March 12, 2024 | By ਮਨਦੀਪ ਸਿੰਘ
(ਲੜੀ ਜੋੜਨ ਲਈ ਤੀਜੀ ਅਤੇ ਚੌਥੀ ਕੜੀ ਪੜ੍ਹੋ …)
25 ਫਰਵਰੀ ਕਿਸਾਨੀ ਮੋਰਚੇ ਦਾ ਤੇਰਵਾਂ ਦਿਨ ਸੀ। ਕਿਸਾਨਾਂ ਨੂੰ ਸੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਬੈਠਿਆਂ ਦੋ ਹਫਤੇ ਹੋਣ ਵਾਲੇ ਸਨ। ਇਹਨਾਂ ਦੋ ਹਫਤਿਆਂ ਦੇ ਵਿੱਚ ਇਹਨਾਂ ਬਾਰਡਰਾਂ ਦੇ ਉੱਤੇ ਬਹੁਤ ਕੁਝ ਵਾਪਰ ਚੁੱਕਿਆ ਸੀ। ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਚਰਚਾ ਸੀ ਕਿ ਬਾਰਡਰਾਂ ਉੱਤੇ ਤਾਂ ਹੁਣ ਸਿੱਧੀ ਗੋਲੀ ਮਾਰਦੇ ਹਨ। ਉਮੀਦ ਕੀਤੀ ਜਾ ਰਹੀ ਸੀ ਕਿ ਬਾਰਡਰਾਂ ਦੇ ਉੱਤੇ ਹੁਣ ਆਮ ਲੋਕਾਂ ਦਾ ਇਕੱਠ ਜਾਂ ਆਮ ਲੋਕਾਂ ਦਾ ਆਉਣਾ ਜਾਣਾ ਘਟ ਜਾਵੇਗਾ, ਪਰ ਹੋਇਆ ਇਸ ਦੇ ਉਲਟ।
ਜਦੋਂ ਜਹਾਜ਼ ਨਾ ਆਏ :-
ਕਿਸਾਨੀ ਅੰਦੋਲਨ ਦੇ ਚਲਦਿਆਂ ਇੱਕ ਗੱਲ ਬੜੀ ਗੌਰ ਕਰਨ ਵਾਲੀ ਰਹੀ, ਕਿ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕ ਜਿਸ ਜਿਸ ਦਿਨ ਵੀ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਉਸ ਦਿਨ ਅਸਮਾਨ ਦੇ ਵਿੱਚ ਫੌਜੀ ਲੜਾਕੂ ਜਹਾਜ ਅਕਸਰ ਲੰਘਿਆ ਕਰਦੇ ਸਨ। ਅਜਿਹਾ 13 ਫਰਵਰੀ 14 ਫਰਵਰੀ ਨੂੰ ਵਾਪਰਿਆ ਅਤੇ ਉਸ ਤੋਂ ਬਾਅਦ ਜਦੋਂ 21 ਫਰਵਰੀ ਨੂੰ ਮੁੜ ਤੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਅਜਿਹਾ ਫਿਰ ਤੋਂ ਵਾਪਰਿਆ। ਪਰ 15 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਅਤੇ 22 ਫਰਵਰੀ ਤੋਂ ਲੈ ਕੇ 29 ਫਰਵਰੀ ਤੱਕ ਇੱਕ ਵੀ ਜਹਾਜ਼ ਕਿਸਾਨੀ ਅੰਦੋਲਨ ਦੇ ਉੱਪਰ ਲੰਘਦਾ ਨਹੀਂ ਦੇਖਣ ਨੂੰ ਮਿਲਿਆ। (21 ਫਰਵਰੀ ਨੂੰ ਮੈਨੂੰ ਲੱਗਿਆ ਕਿ ਸ਼ਾਇਦ ਇਹ ਇੱਕ ਸੰਯੋਗ ਹੋ ਸਕਦਾ ਹੈ, ਪਰ 29 ਫਰਵਰੀ ਤੱਕ ਉਡੀਕ ਕਰਨ ਪਿੱਛੋਂ ਹੀ ਇਸ ਗੱਲ ਦਾ ਜ਼ਿਕਰ ਕੀਤਾ ਹੈ)
ਲੋਕਾਂ ਦਾ ਛੁੱਟੀ ਵਾਲਾ ਦਿਨ ਕਿਸਾਨਾਂ ਨਾਲ :-
25 ਫਰਵਰੀ ਨੂੰ ਐਤਵਾਰ ਦਾ ਦਿਨ ਸੀ। ਮੌਸਮ ਬਹੁਤ ਸਾਫ ਹੋਣ ਕਰਕੇ ਕੈੜੀ ਧੁੱਪ ਨਿਕਲੀ ਹੋਈ ਸੀ। ਅੱਜ ਦਾ ਦਿਨ ਮੋਰਚੇ ਦੇ ਲਈ ਬਹੁਤ ਭੀੜ ਭਰਿਆ ਦਿਨ ਰਹਿਣ ਵਾਲਾ ਸੀ। ਕਿਉਂਕਿ ਆਮ ਲੋਕਾਂ ਦੀ ਹਮਾਇਤ ਹਾਸਲ ਕਰ ਚੁੱਕਾ ਇਹ ਮੋਰਚਾ ਛੁੱਟੀ ਵਾਲੇ ਦਿਨ ਲੋਕਾਂ ਦੀ ਪਹਿਲੀ ਪਹੁੰਚ ਦਾ ਹਿੱਸਾ ਬਣ ਰਿਹਾ ਸੀ। ਐਤਵਾਰ ਹੋਣ ਕਰਕੇ ਆਮ ਦਿਨਾਂ ਨਾਲੋਂ ਸ਼ੰਬੂ ਮੋਰਚੇ ਉੱਤੇ ਲੋਕਾਂ ਦਾ ਇਕੱਠ ਬਹੁਤ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲਿਆ। ਅੱਜ ਸ਼ੰਭੂ ਬਾਰਡਰ ਉੱਤੇ ਪਹੁੰਚ ਰਹੇ ਲੋਕ ਜਿਆਦਾਤਰ ਕਿਸਾਨ ਨਹੀਂ ਸਨ। ਇਹਨਾਂ ਦੇ ਵਿੱਚ ਨੌਕਰੀ ਪੇਸ਼ਾ ਲੋਕ ਵਧੇਰੇ ਸਨ, ਜੋ ਕਿ ਐਤਵਾਰ ਦੀ ਛੁੱਟੀ ਹੋਣ ਕਰਕੇ ਆਪਣੇ ਪਰਿਵਾਰ ਦੇ ਨਾਲ ਬਾਰਡਰ ਘੁੰਮਣ ਜਾਂ ਮੋਰਚਾ ਦੇਖਣ ਪਹੁੰਚੇ ਹੋਏ ਸਨ। ਆਮ ਲੋਕ ਛੁੱਟੀ ਵਾਲੇ ਦਿਨ ਕਿਸੇ ਥਾਂ ਉੱਤੇ ਘੁੰਮਣ ਦੀ ਬਜਾਏ ਜਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾਣ ਦੀ ਬਜਾਏ ਸ਼ੰਬੂ ਅਤੇ ਖਨੌਰੀ ਮੋਰਚਿਆਂ ਉੱਤੇ ਜਾਣ ਨੂੰ ਪਹਿਲ ਦੇ ਰਹੇ ਸਨ। ਲੋਕ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਕਿਸਾਨੀ ਘੋਲ ਦਿਖਾਉਣ ਦੇ ਲਈ ਲਿਆਏ ਸਨ। ਇਥੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਇਹ ਮੋਰਚਾ ਘਰ ਕਰ ਚੁੱਕਿਆ ਸੀ।
ਸੰਭੂ ਮੋਰਚੇ ਦੀ ਸਟੇਜ ਦਾ ਵਿਸਥਾਰ:-
ਇਸ ਦਿਨ ਕਿਸਾਨੀ ਮੋਰਚੇ ਦੀ ਸਟੇਜ ਦਾ ਵਿਸਥਾਰ ਕੀਤਾ ਗਿਆ। ਮੋਰਚੇ ਵਿੱਚ ਪਹਿਲਾ ਸਟੇਜ ਆਰਜ਼ੀ ਤੌਰ ਤੇ ਸੀ, ਜੋ ਕਿ ਖੇਤੀ ਅਧਾਰਤ ਗੱਡੀ (ਪਿੱਕਾ) ਦੇ ਪਿਛਲੇ ਪਾਸੇ ਸੀ। ਜਿਸ ਵਿੱਚ ਕੁਝ ਹੀ ਲੋਕਾਂ ਖੜ ਸਕਦੇ ਸਨ। ਪਰ ਅੱਜ ਕਿਸਾਨੀ ਮੋਰਚੇ ਦੀ ਸਟੇਜ ਦਾ ਵਿਸਥਾਰ ਕਰ ਲਿਆ ਗਿਆ। ਦੋ ਟਰਾਲੀਆਂ ਲਗਾ ਕੇ ਵੱਡੀ ਥਾਂ ਵਾਲੀ ਸਟੇਜ ਬਣਾ ਲਈ ਗਈ ਸੀ। ਅੱਜ ਕਿਸਾਨਾਂ ਦੇ ਬੈਠਣ ਦੇ ਲਈ ਸਾਹਮਣੇ ਕਾਰਪੇਟ ਵਿਛਾ ਦਿੱਤੇ ਗਏ ਸਨ। ਵੱਡੀ ਸਟੇਜ ਅਤੇ ਬੈਠਣ ਦੀ ਥਾਂ ਦਾ ਪ੍ਰਬੰਧ ਦੇਖ ਕੇ ਬਹੁਤ ਸਾਰੇ ਕਿਸਾਨ ਸਟੇਜ ‘ਤੇ ਕਿਸਾਨ ਆਗੂਆਂ ਦੇ ਵਿਚਾਰ ਸੁਣਨ ਲਈ ਪੁੱਜੇ।
WTO ਬਾਰੇ ਕਨਵੈਂਸ਼ਨ :-
25 ਫਰਵਰੀ ਨੂੰ ਕਿਸਾਨੀ ਅੰਦੋਲਨ ਦੇ ਵਿੱਚ ਡਬਲਯੂ.ਟੀ.ਓ. ਬਾਰੇ ਵਿਚਾਰ ਚਰਚਾਵਾਂ ਕਰਵਾਈਆਂ ਗਈਆਂ। ਜਿਸ ਵਿੱਚ ਦੋਵਾਂ ਬਾਰਡਰਾਂ ਉੱਤੇ ਬੁੱਧੀਜੀਵੀਆਂ ਅਤੇ ਕਿਸਾਨ ਆਗੂਆਂ ਦੇ ਵੱਲੋਂ ਵਿਸ਼ਵ ਵਪਾਰ ਸੰਗਠਨ ਦੇ ਬਾਰੇ ਆਪਣੇ ਵਿਚਾਰ ਰੱਖੇ ਗਏ ਅਤੇ ਭਾਰਤ ਨੂੰ ਵਿਸ਼ਵ ਵਪਾਰ ਸੰਗਠਨ ਦੇ ਵਿੱਚੋਂ ਕਿਉਂ ਬਾਹਰ ਆਉਣਾ ਚਾਹੀਦਾ ਹੈ, ਇਸ ਬਾਬਤ ਵਿਚਾਰ ਪੇਸ਼ ਕੀਤੇ ਗਏ। ਸੰਭੂ ਬਾਰਡਰ ਤੇ 5 ਬੁਲਾਰਿਆ ਨੇ ਡਬਲਯੂ.ਟੀ.ਓ. ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਜਿਸ ਵਿੱਚ ਰਣਜੀਤ ਸਿੰਘ ਘੁੰਮਣ, ਪੱਤਰਕਾਰ ਹਮੀਰ ਸਿੰਘ, ਪਰਮਜੀਤ ਸਿੰਘ ਢੀਂਡਸਾ, ਹਰਮਨ ਸਿੰਘ ਅਤੇ ਅਜੇਪਾਲ ਸਿੰਘ ਬਰਾੜ ਨੇ ਡਬਲਯੂ.ਟੀ.ਓ. ਬਾਰੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਧੁੱਪ ਦੀ ਝੰਬੀ ਪੁਲਿਸ :-
ਹੁਣ ਦਿਨੋ ਦਿਨ ਗਰਮੀ ਵਧਦੀ ਜਾ ਰਹੀ ਸੀ। ਠੰਡ ਘੱਟਦੀ ਜਾ ਰਹੀ ਸੀ। ਸਵੇਰੇ ਸ਼ਾਮ ਠੰਡ ਹੈ। ਦਿਨ ਵੇਲੇ ਕੜਾਕੇ ਦੀ ਧੁੱਪ ਨਿਕਲਦੀ ਹੈ। ਇਸੇ ਵਿੱਚ ਹਰਿਆਣਾ ਪੁਲਿਸ ਦੀਆਂ ਰੋਕਾਂ ਵਾਲੀ ਥਾਂ ਉੱਤੇ ਤੈਨਾਤ ਪੁਲਿਸ ਨੇ ਵੀ ਆਪਣੇ ਉੱਤੇ ਤੰਬੂ ਲਗਾ ਲਏ ਸਨ। ਕਿਉਂਕਿ ਇਸ ਧੁੱਪ ਦੇ ਵਿੱਚ ਪੁਲਿਸ ਵਾਲਿਆਂ ਦਾ ਖੜਨਾ ਵੀ ਮੁਹਾਲ ਹੋਇਆ ਪਿਆ ਸੀ। ਧੁੱਪ ਤੋਂ ਬਚਣ ਦੇ ਲਈ ਬਾਂਸ ਦੇ ਡੰਡੇ ਗੱਡ ਕੇ ਹਰਿਆਣਾ ਪੁਲਿਸ ਦੇ ਵੱਲੋਂ ਆਪਣੇ ਖੜਨ ਵਾਲੀ ਥਾਂ ‘ਤੇ ਤੰਬੂ ਗੱਡ ਲਏ ਗਏ। ਹਰਿਆਣਾ ਪੁਲਿਸ ਵਾਲੇ ਜਿਹੜੇ ਡਿਊਟੀ ਤੇ ਤੈਨਾਤ ਹੁੰਦੇ। ਉਹ ਦਿਨ ਭਰ ਕਿਸਾਨਾਂ ਤੇ ਨਜ਼ਰ ਬਣਾਈ ਰੱਖਦੇ। ਜਦੋਂ ਵੀ ਕਿਸਾਨਾਂ ਦਾ ਵੱਡਾ ਇਕੱਠ ਬਾਰਡਰ ਤੇ ਹੁੰਦਾ ਤਾਂ ਪੁਲਿਸ ਤਿਆਰੀ ਕਰਕੇ ਖੜ੍ਹ ਜਾਂਦੀ। ਕਈ ਪੁਲਿਸ ਕਰਮੀ ਰੁੱਖਾਂ ਦੀ ਛਾਂਵੇ ਸੁੱਤੇ ਪਏ ਦਿਸੇ।
ਪ੍ਰਿਤਪਾਲ ਸਿੰਘ ਨਾਲ ਬਰਬਰਤਾ ਦੀ ਇੱਕ ਹੋਰ ਦਾਸਤਾਨ :-
25 ਫ਼ਰਵਰੀ ਨੂੰ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਜਖ਼ਮੀ ਕਿਸਾਨ ਪ੍ਰਿਤਪਾਲ ਸਿੰਘ ਨੂੰ ਮਿਲਣ PGI ਚੰਡੀਗੜ੍ਹ ਆਏ। ਇਸ ਪਿੱਛੋਂ ਉਹਨਾਂ ਨੇ ਇੱਕ ਹੋਰ ਖੁਲਾਸਾ ਕੀਤਾ ਕਿ ਪ੍ਰਿਤਪਾਲ ਸਿੰਘ ਦੇ ਗਲ ਵਿੱਚ ਰੱਸਾ ਪਾਕੇ ਘਸੀਟਿਆ ਗਿਆ ਹੈ। ਕਈ ਘੰਟੇ 14-15 ਬੰਦਿਆ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ। ਯਕੀਨਨ ਇਹ ਬਰਬਰਤਾ ਦੁਸ਼ਮਣ ਮੁਲਕ ਦੇ ਫੌਜੀਆਂ ਨਾਲ ਵੀ ਨਹੀਂ ਕੀਤੀ ਜਾਂਦੀ। ਲੋਕਤੰਤਰਿਕ ਮੁਲਕਾਂ ਵੱਲੋਂ ਦੁਸ਼ਮਣ ਮੁਲਕ ਦੇ ਫੌਜੀਆਂ ਦੇ ਵੀ ਅਧਿਕਾਰ ਬਣਾਏ ਗਏ ਹਨ। ਪਰ ਇਹ ਬਰਬਰਤਾ ਇਹਨਾਂ ਸਾਰੀਆਂ ਅਧਿਕਾਰਾਂ ਬਹੁਤ ਪਿੱਛੇ ਛੱਡ ਦਿੱਤਾ ਸੀ। ਭਾਰਤੀ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਇਹ ਸੀ ਕਿ ਪ੍ਰਿਤਪਾਲ ਸਿੰਘ ਦੁਸ਼ਮਣ ਦੇਸ਼ ਦਾ ਫੌਜੀ ਨਹੀਂ ਬਲਕਿ ਭਾਰਤ ਦਾ ਨਾਗਰਿਕ ਹੈ।
ਪ੍ਰਿਤਪਾਲ ਸਿੰਘ ਦਾ ਅਪਰੇਸ਼ਨ:-
ਪ੍ਰਿਤਪਾਲ ਸਿੰਘ ਨੂੰ ਰੋਹਤਕ ਪੀ.ਜੀ.ਆਈ. ਤੋਂ ਚੰਡੀਗੜ੍ਹ ਪੀ.ਜੀ.ਆਈ. ਦੇ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਪ੍ਰਿਤਪਾਲ ਸਿੰਘ ਦਾ ਅਪ੍ਰੇਸ਼ਨ ਕਰਵਾਇਆ ਗਿਆ। 24 ਫਰਵਰੀ ਦੀ ਸ਼ਾਮ ਨੂੰ ਪ੍ਰਿਤਪਾਲ ਸਿੰਘ ਨੂੰ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾਇਆ ਗਿਆ ਸੀ ਅਤੇ 25 ਫਰਵਰੀ ਨੂੰ ਉਸਦਾ ਅਪਰੇਸ਼ਨ ਹੋਇਆ। ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਿਤਪਾਲ ਸਿੰਘ ਦਾ ਅਪਰੇਸ਼ਨ 15 ਘੰਟੇ ਚਲਦਾ ਰਿਹਾ। ਇੱਥੋਂ ਇਸ ਗੱਲ ਦਾ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਹੈ ਕਿ ਪ੍ਰਿਤਪਾਲ ਸਿੰਘ ਦੀ ਹਾਲਤ ਕਿੰਨੀ ਗੰਭੀਰ ਸੀ।
ਸ਼ੁਭਕਰਨ ਸਿੰਘ ਦੇ ਪਰਿਵਾਰ ਨਾਲ ਖੜੇ ਲੋਕ :-
ਕਿਸਾਨੀ ਅੰਦੋਲਨ ਦੇ ਵਿੱਚ ਸ਼ੁਭਕਰਨ ਸਿੰਘ ਦੇ ਚਲੇ ਜਾਣ ਨਾਲ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸ਼ੁਭਕਰਨ ਸਿੰਘ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਊ ਪੁੱਤ ਸੀ। ਸ਼ੁਭਕਰਨ ਸਿੰਘ ਦੇ ਸਿਰ ਉੱਤੇ ਲੱਖਾਂ ਦਾ ਕਰਜ਼ਾ ਸੀ ਜੋ ਕਿ ਉਸ ਦੇ ਚਲੇ ਜਾਣ ਪਿੱਛੋਂ ਉਸਦੀ ਕੁਆਰੀ ਭੈਣ, ਬਜ਼ੁਰਗ ਦਾਦੀ ਅਤੇ ਪਿਤਾ ਦੇ ਸਿਰ ਉੱਤੇ ਆ ਪਿਆ। ਅਜਿਹੇ ਸਮੇਂ ਵਿੱਚ ਪੰਜਾਬ ਅਤੇ ਕਿਸਾਨੀ ਪਸੰਦ ਲੋਕ ਸ਼ੁਭਕਰਨ ਸਿੰਘ ਦੇ ਨਾਲ ਖੜੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਦਾਅਵੇ ਅਨੁਸਾਰ ਸ਼ੁਭਕਰਨ ਸਿੰਘ ਦੇ ਪਰਿਵਾਰ ਦੇ ਖਾਤੇ ਵਿੱਚ ਲੋਕਾਂ ਵੱਲੋਂ 34 ਲੱਖ ਰੁਪਏ ਭੇਜੇ ਗਏ। ਜਿਹਨਾਂ ਵਿੱਚੋਂ ਇੱਕ 14 ਰੁਪਈਆ ਦਾ ਵੀ ਸਹਿਯੋਗ ਸੀ।
ਜਥੇਦਾਰ ਰਘਬੀਰ ਸਿੰਘ ਦਾ ਕਿਸਾਨਾਂ ਦੇ ਹੱਕ ਵਿੱਚ ਬਿਆਨ :-
ਜੈਤੋ ਦੇ ਸ਼ਹੀਦਾਂ ਦੀ ਯਾਦ ਵਿੱਚ ਨਾਭਾ ਵਿਖੇ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਿਆ। ਉਹਨਾਂ ਕਿਹਾ ਕਿ ਭਾਰਤ ਦੀ ਕਿਸਮਤ ਮਾੜੀ ਹੈ, ਜਿੱਥੇ “ਜੈ ਜਵਾਨ ਜੈ ਕਿਸਾਨ” ਦਾ ਨਾਹਰਾ ਦਿੱਤਾ ਜਾਂਦਾ, ਉੱਥੇ ਆਪਣੇ ਹੱਕ ਲੈਣ ਲਈ ਕਿਸਾਨ ਗੋਲੀਆਂ ਖਾ ਰਹੇ ਹਨ। ਉਹਨਾਂ ਮੀਡੀਆ ਜਰੀਏ ਕੇਂਦਰ ਸਰਕਾਰ ਨੂੰ ਜਲਦ ਇਹ ਮਸਲਾ ਹੱਲ ਕਰਨ ਲਈ ਕਿਹਾ।
ਹਰਿਆਣੇ ਵਿੱਚ 14 ਦਿਨਾਂ ਬਾਅਦ ਨੈੱਟ ਚਲਿਆ :-
25 ਫਰਵਰੀ ਨੂੰ ਹਰਿਆਣਾ ਵਿੱਚ ਦੋ ਹਫ਼ਤਿਆਂ ਬਾਅਦ ਇੰਟਰਨੈੱਟ ਦੀ ਸੁਵਿਧਾ ਬਹਾਲ ਹੋਈ। 11 ਫ਼ਰਵਰੀ ਨੂੰ ਹਰਿਆਣਾ ਦੇ ਸੱਤ ਜ਼ਿਲ੍ਹਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਹ ਸੱਤ ਜ਼ਿਲ੍ਹੇ ਅੰਬਾਲਾ, ਕੁਰਕਸ਼ੇਤਰ, ਕੈਂਥਲ, ਜੀਂਦ, ਹਿਸਾਰ, ਫਤਿਆਬਾਦ ਅਤੇ ਸਿਰਸਾ ਸਨ। ਹਰਿਆਣੇ ਵਿੱਚ ਕਿਸਾਨਾਂ ਦੇ ਦਿੱਲੀ ਕੂਚ ਦੇ ਐਲਾਨ ਤੋਂ ਬਾਅਦ ਨੈੱਟ ਬੰਦ ਕਰ ਦਿੱਤਾ ਗਿਆ ਸੀ, ਜੋ ਕਿ 11 ਫਰਵਰੀ ਦਾ ਬੰਦ ਹੋਇਆ ਮੁੜ 25 ਫਰਵਰੀ ਨੂੰ 14 ਦਿਨਾਂ ਬਾਅਦ ਚੱਲਿਆ।
ਸ਼ੁਭਕਰਨ ਸਿੰਘ ਦੀ ਯਾਦਗਾਰ :-
25 ਫਰਵਰੀ ਨੂੰ ਸ਼ੁਭਕਰਨ ਸਿੰਘ ਦੇ ਪਿੰਡ ਵਾਲੇ ਪਿੰਡ ਵਿੱਚ ਸ਼ਹੀਦ ਦੀ ਯਾਦਗਾਰ ਬਣਾਉਣ ਦਾ ਫ਼ੈਸਲਾ ਕਰਦੇ ਹਨ। ਇਸ ਲਈ ਪਿੰਡ ਦੀ ਪੰਚਾਇਤ ਅਤੇ ਨਗਰ ਨਵਾਸੀਆਂ ਵੱਲੋਂ ਮਤਾ ਪਾ ਕੇ ਇਹ ਫ਼ੈਸਲਾ ਲਿਆ ਗਿਆ। ਪਿੰਡ ਦੀ ਗੁਰਦੁਆਰਾ ਕਮੇਟੀ ਵੱਲੋਂ ਯਾਦਗਾਰ ਲਈ ਇਕ ਕਨਾਲ ਥਾਂ ਦਿੱਤੀ ਗਈ। ਜਿਸ ਵਿੱਚ ਸ਼ੁਭਕਰਨ ਸਿੰਘ ਦੀ ਯਾਦਗਾਰ ਬਨਾਉਣ ਦਾ ਫ਼ੈਸਲਾ ਲਿਆ ਗਿਆ। ਹੁਣ ਤੱਕ ਪਿੰਡ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਇਸ ਯਾਦਗਾਰ ਲਈ ਇੱਕ ਪਾਰਕ ਦੀ ਉਸਾਰੀ ਕੀਤੀ ਜਾਣੀ ਹੈ। ਜਿਸਦਾ ਨਾਮ ਸ਼ਹੀਦੀ ਪਾਰਕ (ਸ਼ਹੀਦ ਸ਼ੁਭਕਰਨ ਸਿੰਘ ਯਾਦਗਾਰੀ ਪਾਰਕ) ਰੱਖਿਆ ਜਾਣਾ ਹੈ। ਜਿਸ ਵਿੱਚ ਸ਼ੁਭਕਰਨ ਸਿੰਘ ਦੀ ਤਸਵੀਰ ਵੀ ਲਗਾਈ ਜਾਣੀ ਹੈ। ਸ਼ੁਭਕਰਨ ਸਿੰਘ ਦਾ ਸੰਸਕਾਰ ਵੀ ਇਸ ਥਾਂ ਹੀ ਕਰਨ ਦਾ ਫ਼ੈਸਲਾ ਲਿਆ ਗਿਆ।
ਹਰਸਿਮਰਤ ਬਾਦਲ ਦਾ ਕਿਸਾਨੀ ਦੀ ਗੱਲ ਕਰਨ ‘ਤੇ ਬੀਜੇਪੀ ਲੀਡਰਾਂ ਵੱਲੋਂ ਵਿਰੋਧ:-
25 ਫ਼ਰਵਰੀ ਨੂੰ ਬਠਿੰਡੇ ਵਿੱਚ ਏਮਸ ਹਸਪਤਾਲ ਦੇ ਉਦਘਾਟਨ ਮੌਕੇ ਅਕਾਲੀ ਦਲ (ਬਾਦਲ) ਦੇ ਆਗੂ ਅਤੇ ਭਾਜਪਾ ਆਗੂ ਪਹੁੰਚੇ ਹੋਏ ਸਨ। ਜਿਸ ਦੌਰਾਨ ਸਟੇਜ ਤੋਂ ਬੋਲਦਿਆ ਅਕਾਲੀ ਦਲ ਬਾਦਲ ਦੀ ਆਗੂ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਬਾਰੇ ਗੱਲ ਕੀਤੀ। ਇਸ ਦੌਰਾਨ ਬੀਜੇਪੀ ਆਗੂ ਜਿਹੜੇ ਸਟੇਜ ਦੇ ਸਾਹਮਣੇ ਮੂਹਰਲੀ ਕਤਾਰ ਵਿੱਚ ਬੈਠੇ ਸਨ। ਉਹਨਾਂ ਵੱਲੋਂ ਬੀਬੀ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ ਗਿਆ।
ਮੁੜ ਖੁੱਲਣ ਲੱਗੇ ਬਾਰਡਰ :-
25 ਤਰੀਕ ਨੂੰ ਸਰਕਾਰ ਦੇ ਵੱਲੋਂ ਸਿੰਘੂ ਅਤੇ ਟਿਕਰੀ ਬਾਰਡਰ ਨੂੰ ਖੋਲ ਦਿੱਤਾ ਗਿਆ । ਕਿਸਾਨਾਂ ਨੂੰ ਦਿੱਲੀ ਆਉਣ ਤੋਂ ਰੋਕਣ ਦੇ ਲਈ ਸ਼ੰਬੂ ਅਤੇ ਖਨੌਰੀ ਦੇ ਨਾਲ ਨਾਲ ਸਿੰਘੂ ਅਤੇ ਟਿਕਰੀ ਬਾਰਡਰ ਦੇ ਉੱਤੇ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਸਨ। 25 ਤਰੀਕ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ ਦੇ ਉੱਤੇ ਦੋ ਮਾਰਗਾਂ ਨੂੰ ਆਮ ਆਵਾਜਾਈ ਦੇ ਲਈ ਖੋਲ ਦਿੱਤਾ ਗਿਆ। ਹਾਲਾਂਕਿ ਇਹਨਾਂ ਦਿਨਾਂ ਵਿੱਚ ਇਹ ਵੀ ਅਫਵਾਹ ਉੱਡੀ ਕੇ ਪੂਰੀ ਤਰ੍ਹਾਂ ਬਾਰਡਰਾਂ ਨੂੰ ਖੋਲ ਦਿੱਤਾ ਗਿਆ ਹੈ। ਪਰ ਆਮ ਰਾਹਗੀਰਾਂ ਲਈ ਸਿਰਫ ਦੋ ਲਾਈਨਾਂ ਨੂੰ ਹੀ ਖੋਲਿਆ ਗਿਆ।
26 ਫਰਵਰੀ
ਦਿਓ-ਕੱਦ ਵਾਲੇ ਪੁਤਲੇ :-
26 ਫਰਵਰੀ ਅੱਬੂ ਧਾਬੀ ਵਿੱਚ ਡਬਲਯੂ.ਟੀ.ਓ. ਦੇ ਮੈਂਬਰ ਮੁਲਕਾਂ ਦੀ ਮੀਟਿੰਗ ਹੋ ਰਹੀ ਸੀ। ਜਿਸਦੇ ਵਿਰੋਧ ਵੱਲੋਂ ਕਿਸਾਨਾਂ ਵੱਲੋਂ ਸੜਕਾਂ ‘ਤੇ ਡਬਲਯੂ.ਟੀ.ਓ. ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਬਾਅਦ ਦੁਪਹਿਰ ਸੰਭੂ ਅਤੇ ਖਨੌਰੀ ਬਾਰਡਰ ਤੇ ਦਿਓ-ਕੱਦ ਵਾਲੇ (ਲਗਭਗ 20 ਫੁੱਟ ਉੱਚੇ) ਪੁਤਲੇ ਬਣਾ ਕੇ ਫੂਕੇ ਗਏ।
ਖਾਲਸਾ ਏਡ ਦਾ X (ਟਵਿੱਟਰ) ਖਾਤਾ ਭਾਰਤ ਵਿੱਚ ਬੰਦ :-
ਜਿੱਥੇ ਕਿਸਾਨ ਆਗੂਆਂ ਦੇ ਅਤੇ ਪੱਤਰਕਾਰਾਂ ਦੇ ਖਾਤੇ ਭਾਰਤ ਵਿੱਚ ਲੋਕਾਂ ਨੂੰ ਦਿਖਣ ਤੋਂ ਹਟਾਏ ਜਾ ਰਹੇ ਹਨ, ਉੱਥੇ ਹੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ X (ਟਵਿੱਟਰ) ਖਾਤੇ ਵੀ ਭਾਰਤ ਵਿੱਚ ਬੰਦ ਕਰ ਦਿੱਤੇ ਗਏ। ਸ਼ਾਇਦ ਇਹ ਦੁਨੀਆਂ ‘ਤੇ ਪਹਿਲੀ ਵਾਰ ਹੈ ਕਿ ਕਿਸੇ ਸਮਾਜ ਸੇਵੀ ਸੰਸਥਾ ਨੂੰ ਸਮਾਜ ਸੇਵਾ ਕਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹੋਣ। ਭਾਰਤ ਵਿੱਚ ਖਾਲਸਾ ਏਡ ਦੇ “ਖਾਲਸਾ ਏਡ” ਅਤੇ “ਖਾਲਸਾ ਏਡ ਇੰਡੀਆ” ਦੇ ਨਾਮ ਤੋਂ ਚਲਦੇ ਐਕਸ ਖਾਤਿਆਂ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਦਰਅਸਲ ਕਿਸਾਨ ਅੰਦੋਲਨ ਵਿੱਚ ਖਾਲਸਾ ਏਡ ਵੱਲੋਂ ਮੈਡੀਕਲ ਕੈਂਪ ਅਤੇ ਲੰਗਰ ਲਗਾਏ ਜਾ ਰਹੇ ਹਨ। ਖਾਲਸਾ ਏਡ ਇੱਕ ਅੰਤਰਰਾਸ਼ਟਰੀ ਐੱਨ.ਜੀ.ਓ. ਹੈ। ਖਾਲਸਾ ਏਡ ਨੇ ਕੁਝ ਸਮਾਂ ਪਹਿਲਾਂ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਆਏ ਹੜ੍ਹਾਂ ਕਾਰਨ ਲੋਕਾਂ ਦੀ ਵੱਡੇ ਪੱਧਰ ਤੇ ਮਦਦ ਕੀਤੀ ਸੀ। ਪਹਿਲਾਂ ਵੀ ਭਾਰਤ ਦੇ ਤਾਮਿਲਨਾਡੂ ਵਿੱਚ ਆਏ ਹੜ੍ਹਾਂ ਦੌਰਾਨ ਖਾਲਸਾ ਏਡ ਨੇ ਵੱਡੀਆਂ ਸੇਵਾਵਾਂ ਨਿਭਾਈਆਂ ਸਨ। ਖਾਲਸਾ ਏਡ ਦੁਨੀਆ ਵਿੱਚ ਆਈਆਂ ਅਨੇਕਾਂ ਆਫ਼ਤਾਵਾਂ ਦੌਰਾਨ ਅੱਗੇ ਆਈ ਹੈ ਅਤੇ ਸਹਾਇਤਾ ਕਰਦੀ ਰਹੀ ਹੈ ।
ਹਿੰਦੂ ਸਮਾਜ ਵੱਲੋਂ ਖਨੌਰੀ ਬਾਰਡਰ ‘ਤੇ ਟਾਇਰਾਂ ਦੀ ਸੇਵਾ :-
21 ਫਰਵਰੀ ਨੂੰ ਖਨੌਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਦੇ ਟਰੈਕਟਰਾਂ ਦਾ ਜੋ ਨੁਕਸਾਨ ਕੀਤਾ ਗਿਆ। ਜਿਸ ਵਿੱਚ ਜਿਆਦਾਤਰ ਟਰੈਕਟਰਾਂ ਦੇ ਟਾਇਰ ਖ਼ਰਾਬ ਕਰ ਦਿੱਤੇ ਗਏ ਸਨ। 25-26 ਫ਼ਰਵਰੀ ਨੂੰ ਹਿੰਦੂ ਭਾਈਚਾਰੇ ਦੇ ਕਈ ਸੱਜਣਾਂ ਵੱਲੋਂ ਖਨੌਰੀ ਬਾਰਡਰ ਤੇ ਕਿਸਾਨਾਂ ਦੇ ਟਰੈਕਟਰਾਂ ਨੂੰ ਟਾਇਰ ਸੇਵਾ ਦੇ ਰੂਪ ਵਿੱਚ ਦਿੱਤੇ ਗਏ। ਹਾਲਾਂਕਿ ਇਹ ਅੰਦੋਲਨ ਕਿਸਾਨ ਧਰਮ ਵਿਸ਼ੇਸ਼ ਦਾ ਨਹੀਂ ਹੈ ਅਤੇ ਹਰਿਆਣੇ ਦੇ ਜ਼ਿਆਦਤਰ ਕਿਸਾਨ ਹਿੰਦੂ ਸਮਾਜ ਦੇ ਹੀ ਹਨ। ਪਰ ਪੰਜਾਬ ਵਿੱਚ ਇਸ ਸੰਘਰਸ਼ ਨੂੰ ਕੇਵਲ ਸਿੱਖ ਸਮਾਜ ਨਾਲ ਜੋੜਨ ਕੇ ਉਹਨਾਂ ਨੂੰ ਬਾਕੀਆਂ ਨਾਲੋਂ ਵੱਖ (Isolate) ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਪ੍ਰਿਤਪਾਲ ਸਿੰਘ ‘ਤੇ ਤਸ਼ੱਦਦ ਤੋਂ ਮੁਕਰੀ ਹਰਿਆਣਾ ਸਰਕਾਰ :-
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਪ੍ਰਿਤਪਾਲ ਸਿੰਘ ਦੇ ਪਿਤਾ ਦਵਿੰਦਰ ਸਿੰਘ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ, ਜਿਸਦੇ ਵਿੱਚ ਉਹਨਾਂ ਨੇ ਹਰਿਆਣਾ ਪੁਲਿਸ ਉੱਤੇ ਪ੍ਰਿਤਪਾਲ ਸਿੰਘ ਦੀ ਨਜਾਇਜ਼ ਗ੍ਰਿਫਤਾਰੀ ਕਰਨ ਦਾ ਇਲਜ਼ਾਮ ਲਗਾਇਆ ਸੀ। ਪੰਜਾਬ ਹਰਿਆਣਾ ਹਾਈਕੋਰਟ ਨੇ 23 ਫ਼ਰਵਰੀ ਨੂੰ ਪੀ.ਜੀ.ਆਈ. ਰੋਹਤਕ ਨੂੰ ਵੀ ਆਦੇਸ਼ ਜਾਰੀ ਕਰਕੇ ਹਾਈਕੋਰਟ ਵਿੱਚ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ। ਹਰਿਆਣਾ ਸਰਕਾਰ ਵੱਲੋਂ SP ਜੀਂਦ ਨੇ ਹਰਿਆਣਾ ਸਰਕਾਰ ਦਾ ਪੱਖ ਰੱਖਿਆ। ਜਿਸ ਵਿੱਚ ਉਹਨਾਂ ਕਿਹਾ ਕਿ ਪ੍ਰਿਤਪਾਲ ਸਿੰਘ ਹਰਿਆਣਾ ਪੁਲਿਸ ਨੂੰ ਹਰਿਆਣਾ ਦੇ ਇਲਾਕੇ ਵਿੱਚ ਖੇਤਾਂ ਦੇ ਵਿੱਚ ਜਖ਼ਮੀ ਹਾਲਤ ਦੇ ਵਿੱਚ ਮਿਲਿਆ ਸੀ। ਜਿਸ ਨੂੰ ਹਰਿਆਣਾ ਪੁਲਿਸ ਨੇ ਪੀ.ਜੀ.ਆਈ. ਰੋਹਤਕ ਦੇ ਵਿੱਚ ਦਾਖਿਲ ਕਰਵਾਇਆ ਸੀ। ਹਰਿਆਣਾ ਸਰਕਾਰ ਦੇ ਵੱਲੋਂ ਪ੍ਰਿਤਪਾਲ ਸਿੰਘ ਨੂੰ ਬੋਰੀ ਵਿੱਚ ਪਾ ਕੇ, ਕੈਦੀ ਬਣਾ ਕੇ ਲਿਜਾਣ ਵਾਲੀ ਗੱਲ ਨੂੰ ਨਕਾਰ ਦਿੱਤਾ। ਜੀਂਦ ਦੇ SP ਸੁਮਿਤ ਕੁਮਾਰ ਨੇ ਕਿਹਾ ਕਿ ਅਸੀਂ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਹਰਿਆਣਾ ਸਰਕਾਰ ਨੇ ਆਪਣੇ ਪੱਖ ਦੇ ਵਿੱਚ ਇੱਥੋਂ ਤੱਕ ਕਿਹਾ ਕਿ ਹਰਿਆਣਾ ਪੁਲਿਸ ਦੇ ਚਾਰ ਮੁਲਾਜ਼ਮਾਂ ਨੇ ਪ੍ਰਿਤਪਾਲ ਸਿੰਘ ਨੂੰ ਮੁਢਲੀ ਸਹਾਇਤਾ ਦਿੱਤੀ ਸੀ। 26 ਨੂੰ ਹਰਿਆਣਾ ਸਰਕਾਰ ਵੱਲੋਂ SP ਜੀਂਦ ਨੇ ਜਵਾਬ ਦਾਇਰ ਕੀਤਾ ਅਤੇ ਰੋਹਤਕ ਪੀ.ਜੀ.ਆਈ. ਨੇ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਦਾਇਰ ਕਰਨ ਲਈ ਦੋ ਦਿਨ ਦਾ ਸਮਾਂ ਮੰਗਿਆ।
ਐੱਫ.ਆਈ.ਆਰ ਵਿੱਚ ਪ੍ਰਿਤਪਾਲ ਸਿੰਘ ਦਾ ਨਾਮ ਨਹੀਂ ਦਰਜ਼ :-
ਪ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਜਦੋਂ ਪ੍ਰਿਤਪਾਲ ਸਿੰਘ ਰੋਹਤਕ ਪੀ.ਜੀ.ਆਈ. ਵਿੱਚ ਦਾਖਲ ਸੀ ਤਾਂ ਪਰਿਵਾਰ ਵੱਲੋਂ ਕਿਹਾ ਗਿਆ ਸੀ ਕਿ ਪ੍ਰਿਤਪਾਲ ਸਿੰਘ ‘ਤੇ 307 ਦਾ ਪਰਚਾ ਦਰਜ਼ ਕੀਤਾ ਗਿਆ। ਪਰ 26 ਫ਼ਰਵਰੀ ਨੂੰ ਹਾਈ ਕੋਰਟ ਵਿੱਚ ਹਰਿਆਣਾ ਪੁਲਿਸ ਦੇ ਦਿੱਤੇ ਗਏ ਬਿਆਨ ਅਨੁਸਾਰ ਹਰਿਆਣਾ ਸਰਕਾਰ ਨੇ ਕਿਹਾ ਕਿ ਅਣਪਛਾਤਿਆਂ ਤੇ ਪਰਚਾ ਦਰਜ਼ ਕੀਤਾ ਗਿਆ ਹੈ।
ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਉੱਤੇ ਐੱਫ.ਆਈ.ਆਰ. ਦਰਜ਼ :-
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 26 ਫਰਵਰੀ ਨੂੰ ਆਪਣਾ ਪੱਖ ਰੱਖਦੇ ਹੋਏ ਹਰਿਆਣਾ ਸਰਕਾਰ ਨੇ ਕਿਹਾ ਕਿ 21 ਫ਼ਰਵਰੀ ਨੂੰ ਬੈਰੀਕੇਟ ਪਾਰ ਕਰਨ ਦੇ ਮਾਮਲੇ ਵਿੱਚ ਹਰਿਆਣਾ ਸਰਕਾਰ ਨੇ ਅਣਪਛਾਤਿਆਂ ਖਿਲਾਫ ਐੱਫ.ਆਈ.ਆਰ. ਦਰਜ਼ ਕੀਤੀ ਹੈ। ਜਿਸ ਵਿੱਚ ਹਰਿਆਣਾ ਪੁਲਿਸ ਦੇ 15 ਪੁਲਿਸ ਕਰਮੀ ਜ਼ਖਮੀ ਹੋਣ ਦਾ ਦਾਅਵਾ ਵੀ ਕੀਤਾ ਗਿਆ। ਹਰਿਆਣਾ ਪੁਲਿਸ ਨੇ ਜੀਂਦ ਜ਼ਿਲ੍ਹੇ ਵਿੱਚ ਪੈਂਦੇ ਗੜੀ ਪੁਲਿਸ ਥਾਣੇ ਵਿੱਚ ਐੱਫ.ਆਈ.ਆਰ. ਨੰਬਰ 28/21 ਫਰਵਰੀ ਨੂੰ ਅਣਪਛਾਤੇ ਕਿਸਾਨਾਂ ਖਿਲਾਫ ਦਰਜ਼ ਕੀਤੀ।
ਆਦਿਵਾਸੀ ਸਮਾਜ ਵੱਲੋਂ ਕਿਸਾਨੀ ਅੰਦੋਲਨ ਦੀ ਹਿਮਾਇਤ:-
26 ਫਰਵਰੀ ਨੂੰ ਆਦਿਵਾਸੀ ਸਮਾਜ ਨੇ ਕਿਸਾਨੀ ਅੰਦੋਲਨ ਨੂੰ ਆਪਣੀ ਹਿਮਾਇਤ ਦਿੱਤੀ। ਆਦਿਵਾਸੀ ਸਮਾਜ ਵਲੋਂ ਭਾਰਤੀ ਆਦਿਵਾਸੀ ਪਰਿਵਾਰ (ਗੈਰ ਕਾਮਰੇਡ) ਦੇ ਬੈਨਰ ਹੇਠ 45 ਜ਼ਿਲ੍ਹਿਆਂ ਵਿੱਚ ਕਿਸਾਨੀ ਸੰਘਰਸ਼ ਦੀ ਹਿਮਾਇਤ ਵਿੱਚ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ।
27 ਫਰਵਰੀ
ਕਿਸਾਨੀ ਲੇਖੇ ਲੱਗੀ 7ਵੀਂ ਜਿੰਦਗੀ:-
27 ਫਰਵਰੀ ਨੂੰ ਖਨੌਰੀ ਬਾਰਡਰ ਤੇ ਇਕ ਹੋਰ ਕਿਸਾਨ ਦੀ ਜਿੰਦਗੀ ਕਿਸਾਨੀ ਲੇਖੇ ਲੱਗ ਗਈ। ਖਨੌਰੀ ਬਾਰਡਰ ‘ਤੇ ਬੈਠੇ ਕਿਸਾਨ ਕਰਨੈਲ ਸਿੰਘ ਦੀ 26-27 ਦੀ ਦਰਮਿਆਨੀ ਰਾਤ ਨੂੰ ਸਿਹਤ ਵਿਗੜਨ ਕਾਰਨ ਰਜਿੰਦਰਾ ਹਸਪਤਾਲ ਪਟਿਆਲੇ ਦਾਖਲ ਕਰਵਾਇਆ ਗਿਆ। ਕਿਸਾਨ ਕਰਨੈਲ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ। ਰਜਿੰਦਰਾ ਹਸਪਤਾਲ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕਰਨੈਲ ਸਿੰਘ (ਪੁੱਤਰ ਨਿਹਾਲ ਸਿੰਘ) ਉਮਰ 62 ਸੀ। ਉਹ ਪਟਿਆਲੇ ਜ਼ਿਲ੍ਹੇ ਦੇ ਪਿੰਡ ਅਰਨੋਂ ਦੇ ਰਹਿਣ ਵਾਲੇ ਸਨ। ਕਰਨੈਲ ਸਿੰਘ ਬੀ.ਕੇ.ਯੂ. ਕ੍ਰਾਂਤੀਕਾਰੀ ਨਾਲ ਜੁੜੇ ਹੋਏ ਸਨ।
ਏਕੇ ਦੇ ਰੌਲੇ ਦੌਰਾਨ ਪਿਆ ਖਲਾਰਾ:-
27 ਫਰਵਰੀ ਨੂੰ ਐੱਸ.ਕੇ.ਐੱਮ. (ਗੈਰ ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਐੱਸ.ਕੇ.ਐੱਮ. ‘ਤੇ ਏਕਾ ਨਾ ਕਰਨ ਦੇ ਇਲਜ਼ਾਮ ਲਗਾਏ ਗਏ। ਇਸ ਦੌਰਾਨ ਕਿਸਾਨ ਮਜ਼ਦੂਰ ਮੋਰਚਾ ਦੀਆਂ ਐੱਸ.ਕੇ.ਐੱਮ. (ਰਾਜਨੀਤਿਕ) ਅਤੇ ਬਾਕੀ ਕਿਸਾਨੀ ਧਿਰਾਂ ਦੇ ਨਾਲ ਏਕੇ ਨੂੰ ਲੈ ਕੇ ਹੋਈਆਂ ਮੀਟਿੰਗਾਂ ਦੇ ਵੇਰਵੇ ਵੀ ਜਾਰੀ ਕੀਤੇ ਗਏ। ਸਰਵਣ ਸਿੰਘ ਭੰਧੇਰ ਦੇ ਅਨੁਸਾਰ ਬਾਕੀ ਕਿਸਾਨ ਆਗੂਆਂ ਦੇ ਨਾਲ ਕਿਸਾਨ ਸੰਘਰਸ਼ ਨੂੰ ਦੁਬਾਰਾ ਸ਼ੁਰੂ ਕਰਨ ਦੇ ਲਈ ਅਤੇ ਏਕੇ ਲਈ ਉਹਨਾਂ ਦੇ ਵੱਲੋਂ ਕੁੱਲ 13 ਮੀਟਿੰਗਾਂ ਕੀਤੀਆਂ ਗਈਆਂ। ਪਰ ਇਹਨਾਂ ਮੀਟਿੰਗਾਂ ਦਾ ਕੋਈ ਨਤੀਜਾ ਨਾ ਨਿਕਲਿਆ। ਜਿਸ ਪਿੱਛੋਂ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਆਪਣੇ ਪੱਧਰ ਦੇ ਉੱਤੇ ਨਵਾਂ ਕਿਸਾਨੀ ਅੰਦੋਲਨ ਲੜਨ ਦਾ ਫੈਸਲਾ ਕੀਤਾ ਗਿਆ। ਇਹਨਾਂ 13 ਮੀਟਿੰਗਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ।
1:- ਸਤਨਾਮ ਸਿੰਘ ਸਾਹਨੀ ਦੇ ਘਰ (ਪਿੰਡ: ਸਾਹਨੀ, ਫਗਵਾੜਾ, ਜ਼ਿਲ੍ਹਾ ਕਪੂਰਥਲਾ) 8 ਅਕਤੂਬਰ 2023 ਨੂੰ ਹੋਈ। ਇਸ ਮੀਟਿੰਗ ਵਿੱਚ ਐੱਸ.ਕੇ.ਐੱਮ. ਦੇ ਆਗੂਆਂ ਨੂੰ ਸਰਵਨ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ ਅਤੇ ਅਮਰਜੀਤ ਸਿੰਘ ਮੋਹੜੀ ਮਿਲੇ।
2:- ਦੂਜੀ ਮੀਟਿੰਗ 16 ਅਕਤੂਬਰ 2023 ਲੱਖੋਵਾਲ ਯੂਨੀਅਨ ਦੇ ਮੁੱਖ ਦਫ਼ਤਰ ਲੁਧਿਆਣੇ ਵਿੱਚ ਹੋਈ। ਇਸ ਮੀਟਿੰਗ ਵਿੱਚ ਐੱਸ.ਕੇ.ਐੱਮ. ਦੇ ਆਗੂ ਰਣਜੀਤ ਸਿੰਘ ਬਾਜਵਾ, ਬੂਟਾ ਸਿੰਘ ਸ਼ਾਦੀਪੁਰ ਅਤੇ ਡਾ: ਦਰਸ਼ਨਪਾਲ ਨੂੰ ਸਰਵਣ ਸਿੰਘ ਪੰਧੇਰ, ਦਿਲਬਾਗ ਸਿੰਘ ਹਰੀਗੜ੍ਹ ਅਤੇ ਬਲਦੇਵ ਸਿੰਘ ਜ਼ੀਰਾ ਮਿਲੇ।
ਇਸ ਮੀਟਿੰਗ ਦੇ ਵਿੱਚ ਐੱਸ.ਕੇ.ਐੱਮ. ਦੇ ਵੱਲੋਂ ਸਰਵਣ ਸਿੰਘ ਪੰਧੇਰ ਦੇ ਧੜੇ ਅਤੇ ਬਾਕੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਦੇ ਲਈ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਸੀ। ਜਿਸ ਵਿੱਚ ਕੁਲਵੰਤ ਸਿੰਘ ਸੰਧੂ, ਹਰਿੰਦਰ ਸਿੰਘ ਲੱਖੋਵਾਲ, ਸਤਨਾਮ ਸਿੰਘ ਸਾਹਨੀ, ਰਣਜੀਤ ਸਿੰਘ ਬਾਜਵਾ ਅਤੇ ਬੂਟਾ ਸਿੰਘ ਸ਼ਾਦੀਪੁਰ ਨੂੰ ਸ਼ਾਮਿਲ ਕੀਤਾ ਗਿਆ।
3:- ਇਸ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਵੀ ਇੱਕ ਮੁਲਾਕਾਤ ਫਗਵਾੜੇ ਵਿੱਚ ਸਰਵਣ ਸਿੰਘ ਪੰਧੇਰ ਹੁਰਾਂ ਨਾਲ ਕੀਤੀ ਗਈ। ਜਿਸ ਵਿੱਚ ਐੱਸ.ਕੇ.ਐੱਮ. ਵੱਲੋਂ ਕੁਲਵੰਤ ਸਿੰਘ ਸੰਧੂ, ਹਰਿੰਦਰ ਸਿੰਘ ਲੱਖੋਵਾਲ ਅਤੇ ਮਨਜੀਤ ਸਿੰਘ ਰਾਏ ਨੂੰ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋੜੀ ਅਤੇ ਬਲਦੇਵ ਸਿੰਘ ਜ਼ੀਰਾ ਮਿਲੇ। ਪਰ ਇਹ ਮੀਟਿੰਗ ਵੀ ਕੋਈ ਨਿਰਣਾਇਕ ਫ਼ੈਸਲਾ ਨਾ ਕਰ ਸਕੀ। ਇਸ ਮੀਟਿੰਗ ਦੇ ਵਿੱਚ ਐੱਸ.ਕੇ.ਐੱਮ. ਦੇ ਆਗੂਆਂ ਵੱਲੋਂ ਸਰਵਣ ਸਿੰਘ ਪੰਧੇਰ ਹੁਰਾਂ ਦੀ ਤਜਵੀਜ਼ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅੱਗੇ ਰੱਖਣ ਦੀ ਗੱਲ ਆਖੀ ਗਈ ਸੀ।
4:- 27 ਅਕਤੂਬਰ 2023 ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਰਵਣ ਸਿੰਘ ਭੰਦੇਰ, ਸੁਰਜੀਤ ਸਿੰਘ ਫੂਲ ਅਤੇ ਬਲਦੇਵ ਸਿੰਘ ਜ਼ੀਰਾ ਵੱਲੋਂ ਉਗਰਾਹਾਂ ਜਥੇਬੰਦੀ ਦੇ ਆਗੂ ਝੰਡਾ ਸਿੰਘ ਜੇਠੂਕੇ, ਜੋਗਿੰਦਰ ਸਿੰਘ ਉਗਰਾਹਾਂ ਅਤੇ ਰੂਪ ਸਿੰਘ ਛੰਨਾ ਨਾਲ ਮੁਲਾਕਾਤ ਕੀਤੀ ਗਈ।
5:- 8 ਜਨਵਰੀ 2024 ਨੂੰ ਕਰਤਾਰ ਸਾਹਿਬ ਵਿੱਚ ਸਰਵਨ ਸਿੰਘ ਪੰਧੇਰ ਵੱਲੋਂ ਹਰਿੰਦਰ ਸਿੰਘ ਲੱਖੋਵਾਲ ਅਤੇ ਮਨਜੀਤ ਸਿੰਘ ਰਾਏ ਨਾਲ ਮੁਲਾਕਾਤ ਕੀਤੀ ਗਈ। (ਮਨਜੀਤ ਸਿੰਘ ਰਾਏ ਇਹਨਾਂ ਸਾਰੀਆਂ ਮੀਟਿੰਗਾਂ ਦੇ ਦੌਰਾਨ ਵਿਚੋਲਗੀ ਦਾ ਕੰਮ ਕਰਦੇ ਰਹੇ)
6:- 9 ਜਨਵਰੀ 2024 ਨੂੰ ਪਿੰਡ ਢਿੱਲਵਾਂ, ਜਿਲਾ ਬਠਿੰਡਾ ਵਿਖੇ ਸ਼ਿੰਗਾਰਾ ਸਿੰਘ ਮਾਨ (ਉਗਰਾਹਾਂ ਜਥੇਬੰਦੀ) ਅਤੇ ਜੋਗਿੰਦਰ ਸਿੰਘ ਉਗਰਾਹਾਂ ਦੀ ਮੀਟਿੰਗ ਅਮਰਜੀਤ ਸਿੰਘ ਮੋਹੜੀ, ਜਸਵਿੰਦਰ ਸਿੰਘ ਲੌਂਗੋਵਾਲ, ਰਮਨਦੀਪ ਸਿੰਘ ਮਾਨ ਅਤੇ ਰਣਜੀਤ ਸਿੰਘ ਰਾਜੂ ਨਾਲ ਹੋਈ।
7:- 10 ਜਨਵਰੀ 2024 ਨੂੰ ਗੁਰਨਾਮ ਸਿੰਘ ਚੜੂਨੀ ਦੀ ਮੁਲਾਕਾਤ ਦੂਜਾ ਕਿਸਾਨ ਮੋਰਚਾ ਲੜਨ ਵਾਲੇ ਕਿਸਾਨ ਆਗੂ ਰਮਨਦੀਪ ਸਿੰਘ ਮਾਨ ਅਤੇ ਰਣਜੀਤ ਸਿੰਘ ਰਾਜੂ ਨਾਲ ਹੋਈ।
8:- 13 ਜਨਵਰੀ 2024 ਨੂੰ ਕਿਸਾਨ ਆਗੂ ਕੋਰਜੀਵਾਲਾ ਦੇ ਘਰ ਪਿੰਡ ਕੋਰਜੀਵਾਲ, ਜ਼ਿਲ੍ਹਾ ਪਟਿਆਲਾ ਵਿੱਚ ਡਾ : ਦਰਸ਼ਨ ਪਾਲ, ਅਵਤਾਰ ਸਿੰਘ ਕੋਰਜੀਵਾਲ ਅਤੇ ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹੜੀ, ਮਨਜੀਤ ਸਿੰਘ ਨਿਹਾਲ, ਤੇਜਬੀਰ ਸਿੰਘ ਦੇ ਵਿਚਕਾਰ ਹੋਈ।
9:- 14 ਜਨਵਰੀ 2024 ਨੂੰ ਅਗਲੀ ਮੀਟਿੰਗ ਲੁਧਿਆਣੇ ਵਿੱਚ ਗਿੱਲ ਪੈਲੇਸ (ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਪੈਲੇਸ ਵਿੱਚ) ‘ਚ ਹੋਈ। ਜਿਸ ਵਿੱਚ ਇੱਕ ਪਾਸੇ ਹਰਿੰਦਰ ਸਿੰਘ ਲੱਖੋਵਾਲ ਅਤੇ ਮਨਜੀਤ ਸਿੰਘ ਰਾਏ ਸਨ ਦੂਜੇ ਪਾਸੇ ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜੀਰਾਂ ਅਤੇ ਅਮਰਜੀਤ ਸਿੰਘ ਮੋਹੜੀ ਸਨ।
10:- 18 ਜਨਵਰੀ 2024 ਜਥੇਬੰਦੀ ਨੂੰ ਐੱਸ.ਕੇ.ਐੱਮ. (ਰਾਜਨੀਤਿਕ) ਨਾਲ ਜੁੜੀਆਂ ਹਰਿਆਣੇ ਦੀਆਂ ਕਿਸਾਨ ਜਥੇਬੰਦੀਆਂ ਅਤੇ ਸੁਰਜੀਤ ਸਿੰਘ ਫੂਲ ਅਤੇ ਉਹਨਾਂ ਦੀ ਜਥੇਬੰਦੀ ਵਿਚਕਾਰ ਹੋਈ।
11:- 21 ਜਨਵਰੀ 2024 ਨੂੰ ਹਰਿਆਣੇ ਦੀ ਵੱਡੇ ਕਿਸਾਨ ਆਗੂ ਸੁਰੇਸ਼ ਕੋਥ ਨਾਲ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਅਮਰਜੀਤ ਸਿੰਘ ਮੋਹੜੀ ਵਿਚਕਾਰ ਮੀਟਿੰਗ ਸੁਰੇਸ਼ ਸਿੰਘ ਕੌਥ ਦੇ ਘਰ ਹੋਈ।
12:- 27 ਜਨਵਰੀ 2024 ਨੂੰ ਜੋਗਿੰਦਰ ਸਿੰਘ ਉਗਰਾਹਾਂ ਦੇ ਘਰ ਸੁਰਜੀਤ ਸਿੰਘ ਫੂਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਵਿਚਕਾਰ ਹੋਈ।
13:- 20 ਫਰਵਰੀ 2024 ਨੂੰ ਆਖਰੀ ਮੀਟਿੰਗ ਪਿੰਡ ਮਰਦਾਂਪੁਰ, ਘਨੌਰ ਵਿੱਚ ਗੁਰਨਾਮ ਸਿੰਘ ਚੜੂਨੀ ਅਤੇ ਸੁਰਜੀਤ ਸਿੰਘ ਫੂਲ, ਸੁਖਵਿੰਦਰ ਕੌਰ ਅਤੇ ਬਲਦੇਵ ਸਿੰਘ ਜ਼ੀਰਾ ਵਿਚਕਾਰ ਹੋਈ।
ਮੋਰਚੇ ਵਿੱਚ ਸ਼ਾਮਿਲ ਨਾ ਹੋਣ ਵਾਲੇ ਆਗੂਆਂ ਅਤੇ ਮੋਰਚਾ ਲਗਾਉਣ ਵਾਲੇ ਆਗੂਆਂ ਵਿਚਾਲੇ 13 ਮੀਟਿੰਗਾਂ ਹੋਈਆਂ ਜੋਕਿ ਸਾਰੀਆਂ ਹੀ ਬੇਸਿੱਟਾ ਰਹੀਆਂ।
ਕੀ ਅੱਧੀ ਸਦੀ ਬਾਅਦ ਮੋਰਚਾ ਲੱਗਣਾ ਚਾਹੀਦਾ ਸੀ ? :-
27 ਫ਼ਰਵਰੀ ਨੂੰ ਸਰਵਨ ਸਿੰਘ ਪੰਧੇਰ ਨੇ ਮੋਰਚੇ ਵਿੱਚ ਸ਼ਾਮਿਲ ਨਾ ਹੋਣ ਵਾਲੇ ਕਿਸਾਨ ਆਗੂਆਂ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੋਰਚੇ ਵਿੱਚ ਸ਼ਾਮਿਲ ਨਾ ਹੋਣ ਵਾਲੀਆਂ ਧਿਰਾਂ ਦੇ ਲੜਨ ਦੀ ਮਨਸ਼ਾ ਨਹੀਂ ਹੈ। ਉਹਨਾਂ ਕੁਲਵੰਤ ਸਿੰਘ ਸੰਧੂ ਨਾਲ ਹੋਈ ਮੀਟਿੰਗ ਦੀ ਇੱਕ ਵਾਰਤਾ ਦਾ ਜਿਕਰ ਕਰਦਿਆਂ ਕਿਹਾ ਕਿ ਕੁਲਵੰਤ ਸਿੰਘ ਸੰਧੂ ਅਨੁਸਾਰ ਅਗਲੇ ਸਾਲਾਂ ਤੱਕ ਦਿੱਲੀ ਕਿਸਾਨੀ ਸੰਘਰਸ਼ ਵਰਗਾ ਮੋਰਚਾ ਨਹੀਂ ਲੱਗ ਸਕਦਾ। ਕੁਲਵੰਤ ਸਿੰਘ ਸੰਧੂ ਅਨੁਸਾਰ ਏਨੀ ਜਲਦੀ ਦੁਬਾਰਾ ਮੋਰਚਾ ਲਗਾਉਣਾ ਅਨਾੜੀਆਂ ਵਾਲੀ ਗੱਲ ਹੈ। ਰੁਲਦੂ ਸਿੰਘ ਮਾਨਸਾ ਦੇ ਬਿਆਨ ਨੂੰ ਜਨਤਕ ਕਰਦਿਆ ਕਿਹਾ ਕਿ ਰੁਲਦੂ ਸਿੰਘ ਮਾਨਸਾ ਅਨੁਸਾਰ 33 ਸਾਲਾਂ ਤੱਕ ਮੋਰਚਾ ਨਹੀਂ ਲੜਿਆ ਜਾ ਸਕਦਾ।
ਜਦੋਂ ਆਗੂਆਂ ਦੀ ਫੁੱਟ ਨੇ ਅੰਦੋਲਨ ਪਿੱਛੇ ਪਾਇਆ:-
ਸਰਵਨ ਸਿੰਘ ਪੰਧੇਰ ਅਤੇ ਮੋਰਚਾ ਲੜ ਰਹੇ ਬਾਕੀ ਕਿਸਾਨ ਆਗੂਆਂ ਨੇ ਸ਼ੰਭੂ ਬਾਰਡਰ ਤੋਂ ਪ੍ਰੈੱਸ ਦੇ ਸਨਮੁੱਖ ਹੁੰਦਿਆ ਮੋਰਚੇ ਵਿੱਚ ਸ਼ਾਮਿਲ ਨਾ ਹੋਣ ਵਾਲੇ ਬਾਕੀ ਆਗੂਆਂ ਨੂੰ ਮੋਰਚੇ ਵਿੱਚ ਦੇਰੀ ਕਰਵਾਉਣ ਦੇ ਇਲਜ਼ਾਮ ਲਗਾਏ। ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਨਵੰਬਰ 2023 ਵਿੱਚ ਅੰਦੋਲਨ ਸ਼ੁਰੂ ਕਰਨਾ ਚਾਹੁੰਦੇ ਸਾਂ, ਪਰ ਬਾਕੀ ਕਿਸਾਨੀ ਧਿਰਾਂ ਨੂੰ ਨਾਲ ਜੋੜਨ ਲਈ ਉਹਨਾਂ ਨਾਲ ਚਲਦੀਆਂ ਮੁਲਾਕਾਤਾਂ ਕਾਰਨ ਦੇਰੀ ਹੋਈ। ਇਸ ਚੱਲ ਰਹੇ ਅੰਦੋਲਨ ਵਿੱਚ ਅਕਸਰ ਇਹ ਕਿਹਾ ਜਾਂਦਾ ਕਿ ਚੋਣ ਜਾਬਤਾ ਲੱਗਣ ਦੇ ਬਹੁਤ ਨੇੜਲੇ ਸਮੇਂ ਵਿੱਚ ਇਹ ਮੋਰਚਾ ਲੱਗਾ ਹੈ। ਇਸ ਦੇਰੀ ਨੂੰ ਪੰਧੇਰ ਨੇ ਐੱਸ.ਕੇ.ਐੱਮ. (ਰਾਜਨੀਤਕ) ਦੇ ਹਿੱਸੇ ਪਾਇਆ ਕਿ ਉਹਨਾਂ ਵੱਲੋਂ ਕੋਈ ਪੁਜੀਸ਼ਨ ਨਾ ਲੈਣ ਕਰਕੇ ਮੋਰਚਾ ਦੇਰੀ ਨਾਲ ਹੋਇਆ।
28 ਫਰਵਰੀ
ਕਿਸਾਨਾਂ ਨੂੰ ਪਾਸਪੋਰਟ ਰੱਦ ਕਰਨ ਦੀ ਚਿਤਾਵਨੀ :-
28 ਫਰਵਰੀ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਕੇਟ ਰੋਕਾਂ ਤੋੜਨ ਵਾਲੇ ਕਿਸਾਨਾਂ ਦੇ ਪਾਸਪੋਰਟ ਰੱਦ ਕਰਨ ਦਾ ਐਲਾਨ ਕੀਤਾ ਗਿਆ। ਹਰਿਆਣਾ ਪੁਲਿਸ ਦੇ ਡੀ.ਐੱਸ.ਪੀ. ਜੋਗਿੰਦਰ ਸ਼ਰਮਾ, ਜੋ ਕਿ ਸਾਬਕਾ ਕ੍ਰਿਕਟ ਖਿਡਾਰੀ ਵੀ ਹਨ। ਉਹਨਾਂ ਦੇ ਵੱਲੋਂ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵੱਲੋਂ ਹਰਿਆਣੇ ਦੇ ਵਿੱਚ ਦਾਖਲ ਹੋਣ ਵਾਲੇ ਜਿਹੜੇ ਕਿਸਾਨ ਬੈਰੀਕੇਟ ਰੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਅਤੇ ਭੰਨ ਤੋੜ ਕਰਨਗੇ ਉਹਨਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ। ਡੀ.ਐੱਸ.ਪੀ. ਜੋਗਿੰਦਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਰਿਆਣਾ ਪੁਲਿਸ ਦੇ ਸੀ.ਸੀ.ਟੀਵੀ. ਅਤੇ ਡਰੋਨ ਕੈਮਰਿਆਂ ਰਾਹੀਂ ਭੰਨਤੋੜ ਕਰਨ ਵਾਲੇ ਕਿਸਾਨਾਂ ਦੀਆਂ ਤਸਵੀਰਾਂ ਖਿੱਚੀਆਂ ਹਨ। ਜਿਨਾਂ ਤਸਵੀਰਾਂ ਦੇ ਰਾਹੀਂ ਉਹਨਾਂ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਕੇ, ਇਹ ਜਾਣਕਾਰੀ ਮਨਿਸਟਰੀ ਆਫ ਪਾਸਪੋਰਟ ਆਫਿਸ ਅਤੇ ਭਾਰਤੀ ਅੰਬੈਸੀ ਨੂੰ ਭੇਜੀ ਜਾਵੇਗੀ।
ਪ੍ਰਿਤਪਾਲ ਸਿੰਘ ਬਾਰੇ ਹਾਈਕੋਰਟ ਵਿੱਚ ਸੁਣਵਾਈ :-
ਪ੍ਰਿਤਪਾਲ ਸਿੰਘ ਦੀ ਨਜਾਇਜ਼ ਹਿਰਾਸਤ ਦੇ ਮਾਮਲੇ ਵਿੱਚ ਸੁਣਵਾਈ ਦੇ ਚਲਦਿਆ, ਰੋਹਤਕ ਪੀ.ਜੀ.ਆਈ. ਨੇ 28 ਫਰਵਰੀ ਨੂੰ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਦਾਖਲ ਕਰਵਾਈ। ਇਸ ਦਿਨ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੀ.ਜੀ.ਆਈ. ਚੰਡੀਗੜ੍ਹ ਤੋਂ ਵੀ ਪ੍ਰਿਤਪਾਲ ਸਿੰਘ ਦੀ ਮੈਡੀਕਲ ਰਿਪੋਰਟ ਮੰਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੀ.ਜੀ.ਆਈ. ਰੋਹਤਕ ਅਤੇ ਚੰਡੀਗੜ੍ਹ ਤੋਂ ਮੈਡੀਕਲ ਰਿਪੋਰਟਾਂ ਮੰਗਣ ਦੇ ਨਾਲ ਨਾਲ ਪੰਜਾਬ ਅਤੇ ਹਰਿਆਣਾ ਪੁਲਿਸ ਨੂੰ ਵੀ ਇਸ ਮਾਮਲੇ ਦੇ ਵਿੱਚ ਪਾਰਟੀ ਬਣਾਇਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਰੱਖੀ ਗਈ।
ਸਰਵਣ ਸਿੰਘ ਭੰਦੇਰ ਨੂੰ ਜੋਗਿੰਦਰ ਸਿੰਘ ਉਗਰਾਹਾਂ ਦਾ ਜਵਾਬ :-
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੇ ਵੱਲੋਂ 27 ਫਰਵਰੀ ਨੂੰ ਪ੍ਰੈੱਸ ਕਾਨਫਰੰਸ ਕਰਕੇ ਐੱਸ.ਕੇ.ਐੱਮ. (ਰਾਜਨੀਤਿਕ) ਅਤੇ ਦੂਸਰੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਾਮਿਲ ਨਾ ਹੋਣ ਵਾਲੀਆਂ ਜਥੇਬੰਦੀਆਂ ਦੇ ਉੱਤੇ ਏਕਾ ਨਾ ਕਰਨ ਦੇ ਇਲਜ਼ਾਮ ਲਗਾਏ ਗਏ ਸਨ। ਸਰਵਣ ਸਿੰਘ ਪੰਧੇਰ ਨੇ 13 ਮੀਟਿੰਗਾਂ ਦਾ ਵੇਰਵੇ ਜਾਰੀ ਕਰਦੇ ਹੋਏ ਇਹ ਕਿਹਾ ਸੀ ਕਿ ਸਾਡੇ ਵੱਲੋਂ ਏਕਤਾ ਕਰਨ ਦੀਆਂ ਬਹੁਤ ਕੋਸ਼ਿਸ਼ਾਂ ਹੋ ਚੁੱਕੀਆਂ ਹਨ, ਪਰ ਦੂਸਰੀਆਂ ਜਥੇਬੰਦੀਆਂ ਦੇ ਵੱਲੋਂ ਕੋਈ ਹਾਂ ਪੱਖੀ ਕਦਮ ਨਹੀਂ ਵਧਾਇਆ ਗਿਆ। ਇਸ ਮਾਮਲੇ ਦੇ ਵਿੱਚ ਸਰਵਣ ਸਿੰਘ ਪੰਧੇਰ ਨੂੰ ਜਵਾਬ ਦਿੰਦਿਆਂ ਹੋਇਆ ਜੋਗਿੰਦਰ ਸਿੰਘ ਉਗਰਾਹਾ ਨੇ ਆਖਿਆ ਕਿ ਸਰਵਨ ਸਿੰਘ ਭੰਦੇਰ ਹੋਰਾਂ ਦੇ ਵੱਲੋਂ ਸਾਡੇ ਨਾਲ ਜੋ ਏਕਤਾ ਕਰਨ ਦੇ ਲਈ ਮੀਟਿੰਗਾਂ ਕੀਤੀਆਂ ਗਈਆਂ ਸਨ, ਉਹਨਾਂ ਦੇ ਵਿੱਚ ਜਿਆਦਾਤਰ 13 ਫਰਵਰੀ ਦੇ ਦਿੱਲੀ ਕੂਚ ਨੂੰ ਹਮਾਇਤ ਦੇਣ ਦੀ ਹੀ ਗੱਲ ਕੀਤੀ ਜਾ ਰਹੀ ਸੀ। ਉਹਨਾਂ ਅੱਗੇ ਆਖਿਆ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਅਤੇ ਉਨਾਂ ਦੀ ਜਥੇਬੰਦੀ ਦੇ ਆਗੂ ਕਾਕਾ ਸਿੰਘ ਕੋਟੜਾ ਨਾਲ ਫੋਨ ਉੱਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਹਨਾਂ ਦੇ ਵੱਲੋਂ ਸਾਡੇ ਨਾਲ ਗੱਲ ਨਹੀਂ ਕੀਤੀ ਗਈ। ਉਗਰਾਹਾਂ ਨੇ ਕਿਹਾ ਕਿ ਅਸੀਂ ਐੱਸ.ਕੇ.ਐੱਮ. ਦੇ ਵਿੱਚ ਰਹਿੰਦਿਆਂ ਹੋਇਆਂ ਦੋ ਫੋਰਮਾਂ ਦੇ ਵਿੱਚ ਨਹੀਂ ਵਿਚਰ ਸਕਦੇ।
28 ਨੂੰ ਸ਼ੁਭਕਰਨ ਦੇ ਕਾਤਲਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ਼:-
28 ਫਰਵਰੀ ਦੀ ਰਾਤ ਦੇ 10:45 ‘ਤੇ ਸ਼ੁਭ ਕਰਨ ਸਿੰਘ ਦੇ ਕਤਲ ਮਾਮਲੇ ਵਿੱਚ ਜ਼ੀਰੋ ਐੱਫ.ਆਈ.ਆਰ. (ਨੰਬਰ 0041) ਦਰਜ਼ ਕੀਤੀ ਗਈ। ਪਟਿਆਲੇ ਜ਼ਿਲ੍ਹੇ ਵਿੱਚ ਪੈਂਦੇ ਪਾਤੜਾਂ ਥਾਣੇ ਵਿੱਚ ਪ੍ਰਿਤਪਾਲ ਸਿੰਘ ਦੇ ਕਾਤਲਾਂ ਖਿਲਾਫ਼ ਆਈ.ਪੀ.ਸੀ. (IPC) ਦੀ ਧਾਰਾ 302 ਅਤੇ 114 ਤਹਿਤ, ਜਿਸ ਵਿੱਚ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਸ਼ੁਭਕਰਨ ਸਿੰਘ ਦੇ ਪਿਤਾ ਚਰਨਜੀਤ ਸਿੰਘ ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ਼ ਕੀਤਾ ਗਿਆ।
ਸ਼ੁਭਕਰਨ ਸਿੰਘ ਦਾ ਪੋਸਟਮਾਰਟਮ:-
ਐੱਫ.ਆਈ.ਆਰ ਦਰਜ਼ ਕਰਨ ਤੋਂ ਬਾਅਦ ਦੇਰ ਰਾਤ ਹੀ ਸ਼ਹੀਦ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ। ਰਾਤ ਦੇ ਕਰੀਬ 11 ਵਜੇ ਸ਼ੁਭਕਰਨ ਸਿੰਘ ਦਾ ਪੋਸਟ ਮਾਰਟਮ ਹੋਇਆ। ਕਿਸਾਨ ਆਗੂਆਂ ਅਤੇ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਇਹ ਮੰਗ ਸੀ ਕਿ ਪੋਸਟ ਮਾਰਟਮ ਤੋਂ ਪਹਿਲਾਂ ਸ਼ੁਭਕਰਨ ਸਿੰਘ ਦੇ ਕਾਤਲਾਂ ਖ਼ਿਲਾਫ ਪਰਚਾ ਦਰਜ਼ ਕੀਤਾ ਜਾਵੇ। ਪਰਚਾ ਦਰਜ਼ ਹੋਣ ਤੋਂ ਬਾਅਦ ਬਹੁਤ ਜਲਦ ਸ਼ੁਭਕਰਨ ਸਿੰਘ ਦਾ ਪੋਸਟ ਮਾਰਟਮ ਹੋ ਗਿਆ।
29 ਫ਼ਰਵਰੀ
ਸ਼ੁਭਕਰਨ ਸਿੰਘ ਦੀ ਭੈਣ ਨੂੰ ਪੁਲਿਸ ਦੀ ਨੌਕਰੀ :-
ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਨਾਲ ਨਾਲ ਉਹਦੀ ਛੋਟੀ ਭੈਣ ਨੂੰ ਇੱਕ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਗਈ ਸੀ। ਪੰਜਾਬ ਸਰਕਾਰ ਨੇ 29 ਫਰਵਰੀ ਨੂੰ ਇਹ ਐਲਾਨ ਕੀਤਾ ਕਿ ਸ਼ੁਭਕਰਨ ਸਿੰਘ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿੱਤੀ ਜਾਵੇਗੀ। ਸ਼ੁਭਕਰਨ ਸਿੰਘ ਦੀ ਛੋਟੀ ਭੈਣ ਗੁਰਪ੍ਰੀਤ ਕੌਰ ਨੇ 12 ਜਮਾਤਾਂ ਦੀ ਪੜ੍ਹਾਈ ਕੀਤੀ ਹੈ। ਪੰਜਾਬ ਪੁਲਿਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਨੌਕਰੀ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਇੱਛਾ ਮੁਤਾਬਕ ਦਿੱਤੀ ਗਈ ਹੈ।
ਸ਼ੁਭਕਰਨ ਸਿੰਘ ਦੀ ਅੰਤਿਮ ਯਾਤਰਾ :-
29 ਫਰਵਰੀ ਦੀ ਸਵੇਰ ਨੂੰ ਰਜਿੰਦਰਾ ਹਸਪਤਾਲ ਪਟਿਆਲੇ ਤੋਂ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਕਿਸਾਨੀ ਝੰਡਿਆਂ ਵਿੱਚ ਲਪੇਟ ਕੇ ਪਹਿਲਾਂ ਖਨੌਰੀ ਬਾਰਡਰ ਲਜਾਇਆ ਗਿਆ। ਖਨੌਰੀ ਬਾਰਡਰ ਤੋਂ ਸ਼ੁਭਕਰਨ ਸਿੰਘ ਦੇ ਪਿੰਡ ਬੱਲੋ ਲਿਜਾਇਆ ਗਿਆ। ਜਿੱਥੇ ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਰਜਿੰਦਰਾ ਹਸਪਤਾਲ ਤੋਂ ਇਸ ਮੋਰਚੇ ਦੇ ਸਾਰੇ ਕਿਸਾਨ ਆਗੂਆਂ ਨੇ ਆਪਣੀਆਂ ਜਥੇਬੰਦੀਆਂ ਦੇ ਝੰਡੇ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ‘ਤੇ ਸਨਮਾਨ ਵੱਲੋਂ ਪਾਏ। ਸ਼ੁਭਕਰਨ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨਾਲ ਜੁੜਿਆ ਹੋਇਆ ਸੀ। ਪਰ ਹੁਣ ਉਹ ਸਭ ਦਾ ਸਾਂਝਾ ਬਣ ਚੁੱਕਾ ਸੀ। ਰਜਿੰਦਰਾ ਹਸਪਤਾਲ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦੇ ਨਾਲ ਤੁਰਿਆ। ਖਨੌਰੀ ਬਾਰਡਰ ‘ਤੇ ਹਰ ਕੋਈ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਦਾ ਇੰਤਜਾਰ ਕਰ ਰਿਹਾ ਸੀ। ਇਹ ਪਲ ਮੁਲਕ ਦੀ ਸਰਹੱਦ ਤੇ ਕੁਰਬਾਨ ਹੋਣ ਵਾਲੇ ਕਿਸੇ ਫੌਜੀ ਦੀ ਮ੍ਰਿਤਕ ਦੇਹ ਦੇ ਪਿੰਡ ਪਹੁੰਚਣ ਵਰਗੇ ਸਨ। ਹਰ ਕੋਈ ਸ਼ੁਭਕਰਨ ਸਿੰਘ ਦੀ ਇਕ ਝਲਕ ਦੇਖਣ ਲਈ ਖੜਾ ਸੀ। ਹੱਥ ਜੁੜੇ ਹੋਏ ਸਨ। ਮੂੰਹ ‘ਤੇ ਸਤਿਨਾਮ ਵਾਹਿਗੁਰੂ ਦਾ ਜਾਪ ਸੀ। ਦੁਪਹਿਰ 3 ਵਜੇ ਤੋਂ ਬਾਅਦ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਉਸਦੇ ਪਿੰਡ ਪੁੱਜੀ, ਜਿੱਥੇ ਪਰਿਵਾਰ ਅਤੇ ਪਿੰਡ ਵਾਲਿਆਂ ਵੱਲੋਂ ਉਸਦੀਆਂ ਆਖਰੀ ਰਸਮਾਂ ਅਦਾ ਕੀਤੀਆਂ ਗਈਆਂ।
ਭਰਾ ਦੀ ਲਾਸ਼ ਨਾਲ ਵਿਆਹ ਦੇ ਸ਼ਗਨ :-
ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨਾਲ ਉਸਦੀਆਂ ਭੈਣਾ ਨੇ ਉਸਦੇ ਵਿਆਹ ਵੇਲੇ ਕੀਤੇ ਜਾਣ ਵਾਲੀਆਂ ਰਸਮਾਂ ਅਦਾ ਕੀਤੀਆਂ। ਜਿਸ ਘਰ ਵਿੱਚ ਕਦੇ ਸ਼ਗਨ ਦੇ ਗੀਤ ਗਾਏ ਜਾਣੇ ਸਨ। ਅੱਜ ਉੱਥੇ ਵੈਣ ਪੈ ਰਹੇ ਸਨ। ਸ਼ੁਭਕਰਨ ਸਿੰਘ ਦੀਆਂ ਭੈਣਾਂ ਨੇ ਭਰਾ ਦੀ ਲਾਸ਼ ਨੂੰ ਰੋਂਦੇ ਹੋਏ ਸਿਹਰਾ ਸਜਾਇਆ, ਜਿਹੜਾ ਸਿਹਰਾ ਚਾਵਾਂ ਨਾਲ ਸਜਾਇਆ ਜਾਣਾ ਸੀ।
ਸ਼ੁਭਕਰਨ ਸਿੰਘ ਦਾ ਸੰਸਕਾਰ :-
ਦੁਪਹਿਰ 3 ਵਜੇ ਦੇ ਕਰੀਬ ਸ਼ੁਭਕਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਅੰਤਿਮ ਦਰਸ਼ਨਾਂ ਲਈ ਘਰ ਲਿਆਂਦਾ ਗਿਆ। ਘਰ ਵਿੱਚ ਉਸਦੀਆਂ ਅੰਤਿਮ ਰਸਮਾਂ ਕੀਤੀ ਗਈਆਂ। ਸ਼ੁਭਕਰਨ ਸਿੰਘ ਦਾ ਅੰਤਿਮ ਸੰਸਕਾਰ ਉਸੇ ਥਾਂ ਦੇ ਉੱਤੇ ਕੀਤਾ ਗਿਆ ਜਿਹੜੀ ਕਿ ਉਸਦੇ ਪਿੰਡ ਵਾਲਿਆਂ ਵੱਲੋਂ ਉਸਦੀ ਯਾਦਗਾਰ ਦੇ ਲਈ ਰੱਖੀ ਗਈ ਸੀ।
ਦਿੱਲੀ ਕੂਚ ਦਾ ਐਲਾਨ ਮੁਲਤਵੀ :-
ਕਿਸਾਨ ਆਗੂਆਂ ਦੀ ਬਣਾਈ ਰਣਨੀਤੀ ਅਨੁਸਾਰ ਕਿਸਾਨ ਆਗੂਆਂ ਦੇ ਵੱਲੋਂ 29 ਫ਼ਰਵਰੀ ਨੂੰ ਦਿੱਲੀ ਵਧਣ ਦੇ ਲਈ ਐਲਾਨ ਕੀਤਾ ਜਾਣਾ ਸੀ। ਪਰ 28 ਤਰੀਕ ਨੂੰ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਪਰਚਾ ਦਰਜ ਕਰਨ ਤੋਂ ਬਾਅਦ 29 ਤਰੀਕ ਨੂੰ ਸ਼ੁਭਕਰਨ ਸਿੰਘ ਦਾ ਸੰਸਕਾਰ ਕੀਤਾ ਗਿਆ ਜਿਸ ਦੇ ਚਲਦਿਆਂ ਕਿਸਾਨ ਆਗੂਆਂ ਦੇ ਵੱਲੋਂ ਦਿੱਲੀ ਕੂਚ ਦੇ ਐਲਾਨ ਨੂੰ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਸ਼ੁਭਕਰਨ ਸਿੰਘ ਦੇ ਭੋਗ ਉੱਤੇ ਦਿੱਲੀ ਕੂਚ ਦਾ ਅਤੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
Related Topics: Delhi Chalo, Delhi Chalo March, Farmer Protest 2.0, Haryana Police, Kisani Andolan, Mandeep Singh, MSP for Agriculture Crops, Narendra Modi, Shambu Border, Shubkaran Singh