April 29, 2015 | By ਕੰਵਰਪਾਲ ਸਿੰਘ, ਦਲ ਖ਼ਾਲਸਾ
ਦਲ ਖ਼ਾਲਸਾ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 547 ਪ੍ਰਕਾਸ਼ਿਤ ਕੀਤਾ ਗਿਆ ਤਾਂ ਉਸ ਵਿੱਚ ਸਿੱਖਾਂ ਦੇ ਅਹਿਮ ਦਿਹਾੜਿਆਂ ਵਿੱਚ 29 ਅਪਰੈਲ 1986 ਦਾ ਜ਼ਿਕਰ ਵੀ ਸੀ ਜਿਸ ਦਿਨ ਅਕਾਲ ਤਖਤ ਸਾਹਿਬ ਤੋਂ ਪੰਜ ਮੈਂਬਰੀ ਪੰਥਕ ਕਮੇਟੀ ਨੇ ਖ਼ਾਲਿਸਤਾਨ ਦੀ ਸਿਰਜਣਾ ਲਈ ਸੰਘਰਸ਼ ਦਾ ਐਲਾਨ ਕੀਤਾ ਸੀ।
ਇਸ ਐਲਾਨ-ਨਾਮੇ ਦੀ ਅੱਜ ਕਿਨੀ ਕੁ ਅਹਿਮੀਅਤ ਹੈ ਜਾਂ ਇਹ ਐਲਾਨਨਾਮਾ ਬਦਲੇ ਹੋਏ ਹਾਲਾਤਾਂ ਵਿੱਚ ਕਿਨੀ ਕੁ ਮਹਤੱਤਾ ਰੱਖਦਾ ਹੈ ਇਸ ਬਾਰੇ ਅੱਜ ਇਸ ਐਲਾਨਨਾਮੇ ਦੀ 29ਵੀਂ ਵਰੇਗੰਢ ਮੌਕੇ ਅਸੀਂ ਵਿਚਾਰ ਕਰ ਰਹੇ ਹਾਂ।
29 ਵਰ੍ਹੇ ਪਹਿਲਾਂ ਅੱਜ ਦੇ ਦਿਨ ਅਕਾਲ ਤਖਤ ਸਾਹਿਬ ਤੋਂ, ਦਮਦਮੀ ਟਕਸਾਲ ਵਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ ਖ਼ਾਲਿਸਤਾਨ ਦਾ ਐਲਾਨ-ਨਾਮਾ ਪੜਿਆ ਸੀ। ਇਸ ਤੋਂ ਪਹਿਲਾਂ ਵੱਖ-ਵੱਖ ਸਮਿਆ ਵਿੱਚ ਡਾ ਜਗਜੀਤ ਸਿੰਘ ਚੌਹਾਨ, ਦਲ ਖ਼ਾਲਸਾ ਅਤੇ ਬੱਬਰ ਖ਼ਾਲਸਾ, ਖ਼ਾਲਿਸਤਾਨ ਦੀ ਸਿਰਜਣਾ ਦਾ ਐਲਾਨ ਆਪੋ-ਆਪਣੇ ਤੌਰ ਉਤੇ ਕਰ ਚੁੱਕੇ ਸਨ। ਸ਼ਹੀਦ ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਨੇ ਭਾਂਵੇ ਸਿੱਧੇ ਰੂਪ ਵਿੱਚ ਖਾਲਿਸਤਾਨ ਨੂੰ ਆਪਣਾ ਨਿਸ਼ਾਨਾ ਨਹੀਂ ਐਲਾਨਿਆ ਸੀ ਪਰ ਉਹਨਾਂ ਵਲੋਂ ਵਿਢੇ ਧਰਮ ਯੁੱਧ ਮੋਰਚੇ ਦਾ ਰਾਹ ਖਾਲਿਸਤਾਨ ਵੱਲ ਨੂੰ ਹੀ ਜਾਂਦਾ ਸੀ। ਉਹਨਾਂ ਦੇ ਬੋਲਾਂ ਵਿੱਚ ਕੌਮ ਦੀ ਆਜ਼ਾਦੀ ਅਥਵਾ ਖ਼ਾਲਿਸਤਾਨ ਦੀ ਝਲਕ ਸਾਫ ਦਿਸਦੀ ਸੀ, ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਪੈਰੋਕਾਰ ਅੱਜ ਉਹਨਾਂ ਦੇ ਬੋਲਾਂ ਦੇ ਵੱਖੋ-ਵੱਖ ਅਤੇ ਮਨ-ਭਾਂਉਂਦੇ ਅਰਥ ਕੱਢ ਰਹੇ ਹਨ।
ਇਹ ਸੱਚਾਈ ਹੈ ਕਿ ਕੌਮੀ ਰੂਪ ਵਿੱਚ ਦਮਦਮੀ ਟਕਸਾਲ ਵਲੋਂ ਸੱਦੇ ਗਏ ਸਰੱਬਤ ਖ਼ਾਲਸਾ ਰਾਂਹੀ ਚੁਣੀ ਗਈ ਪੰਥਕ ਕਮੇਟੀ ਵਲੋਂ ਅਕਾਲ ਤਖਤ ਸਾਹਿਬ ਤੋਂ 29 ਅਪਰੈਲ 1986 ਨੂੰ ਕੀਤਾ ਗਿਆ ਖ਼ਾਲਿਸਤਾਨ ਦਾ ਐਲਾਨਨਾਮਾ ਸਿੱਖਾਂ ਲਈ ਇਸ ਪੱਖ ਤੋਂ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿ ਇਸ ਐਲਾਨਨਾਮੇ ਤੋਂ ਬਾਅਦ ਸਿੱਖ ਸੰਘਰਸ਼ ਦਾ ਨਿਸ਼ਾਨਾ ਵਧੇਰੇ ਰੂਪ ਵਿੱਚ ਸਪਸ਼ਟ ਹੋ ਕੇ ਉਭਰਿਆ।
ਸਿੱਖ ਆਜ਼ਾਦੀ ਸੰਘਰਸ਼ ਵਿੱਚ ਆਏ ਉਤਰਾਅ ਅਤੇ ਸਿੱਖ ਮਾਨਸਿਕਤਾ ਵਿੱਚ ਆਏ ਬਦਲਾਅ ਨੇ 29 ਸਾਲਾਂ ਵਿੱਚ ਹੀ 29 ਅਪ੍ਰੈਲ ਦੀ ਯਾਦ ਧੁੰਦਲੀ ਕਿਵੇਂ ਪਾ ਦਿੱਤੀ ਹੈ, ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ। ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰਨਾਂ ਮੁਲਕਾਂ ਵਿੱਚ ਖ਼ਾਲਿਸਤਾਨੀ ਸੋਚ ਦੇ ਭਾਰੂ ਹੋਣ ਅਤੇ ਪੰਜਾਬ ਵਿੱਚ ਦਿਖਦੇ ਰੂਪ ਵਿੱਚ ਇਸ ਸੋਚ ਦਾ ਮੱਧਮ ਪੈਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ।
ਕੀ ਪੰਜਾਬ ਅੰਦਰ ਖਾਲਸਾਈ ਪਰਚਮ ਲਹਿਰਉਣ ਵਾਲੀ ਸਿੱਖ ਸੋਚ ਅਤੇ ਭਾਵਨਾ ਦਮ ਤੋੜ ਰਹੀ ਹੈ? ਪੰਜਾਬ ਜੋ ਖ਼ਾਲਸੇ ਦੀ ਕਰਮਭੂਮੀ ਹੈ, ਉਸ ਥਾਂ ‘ਤੇ ਖਾਲਸੇ ਅੰਦਰ ਇਨ੍ਹੀ ਨਿਰਾਸ਼ਤਾ ਕਿਵੇਂ ਤੇ ਕਿਉਂ ਪਸਰ ਗਈ? ਕੀ ਕੇਵਲ ਸਰਕਾਰੀ-ਦਹਿਸ਼ਤਗਰਦੀ ਨੇ ਸਿੱਖ ਸੰਘਰਸ਼ ਦਾ ਲੱਕ ਤੋੜਿਆ ਹੈ ਜਾਂ ਕੁਝ ਹੋਰ ਵੀ ਕਾਰਨ ਹਨ ਜੋ ਸਾਡੀਆਂ ਆਪਣੀਆਂ ਕਮਜ਼ੋਰੀਆਂ ਅਤੇ ਗਲਤੀਆਂ ਵੱਲ ਇਸ਼ਾਰਾ ਕਰਦੇ ਹਨ? ਮੇਰੀ ਜਾਣਕਾਰੀ ਅਨੁਸਾਰ ਸਰਕਾਰੀ ਜ਼ੁਲਮ ਅਤੇ ਤਸ਼ਦਦ ਦਾ ਤਾਂ ਦੁਨੀਆਂ ਭਰ ਵਿੱਚ ਚਲੀਆਂ ਅਤੇ ਚੱਲ ਰਹੀਆਂ ਆਜ਼ਾਦੀ-ਪਸੰਦ ਲਹਿਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ, ਅਤੇ ਖਾਲਿਸਤਾਨ ਲਹਿਰ ਦੇ ਝੰਡਾ-ਬਰਦਾਰਾਂ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ।
ਅੱਜ ਦੀ ਸਾਡੀ ਤਸਵੀਰ ਇਹ ਹੈ ਕਿ ਦਮਦਮੀ ਟਕਸਾਲ ਨੇ ਜ਼ਾਹਿਰਾ ਰੂਪ ਵਿੱਚ ਆਪਣੇ ਆਪ ਨੂੰ ਇਸ ਨਿਸ਼ਾਨੇ ਤੋਂ ਕੋਹਾਂ ਦੂਰ ਕਰ ਲਿਆ ਹੈ। ਐਲਾਨ-ਨਾਮੇ ਉਤੇ ਦਸਤਖਤ ਕਰਨ ਵਾਲੀ ਪੰਜ ਮੈਂਬਰੀ ਪੰਥਕ ਕਮੇਟੀ ਦੇ 2 ਮੈਂਬਰ ਭਾਈ ਗੁਰਬਚਨ ਸਿੰਘ ਮਾਨੋਚਾਹਲ ਅਤੇ ਭਾਈ ਗੁਰਦੇਵ ਸਿੰਘ ਉਸਮਾਨਵਾਲਾ ਸ਼ੰਘਰਸ਼ ਦੌਰਾਨ ਜੂਝਦੇ ਸ਼ਹੀਦ ਹੋ ਗਏ।
ਤੀਜੇ ਮੈਂਬਰ ਭਾਈ ਅਰੂੜ ਸਿੰਘ ਦੀ ਬਾਅਦ ਵਿੱਚ ਲੰਮੀ ਬਿਮਾਰੀ ਤੋਂ ਮੌਤ ਹੋ ਗਈ, ਚੌਥਾ ਮੈਂਬਰ ਭਾਈ ਧੰਨਾ ਸਿੰਘ ਅਮਰੀਕਾ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ ਅਤੇ ਪੰਜਵਾਂ ਗੁਰਦਾਸਪੁਰ ਜਿਲੇ ਨਾਲ ਸਬੰਧਤਿ ਭਾਈ ਵੱਸਣ ਸਿੰਘ ਜਫਰਵਾਲ ਅੱਜ ਉਸ ਨਵੇਂ ਬਣੇ ਅਕਾਲੀ ਦਲ ਦਾ ਸਰਗਰਮ ਮੈਂਬਰ ਹੈ ਜੋ ਭਾਰਤੀ ਮੁਖਧਾਰਾ ਵਿੱਚ ਆਪਣੀ ਥਾਂ ਬਨਾਉਣ ਹਿੱਤ ਬਾਰ-ਬਾਰ ਇਹ ਐਲਾਨ ਕਰਦਾ ਨਹੀਂ ਥਕਦਾ ਅਤੇ ਝਿਜਕਦਾ ਕਿ ਖਾਲਿਸਤਾਨ ਉਸ ਦਾ ਨਿਸ਼ਾਨਾ ਨਹੀਂ ਹੈ।
ਜਿਸ ਦਮਦਮੀ ਟਕਸਾਲ ਨੇ ਇਸ ਸੰਘਰਸ਼ ਦੀ ਆਰੰਭਤਾ ਕੀਤੀ, ਅੱਜ ਉਸ ਵਲੋਂ ਪਿੜ ਛੱਡਕੇ ਸਾਰੇ ਦ੍ਰਿਸ਼ ਤੋਂ ਲਾਂਭੇ ਹੋ ਜਾਣਾ, ਚੁੱਭ ਰਿਹਾ ਹੈ। ਇਸੇ ਲਈ 29 ਅਪਰੈਲ ਦਾ ਦਿਨ ਸਿੱਖ ਮਾਨਸਿਕਤਾ ਤੋਂ ਅਲੋਪ ਹੈ, ਕਿਉਕਿ ਇਸ ਦਿਨ ਦਾ ਟਕਸਾਲ ਨਾਲ ਗੂੜਾ ਰਿਸ਼ਤਾ ਹੈ। ਜਿਸ ਨੇ ਮਸ਼ਾਲ ਜੱਗਾ ਕੇ ਰੱਖਣੀ ਸੀ, ਉਹ ਹੀ ਜ਼ਿੰਮੇਵਾਰੀ ਤੋਂ ਮੁਨਕਰ ਹੈ। ਮੇਰੀ ਇਸ ਗੱਲ ਨੂੰ ਕੱਟਣ ਲਈ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਉਹਨਾਂ ਸਮਿਆ ਵਿੱਚ ਟਕਸਾਲ ਦਾ ਸਿਰਫ ਇੱਕ ਹਿੱਸਾ ਹੀ ਇਸ ਐਲਾਨਨਾਮੇ ਜਾਂ ਪੰਥਕ ਕਮੇਟੀ ਦੇ ਫੈਸਲੇ ਨਾਲ ਖੜਾ ਸੀ ਅਤੇ ਹੁਣ ਜਦੋਂ ਟਕਸਾਲ ਦੀ ਲੀਡਰਸ਼ਿਪ ਹੀ ਬਦਲ ਚੁੱਕੀ ਹੈ ਤਾਂ ਫਿਰ ਸੋਚ ਵਿੱਚ ਬਦਲਾਅ ਆਉਣਾ ਕੁਦਰਤੀ ਹੈ।
1984 ਦੇ ਘਲੂਘਾਰਿਆਂ ਅਤੇ 29 ਅਪਰੈਲ ਦੇ ਐਲਾਨਨਾਮੇ ਤੋਂ ਬਾਅਦ ਜੋ ਹਥਿਆਰਬੰਦ ਸੰਘਰਸ਼ ਲੜਿਆ ਗਿਆ, ਉਹ ਮੱਧਮ ਪੈ ਚੁੱਕਾ ਹੈ। ਸਿੱਖ ਜੁਝਾਰੂਵਾਦ ਦੀ ਸ਼ਕਤੀ ਅਤੇ ਸਮਰੱਥਾ ਨੂੰ ਭਾਰੀ ਸੱਟ ਵੱਜੀ ਹੈ। ਬਹੁਤ ਸਾਰੀਆਂ ਸੰਜੀਦਾ ਕੋਸ਼ਿਸ਼ਾਂ ਦੇ ਬਾਵਜੂਦ ਸੰਘਰਸ਼ ਦੁਬਾਰਾ ਆਪਣੇ ਜੋਬਨ ਤੇ ਨਹੀਂ ਆ ਰਿਹਾ। ਇੱਕਾ-ਦੁਕਾ ਸਿੱਖ-ਵਿਰੋਧੀ ਘਟਨਾਵਾਂ ਸਿੱਖ ਜਗਤ ਅੰਦਰ ਰੋਹ ਅਤੇ ਰੋਸ ਪੈਦਾ ਕਰਦੀਆਂ ਹਨ ਪਰ ਇੱਕ ਖਾਸ ਸਮੇ ਬਾਅਦ ਉਸ ਦਾ ਵੀ ਅਸਰ ਮੱਧਮ ਪੈ ਜਾਂਦਾ ਹੈ। ਅਜਿਹਾ ਕਿਉਂ?
ਪ੍ਰਮੁੱਖ ਰੂਪ ਵਿੱਚ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ ਅਤੇ ਜਥੇ: ਕੁਲਬੀਰ ਸਿੰਘ ਬੜਾਪਿੰਡ ਤੇ ਉਹਨਾਂ ਦੀ ਟੀਮ ਦੀਆਂ ਸਰਗਰਮੀਆਂ ਨੇ ਖਾਲਿਸਤਾਨ ਜਾਂ ਆਜ਼ਾਦੀ ਦੇ ਵਿਚਾਰ ਅਤੇ ਸੁਪਨੇ ਨੂੰ ਬਿਨਾਂ ਸ਼ੱਕ ਜਿਊਂਦਾ ਰਖਿਆ ਹੋਇਆ ਹੈ ਪਰ ਸੰਘਰਸ਼ ਖੜੋਤ ਵਿੱਚ ਹੈ ਅਤੇ ਇਹ ਖੜੋਤ ਇਹਨਾਂ ਸਾਰਿਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਟੁੱਟ ਨਹੀਂ ਰਹੀ, ਇਹ ਵੀ ਸੱਚ ਹੈ। ਗੱਲ ਕਾਨਫਰੰਸਾਂ, ਮਾਰਚਾਂ, ਸੈਮੀਨਾਰਾਂ ਅਤੇ ਨਾਅਰਿਆਂ ਤੋਂ ਅੱਗੇ ਨਹੀਂ ਤੁਰ ਪਾ ਰਹੀ, ਇਸ ਦਾ ਕਾਰਨ ਸ਼ਾਇਦ ਖਾਲਿਸਤਾਨੀ ਧਿਰਾਂ ਕੋਲ ਇੱਕ ਮਜ਼ਬੂਤ ਤੇ ਵਿਸ਼ਾਲ ਜਥੇਬੰਦਕ ਢਾਂਚੇ ਦਾ ਨਾ ਹੋਣਾ ਹੈ।
ਖਾਲਿਸਤਾਨ ਦੀ ਲਹਿਰ ਨੂੰ ਦਬਾਉਣ/ਕੁਚਲਣ ਲਈ ਜੋ ਭਾਰਤ ਵਲੋਂ ਹੱਥਕੰਡੇ ਵਰਤੇ ਗਏ, ਬਹੁਤ ਹੱਦ ਤੱਕ ਉਸ ਨੇ ਸੰਘਰਸ਼ ਦਾ ਲੱਕ ਤੋੜਿਆ ਹੈ। ਪ੍ਰਚਲਿਤ ਕਾਰਨ ਜੋ ਦਸਿਆ ਜਾਂਦਾ ਹੈ ਉਹ ਇਹ ਹੈ ਕਿ ਸਰਕਾਰੀ ਤੰਤਰ ਦੀ ਅਤੇ ਖਾਸ ਕਰ ਪੁਲਿਸ ਦੇ ਜੁਲਮੀ ਰਵਈਏ ਦੀ ਦਹਿਸ਼ਤ ਹੈ ਅਤੇ ਪੁਲਿਸ ਨੇ ਆਪਣੇ ਉਸ ਖੂੰ-ਖਾਰ ਤੰਤਰ ਅਤੇ ਅਕਸ ਨੂੰ ਕਾਇਮ ਰੱਖਿਆ ਹੈ ਜਿਸ ਕਰਕੇ ਲੋਕਾਂ ਅੰਦਰ ਸਹਿਮ ਅੱਜ ਵੀ ਹੈ। ਪਰ ਮੈਂ ਸਮਝਦਾ ਹਾਂ ਕਿ ਸਰਕਾਰੀ ਜ਼ੁਲਮ ਤਾਂ ਕਾਰਨ ਹੈ ਹੀ ਨਾਲ ਸੰਘਰਸ਼ ਦੌਰਾਨ ਜੋ ਸਾਡੀ ਧਿਰ ਵਲੋਂ ਕੀਤੀ ਜਾਂ ਉਸ ਦੇ ਸਿਰ ਮੜ ਦਿੱਤੀ ਗਈ ਕਤਲੋਗਾਰਤ ਦੀ ਚੀਸ ਵੀ ਸਮਾਜ ਦੇ ਇੱਕ ਹਿੱਸੇ ਵਿੱਚ ਅੱਜ ਵੀ ਸੁਨਣ ਨੂੰ ਮਿਲਦੀ ਹੈ। ਉਸ ਮੌਕੇ ਹੋਈ ਅੰਨੀ ਹਿੰਸਾ ਵੀ ਸੰਘਰਸ਼ ਨੂੰ ਮੁੜ ਪੈਰਾਂ-ਸਿਰ ਖੜੇ ਹੋਣ ਵਿੱਚ ਵੱਡਾ ਅੜਿਕਾ ਹੈ। ਉਹ ਕਤਲੋਗਾਰਤ ਅਸਲ ਜੁਝਾਰੂਆਂ ਨੇ ਕੀਤੀ, ਜਾਂ ਕਿਸੇ ਲਾਲਚ ਅਧੀਨ ਘੁਸਪੈਠ ਕਰ ਚੁੱਕੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੇ ਕੀਤੀ ਜਾਂ ਪੁਲਿਸ ਦੇ ਮੁਖਬਰਾਂ ਨੇ ਕੀਤੀ, ਇਸ ਦਾ ਨਖੇੜਾ ਕਰਨਾ ਵੀ ਸੰਘਰਸ਼ ਦੇ ਅਲੰਬਰਦਾਰਾਂ ਦਾ ਕੰਮ ਸੀ ਤੇ ਹੈ, ਜੋ ਹੁਣ ਤੱਕ ਨਹੀਂ ਹੋਇਆ ਅਤੇ ਨਾ ਹੀ ਸੰਘਰਸ਼ ਦੇ ਸੰਚਾਲਕਾਂ ਨੇ ਜੋ ਗਲਤੀਆਂ ਹੋਈਆਂ ਉਸ ਦੀ ਖੁਲਕੇ ਜ਼ਿੰਮੇਵਾਰੀ ਕਬੂਲ ਕੀਤੀ ਹੈ।
ਸੰਘਰਸ਼ ਦੀ ਅਸਫਲਤਾ ਦੇ ਕਾਰਨ ਹੋਰ ਵੀ ਬਹੁਤ ਹਨ- ਅੰਤਰਰਾਸ਼ਟਰ ਹਾਲਾਤਾਂ ਤੋਂ ਲੈ ਕੇ ਕੌਮ ਅੰਦਰ ਦੀ ਫੁੱਟ ਅਤੇ ਰਾਜਸੀ ਸੂਝ-ਬੂਝ ਦੀ ਘਾਟ- ਬਹੁਤ ਕਾਰਨ ਹਨ। ਸਿੱਖ ਦਾ ਭਾਰਤ, ਭਾਰਤੀ ਸਿਸਟਮ ਖਾਸ ਕਰਕੇ ਚੋਣ ਸਿਸਟਮ ਨਾਲੋਂ ਨਿਖੇੜਾ ਨਾ ਕਰ ਪਾਉਣਾ ਵੀ ਇਕ ਕਾਰਨ ਹੈ।
ਖੈਰ, ਪੋਜ਼ੀਸ਼ਨਾਂ ਲਈਆਂ ਜਾ ਚੁੱਕੀਆਂ ਹਨ, ਅਤੇ ਸਮਾਜ ਕਈ ਹਿਸਿਆਂ ਵਿੱਚ ਵੰਡਿਆ ਗਿਆ ਹੈ- ਖਾਲਿਸਤਾਨ-ਪੱਖੀ, ਖਾਲਿਸਤਾਨ-ਵਿਰੋਧੀ ਅਤੇ ਦੋਹਾਂ ਤੋਂ ਬੇਖਬਰ ਤੇ ਚੁੱਪ ਬਹੁ-ਗਿਣਤੀ। ਦੋਵੇਂ ਧਿਰਾਂ ਆਪਣੇ-ਆਪ ਨੂੰ ਹੀ ਠੀਕ ਸਮਝਣ ਦੀ ਸਮਝ ਉਤੇ ਖੜੀਆਂ ਹਨ। ਮੈਂ ਕਹਿਣਾ ਚਾਹਾਂਗਾ ਕਿ ਇਸ ਨਾਲ ਨੁਕਸਾਨ ਸੰਘਰਸ਼ ਦਾ ਹੀ ਰਿਹਾ ਹੈ।ਦਿੱਲੀ ਚਾਹੁੰਦੀ ਹੈ ਕਿ ਅਸੀਂ ਆਪਣੀਆਂ ਪੋਜ਼ੀਸ਼ਨਾਂ ਉਤੇ ਅੜੇ ਤੇ ਖੜੇ ਰਹੀਏ ਤਾਂ ਜੋ ਖੜੋਤ ਬਣੀ ਰਹੇ, ਸਮਾਜ ਵੰਡਿਆ ਰਹੇ ਅਤੇ ਆਪਸੀ ਬੇ-ਵਿਸ਼ਵਾਸੀ ਦਾ ਆਲਮ ਪਸਰਿਆ ਰਹੇ।
ਜੋ ਗਲਤੀਆਂ ਸਾਡੀ ਧਿਰ ਕੋਲੋਂ ਜਾਣੇ-ਅਣਜਾਣੇ ਹੋਈਆਂ ਵੱਡਾ ਦਿਲ ਦਿਖਾਉਦਿਆਂ ਉਹਨਾਂ ਨੂੰ ਸਾਨੂੰ ਆਪਣੀ ਝੋਲੀ ਪਾਉਣਾ ਪਵੇਗਾ। ਜੇਕਰ ਦਿੱਲੀ, ਦਰਬਾਰ ਸਾਹਿਬ ਉਤੇ ਹਮਲੇ ਲਈ, ਨਵੰਬਰ 1984 ਦੇ ਕਤਲੇਆਮ ਲਈ, ਸਿੱਖ ਜੁਝਾਰੂਆਂ ਨੂੰ ਗੈਰ-ਮਨੁੱਖੀ ਤਸੀਹੇ ਦੇ ਕੇ ਗੈਰ-ਸੰਵਿਧਾਨਿਕ ਢੰਗ ਨਾਲ ਫਰਜੀ ਮੁਕਾਬਲਿਆਂ ਵਿੱਚ ਮਾਰਨ ਲਈ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਨ, ਗੁਰੂ-ਘਰ ਨੂੰ ਅੱਗਾਂ ਲਾਉਣ ਲਈ ਮੁਆਫੀ ਨਹੀਂ ਮੰਗਦੀ ਤਾਂ ਨਾ ਮੰਗੇ। ਉਸਦੇ ਮੁਆਫੀ ਨਾ ਮੰਗਣ ਨਾਲ ਸਾਡੀ ਲਹਿਰ ਅਤੇ ਆਜ਼ਾਦੀ-ਪਸੰਦ ਸੋਚ ਨੂੰ ਬੱਲ, ਵਾਜਿਬਤਾ ਅਤੇ ਦ੍ਰਿੜਤਾ ਹੀ ਮਿਲੇਗੀ। ਸਾਨੂੰ ਦੁਸ਼ਮਣ ਦੇ ਦਿੱਤੇ ਇਹਨਾਂ ਕੌਮੀ ਜ਼ਖਮਾਂ ਨੂੰ ਸੁਲਗਦੇ ਰੱਖਣਾ ਚਾਹੀਦਾ ਹੈ।
ਸਵਾਲ ਇਹ ਨਹੀਂ ਕਿ ਅਸੀਂ ਕੀ ਚਾਹੁੰਦੇ ਹਾਂ, ਏਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਸੰਘਰਸ਼ ਦੇ ਪੱਖ ਵਿੱਚ ਠੀਕ ਕੀ ਹੈ। ਖਾਲਿਸਤਾਨ ਬਨਾਉਣ ਲਈ ਸੁਹਿਰਦ ਧਿਰ ਨੂੰ ਪੰਜਾਬ ਦੇ ਉਸ ਹਿੱਸੇ ਨੂੰ ਜੋ ਇਸ ਮਿਸ਼ਨ ਵਿਰੁੱਧ ਆਪਣੇ ਅੰਦਰ (ਗਲਤ ਜਾਂ ਠੀਕ) ਨਫਰਤ ਪਾਲੀ ਬੈਠਾ ਹੈ, ਚਾਹੇ ਉਹ ਸਿੱਖ ਹੈ, ਜਾਂ ਹਿੰਦੂ ਜਾਂ ਮੁਸਲਮਾਨ, ਉਸ ਦਾ ਮਨ ਜਿਤਣਾ ਪਵੇਗਾ। ਇਹ ਗੱਲ ਯਕੀਨੀ ਬਨਾਉਣੀ ਹੋਵੇਗੀ ਕਿ ਜੇਕਰ ਉਹ ਖਾਲਿਸਤਾਨ ਦਾ ਹਾਮੀ ਨਹੀਂ ਵੀ ਬਣਦਾ ਤਾਂ ਘਟੋ-ਘੱਟ ਉਹ ਖਾਲਿਸਤਾਨ ਦਾ ਵਿਰੋਧੀ ਨਾ ਰਹੇ।
ਪੰਜਾਬ ਦੇ ਲੋਕਾਂ (ਸਾਰੇ ਧਰਮਾਂ ਦੇ ਬਸ਼ਿੰਦੇ) ਨੂੰ ਨਾਰਾਜ਼ ਕਰਕੇ ਜਾਂ ਉਹਨਾਂ ਨੂੰ ਦਿੱਲੀ ਦੇ ਹੱਕ ਵਿੱਚ ਭੁਗਤਣ ਲਈ ਖੁਲਾ ਛੱਡਕੇ ਖਾਲਿਸਤਾਨ ਦਾ ਸੁਪਨਾ ਸਾਕਾਰ ਨਹੀਂ ਕਰ ਸਕਾਂਗੇ। ਅਮਰੀਕਾ-ਕੈਨੇਡਾ ਵਿੱਚ ਇੱਕ ਸਿੱਖ ਸੰਸਥਾ ਵਲੋਂ ਆਰੰਭ ਕੀਤੀ 2020 ਦੀ ਰਾਏ-ਸ਼ੁਮਾਰੀ ਨੂੰ ਸਫਲਤਾ ਕਿਵੇਂ ਮਿਲੇਗੀ ਜੇਕਰ ਪੰਜਾਬ ਜਿਥੇ ਹਕੀਕੀ ਰੂਪ ਵਿੱਚ ਰਾਏ-ਸ਼ੁਮਾਰੀ (ਜੇਕਰ ਕਦੇ ਹਾਲਾਤ ਬਣੇ ਅਤੇ ਭਾਰਤ ਸਰਕਾਰ ਨੇ ਖੁਲਦਿਲੀ ਦਿਖਾਈ) ਦਾ ਹੱਕ ਅਮਲ ਵਿੱਚ ਲਿਆਂਦਾ ਜਾਣਾ ਹੈ ਉਥੇ ਹੀ ਸਿੱਖ ਛੋਟੇ-ਛੋਟੇ ਹਿਸਿਆਂ ਵਿੱਚ ਕੇਵਲ ਵੰਡੇ ਹੀ ਨਹੀਂ ਸਗੋਂ ਉਲਟ ਪੋਜ਼ੀਸ਼ਨਾਂ ਲਈ ਬੈਠੇ ਹਨ।ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਸਿੱਖ ਸਮਾਜ ਦੇ ਖਦਸ਼ੇ ਅਤੇ ਬੇ-ਭਰੋਸਗੀ ਦੂਰ ਕੀਤੇ ਬਿਨਾਂ ਗੱਲ ਅੱਗੇ ਨਹੀਂ ਤੁਰ ਸਕੇਗੀ ਅਤੇ ਸਾਡਾ ਇਸ ਪਾਸੇ ਧਿਆਨ ਨਾ ਦੇਣਾ ਹੀ ਦੁਸ਼ਮਣ ਨੂੰ ਸੰਤੁਸ਼ਟੀ ਦੇ ਰਿਹਾ ਹੈ।
ਅੱਜ ਉਹ ਹਾਲਾਤ ਨਹੀ ਰਹੇ ਜੋ ਅੱਜ ਤੋਂ 29 ਵਰ੍ਹੇ ਪਹਿਲਾਂ ਸਨ। ਦੁਨੀਆ, ਭਾਰਤ ਅਤੇ ਸਾਡੇ ਅੰਦਰੂਨੀ ਹਾਲਾਤਾਂ ਅੰਦਰ ਵੀ ਇੱਕ ਵੱਡੀ ਤਬਦੀਲੀ ਆਈ ਹੈ। ਇਸ ਬਦਲੇ ਹੋਏ ਮਾਹੌਲ ਵਿੱਚ ਕੌਮ ਦੇ ਵੱਡੇ ਹਿੱਸੇ ਲਈ ਖਾਲਸਤਾਨ ਦੀ ਗੱਲ ਇੱਕ ਗੁਆਚੇ ਸੁਪਨੇ ਵਾਂਗ ਬਣ ਕੇ ਰਹਿ ਗਈ ਹੈ। ਉਹਨਾਂ ਨੂੰ ਆਜ਼ਾਦੀ ਦੀ ਗੱਲ ਬੇਵਕਤੀ ਤੇ ਓਪਰੀ ਲੱਗਦੀ ਹੈ, ਪਰ ਆਜ਼ਾਦੀ-ਪਸੰਦ ਧਿਰਾਂ ਲਈ ਇਹ ਬਦਲੇ ਹੋਏ ਹਾਲਾਤ, ਫੈਲੀ ਉਦਾਸੀ ਜਾਂ ਮਾਯੂਸੀ ਉਹਨਾਂ ਦੀ ਵਚਨਬੱਧਤਾ ਦੇ ਰਸਤੇ ਦੀ ਰੁਕਾਵਟ ਨਹੀ ਬਣ ਸਕਦੀ।
ਅੱਜ ਦੇ ਦਿਨ ਦਲ ਖਾਲਸਾ ਮਜ਼ਬੂਤ ਸੰਕਲਪ ਅਤੇ ਦ੍ਰਿੜ ਇਰਾਦੇ ਨਾਲ ਇਹ ਐਲਾਨ ਕਰਦਾ ਹੈ ਕਿ ਖ਼ਾਲਸਤਾਨ ਦੀ ਸਿਰਜਣਾ ਸਾਡੀ ਜ਼ਿੰਦ-ਜਾਨ ਹੈ। ਅਸੀਂ ਹਰ ਤਰ੍ਹਾਂ ਦੀਆਂ ਔਕੜਾਂ ਸਹਿਣ ਅਤੇ ਦੁਸ਼ਵਾਰੀਆਂ ਵਿਚੋਂ ਨਿਕਲਣ ਲਈ ਮਾਨਸਿਕ ਤੌਰ ਉਤੇ ਤਿਆਰ ਹਾਂ। ਅਸੀਂ ਸਿੱਖ ਸਿਧਾਂਤਾਂ ਨਾਲ ਜੁੜੇ ਹਾਂ ਅਤੇ ਹਕੀਕਤਪਸੰਦ ਵੀ ਹਾਂ।
ਖ਼ਾਲਸਾ ਪੰਥ ਨੇ ਇਕ ਲੰਮਾ ਸੰਘਰਸ਼ ਲੜਿਆ ਹੈ ਜੋ ਕਈ ਬਦਲਵੇਂ ਰੂਪਾਂ ਵਿਚ ਅੱਜ ਵੀ ਜ਼ਾਰੀ ਹੈ। ਇਸ ਸਫਰ ਦੌਰਾਨ ਸਾਡੇ ਬਹੁਤ ਸਾਰੇ ਸਿੰਘ-ਸਿੰਘਣੀਆਂ ਸ਼ਹਾਦਤਾਂ ਪਾ ਗਏ। ਅਤੇ ਬਹੁਤ ਸਾਰੇ ਵੱਖ-2 ਜੇਲਾਂ ਵਿਚ ਨਜ਼ਰਬੰਦ ਹਨ। ਕਈਆਂ ਦੀ ਉਮਰ ਕੈਦ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਪ੍ਰੋਟੈਸਟ ਵਜੋਂ ਬਾਪੂ ਸੂਰਤ ਸਿੰਘ ਖ਼ਾਲਸਾ ਉਹਨਾਂ ਦੀ ਰਿਹਾਈਆਂ ਲਈ 16 ਜਨਵਰੀ ਤੋਂ ਮਰਨ ਵਰਤ ਉਤੇ ਬੈਠੇ ਹਨ।
ਹਰ ਉਹ ਪਰਿਵਾਰ ਅਤੇ ਹਰ ਜੀਅ, ਜਿਸਨੇ ਕਿਸੇ ਵੀ ਢੰਗ ਨਾਲ ਸੰਘਰਸ਼ ਵਿੱਚ ਹਿੱਸਾ ਪਾਇਆ, ਜੇਲ ਕੱਟੀ ਜਾਂ ਥਾਣਿਆਂ, ਤਸੀਹੇ-ਕੇਂਦਰਾਂ ਵਿੱਚ ਬੇਪੱਤ ਹੋਇਆ, ਉਹਨਾਂ ਸਾਰਿਆਂ ਦੇ ਯੋਗਦਾਨ ਸਾਹਮਣੇ, ਅਸੀਂ ਸੀਸ ਝੁਕਾਉਂਦੇ ਹਾਂ।
ਪਿਛਲੇ ਸਮੇਂ ਦੌਰਾਨ ਪੰਜਾਬ ਅੰਦਰ ਬੇਤਹਾਸ਼ਾ ਖੂਨ ਡੁੱਲ੍ਹਿਆ ਹੈ। ਹਰ ਉਹ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਜਾਂ ਕਿੱਤੇ ਨਾਲ ਸਬੰਧ ਰੱਖਦਾ ਸੀ, ਜਿਹੜਾ ਬੇਦੋਸ਼ਾ ਹੀ ‘ਜੰਗ ਹਿੰਦ-ਪੰਜਾਬ’ ਦੀ ਬਲੀ ਚੜ੍ਹਿਆ ਹੈ, ਉਸ ਦਾ ਸਾਨੂੰ ਦੁੱਖ ਹੈ, ਅਫਸੋਸ ਹੈ।
ਪੰਜਾਬ ਦੀ ਪ੍ਰਭੁਸੱਤਾ ਅਤੇ ਆਜ਼ਾਦੀ ਲਈ ਸੂਬੇ ਦੇ ਹਰ ਵਾਸੀ ਨੂੰ ਆਪਣੀ ਪੂਰੀ ਈਮਾਨਦਾਰੀ ਅਤੇ ਦ੍ਰਿੜਤਾ ਨਾਲ ਇੱਕਜੁਟ ਹੋਕੇ ਹੰਭਲਾ ਮਾਰਨਾ ਚਾਹੀਦਾ ਹੈ। ਆਜ਼ਾਦੀ ਤੋਂ ਸਾਡਾ ਭਾਵ ਉਹੀ ਹੈ ਜੋ 1947 ਤੋਂ ਪਹਿਲਾਂ ਹਿੰਦੋਸਤਾਨੀਆਂ ਦਾ ਅੰਗਰੇਜ਼ ਤੋਂ ਆਜ਼ਾਦੀ ਮੰਗਣ ਵੇਲੇ ਹੁੰਦਾ ਸੀ ਅਤੇ ਮੌਜੂਦਾ ਸਮੇ ਕਸ਼ਮੀਰੀਆਂ ਦਾ ਹਿੰਦੁਸਤਾਨ ਤੋਂ ਆਜ਼ਾਦੀ ਮੰਗਣ ਵੇਲੇ ਹੈ। ਆਜ਼ਾਦੀ, ਸਵੈ-ਨਿਰਣੇ ਦਾ ਹੱਕ ਅਤੇ ਖਾਲਿਸਤਾਨ ਦਾ ਭਾਵ ਅਰਥ ਸਾਡੇ ਲਈ ਇੱਕ ਹੀ ਹੈ। ਸਵੈ-ਨਿਰਣੇ ਰਾਂਹੀ ਮਿਲੀ ਆਜ਼ਾਦੀ ਦੀ ਸੂਰਤ ਵਿੱਚ ਹੀ ਖਾਲਿਸਤਾਨ ਹੋਂਦ ਵਿੱਚ ਆਏਗਾ। ਹਿੰਦੁਸਤਾਨ ਤੋਂ ਆਜ਼ਾਦੀ ਮੰਗਣਾ ਜਾਂ ਲੈਣਾ ਸਾਡੀ ਸੋਚ ਅਤੇ ਭਾਵਨਾ ਦਾ ਹਿੱਸਾ ਹੈ ਅਤੇ ਸਵੈ-ਨਿਰਣੇ ਦਾ ਹੱਕ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਉਸ ਭਾਵਨਾ ਅਤੇ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦਾ ਮਾਧਿਅਮ ਹੈ।
Related Topics: Bhai Kanwarpal Singh, Dal Khalsa International, Declaration of Khalistan