December 6, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (5 ਦਸੰਬਰ, 2015): ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਕੰਮ ਆਰੰਭ ਹੋ ਗਿਆ ਹੈ।ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਨੇੜੇ ਰਕਾਬ ਗੰਜ ਸੜਕ ਵੱਲ ਤੇ ਦਫ਼ਤਰ ਦੇ ਵਿਚਕਾਰੀ ਥਾਂ ਉਪਰ ਇਹ ਯਾਦਗਾਰ ਉਸਾਰੀ ਜਾਣੀ ਹੈ।
ਇਸ ਤੋਂ ਪਹਿਲਾਂ ਦਿੱਲੀ ਨਗਰ ਨਿਗਮ ਦੇ ਤਤਕਾਲੀ ਕੌਂਸਲਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬੀ ਬਾਗ਼ ਵਿੱਚ ਸ੍ਰੀਮਤੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਵੇਲੇ ਇਕ ਪਾਰਕ ਦਾ ਨਾਮਕਰਨ 1984 ਦੇ ਸ਼ਹੀਦਾਂ ਦੇ ਨਾਂ ’ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਤਤਕਾਲੀ ਸੂਬਾ ਸਰਕਾਰ ਨੇ ਸਿਰੇ ਨਹੀਂ ਚੜ੍ਹਨ ਦਿੱਤਾ ਸੀ।
ਕਮੇਟੀ ਸੂਤਰਾਂ ਮੁਤਾਬਕ ਇਸ ਯਾਦਗਾਰ ਉਪਰ ਕੋਈ ਛੱਤ ਨਹੀਂ ਪਾਈ ਜਾ ਰਹੀ ਤੇ ਦਿੱਲੀ ਵਿੱਚ ਮਾਰੇ ਗਏ ਸਿੱਖਾਂ ਦੇ ਨਾਂ ਇਸ ਯਾਦਗਾਰ ਵਿੱਚ ਉੱਕਰੇ ਜਾਣਗੇ ਤੇ ਇਸ ਦੀ ਦਿੱਖ ਇੱਕ ਕੰਧ ਵਾਂਗ ਹੋਵੇਗੀ ਤੇ ਆਲਾ-ਦੁਆਲਾ ਉਸੇ ਰੂਪ ਵਿੱਚ ਤਿਆਰ ਕੀਤਾ ਜਾਵੇਗਾ ਤਾਂ ਜੋ ਇੱਥੇ ਆਉਣ ਵਾਲੇ ਲੋਕ ਇਸ ਕਾਂਡ ਬਾਰੇ ਸਾਰੀ ਜਾਣਕਾਰੀ ਲੈ ਸਕਣ।
ਸੂਤਰਾਂ ਮੁਤਾਬਕ ਇਸ ਯਾਦਗਾਰ ਦੇ ਡਿਜ਼ਾਈਨ ਲਈ ਕਈ ਖਾਕਾਕਾਰਾਂ ਦੀ ਮਦਦ ਲਈ ਗਈ ਹੈ ਤੇ ਉੱਚ ਪੱਧਰੀ ਬੈਠਕਾਂ ਦਾ ਦੌਰ ਪਿਛਲੇ ਦਿਨੀਂ ਦਿੱਲੀ ਕਮੇਟੀ ਵਿੱਚ ਚੱਲਿਆ ਸੀ ਤੇ ਅਖ਼ੀਰ ਇਸ ਦੀ ਰੂਪ-ਰੇਖਾ ਤਿਆਰ ਕਰ ਕੇ ਹੁਣ ਉਸਾਰੀ ਆਰੰਭ ਕੀਤੀ ਗਈ ਹੈ। ਇਸ ਯਾਦਗਾਰ ਦਾ ਨੀਂਹ ਪੱਥਰ ਪੰਜ ਸਿੰਘ ਸਾਹਿਬਾਨ ਵੱਲੋਂ ਰੱਖਿਆ ਗਿਆ ਸੀ।
Related Topics: Delhi Sikh massacre 1984, DSGMC, ਸਿੱਖ ਨਸਲਕੁਸ਼ੀ 1984 (Sikh Genocide 1984)