May 18, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਪੰਜਾਬ ਦੇ 150 ਬਲਾਕਾਂ ਵਿੱਚੋਂ ਸਿਰਫ਼ 18 ਬਲਾਕ ਹੀ ਪਾਣੀ ਦੀ ਨਿਕਾਸੀ ਦੇ ਸੁਰੱਖਿਅਤ ਜੋਨ ਵਿੱਚ ਆਉਂਦੇ ਹਨ 132 ਬਲਾਕਾਂ ਵਿੱਚੋਂ ਸਲਾਨਾ ਰੀਚਾਰਜ਼ ਦਾ 100 ਫੀਸਦੀ ਤੋਂ ਵੱਧ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ ।
ਸਾਲ 2017 ਦੇ ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੀ ਧਰਤੀ ਹੇਠਾਂ 1000 ਫੁੱਟ ਦੀ ਡੂੰਘਾਈ ਤੱਕ ਤਿੰਨ ਪੱਤਣਾਂ ਵਿੱਚ 2600 ਲੱਖ ਏਕੜ ਫੁੱਟ ਪਾਣੀ ਹੀ ਬਚਿਆ ਹੈ ਜਿਸ ਵਿਚੋਂ ਹਰ ਸਾਲ ਧਰਤੀ ਹੇਠੋਂ 290 ਲੱਖ ਏਕੜ ਫੁੱਟ ਪਾਣੀ ਕੱਢਿਆ ਜਾਂਦਾ ਹੈ ਅਤੇ 175 ਲੱਖ ਏਕੜ ਫੁੱਟ ਪਾਣੀ ਧਰਤੀ ਹੇਠਾਂ ਰਿਸ ਕੇ ਜਾਂਦਾ ਹੈ ਇਸ ਤਰ੍ਹਾਂ ਹਰ ਸਾਲ115 ਲੱਖ ਏਕੜ ਫੁੱਟ ਪਾਣੀ ਧਰਤੀ ਹੇਠਾਂ ਘਟ ਜਾਂਦਾ ਹੈ ਇਸ ਹਿਸਾਬ ਨਾਲ ਧਰਤੀ ਹੇਠਲਾ ਪਾਣੀ 16-17 ਸਾਲਾਂ ਵਿੱਚ ਖਤਮ ਹੋ ਜਾਣ ਦਾ ਖਦਸ਼ਾ ਹੈ ।
ਜਿਕਰਯੋਗ ਹੈ ਕੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਧਰਤੀ ਹੇਠਲੇ ਪਾਣੀ ਦੇ ਵੱਧ ਡੂੰਘੇ ਹੋਣ ਦੀ ਸਮਸਿਆਂ ਆ ਚੁੱਕੀ ਹੈ ਜ਼ਿਲੇ ਦੇ ਚਾਰ ਬਲਾਕ ਰੈੱਡ ਜੋਨ ਘੋਸ਼ਿਤ ਕੀਤੇ ਗਏ ਹਨ ।
ਗੜ੍ਹਸ਼ੰਕਰ ਬਲਾਕ ਵਿੱਚੋਂ ਸਭ ਤੋਂ ਵੱਧ ਪਾਣੀ ਧਰਤੀ ਹੇਠੋਂ 164% ਕੱਢਿਆ ਜਾਂਦਾ ਹੈ, ਹੁਸ਼ਿਆਰਪੁਰ-1 ਬਲਾਕ ਵਿੱਚੋਂ 141%, ਟਾਂਡਾ ਬਲਾਕ ਵਿੱਚੋਂ 137% ਅਤੇ(ਦਸੂਹਾ ਬਲਾਕ ਦੇ ਦੋ ਪਿੰਡਾਂ ਬਡਲਾ ਅਤੇ ਮੌਲ੍ਹੀ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਪਾਇਆ ਗਿਆ ਹੈ ਜਿਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ) ਦਸੂਹਾ ਬਲਾਕ ਵਿੱਚੋਂ 116% ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ ਹੈ ਜਿਸ ਕਾਰਨ ਸਾਡਾ ਇਲਾਕਾ ਸੋਕੇ ਦੀ ਮਾਰ ਝੱਲ ਰਿਹਾ ਹੈ ।
ਸਾਡੇ ਲਈ ਸਿਤਮ ਦੀ ਗੱਲ ਇਹ ਹੈ ਕਿ ਨਹਿਰੀ ਪਾਣੀ ਸਾਨੂੰ ਮਿਲ ਨਹੀਂ ਰਿਹਾ ਅਤੇ ਸਾਡੇ ਇਲਾਕੇ ਵਿੱਚ ਵਗਣ ਵਾਲੇ ਚੋਅ ਵੀ ਬੰਦ ਹੋ ਚੁੱਕੇ ਹਨ ਜੋ ਕਿ ਕੂੜੇ ਅਤੇ ਗੰਦਗੀ ਦੇ ਭੰਡਾਰ ਬਣ ਗਏ ਹਨ ਕਿਉਂਕਿ ਕੰਢੀ ਤੋਂ ਉੱਪਰ ਛੋਟੇ ਛੋਟੇ ਡੈਮ ਬਣਾ ਕੇ ਸਾਰਾ ਪਾਣੀ ਉਨ੍ਹਾਂ ਵਿੱਚ ਡੱਕ ਲਿਆ ਗਿਆ ਹੈ ਜਿਸ ਦਾ ਸਰਕਾਰ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ ਪਰ ਸਾਡੇ ਇਲਾਕੇ ਦੇ ਕਿਰਸਾਨੀ ਖ਼ੇਤਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਪਹਿਲਾਂ ਜਦੋਂ ਚੋਅ ਵਗਦੇ ਹੁੰਦੇ ਸੀ ਤਾਂ ਸਾਰੀ ਗੰਦਗੀ ਰੋੜ ਕੇ ਲੈ ਜਾਂਦੇ ਸਨ ਅਤੇ ਸਾਡੇ ਇਲਾਕੇ ਦੇ ਲੋਕਾਂ ਨੂੰ ਸਾਫ਼ ਸੁਥਰੀ ਸਸਤੀ ਅਤੇ ਵਧੀਆ ਰੇਤਾ ਪ੍ਰਦਾਨ ਕਰਦੇ ਸਨ ।
ਮਿਸਲ ਪੰਜ-ਆਬ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੇ ਇਲਾਕੇ ਦੇ ਚੋਆਂ ਵਿੱਚ ਆਰਜ਼ੀ ਤੌਰ ਤੇ ਪਾਣੀ ਛੱਡਿਆ ਜਾਵੇ ਅਤੇ ਨਹਿਰੀ ਢਾਂਚਾ ਨਵਿਆਂ ਕੇ ( ਪਾਈਪ ਲਾਈਨਾਂ ਰਾਹੀਂ) ਸਾਡੇ ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੇਤਾਂ ਦੀ ਸਿੰਚਾਈ ਲਈ ਅਤੇ ਪੀਣ ਵਾਸਤੇ ਸਾਫ ਸੁਥਰਾ ਪਾਣੀ ਜਲਦ ਤੋਂ ਜਲਦ ਮਹੁੱਈਆ ਕਰਵਾਇਆ ਜਾਵੇ ।
ਮਿਸਲ ਪੰਜ-ਆਬ ਨੇ ਨੋਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਇਹ ਸਾਰੇ ਹਾਲਾਤ ਸਾਡੇ ਸਾਹਮਣੇ ਹਨ ਆਪਣੇ ਲਈ ਇਹ ਜਾਗਣ ਦਾ ਵੇਲਾ ਹੈ ਆਓ ਆਪਣੇ ਇਲਾਕੇ ਵਾਸਤੇ ਨਹਿਰੀ ਪਾਣੀ ਦੀ ਮੰਗ ਕਰੀਏ ਤਕਰੀਬਨ 100 ਤੋਂ ਵੱਧ ਪੰਚਾਇਤਾਂ ਵੱਲੋਂ ਨਹਿਰੀ ਪਾਣੀ ਦੇ ਹੱਕ ਵਿੱਚ ਮਤੇ ਪਾਏ ਜਾ ਚੁੱਕੇ ਹਨ ਜਿਨ੍ਹਾਂ ਪੰਚਾਇਤਾਂ ਨੇ ਹਾਲੇ ਤੱਕ ਮਤੇ ਨਹੀਂ ਪਾਏ ਉਨ੍ਹਾਂ ਪੰਚ, ਸਰਪੰਚ ਸਹਿਬਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਮੁਹਿੰਮ ਤੁਹਾਡੀ ਹੈ ਤੁਸੀਂ ਇਸ ਮੁਹਿੰਮ ਦਾ ਹਿੱਸਾ ਜਰੂਰ ਬਣੋਂ ਅਤੇ ਆਪੋ-ਆਪਣੇ ਪਿੰਡਾਂ ਵਿੱਚ ਨਹਿਰੀ ਪਾਣੀ ਦੀ ਮੰਗ ਦੇ ਹੱਕ ਵਿੱਚ ਮਤੇ ਪਾ ਕੇ ਮਿਸਲ ਪੰਜ-ਆਬ ਦਾ ਸਾਥ ਦਿਓ ਤਾਂ ਜੋ ਆਪਣੇ ਹਿੱਸੇ ਦਾ ਨਹਿਰੀ ਪਾਣੀ ਪ੍ਰਾਪਤ ਕਰ ਸਕੀਏ ।
Related Topics: Misal Panj-Aab, Punjab Water Crisis