November 12, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੀਆਂ ਤੀਹ ਕਿਸਾਨ ਯੂਨੀਅਨਾਂ ਵੱਲੋਂ ਕਿਸਾਨ ਭਵਨ ਚੰਡੀਗੜ੍ਹ ਵਿਖੇ ਸਾਂਝੀ-ਮੀਟਿੰਗ ਦੌਰਾਨ ਇੰਡੀਆ ਦੀ ਕੇਂਦਰ ਸਰਕਾਰ ਦੇ ਗੱਲਬਾਤ ਦੇ ਸੱਦੇ ਉੱਤੇ ਗੱਲਬਾਤ ਲਈ ਦਿੱਲੀ ਜਾਣ ਦਾ ਫੈਸਲਾ ਕੀਤਾ ਗਿਆ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੌਰਾਨ ਕਰੀਬ 5 ਘੰਟੇ ਲੰਬੀ ਚਰਚਾ ਹੋਈ।
ਦਿੱਲੀ ਤੀਹਾਂ ਯੂਨੀਅਨਾਂ ਦੇ ਆਗੂ ਜਾਣਗੇ ਪਰ ਗੱਲਬਾਤ ਲਈ 3 ਆਗੂ ਚੁਣੇ:
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਸ. ਬੂਟਾ ਸਿੰਘ ਬੁਰਜ਼ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਵਿਖੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੀਟਿੰਗ ਲਈ ਤਿੰਨ ਬੁਲਾਰੇ- ਡਾ. ਦਰਸ਼ਨਪਾਲ, ਬਲਬੀਰ ਸਿੰਘ ਰਾਜੇਵਾਲ ਅਤੇ ਕੁਲਵੰਤ ਸਿੰਘ ਸੰਧੂ ਤੈਅ ਕੀਤੇ ਗਏ ਹਨ, ਜਦੋਂਕਿ ਮੀਟਿੰਗ ਦੌਰਾਨ ਸਾਰੀਆਂ 30 ਕਿਸਾਨ-ਜਥੇਬੰਦੀਆਂ ਦੀ ਸ਼ਮੂਲੀਅਤ ਹੋਵੇਗੀ।
ਇੰਡੀਆ ਪੱਧਰ ਦੀਆਂ ਜਥੇਬੰਦੀਆਂ ਦੇ ਦਿੱਲੀ ਚੱਲੋ ਦੇ ਸੱਦੇ ਦੀ ਵੀ ਪ੍ਰੋਰੜਤਾ:
ਸ. ਬੂਟਾ ਸਿੰਘ ਬੁਰਜ਼ਗਿੱਲ ਨੇ ਦੱਸਿਆ ਕਿ ਕਿਸਾਨ-ਜਥੇਬੰਦੀਆਂ ਨੇ ਇੰਡੀਆ-ਭਰ ਦੀਆਂ ਕਰੀਬ 500 ਜਥੇਬੰਦੀਆਂ ਦੀ ਅਗਵਾਈ ‘ਚ 26-27 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਦਿੱਤੇ ਦਿੱਲੀ-ਚੱਲੋ ਦੇ ਸੱਦੇ ‘ਤੇ ਵੀ ਤਿਆਰੀਆਂ ਦਾ ਸਮੀਖਿਆ ਕੀਤੀ ਅਤੇ ਟਰੈਕਟਰ-ਟਰਾਲੀਆਂ ਦੇ ਵੱਡੇ ਕਾਫ਼ਲਿਆਂ ਨਾਲ ਲੱਖਾਂ ਦੀ ਗਿਣਤੀ ‘ਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ।
ਦਿੱਲੀ ਪੁਲਿਸ ਵੱਲੋਂ ਮਨਾਹੀ ਦੀ ਨਿਖੇਧੀ:
ਸਾਰੀਆਂ ਜਥੇਬੰਦੀਆਂ ਨੇ ਦਿੱਲੀ-ਪੁਲਿਸ ਵੱਲੋਂ ਕਿਸਾਨਾਂ ਦੇ ਇਕੱਠ ਸਬੰਧੀ ਕਰੋਨਾ ਦਾ ਹਵਾਲਾ ਦਿੰਦਿਆਂ ਪਾਬੰਦੀਆਂ ਮੜ੍ਹਨ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਬਿਹਾਰ ਚੋਣਾਂ ਵੇਲ਼ੇ ਭਾਜਪਾ ਵੱਡੀਆਂ-ਵੱਡੀਆਂ ਰੈਲੀਆਂ ਕੀਤੀਆਂ ਗਈਆਂ, ਪਰ ਹੁਣ ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਪਾਬੰਦੀਆਂ ਮੜ੍ਹੀਆਂ ਜਾ ਰਹੀਆਂ ਹਨ। ਪਰ ਇੰਡੀਆ ਦੇ ਕਿਸਾਨ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦਾ ਮੂੰਹ ਤੋੜ ਜਵਾਬ ਦੇਣਗੇ।
ਦਿਵਾਲੀ ਉੱਤੇ ਕੀ ਕਰਨਗੇ ਕਿਸਾਨ?
ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਦੀਵਾਲੀ ਮੌਕੇ ਵੀ ਕਿਸਾਨ ਪੱਕੇ-ਮੋਰਚਿਆਂ ‘ਤੇ ਡਟੇ ਰਹਿਣਗੇ, ਮੋਰਚਿਆਂ ‘ਤੇ ਮਸ਼ਾਲਾਂ ਜਗਾਉਂਦਿਆਂ, ਦੀਵਾਲੀ ਮਨਾਉਂਦਿਆਂ ਘੋਲ ਨੂੰ ਚੜ੍ਹਦੀਕਲਾ ‘ਚ ਰੱਖਿਆ ਜਾਵੇਗਾ।
ਗੰਨੇ ਦੇ ਬਕਾਏ ਅਦਾ ਕਰਨ ਦੀ ਮੰਗ ਕੀਤੀ:
ਕਿਸਾਨ-ਜਥੇਬੰਦੀਆਂ ਨੇ ਪੰਜਾਬ-ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਤੁਰੰਤ ਜਾਰੀ ਕਰਵਾਈ ਜਾਵੇ ਅਤੇ ਰੇਟ ਘੱਟੋ-ਘੱਟ 350 ਰੁਪਏ ਤੈਅ ਹੋਵੇ।
ਜੇਲ੍ਹਾਂ ਵਿੱਚ ਨਜ਼ਰਬੰਦ ਬੁੱਧੀਜੀਵੀ ਰਿਹਾਅ ਹੋਣ:
ਜਥੇਬੰਦੀਆਂ ਨੇ ਮੰਗ ਕੀਤੀ ਕਿ ਜੇਲ੍ਹਾਂ ‘ਚ ਨਜ਼ਬੰਦ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਸਰਕਾਰ ਆਲੋਚਕਾਂ ਦੀਆਂ ਆਵਾਜ਼ਾਂ ਨੂੰ ਦਬਾਉਣਾ ਬੰਦ ਕਰੇ।
ਅਗਲੀ ਇਕੱਤਰਤਾ 18 ਤਰੀਕ ਨੂੰ:
ਜਥੇਬੰਦੀਆਂ ਦੀ ਅਗਲੀ ਮੀਟਿੰਗ 18 ਨਵੰਬਰ ਨੂੰ ਮੁੜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਹੋਵੇਗੀ।
ਰਾਜਨਾਥ ਦੇ ਘਰ ਮੀਟਿੰਗ ਵਾਲੀ ਗੱਲ ਬਾਰੇ ਸਾਨੂੰ ਨਹੀਂ ਪਤਾ: ਕਿਸਾਨ ਆਗੂ
ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਉੱਤੇ ਕਿ ਕੀ ਭਲਕ ਵਾਲੀ ਗਲੱਬਾਤ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਘਰ ਹੋਣੀ ਹੈ ਬਾਰੇ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਸੱਦਾ ਸਿਰਫ ਖੇਤੀਬਾੜੀ ਮੰਤਰੀ ਅਤੇ ਰੇਲ ਮੰਤਰੀ ਵੱਲੋਂ ਆਇਆ ਹੈ। ਉਹਨਾਂ ਕਿਹਾ ਕਿ ਰਾਜਨਾਥ ਸਿੰਘ ਦੇ ਘਰ ਮੀਟਿੰਗ ਵਾਲੀ ਗੱਲ ਉਨ੍ਹਾਂ ਸਿਰਫ ਖਬਰਾਂ ਵਿੱਚ ਹੀ ਪੜ੍ਹੀ ਸੀ ਤੇ ਇਸ ਤੋਂ ਵੱਧ ਉਨ੍ਹਾਂ ਨੂੰ ਨਹੀਂ ਪਤਾ।
Related Topics: Indian Politics, Indian State, Punjab Politics