ਚੋਣਵੀਆਂ ਲਿਖਤਾਂ » ਲੇਖ

ਗ਼ੱਦਾਰ ਕੌਣ? ਵਫ਼ਾਦਾਰ ਕੌਣ?

February 26, 2015 | By

ਰਬਿੰਦਰ ਨਾਥ ਟੈਗੋਰ ਦੇ ਪੁਰਖੇ ਮੁਸਲਮਾਨ ਸ਼ਾਸਕਾਂ ਦੇ ਏਸ ਹੱਦ ਤੱਕ ਵਫ਼ਾਦਾਰ ਸਨ ਕਿ ਉਹਨਾਂ ਨੂੰ ਇਸਲਾਮੀਆਂ ਬ੍ਰਾਹਮਣ ਕਰਕੇ ਹੀ ਜਾਣਿਆ ਜਾਂਦਾ ਸੀ। ਸਰਕਾਰੇ ਦਰਬਾਰੇ ਬੜੀ ਕਦਰ ਦੱਸੀਦੀ ਸੀ। ਰਾਜ ਪਲਟਿਆ, ਅੰਗ੍ਰੇਜ਼ ਆਏ ਤਾਂ ਏਸ ਪ੍ਰਵਾਰ ਦੀ ਵਫ਼ਾਦਾਰੀ ਉੱਤੇ ਓਸ ਨੂੰ ਵੀ ਕੋਈ ਸ਼ੱਕ ਨਾ ਰਿਹਾ।

ਦਿੱਲੀ ਤੋਂ ਅੰਮ੍ਰਿਤਸਰ ਨੂੰ ਪਹਿਲੀ ਰੇਲ ਗੱਡੀ ਚੱਲਣੀ ਸੀ। ਸਿੱਖਾਂ ਵਿੱਚ ਗਦਰ ਦੇ ਬੀਜ ਫੁੱਟ ਰਹੇ ਸਨ। ਇਹਨਾਂ ਦੀ ਅੰਤਰ-ਆਤਮਾ ਵਿੱਚ ਝਾਤੀ ਮਾਰ ਕੇ ਵਾਜਬ ਤੋੜ ਲੱਭਣਾ ਸੀ। ਸਿੱਖ ਧਰਮ ਦੀ ਖੁਸ਼ਬੋ ਕਿਸੇ ਉੱਤੇ ਛਿੜਕ ਕੇ ਓਸ ਨੂੰ ਸਿੱਖਾਂ ਵਿੱਚ ਸਤਿਕਾਰਯੋਗ ਬਣਾਉਣਾ ਸੀ। ਵਫ਼ਾਦਾਰ ਦਬਿੰਦਰ ਨਾਥ ਅਤੇ ਉਸ ਦੇ ਬੇਟੇ ਰਬਿੰਦਰ ਨਾਥ ਉੱਤੇ ਗੁਣਾ ਪਿਆ।

ਗਵਰਨਰ ਜਨਰਲ ਨੇ ਅੰਮ੍ਰਿਤਸਰ ਦੇ ਡੀ.ਸੀ. ਨੂੰ ਬੰਬਈ ਬੁਲਾ ਕੇ ਆਖਿਆ ਕਿ ਇਹਨਾਂ ਦੋਨਾਂ ਵਿਦਵਾਨਾਂ ਦੀ ਸਿੱਖ ਧਰਮ ਵਿੱਚ ਬਹੁਤ ਸ਼ਰਧਾ ਹੈ ਅਤੇ ਓਹ ਦਰਬਾਰ ਸਾਹਿਬ ਜਾ ਕੇ ਧਰਮ ਦੀ ਸੋਝੀ ਪ੍ਰਾਪਤ ਕਰਨਾ ਚਾਹੁੰਦੇ ਹਨ। ਇਹਨਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਅੰਮ੍ਰਿਤਸਰ ਦਾਖ਼ਲ ਕਰਨ ਲਈ ਪਹਿਲੀ ਰੇਲ ਗੱਡੀ ਵਿੱਚ ਇੱਕ ਡੱਬਾ ਦਿੱਤਾ ਜਾਵੇ ਅਤੇ ਓਥੇ ਇਹਨਾਂ ਦੀ ਪੂਰੀ ਆਉ-ਭਗਤ ਕੀਤੀ ਜਾਵੇ।

ਸੀ.ਐਚ.ਹਾਲ ਨੇ ਪੂਰਾ ਹੁਕਮ ਵਜਾਇਆ। ਐਸੀ ਸਿਆਣਪ ਨਾਲ ਉਹਨਾਂ ਬੇੜੀਆਂ ਵਿੱਚ ਵੱਟੇ ਪਾਉਣ ਲਈ ਜਾਣਕਾਰੀ ਹਾਸਲ ਕੀਤੀ ਕਿ ਸਿੱਖ ਅੱਜ ਤੱਕ ਵੀ ਉਹਨਾਂ ਨੂੰ ਸਿੱਖੀ ਤੋਂ ਪ੍ਰੇਰਤ ਸੁਹਿਰਦ ਲੋਕ ਸਮਝੀ ਜਾਂਦੇ ਹਨ। ਸਿੱਖੀ ਨਾਲ ਵਫ਼ਾਦਾਰੀ ਦਾ ਓਹਨਾਂ ਦਾ ਬੁਰਕਾ ਕਿਸੇ ਨੇ ਅੱਜ ਤੱਕ ਵੀ ਗੰਭੀਰਤਾ ਨਾਲ ਨਹੀਂ ਲਾਹਿਆ।

ਅੰਗ੍ਰੇਜ਼ ਨਾਲ ਵਫ਼ਾਦਾਰੀ ਦੀ ਚਰਮ-ਸੀਮਾ ਓਦੋਂ ਛੂਹੀ ਗਈ ਜਦੋਂ ਕੈਲੀਫ਼ੋਰਨੀਆ ਜਾ ਕੇ ਰਬਿੰਦਰ ਨਾਥ ਨੇ ਗਦਰੀ ਬਾਬਿਆਂ ਨੂੰ ਅੰਗ੍ਰੇਜ਼ ਵਿਰੁੱਧ ਬਗਾਵਤ ਕਰਨ ਤੋਂ ਪੂਰਾ ਤਾਣ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਵਫ਼ਾਦਾਰੀ ਦਾ ਦੂਜਾ ਮਾਪਦੰਡ ਓਦੋਂ ਸਥਾਪਤ ਹੋਇਆ ਜਦੋਂ ਜੌਰਜ ਪੰਚਮ ਦੀ ਹਿੰਦ ਆਮਦ ਉੱਤੇ ‘ਜਨ ਗਨ ਮਨ’ ਦਾ ਨਿਰਮਾਣ ਕਰ ਕੇ ਟੈਗੋਰ ਨੇ ਖ਼ੁਦ ਕਲੱਕਤਾ ਆਉਣ ਉੱਤੇ ਓਸ ਦੇ ਮਾਣ ਵਿੱਚ ਗਾਇਆ ਅਤੇ ਹਿੰਦੀਆਂ ਦੇ ਸਿਰਾਂ ਉੱਤੇ ਤਖ਼ਤ ਦੇ ਪਾਵੇ ਰੱਖ ਕੇ ਬੈਠੇ ਵਿਦੇਸ਼ੀ ਸ਼ਾਸਕ ਨੂੰ ਭਾਰਤ ਦਾ ‘ਭਾਗਯ ਵਿਧਾਤਾ’ ਆਖ ਕੇ ਵਡਿਆਇਆ।

ਵਫ਼ਾਦਾਰੀ ਦੇ ਵੀ ਬਹੁਤ ਪਹਿਲੂ ਹੁੰਦੇ ਹਨ। ਏਹੋ ਗਾਣਾ ਕੌਂਗ੍ਰਸ ਆਗੂਆਂ ਨੂੰ ਏਨਾਂ ਪਸੰਦ ਆਇਆ ਕਿ ਓਸ ਨੂੰ ਇਹਨਾਂ ਆਜ਼ਾਦ ਭਾਰਤ ਦਾ ਰਾਸ਼ਟਰੀ ਗਾਨ ਬਣਾ ਲਿਆ। ਇਉਂ ਏਸ ਪ੍ਰਵਾਰ ਦੀ ਤਿੰਨ ਆਪਾ-ਵਿਰੋਧੀ ਹਕੂਮਤਾਂ ਨਾਲ ਵਫ਼ਾਦਾਰੀ ਤੋੜ ਨਿਭੀ। ਗੱਦਾਰੀ ਤੱਕ ਤਾਂ ਗੱਲ ਕੀ ਪਹੁੰਚਣੀ ਸੀ, ਵਫ਼ਾਦਾਰੀ ਦੀ ਰੰਗਤ ਕਦੇ ਵੀ ਫਿੱਕੀ ਨਾ ਪਈ। ਹਰ ਹਕੂਮਤ ਦੀ ਸਭ ਤੋਂ ਉਤਲੀ ਪੱਧਰ ਉੱਤੇ ਵਫ਼ਾਦਾਰੀ ਪ੍ਰਵਾਨ ਚੜ੍ਹਦੀ ਰਹੀ। ਕਲਾਕਾਰੀ ਦੇ ਅਜੇਹੇ ਮੌਜਜ਼ੇ ਘੱਟ ਹੀ ਵੇਖਣ ਨੂੰ ਮਿਲਦੇ ਹਨ।

ਏਸ ਦਾ ਸਮਕਾਲੀ ਸੀ ‘ਸੰਤ’ ਅਤਰ ਸਿੰਘ। ਏਸ ਦੇ ਬਜ਼ੁਰਗਾਂ ਨੇ ਮੁਗ਼ਲਾਂ, ਅਫ਼ਗਾਨਾਂ ਵਿਰੁੱਧ ਬਗਾਵਤਾਂ ਕੀਤੀਆਂ; ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ ਪਰ ਬਾਗੀ ਤਾਣ ਨਾ ਟੁੱਟਣ ਦਿੱਤੀ।

ਅੰਗ੍ਰੇਜ਼ਾਂ ਨੂੰ ਹਰ ਜੰਗ ਵਿੱਚ ਹਰਾਇਆ ਪਰ ਰਾਜ ਗੁਆ ਬੈਠੇ। ਅਤਰ ਸਿੰਘ ਨੇ ਅੰਗ੍ਰੇਜ਼ ਦੀ ਫ਼ੌਜ ਵਿੱਚ ਨੌਕਰੀ ਕੀਤੀ ਪਰ ਜ਼ਮੀਰ ਦੇ ਮੇਚ ਨਾ ਆਈ ਤਾਂ ਛੱਡ ਕੇ ਅੰਮ੍ਰਿਤ ਪ੍ਰਚਾਰ ਅਤੇ ਆਪਣੇ ਲੋਕਾਂ ਨੂੰ ਵਿੱਦਿਆ ਦੇਣ ਦੀ ਮੁਹਿੰਮ ਸ਼ੁਰੂ ਕੀਤੀ।

ਅੰਗ੍ਰੇਜ਼ ਆਖਣ ਲੱਗਾ ਇਹ ਗੱਦਾਰ ਜਾਪਦਾ ਹੈ; ਏਸ ਤੋਂ ਅੰਮ੍ਰਿਤ ਛਕ ਕੇ ਮਾਸਟਰ ਤਾਰਾ ਸਿੰਘ ਵਰਗੇ ਸਾਰੇ ਹੀ ਬਾਗ਼ੀ ਹੋ ਰਹੇ ਹਨ। ਵਿੱਦਿਆ ਪ੍ਰਾਪਤ ਕਰ ਕੇ ਬਾਗੀਆਨਾ ਤੇਵਰ ਧਾਰਨਾ ਤਾਂ ਆਦਿ ਕਾਲ ਤੋਂ ਹੀ ਹੁੰਦਾ ਆਇਆ ਹੈ। ਉਹ ਅਤਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਸੁੱਟਣ ਲੱਗੇ ਤਾਂ ਕਈ ਬਾ-ਰਸੂਖ ਰਾਜਿਆਂ ਆਦਿ ਨੇ ਸਮਝਾ-ਬੁਝਾ ਕੇ ਸੰਤ ਆਖ ਕੇ ਬਚਾਇਆ।

ਜੌਰਜ ਪੰਚਮ ਦਾ ਤਾਜਪੋਸ਼ੀ ਸਮਾਗਮ ਦਿੱਲੀ ਵੀ ਹੋਇਆ। ਕਈ ਸਿੱਖ ਰਿਆਸਤਾਂ ਵੱਲੋਂ ਅਤਰ ਸਿੰਘ ਨੇ ਅਗਵਾਈ ਕੀਤੀ। ਓਸ ਨੇ ‘ਜਨ ਗਨ ਮਨ’ ਨਹੀਂ ਗਾਇਆ। ਓਸ ਨੇ ਹਰ ਜ਼ਾਲਮ ਹਕੂਮਤ ਤੋਂ ਬਾਗੀ ਸਤਿਗੁਰੂ ਦਾ ਸ਼ਬਦ ਗਾਇਆ: ‘ਕੋਊ ਹਰਿ ਸਮਾਨਿ ਨਹੀ ਰਾਜਾ’ ਅਤੇ ਜੌਰਜ ਪੰਚਮ ਵਰਗਿਆਂ ਨੂੰ ਸ਼ਹਿਨਸ਼ਾਹੀ ਦੇ ਝੂਠੇ ਦਾਅਵੇ ਕਰਨ ਵਾਲਾ ਦੱਸਿਆ। ਐਵੇਂ ਤਾਂ ਨਹੀਂ ਅੰਗ੍ਰੇਜ਼ਾਂ ਨੂੰ ਏਸ ਕੋਲੋਂ ਬਗਾਵਤ ਦੀ ਬੂਅ ਆਉਂਦੀ ਸੀ।

ਬਾਗ਼ੀ ਸੁਰ ਸਮਰਥਨ ਵਿੱਚ ਹੱਥ ਤਾਂ ਭਾਵੇਂ ਨਾ ਖੜ੍ਹੇ ਕਰਵਾ ਸਕੇ ਪਰ ਅਗੰਮੀ ਝਰਨਾਟਾਂ ਹਰ ਦਿਲ ਵਿੱਚ ਛੇੜ ਜਾਂਦੀ ਹੈ – ਜਿਹੜੀਆਂ ਨਾ ਕਦੇ ਮਿਟਣ ਨਾ ਮੱਧਮ ਪੈਣ। ਚਿੱਟੇ ਅੰਗ੍ਰੇਜ਼ਾਂ ਅਤੇ ਕਾਲੇ ਬ੍ਰਾਹਮਣਾਂ ਨੇ ਬੜੀ ਹੁਸ਼ਿਆਰੀ ਨਾਲ ਅਤਰ ਸਿੰਘ ਦੇ ਬਾਗੀ ਰੁਖ਼ ਨੂੰ ਆਪਣੇ-ਆਪਣੇ ਭਲੇ ਵਾਸਤੇ ਵਰਤਿਆ। ਓਸ ਦੇ ਰੁਝਾਨ ਅਨੁਸਾਰ ਸਮਾਂ ਆ ਚੁੱਕਾ ਸੀ ਕਿ ਅੰਮ੍ਰਿਤਸਰ ਵਿੱਚ ਯੂਨੀਵਰਸਿਟੀ ਬਣਾਉਣ ਲਈ ਅਤਰ ਸਿੰਘ ਹੰਭਲਾ ਮਾਰਦਾ। ਸਭ ਨੂੰ ਪਤਾ ਸੀ ਕਿ ਬਾਗੀ ਅੰਤਰਮਨ ਦੀ ਧੁਨੀ ਨਾਲ ਜਦੋਂ ਗਿਆਨ ਦੀਆਂ ਤਰੰਗਾਂ ਇੱਕਸੁਰ ਹੋਣਗੀਆਂ ਤਾਂ ਸੁਤੇ ਸਿਧ ਹੀ ਡੌਲੇ ਬੇਚੈਨ ਹੋ ਫੜਕਣਗੇ ਅਤੇ ਮੱਥਿਆਂ ਉੱਤੇ ਅਜ਼ਾਦੀ ਦਾ ਲਫ਼ਜ਼ ਉਕਰਿਆ ਜਾਵੇਗਾ।

ਦੋਨਾਂ ਦੋਸਤਾਂ ਨੇ ਰਲ ਕੇ ਅਤਰ ਸਿੰਘ ਕੋਲੋਂ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਨੀਂਹ ਪੱਥਰ ਰਖਵਾਇਆ ਤਾਂ ਕਿ ਸਿੱਖ ਰਾਜਿਆਂ ਦਾ ਪੈਸਾ, ਜੋ ਪੰਜਾਬ ਵਿੱਚ ਗਿਆਨ ਫ਼ੈਲਾਉਣ ਲਈ ਸਾਰਥਕ ਹੋਣ ਦੀ ਸੰਭਾਵਨਾ ਰੱਖਦਾ ਸੀ, ਗੰਗਾ ਦੇ ਗੰਧਲੇ ਪਾਣੀ ਵਿੱਚ ਡੋਬਿਆ ਜਾ ਸਕੇ – ਜਿਸ ਦੇ ਕਿਨਾਰਿਆਂ ‘ਤੇ ਅਜ਼ਾਦੀ ਦੇ ਸੁਪਨੇ ਸਦੀਆਂ ਤੋਂ ਨਹੀਂ ਸਨ ਬੀਜੇ ਗਏ। ਸੀਮਤ ਗਿਆਨ ਨੂੰ ਮਹਿਫ਼ੂਜ਼ ਹੱਥਾਂ ਵਿੱਚ ਦੇ ਕੇ ਬ੍ਰਾਹਮਣ ਖੁਸ਼, ਜੰਮਣ ਤੋ ਪਹਿਲਾਂ ਬਗਾਵਤ (ਗੱਦਾਰੀ) ਦੇ ਪਰ ਕੁਤਰ ਕੇ ਅੰਗ੍ਰੇਜ਼ ਖੁਸ਼, ਰਾਜੇ ਦਾਨ ਦੇ ਕੇ ਬਾਗੋ ਬਾਗ ਅਤੇ ਨੀਂਹ ਪੱਥਰ ਰੱਖਣ ਦਾ ਮਾਣ ਪ੍ਰਾਪਤ ਕਰ ਕੇ ਅਤਰ ਸਿੰਘ ਖੁਸ਼।

ਕਿਸੇ ਜਾਣਕਾਰ ਨੇ ਦੱਸਿਆ ਕਿ ਓਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਕੋਨਾ-ਕੋਨਾ ਛਾਣ ਮਾਰਿਆ ਪਰ ਅਤਰ ਸਿੰਘ ਦਾ ਰੱਖਿਆ ਨੀਂਹ ਪੱਥਰ ਓਸ ਨੂੰ ਕਿਤੇ ਨਜ਼ਰ ਨਹੀਂ ਆਇਆ। ਯਾਨੀ ਕਿ ਬਾਬਿਆਂ ਦਾ ਉੱਦਮ ਨਾ ਜਾਣ ਵਾਲੀ ਹਕੂਮਤ ਨੂੰ ਪ੍ਰਵਾਨ ਸੀ ਨਾ ਆਉਣ ਵਾਲੀ ਨੂੰ। ਏਸ ਲਈ ਧਰਤੀ ਉੱਤੇ ਓਸ ਦੀ ਕੋਈ ਪੈੜ ਨਹੀਂ। ਆਖ਼ਰ ਆਦਿ ਵਫ਼ਾਦਾਰਾਂ ਅਤੇ ਮੁੱਢੋਂ ਬਾਗੀਆਂ ਵਿੱਚ ਕੁਝ ਤਾਂ ਫ਼ਰਕ ਹੋਣਾ ਹੀ ਸੀ।

ਏਥੇ ਆ ਕੇ ਸਮਝ ਡਿੱਕ-ਡੋਲੇ ਖਾਣ ਲੱਗਦੀ ਹੈ। ਹਰ ਹਕੂਮਤ ਨੂੰ ਪ੍ਰਵਾਨ ਚੜ੍ਹਨ ਵਾਲੇ ਨੂੰ ਗੱਦਾਰ ਕਿਵੇਂ ਨਾ ਆਖੀਏ? ਉਹ ਤਾਂ ਸਦਾ ਬਹਾਰ ਵਫ਼ਾਦਾਰੀ ਦੀ ਚਿੱਟੀ ਚਾਦਰ ਓਢ ਬੈਠੈ ਹਨ। ਹਰ ਸਮੇਂ ਹਕੂਮਤ ਦੀਆਂ ਚੋਪੜੀਆਂ ਛਕਣ ਵਾਲਿਆਂ ਦੇ ਰੰਗ ਹੀ ਨਿਰਾਲੇ ਹਨ।

ਹਰ ਹਾਲ ਵਿੱਚ ਲੋਕਾਂ ਪ੍ਰਤੀ ਵਫ਼ਾਦਾਰੀ, ਜ਼ਿੰਮੇਵਾਰੀ ਨਿਭਾਅ ਰਹਿਆਂ ਨੂੰ, ਹਰ ਦੌਰ ਵਿੱਚ ਹਕੂਮਤਾਂ ਨੂੰ ਟਿੱਚ ਜਾਣਨ ਵਾਲਿਆਂ ਨੂੰ, ਹਰ ਹਕੂਮਤ ਦੌਰਾਨ ਲੋਕ-ਧਰਮ ਪਾਲਣ ਲਈ ਤਸੀਹਾ ਕੇਂਦਰਾਂ ਦੀ ਜ਼ੱਦ ਵਿੱਚ ਰਹਿਣ ਵਾਲੇ ਕਰਤਾਰ ਦੇ ਰੰਗ ਵਿੱਚ ਰੰਗਿਆਂ ਨੂੰ ਗੱਦਾਰ ਕਿਵੇਂ ਆਖੀਏ? ਮਾਨਵਤਾ ਦਾ ਰਾਹ ਤਾਂ ਇਹਨਾਂ ਦਾ ਹੀ ਹੈ। ਕਾਲਖ ਨਾਲ ਲਿੱਬੜੀ ਆਤਮਾ ਨੂੰ ਚਿੱਟੀਆਂ ਚਾਦਰਾਂ ਹੇਠ ਲੁਕਾ ਕੇ ਬੈਠਿਆਂ ਦਾ ਨਹੀਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: