ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ

ਪੰਜਾਬ ਚ ਹੜ੍ਹਾਂ ਦੀ ਮਾਰ – ਕੁਦਰਤੀ ਕਿ ਮਨੁੱਖੀ ?

August 23, 2023 | By

ਪੰਜਾਬ ਇਸੇ ਸਾਲ ਦੂਜੀ ਵਾਰ ਹੜ੍ਹਾਂ ਦੇ ਪਾਣੀ ਦੀ ਮਾਰ ਝੱਲ ਰਿਹਾ ਹੈ । ਅਜੇ ਪਹਿਲੀ ਵਾਰ ਆਏ ਹੜ੍ਹ ਕਾਰਨ ਹੋਏ ਨੁਕਸਾਨ ਤੋਂ ਲੋਕ ਉੱਭਰ ਹੀ ਰਹੇ ਸਨ ਕਿ ਮੁੜ੍ਹ ਤੋਂ ਹੜ੍ਹਾਂ ਦਾ ਪਾਣੀ 8 ਜਿਲ੍ਹਿਆਂ ਚ ਆ ਪਹੁੰਚਿਆ । ਸਾਲ ਦੇ ਪਹਿਲੇ ਹੜ੍ਹ ਮੌਕੇ ਹਿਮਾਚਲ ਦੇ ਨਾਲ ਪੰਜਾਬ ਚ ਵੀ ਭਾਰੀ ਮੀਂਹ ਪੈਂਦਾ ਰਿਹਾ, ਪਰ ਹੁਣ ਮੀਂਹ ਕੇਵਲ ਹਿਮਾਚਲ ਚ ਹੀ ਪਏ ਨੇ । ਪਿਛਲੇ ਦਿਨਾਂ ਤੋਂ ਪੰਜਾਬ ਵਾਸੀਆਂ ਨੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਬੰਨ੍ਹਾਂ ਚੋਂ ਪਾਣੀ ਛੱਡੇ ਜਾਣ ਤੇ ਸੁਆਲ ਉਠਾਏ ਹਨ । ਭਾਖੜਾ ਅਤੇ ਪੌਂਗ ਬੰਨ੍ਹਾਂ ਚ ਪਾਣੀ ਦੀ ਆਮਦ ਲਗਾਤਾਰ ਵਧਣ ਦਿੱਤੀ ਗਈ। ਪਾਣੀ ਇੱਕਦਮ ਬਹੁਤ ਜਿਆਦਾ ਛੱਡਣ ਕਰਕੇ ਹੇਠਾਂ ਹੜ੍ਹਾਂ ਦੀ ਸਮੱਸਿਆ ਆਈ ।

ਓਥੇ ਹੀ ਬੋਰਡ ਦੇ ਪ੍ਰਬੰਧਕਾਂ ਵੱਲੋਂ ਸਫ਼ਾਈ ਵੀ ਦਿੱਤੀ ਗਈ ਹੈ । ਬੋਰਡ ਵੱਲੋਂ ਵੈੱਬਸਾਈਟ ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਭਾਖੜਾ ਬੰਨ੍ਹ ਚ ਪਾਣੀ ਦੀ ਆਮਦ 11 ਅਗਸਤ ਤੋਂ ਲਗਾਤਾਰ ਵਧਣੀ ਸ਼ੁਰੂ ਹੋ ਗਈ ਸੀ, ਜੋ 16 ਅਗਸਤ ਤੱਕ ਲਗਾਤਾਰ ਵਧੀ ਹੀ ਹੈ । ਇਸ ਦੌਰਾਨ 14 ਅਗਸਤ ਤੱਕ ਲੱਗਭਗ ਆਮ ਵਾਂਗ ਹੀ ਪਾਣੀ ਛੱਡਿਆ ਗਿਆ । ਓਧਰ ਆਮ ਦਿਨਾਂ ਚ ਪਾਣੀ ਦੀ ਆਮਦ ਨਾਲੋਂ 14 ਅਤੇ 15 ਨੂੰ ਬੰਨ੍ਹ ਚ ਪਾਣੀ ਦੀ ਆਮਦ ਲਗਭਗ ਦੁੱਗਣੀ ਸੀ । ਇਸੇ ਤਰ੍ਹਾਂ ਪੌਂਗ ਬੰਨ੍ਹ ਚ ਪਾਣੀ ਦਾ ਪੱਧਰ 12 ਅਗਸਤ ਤੋਂ ਲਗਾਤਾਰ ਵਧਿਆ । 11 ਤੋਂ 12 ਅਗਸਤ ਦਰਮਿਆਨ ਇਸ ਬੰਨ੍ਹ ਚ ਪਾਣੀ ਦੀ ਆਮਦ ਦੁੱਗਣੀ ਤੋਂ ਵੱਧ ਹੋਈ । 11 ਨੂੰ ਇੱਥੇ ਪਾਣੀ ਦੀ ਆਮਦ 43 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਸੀ ਜੋਕਿ 12 ਅਗਸਤ ਨੂੰ 98 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਤੇ ਪਹੁੰਚ ਜਾਂਦੀ ਹੈ । ਇਸ ਦੌਰਾਨ ਪਾਣੀ ਦੀ ਨਿਕਾਸੀ 18 ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਹੀ ਕੀਤੀ ਗਈ । 13 ਅਗਸਤ ਨੂੰ ਪਾਣੀ ਦੀ ਆਮਦ ਡੇਢ ਲੱਖ ਅਤੇ 14 ਨੂੰ 2 ਲੱਖ ਟੱਪਣ ਤੱਕ ਵੀ ਪਾਣੀ ਕੇਵਲ ਸਾਢੇ ਸਤਾਰਾਂ ਹਜ਼ਾਰ ਕਿਊਬਿਕ ਫੁੱਟ ਪ੍ਰਤੀ ਸਕਿੰਟ ਹੀ ਛੱਡਿਆ ਗਿਆ । ਇਹ ਵਰਤਾਰੇ ਬੋਰਡ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ । ਬੋਰਡ ਦੇ ਅਫ਼ਸਰਾਂ ਵੱਲੋਂ ਬੀਤੇ ਦਿਨੀਂ ਇਸ ਸਬੰਧੀ ਦਿੱਤੀ ਸਫ਼ਾਈ ਚ ਇਹ ਕਿਹਾ ਗਿਆ ਕਿ ਓਹਨਾਂ ਬੰਨ੍ਹ (ਡੈਮ) ਵੀ ਤਾਂ ਮੀਹਾਂ ਦੌਰਾਨ ਹੀ ਭਰਨਾ ਹੈ । ਇਸ ਗੱਲ ਨੂੰ ਅਧਾਰ ਬਣਾਉਂਦਿਆਂ ਓਹਨਾਂ ਕਿਹਾ ਕਿ ਜੇਕਰ ਉਹ ਲਗਾਤਾਰ ਪਾਣੀ ਛੱਡਦੇ ਹਨ ਅਤੇ ਮੀਂਹ ਘੱਟ ਪੈਂਦੇ ਹਨ ਤਾਂ ਬੰਨ੍ਹ ਊਣਾ ਰਹੇਗਾ । ਇੰਝ ਓਹਨਾਂ ਦੀ ਪਹਿਲ ਬੰਨ੍ਹਾਂ ਚ ਪਾਣੀ ਭਰਨਾ ਹੈ।

ਨੈਤਿਕ ਤੌਰ ਤੇ ਇਹਨਾਂ ਅਦਾਰਿਆਂ ਦੀ ਪਹਿਲ ਲੋਕ ਜੀਵਨ ਹੋਣਾ ਚਾਹੀਦਾ ਹੈ । ਖ਼ੈਰ, ਅਜਿਹੇ ਪਿੱਛੇ ਕੀ ਪਤਾ ਹੋਰ ਵੀ ਕੀ ਅਨੈਤਿਕਤਾ ਹੈ ਜੋ ਅਜੇ ਜੱਗ ਜਾਹਰ ਨਹੀਂ ਹੋਈ ।

ਬੋਰਡ ਪ੍ਰਬੰਧਕਾਂ ਦੇ ਬਿਆਨਾਂ ਤੋਂ ਇੱਕ ਗੱਲ ਇਹ ਵੀ ਨਿਕਲ ਕੇ ਆਉਂਦੀ ਹੈ ਕਿ ਜਾਂ ਤਾਂ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦਾ ਕੇਂਦਰ, ਪੰਜਾਬ ਅਤੇ ਹਿਮਾਚਲ ਦੇ ਮੌਸਮ ਵਿਭਾਗ ਨਾਲ ਤਾਲਮੇਲ ਬਿਲਕੁਲ ਨਹੀਂ ਹੈ, ਉਸਦੇ ਆਪਣੇ, ਅਤੇ ਰਾਜਾਂ ਅਤੇ ਕੇਂਦਰ ਦੇ ਮੌਸਮ ਵਿਗਿਆਨੀ ਮੌਸਮ ਦੇ ਪੂਰਵ ਅਨੁਮਾਨ ਲਾਉਣ ਤੋਂ ਬਿਲਕੁਲ ਅਸਮਰੱਥ ਹੋ ਚੁੱਕੇ ਹਨ ਜਾਂ ਬੇਈਮਾਨੀ ਪ੍ਰਮੁੱਖ ਹੋ ਚੁੱਕੀ ਹੈ ।

ਬੇਘਰ ਹੋਏ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਕਦੋਂ ਮੁੜ੍ਹ ਲੀਹ ਤੇ ਆਵੇਗੀ, ਇਹ ਵੱਡਾ ਸਵਾਲ ਹੈ । ਕਰਜ਼ੇ ਥੱਲ੍ਹੇ ਕਈ ਹੋਰ ਪਰਿਵਾਰ ਆਉਣਗੇ, ਕਈਆਂ ਨੂੰ ਕਾਰੋਬਾਰ , ਘਰ-ਬਾਹਰ ਬਣਾਉਂਦਿਆਂ ਮੁੜ੍ਹ ਕਈ ਮਹੀਨੇ /ਵਰ੍ਹੇ ਲੱਗਣਗੇ । ਇਹ ਸਮੇਂ ਦੀ ਲੋੜ ਹੈ ਕਿ ਲੋਕ ਇਸ ਮਸਲੇ ਤੇ ਜਾਗਰੂਕ ਹੋ ਕੇ ਚੁਣੇ ਹੋਏ ਅਤੇ ਵਿਰੋਧੀ ਧਿਰਾਂ ਦੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾਉਣ । ਲੋਕ ਚੇਤਨਤਾ ਅਤੇ ਜਥੇਬੰਦ ਹੋਣਾ ਸਮੱਸਿਆਵਾਂ ਦਾ ਹੱਲ ਹੈ । ਪੰਜਾਬ ਨੇ ਜਥੇਬੰਦ ਹੋ ਕੇ ਹੀ ਹੜ੍ਹਾਂ ਦੀ ਕਰੋਪੀ ਨਾਲ ਪਹਿਲਾਂ ਨਜਿੱਠਿਆ ਸੀ । ਹੁਣ ਵੀ ਨਜਿੱਠ ਲਵੇਗਾ, ਪਰ ਭਵਿੱਖ ਚ ਸੁਚੱਜੇ ਪ੍ਰਬੰਧ ਯਕੀਨੀ ਬਣਾਉਣ ਲਈ ਜਾਗਰੂਕ ਅਤੇ ਜਥੇਬੰਦ ਹੋਣਾ ਲਾਜ਼ਮੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,