ ਇਕ ਮੈਂਬਰ ਕਾਰਜਕਾਰਣੀ ‘ਚ ਲਿਆ ਜਾਏ।

ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਬਾਅਦ ਦਰਬਾਰ ਸਾਹਿਬ ਵਿਖੇ

ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਬਾਅਦ ਦਰਬਾਰ ਸਾਹਿਬ ਵਿਖੇ

ਕੁਝ ਸਮੇਂ ਦੀ ਨੋਕ ਝੋਕ ਉਪਰੰਤ ਅਮਰੀਕ ਸਿੰਘ ਸ਼ਾਹਪੁਰ ਨੂੰ ਵਿਰੋਧੀ ਧਿਰ ਦੇ ਨੁਮਾਇੰਦੇ ਵਜੋਂ ਕਾਰਜਕਾਰਣੀ ਵਿੱਚ ਸ਼ਾਮਿਲ ਕਰ ਲਿਆ ਗਿਆ। ਬਾਕੀ 10 ਕਾਰਜਕਾਰਣੀ ਮੈਂਬਰਾਂ ਵਿੱਚ ਸੱਜਣ ਸਿੰਘ ਬੱਜੂਮਾਨ, ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂ, ਗੁਰਪ੍ਰੀਤ ਕੌਰ ਰੂਹੀ, ਗੁਰਤੇਜ ਸਿੰਘ ਢੱਡੇ, ਹਰਦੇਵ ਸਿੰਘ ਰਾਂਗਲਾ, ਰਵਿੰਦਰ ਸਿੰਘ ਚੱਕ ਮੁਕੇਰੀਆਂ, ਗੁਰਮੀਤ ਸਿੰਘ ਬੂਹ, ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਤੇ ਨਵਤੇਜ ਸਿੰਘ ਕਾਉਣੀ ਸ਼ਾਮਿਲ ਹਨ। ਕਮੇਟੀ ਦੇ ਅੱਜ (29 ਨਵੰਬਰ, 2017) ਦੇ ਸਲਾਨਾ ਅਜਲਾਸ ਵਿੱਚ ਮਨਿਸਟਰ ਵਜੋਂ ਸ਼ਾਮਿਲ ਹੋਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ ‘ਚੋਂ ਸਿਰਫ ਗਿਆਨੀ ਗੁਰਬਚਨ ਸਿੰਘ, ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਹੋਏ। ਕਮੇਟੀ ਦੇ ਗੁਰਦਾਸਪੁਰ ਤੋਂ ਮੈਂਬਰ ਸੇਵਾ ਸਿੰਘ ਸੇਖਵਾਂ ਨਾ ਤਾਂ ਕੱਲ੍ਹ ਪਾਰਟੀ ਪ੍ਰਧਾਨ ਨੂੰ ਅਧਿਕਾਰ ਦੇਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਏ ਨਾ ਹੀ ਅੱਜ ਦੇ ਅਜਲਾਸ ਵਿੱਚ। ਜਨਰਲ ਅਜਲਾਸ ਦੀ ਕਾਰਵਾਈ ਚਲਾਉਣ ਲਈ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ: ਰੂਪ ਸਿੰਘ ਹਾਜ਼ਰ ਰਹੇ ਜਦੋਂ ਬੈਲਟ ਪੇਪਰ ਰਾਹੀਂ ਚੋਣ ਕਰਵਾਏ ਜਾਣ ਦੀ ਜ਼ਿੰਮੇਵਾਰੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸਕੱਤਰ ਸਿੰਘ ਨੇ ਨਿਭਾਈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Gobind Singh Longowal elected as New SGPC chief; List of All Executive Committee Members …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,