ਚੋਣਵੀਆਂ ਲਿਖਤਾਂ » ਲੇਖ » ਸਿੱਖ ਖਬਰਾਂ

ਰੂਹਾਨੀ ਘਾਤ ਤੁਲ ਹੈ ਸਿਖੀ ਦਾ ਫਿਲਮੀਕਰਨ

May 7, 2018 | By

ਲੇਖਕ: ਡਾ. ਗੁਰਤੇਜ ਸਿੰਘ (ਠੀਕਰੀਵਾਲਾ)*

ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ ਨੂੰ ਕਦੇ ਵੀ ਸਥਾਨ ਅਤੇ ਸਮੇਂ ਪਖੋਂ ਸਦੀਵਤਾ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੈ। ਅਜਿਹੀ ਤ੍ਰਿਪਤੀ ਅਤੇ ਉਸ ਦੇ ਸੋਮੇ ਵਕਤੀ ਹੁੰਦੇ ਹਨ। ਮਿਸਾਲ ਵਜੋਂ ਮਨੋਰੰਜਨ ਦੇ ਪੁਰਾਤਨ ਕਿਸੇ ਵੀ ਸਾਧਨ ਨੂੰ ਲਿਆ ਜਾ ਸਕਦਾ ਹੈ, ਜਿਨ੍ਹਾਂ ਦੀ ਥਾਂ ਅਜ ਕਿਸੇ ਨੇ ਹੋਰ ਮਲ ਲਈ ਹੈ ਅਤੇ ਅਗਾਂਹ ਨੂੰ ਹੋਰ। ਇਹਨਾਂ ਦੀ ਉਪਜ ਨੇ ਮਨੁਖੀ ਚੇਤਨਾ ਅਤੇ ਸਹਿਜ ’ਚ ਵਿਗਾੜ ਲਿਆਉਣ ਦੀ ਨਾਂਹ ਪਖੀ ਭੂਮਿਕਾ ਵੀ ਅਦਾ ਕੀਤੀ ਹੈ। ਇਸ ਤੋਂ ਅਗਾਂਹ ਧਰਮ ਦਾ ਸਦੀਵੀ ਸਰੋਕਾਰ ਹੈ, ਜੋ ਸਮੇਂ ਤੇ ਸਥਾਨ ਤੋਂ ਮੁਕਤ ਕਾਲ ਤੋਂ ਪਰ੍ਹੇ ਤੇ ਸਰਵ ਵਿਆਪਕਤਾ ਦੀ ਹੈਸੀਅਤ ਰਖਦਾ ਹੈ। ਇਸ ਅਗੰਮ ਤੇ ਅਨੰਤ ਇਕ ਸਤਾ ਤੋਂ ਅਨੇਕਾਂ ਪੰਥ ਹੋਂਦ ਵਿਚ ਆਏ। ਗੁਰੂ ਨਾਨਕ ਜੀ ਵੱਲੋਂ ਵਰੋਸਾਇਆ ਸਿਖ ਪੰਥ ਪਰਮ ਸਤ ਦੀ ਅਗੋਚਰਤਾ ਤੇ ਸਰਵ ਵਿਆਪਕਤਾ ਦਾ ਸੰਦੇਸ਼ਵਾਹਕ ਹੈ। ਗੁਰੂ ਸਾਹਿਬ ਨੇ ਪਾਰਬ੍ਰਹਮ ਪਰਮੇਸ਼ਰ ਤੋਂ ਬਖਸ਼ਿਸ਼ ਨਾਮ ਦਾ ਪਿਆਲਾ ਲੋਕਾਈ ਤਕ ਪਿਲਾਉਣ ਲਈ ਉਦਾਸੀਆਂ ਦੇ ਪਵਿਤਰ ਕਾਰਜਾਂ ਦਾ ਪ੍ਰਵਾਹ ਚਲਾਇਆ ਅਤੇ ‘ਜੋਤਿ ਤੇ ਜੁਗਤਿ’ ਦੀ ਏਕਤਾ ਦੇ ਦੈਵੀ ਅਮਲ ਨਾਲ ਦਸ ਜਾਮਿਆਂ ਵਿਚ ਉਸ ਦਾ ਪ੍ਰਚਾਰ-ਪ੍ਰਸਾਰ ਕੀਤਾ। ਇਸ ਤਰ੍ਹਾਂ ਦੀਨ-ਦੁਨੀ, ਹਲਤ-ਪਲਤ, ਲੋਕ-ਪਰਲੋਕ ਦੇ ਸਾਂਝੇ ਉਦੇਸ਼ ਵਾਲਾ ਇਕ ਮਜਬੂਤ ਸੰਸਥਾਗਤ ਸਿਖ ਪੰਥ ਸਥਾਪਿਤ ਕੀਤਾ।

⊕ ਹੋਰ ਲਿਖਤਾਂ ਪੜ੍ਹੋ – ਸਿੱਖ ਗੁਰੂ ਸਾਹਿਬਾਨ ਨੂੰ ਕਾਰਟੂਨ/ਐਨੀਮੇਸ਼ਨ ਰੂਪ ਵਿਖਾ ਕੇ ਰੂਹਾਨੀ ਖੁਦਕੁਸ਼ੀ ਦਾ ਰਾਹ ਨਾ ਅਪਨਾਇਆ ਜਾਵੇ

ਕਈ ਤਰੀਕਿਆਂ ਰਾਹੀਂ ਧਰਮ ਦੇ ਪ੍ਰਚਲਣ ਤੇ ਪ੍ਰਸਾਰ ਦੇ ਯਤਨ ਆਰੰਭ ਹੋਏ। ਗੁਰਬਾਣੀ ਦਾ ਪਾਠ, ਕੀਰਤਨ, ਕਥਾ ਅਤੇ ਢਾਡੀ ਵਾਰਾਂ ਸਿਖੀ ਪ੍ਰਚਾਰ ਦੇ ਪ੍ਰਮੁਖ ਸਾਧਨ ਬਣੇ। ਲੇਕਿਨ ਇਹਨਾਂ ਵਖ-ਵਖ ਅਭਿਆਸਾਂ ਵਿਚ ਮੂਲ ਤਤ ਵਸਤੂ ‘ਨਾਮ’ ਦੀ ਪ੍ਰਧਾਨਤਾ ਵਾਲੀ ਹੀ ਮੌਜੂਦ ਹੈ। ਬੁਤਪ੍ਰਸਤੀ ਅਤੇ ਵਿਅਕਤੀ ਪੂਜਾ ਨੂੰ ਕੇਵਲ ਕਰਮ ਕਾਂਡ ਕਾਰਨ ਹੀ ਦ ਨਹੀਂ ਕੀਤਾ ਗਿਆ, ਸਗੋਂ ਇਹਨਾਂ ਦੀ ਸੀਮਾ ਤੇ ਕਾਲ ਅਧੀਨ ਹੋਂਦ ਕਾਰਨ ਇਹਨਾਂ ਨਾਲ ਮਾਤਮਾ ਪ੍ਰਾਪਤੀ ਦੀ ਅਸੰਭਵਤਾ ਦਾ ਇਕ ਵਡਾ ਘਾਟਾ ਵੀ ਕਾਰਨ ਬਣਿਆ। ਸਿਖੀ ਵਾਲੇ ‘ਨਾਮ’ ਪ੍ਰਧਾਨ ਪੰਥ ਵਿਚ ‘ਸੁਰਤਿ, ਮਤਿ, ਮਨਿ ਤੇ ਬੁਧਿ’ ਦੀ ਘਾੜਤ ਹੀ ਆਤਮਿਕ ਵਿਗਾਸ ਲਛਣ ਹੈ ਤੇ ਇਸ ਦਾ ਇਕੋ ਇਕ ਸ੍ਰੋਤ ‘ਨਾਮ’ ਹੈ। ਇਕ ਵਿਚਾਰਨਯੋਗ ਨੁਕਤਾ ਇਹ ਹੈ ਕਿ ਸਿਖ ਧਰਮ ਵਿਕਾਸਵਾਦੀ ਨਾ ਹੋ ਕੇ ਵਿਗਾਸੀ ਧਰਮ ਹੈ। ਇਹ ਵਿਗਾਸ ਅਖੀਰ ‘ਕਹੁ ਕਬੀਰ ਗੂੰਗੈ ਗੁੜੁ ਖਾਇਆ ਪੂਛੇ ਤੇ ਕਿਆ ਕਹੀਐ’ ਵਾਲੇ ਰਹਸਪੂਰਨ ਸੰਕੇਤ ਦਾ ਧਾਰਨੀ ਹੋ ਜਾਂਦਾ ਹੈ। ਕੋਈ ਵਿਕਾਸਵਾਦੀ ਫਲਸਫਾ ਜਾਂ ਵਿਚਾਰਧਾਰਾ ਦ੍ਰਿਸ਼ ਦਾ ਵਿਸ਼ਾ ਹੋ ਸਕਦਾ ਹੈ, ਪਰ ਨਿਰੋਲ ਸੁਰਤਿ ਤੇ ਆਤਮਾ ਦਾ ਵਿਸ਼ਾ ਸਿਖੀ ਜਿਹੇ ਵਿਗਾਸੀ ਧਰਮ ਦਾ ਪ੍ਰਚਲਣ ਕਿਸੇ ਦ੍ਰਿਸ਼ ਦਾ ਮੁਥਾਜ ਨਹੀਂ। ਸੋ ਪਹਿਲਾਂ ਤੋਂ ਹੀ ਗੁਰੂ ਸਾਹਿਬਾਨ ਅਤੇ ਸਿਖ ਇਤਿਹਾਸ ਦੇ ਨਾਇਕਾਂ ’ਤੇ ਫ਼ਿਲਮਾਂ ਬਣਾਉਣ ਦੀ ਪਿਰਤ ਨਾ ਪੈਣੀ ਸਿਖ ਸਿਧਾਂਤ ਅਨੁਸਾਰ ਹੈ ਨਾ ਕਿ ਇਹ ਨਿਰੋਲ ਸ਼ਰਧਾ-ਭਾਵਨਾ ਦੇ ਵੇਗ ਦੇ ਮੁਹਾਣ ਹਨ। ‘ਚਾਰ ਸਾਹਿਬਜ਼ਾਦੇ’ ਫਿਲਮ ਦੇ ਨਫ਼ੇ ਨੁਕਸਾਨ ਦਾ ਅੰਦਾਜ਼ਾ ਭਾਵੇਂ ਪੰਥਕ ਹਲਕਿਆਂ ਵਿਚ ਲਗ ਚੁਕਿਆ ਹੈ, ਪਰ ‘ਗਲ ਸਹੇ ਦੀ ਨਹੀਂ ਗਲ ਪਹੇ ਦੀ ਹੈ’ ਦੇ ਅਖੌਤ ਅਨੁਸਾਰ ਉਸ ਤੋਂ ਪਿਰਤ ਜ਼ਰੂਰ ਪਈ ਹੈ।

ਗੁਰੂ ਕਾਲ ਤੋਂ ਲੈ ਕੇ ਸਿਖੀ ਦੇ ਪ੍ਰਚਾਰ ਕਾਰਜ ਨੂੰ ਗੁਰਸਿਖ ਜੀਅ ਜਾਨੋਂ ਹਰ ਤਰ੍ਹਾਂ ਦੀ ਕੁਰਬਾਨੀ ਨਾਲ ਸਿਰੇ ਚਾੜ੍ਹਦੇ ਆਏ ਹਨ। ਹੁਣ ਦੀ ਪ੍ਰਮੁਖ ਸਮਸਿਆ ਤਕਨੀਕੀ ਮੀਡੀਆ ਦੇ ਅਜੋਕੇ ਯੁਗ ਵਿਚ ਪਰਦੇ ਨੂੰ ਧਰਮ ਪ੍ਰਚਾਰ ਦੇ ਲਾਭ ਹਿਤ ਠਹਿਰਾਉਂਦਿਆਂ ਸਿਖੀ ਦੇ ਫਿਲਮੀਕਰਨ ਦੀ ਹੈ। ਕੁਝ ਕੁ ਦਾ ਵਿਚਾਰ ਹੈ ਕਿ ਸਮੇਂ ਦੇ ਲਿਹਾਜ ਦ੍ਰਿਸ਼ ਕਲਾ ਦੇ ਸਾਧਨ ਫਿਲਮਾਂ, ਨਾਟਕਾਂ ਆਦਿ ਨਾਲ ਬਚਿਆਂ ਤੇ ਨੌਜਵਾਨਾਂ ਵਿਚ ਸਿਖੀ ਪ੍ਰਚਾਰ ਵਧੇਰੇ ਅਸਰਦਾਇਕ ਬਣਾਇਆ ਜਾ ਸਕਦਾ ਹੈ, ਇਸ ਕਰਕੇ ਮੌਜੂਦਾ ਸਮੇਂ ਵਿਚ ਇਹਨਾਂ ਨੂੰ ਇਸ ਕਾਰਜ ਲਈ ਵਰਤ ਲੈਣਾ ਚਾਹੀਦਾ ਹੈ। ਸਿਧਾਂਤਕ ਤੇ ਇਤਿਹਾਸਕ ਨੁਕਤਿਆਂ ਤੋਂ ਇਹ ਵਿਚਾਰ ਤਰਕਹੀਣ ਹੀ ਨਹੀਂ, ਸਗੋਂ ਧਰਮ ਦੀ ਰੂਹ ਲਈ ਅਤਿ ਘਾਤਕ ਸਿਧ ਹੁੰਦਾ ਹੈ। ਇਕ ਉਦਾਹਰਨ ਦੇਣੀ ਉਚਿਤ ਹੋਵੇਗੀ। ਗੁਰਮਤਿ ਅਨੁਸਾਰ ਅਕਾਲ ਪੁਰਖ ਗਿਆਨ ਇੰਦ੍ਰੀਆਂ ਅਤੇ ਕਰਮ ਇੰਦਰੀਆਂ ਦੀ ਪਕੜ ਦਾ ਵਿਸ਼ਾ ਨਹੀਂ। ‘ਨਾਨਕ ਸੇ ਅਖੜੀਆਂ ਬਿਅੰਨ ਜਿਨੀ ਡਿਸੰਦੋ ਮਾ ਪਿਰੀ’ ਕਿ ਉਹ ਅਖੀਆਂ ਹੋਰ ਹਨ ਜਿਨ੍ਹਾਂ ਨਾਲ ਪਰਮਾਤਮਾ ਕੰਤ ਦਾ ਦਰਸ਼ਨ ਹੁੰਦਾ ਹੈ। ਇਸ ਗੁਰ ਉਪਦੇਸ਼ ਤੋਂ ਸਿਧ ਹੁੰਦਾ ਹੈ ਕਿ ਇਹ ਕੇਵਲ ਅਨੁਭਵ ਦਾ ਵਿਸ਼ਾ ਹੈ, ਜੋ ਸੁਰਤਿ ਦੇ ਵਿਗਾਸ ਰਾਹੀ ਸੰਭਵ ਹੈ। ਸੋ ਜਿਹੜਾ ਵਸਤੂ ਅਨੁਭਵ (ਰਹਸ) ਦਾ ਹੀ ਵਿਸ਼ਾ ਹੈ ਉਸ ਨੂੰ ਕਿਸੇ ਦ੍ਰਿਸ਼ (ਫਿਲਮ, ਨਾਟਕ) ਰਾਹੀਂ ਕਿਵੇਂ ਪਰਦਰਸ਼ਿਤ ਕਰ ਸਕਦੇ ਹਾਂ ? ਦੂਸਰੇ ਸ਼ਬਦਾਂ ਵਿਚ ਦ੍ਰਿਸ਼ ਦੀ ਇਕ ਸੀਮਾਂ ਵਿਚ ਹੁੰਦੀ ਹੈ। ਅਸੀਮ ਵਿਸ਼ਾ ਇਸ ਦੀ ਪਕੜ ਵਿਚ ਨਹੀਂ ਆ ਸਕਦਾ ਹੈ। ਇਹ ਵਿਸ਼ਾ ‘ਨਾਮ’ ਦੇ ਸੁਣਨ, ਮੰਨਣ ਦਾ ਹੈ, ਜਿਸ ਦੀ ਝਲਕ ਸ਼ੁਭ ਅਮਲਾਂ ਸਹਿਤ ਗੁਰਮੁਖਾਂ ਦੇ ਜੀਵਨ ਵਿਚੋਂ ਦ੍ਰਿਸਟੀਗੋਚਰ ਹੁੰਦੀ। ਇਹ ਪ੍ਰਾਪਤੀ ਮਨੁਖ ਦੇ ਸਵੈ ਯਤਨਾਂ ਦਾ ਸਿਟਾ ਨਾ ਹੋ ਕੇ ਗੁਰੂ ਕਿਰਪਾ ਜਾਂ ਬਖਸ਼ਿਸ਼ ’ਤੇ ਹੀ ਨਿਰਭਰ ਹੈ। ਇਹੀ ਕੜੀ ਸਾਡੇ ਇਤਿਹਾਸ ਨਾਲ ਜੁੜਦੀ ਹੈ। ਸਾਡਾ ਇਤਿਹਾਸ ਧਰਮ ਆਸ਼੍ਰਿਤ ਹੈ। ਜਿਸ ਦਾ ਕੇਂਦਰ ਰੂਹਾਨੀਅਤ ਹੈ। ਕੇਵਲ ਤਰੀਕਾਂ ਤੇ ਘਟਨਾਵਾਂ ਦੇ ਤਥਾਂ ਦਾ ਬਿਉਰਾ ਸਾਡਾ ਇਤਿਹਾਸ ਨਹੀਂ। ਪ੍ਰੋ. ਪੂਰਨ ਸਿੰਘ ਜੀ ਦੇ ਸ਼ਬਦਾਂ ਵਿਚ ਸਾਡਾ ਇਤਿਹਾਸ ਧਿਆਨੀ ਹੈ, ਜਿਸ ਦਾ ਅਸੀਂ ਰੋਜ਼ਾਨਾ ਅਰਦਾਸ ਵਿਚ ਧਿਆਨ ਧਰਦੇ ਹਾਂ। ਸਾਡੀ ਅਰਦਾਸ ਜੋ ਸਮੁਚੇ ਪੰਥ ਦੀ ਬੁਧੀ ਦੁਆਰਾ ਤਿਆਰ ਹੋਈ ਹੈ, ਸਾਡੇ ਫਲਸਫੇ ਤੇ ਇਤਿਹਾਸ ਦਾ ਸੰਖੇਪ ਪਰ ਭਾਵਪੂਰਤ ਪਵਿਤਰ ਦਸਤਾਵੇਜ ਹੈ। ਇਹ ਸਾਡੀ ਸਿਮਰਤੀ ਦਾ ਹਿਸਾ ਬਣ ਚੁਕੀ ਹੈ। ਸਾਡੇ ਪਵਿਤਰ ਇਤਿਹਾਸ ਦੇ ਇਸ ਧਿਆਨ ਰੂਪ ਅਰਦਾਸ ਤੋਂ ਉਤਮ ਹੋਰ ਕਿਹੜਾ ਸਾਧਨ ਹੋ ਸਕਦਾ ਹੈ, ਜਿਹੜਾ ਸਾਡੇ ਰੂਹਾਨੀ ਇਤਿਹਾਸ ਨੂੰ ਸਾਡੇ ਅਗੇ ਪ੍ਰਗਟ ਕਰੇ ਤੇ ਪ੍ਰੇਰਨਾ ਦੇਵੇ ? ਤਸਵੀਰਾਂ ਤੇ ਫਿਲਮਾਂ ਤਾਂ ਵਡੇ ਤੇ ਸਦੀਵੀ ਸਤਿ ਨੂੰ ਛੋਟੇ ਪਰਦੇ ’ਤੇ ਲਿਆਉਣ ਅਤੇ ਦੈਵੀ ਸ਼ਖ਼ਸੀਅਤਾਂ ਨੂੰ ਮਨੁਖੀ ਪਧਰ ’ਤੇ ਲਿਆਉਣ ਦਾ ਅਤਿ ਨਖਿਧ ਰੁਝਾਨ ਹੈ। ਇਕ ਇਤਿਹਾਸਕ ਘਟਨਾ ਹੈ ਕਿ ਜਦ ਚਿਤਰਕਾਰ ਸੋਭਾ ਸਿੰਘ ਨੇ ਗੁਰੂ ਨਾਨਕ ਜੀ ਦੀ ਕਲਪਿਤ ਤਸਵੀਰ ਬਣਾਈ ਸੀ ਉਸ ਤੋਂ ਪਰਦਾ ਚੁਕਵਾਉਣ ਦੀ ਰਸਮ ਪ੍ਰਸਿਧ ਸਿਖ ਸਾਹਿਤਕਾਰ ਭਾਈ ਵੀਰ ਸਿੰਘ ਜੀ ਤੋਂ ਕਰਵਾਉਣੀ ਚਾਹੀ। ਨਿਸਚਿਤ ਸਮੇਂ ਅਨੁਸਾਰ ਜਦ ਭਾਈ ਸਾਹਿਬ ਨੇ ਤਸਵੀਰ ਤੋਂ ਪਰਦਾ ਉਠਾਇਆ ਤਾਂ ਇਹ ਕਹਿ ਕੇ ਕਿ ਮੇਰਾ ਸਤਿਗੁਰ ਅਜਿਹਾ ਨਹੀਂ ਸੀ, ਇਕ ਦਮ ਮੂੰਹ ਘੁਮਾ ਕੇ ਬਾਹਰ ਨਿਕਲ ਗਏ। ਜੋ ਸੰਕੇਤ ਭਾਈ ਵੀਰ ਸਿੰਘ ਨੇ ਦਿਤਾ ਉਹ ਇਹ ਹੈ ਕਿ ਮਨੁਖ ਦੀ ਅਤਿ ਉਤਮ ਚਿਤਰਕਲਾ ਵੀ ਗੁਰੂ ਸਾਹਿਬਾਨ ਦੀ ਛਵੀ ਨਹੀਂ ਬਣਾ ਸਕਦੀ। ਪ੍ਰੋ. ਪੂਰਨ ਸਿੰਘ ਜੀ ‘ਕਲਗੀਆਂ ਵਾਲੇ ਦੀ ਛਵੀ’ ਲੇਖ ਵਿਚ ਵੀ ਗੁਰੂ ਚਿਤਰ ਬਣਾਉਣ ਹਿਤ ਮਨੁਖੀ ਅਪਹੁੰਚ ਦਾ ਜ਼ਿਕਰ ਕਰਦੇ ਹਨ।

ਫਿਲਮਾਂ ਤੇ ਨਾਟਕ ਚਾਹੇ ਕਿਸੇ ਵੀ ਰੂਪ ਚ ਹੋਣ, ਸਿਨੇਮਾਕਾਰੀ ਦੀ ਉਪਜ ਹਨ। ਜਿਸ ਦਾ ਕਾਰਜ ਅਸਲੀ ਜਾਂ ਨਕਲੀ ਤਸਵੀਰ ਨੂੰ ਫਿਲਮਾਉਣਾ ਹੁੰਦਾ ਹੈ। ਦੂਸਰੇ ਪਖੋਂ ਸਿਨੇਮਾਕਾਰੀ ਕਾਰੋਬਾਰ (ਬਿਜਨਸ) ਦਾ ਵੀ ਇਕ ਸੰਦ ਹੈ, ਜਿਸ ਨਾਲ ਨਿਰਮਾਤਾ, ਨਿਰਦੇਸ਼ਕ ਤੇ ਅਦਾਕਾਰਾਂ ਦੀ ਕਮਾਈ ਜੁੜੀ ਹੋਈ ਹੈ। ਕਮਾਈ ਦੇ ਸੰਦਾਂ ਤੋਂ ਸਿਖੀ ਰੂਹ ਦੇ ਫੈਲਾਅ ਦੀ ਆਸ ਕਰਨੀ ਠੀਕ ਵੀ ਨਹੀਂ। ਇਕ ਗੱਲ ਇਹ ਵੀ ਹੈ ਕਿ ਕੇਵਲ ਫਿਲਮ ਦੇ ਢੁਕਵੇਂ/ਉਤਮ ਸਿਰਲੇਖ ਜਾਂ ਉਸ ਵਿਚ ਉਕਾਈਆਂ ਦਾ ਪੂਰਨ ਖਿਆਲ ਰਖਣ ਦਾ ਮੁਦਾ ਨਹੀਂ, ਮਸਲਾ ਇਹ ਹੈ ਕਿ ਜੋ ਅਪਹੁੰਚ ਜਾਂ ਅਦ੍ਰਿਸ਼ ਸਰੋਕਾਰ ਪਰਦੇ ਦੇ ਕਿਸੇ ਵੀ ਸਾਧਨ ਦਾ ਵਿਸ਼ਾ ਨਹੀਂ ਤੇ ਕੇਵਲ ਰੂਹਾਨੀ ਹੈ, ਉਸ ਨੂੰ ਫਿਲਮਾਇਆ ਨਹੀਂ ਜਾ ਸਕਦਾ। ਪਰਦੇ ਬਾਰੇ ਤਾਂ ਵੈਸੇ ਵੀ ਵਿਦਵਾਨਾਂ ਦਾ ਮਤ ਹੈ ਕਿ ਪਰਦੇ ’ਤੇ ਸਭ ਕੁਝ ਪਰਛਾਵੇਂ ਦਾ ਵਰਤਾਰਾ ਹੁੰਦਾ ਹੈ। ਪਿਆਰ ਦੇ ਇਜ਼ਹਾਰ ਤੋਂ ਲੈ ਕੇ ਲੜਾਈ ਭਿੜਾਈ ਤਕ ਦਾ ਪਰਛਾਵਾਂ ਮਨੁਖ ਦੀਆਂ ਮਨੋ ਭਾਵਨਾਵਾਂ (emotions) ਨੂੰ ਨਰਮ ਪਾ ਦਿੰਦਾ ਹੈ। ਕਿਉਂਕਿ ਉਹ ਅਸਲ ਨਹੀਂ ਹੁੰਦਾ। ਇਸ ਦਾ ਦੂਸਰਾ ਨੁਕਸਾਨ ਇਹ ਹੈ ਕਿ ਪਰਦੇ ਉਪਰ ਦੇਖੀ ਜਾਂਦੀ ਅਤਿ ਬੁਰਾਈ ਦਾ ਦ੍ਰਿਸ਼ ਮਨੁਖੀ ਮਨ ਉਪਰ ਇਸ ਨੂੰ ਦੇਖ ਕੇ ਛਡ ਦੇਣ ਜਾਂ ਸਹਿਣ ਕਰਨ ਦਾ ਆਦੀ ਬਣਾਉਂਦਾ ਹੈ। ਇਹ ਸੂਖਮ ਮਾਨਸਿਕ ਨਤੀਜੇ ਹਨ, ਜੋ ਮਨੋਵਿਗਿਆਨਕ ਨੁਕਤੇ ਤੋਂ ਮਨੁਖ ਦੇ ਵਿਵਹਾਰ ਉਪਰ ਵੀ ਅਸਰ ਪਾਉਂਦੇ ਹਨ। ਕਹਿਣ ਦਾ ਭਾਵ ਜੇ ਪਰਦਾ ਆਮ ਹਾਲਤਾਂ ਵਿਚ ਵੀ ਕੇਵਲ ਮਨੋਰੰਜਨ ਦੇ ਸਾਧਨ ਤੋਂ ਵਧ ਕੁਝ ਨਹੀਂ ਤਾਂ ਅਕਾਲ ਰੂਪ ਗੁਰੂ ਸਾਹਿਬਾਨ, ਸਿਖ ਮਹਾਂ ਪੁਰਸ਼ਾਂ ਅਤੇ ਸ਼ਹੀਦਾਂ ਨੂੰ ਪਰਦੇ ਉਪਰ ਦੇਖਣ ਜਾਂ ਦਿਖਾਉਣ ਦਾ ਸਿਲਸਿਲਾ ਤਾਂ ਕਿਸੇ ਤਰ੍ਹਾਂ ਵੀ ਉਚਿਤ ਨਹੀਂ। ਧਰਮ ਫਿਲਾਸਫਰਾਂ ਨੇ ਪਵਿਤਰ ਤੇ ਅਪਵਿਤਰ ਦਾ ਨਿਖੇੜਾ ਧਰਮ ਦਾ ਬੁਨਿਆਦੀ ਤਤ ਮੰਨਿਆਂ ਹੈ। ਜੇ ਇਸ ਨੂੰ ਧਰਮ ਦੇ ਵਿਵਹਾਰ ਵਜੋਂ ਦਖੀਏ ਤਾਂ ਗਲ ਸਮਝ ਆਉਂਦੀ ਹੈ ਕਿ ਪਵਿਤਰ ਦੈਵੀ ਹਸਤੀਆਂ ਨੂੰ ਨਾ ਤਾਂ ਦੁਨਿਆਵੀ ਅਖ ਤੋਂ ਦੇਖਿਆ ਜਾ ਸਕਦਾ ਹੈ ਅਤੇ ਨਾਂ ਹੀ ਦੁਨਿਆਵੀ ਕਿਸੇ ਸਾਧਨ ਨਾਲ ਉਹਨਾਂ ਨੂੰ ਦਰਸਾਇਆ ਜਾ ਸਕਦਾ ਹੈ।

ਸਾਡੇ ਗੁਰ ਇਤਿਹਾਸ ਤੇ ਸਿਖ ਇਤਿਹਾਸ ਦੇ ਬਿਰਤਾਂਤਾਂ ਨੂੰ ਪ੍ਰਚਾਰਨ ਲਈ ਢਾਡੀ ਕਲਾ ਉਤਮ ਹੈ। ਇਹ ਸਾਡੇ ਧਰਮ ਦੇ ਪ੍ਰਚਾਰ ਦਾ ਵੀ ਕਾਰਗਰ ਸਾਧਨ ਹੈ ਕਿਉਂਕਿ ਇਹ ਸਾਡੀ ਮੌਲਿਕ ਕਲਾ ਹੈ, ਜੋ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਆਧੁਨਿਕ ਸਮੇਂ ਵਿਚ ਢਾਡੀ ਕਲਾ ਨੂੰ ਪ੍ਰਫੁਲਿਤ ਕਰਨਾ ਸਾਡੀ ਤਰਜੀਹ ਹੋਣੀ ਚਾਹੀਦੀ ਹੈ। ਸਮੁਚੀਆਂ ਸਿਖ ਸੰਸਥਾਵਾਂ ਨੂੰ ਇਸ ਵਿਰਾਸਤ ਦੇ ਹਾਣੀ ਬਣਾਉਣ ਲਈ ਸਾਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਬਚਿਆਂ ਵਿਚ ਸਿਖੀ ਦੀ ਚੇਟਕ ਲਾਈ ਰਖਣ ਲਈ ਗੁਰੂ ਸਾਹਿਬਾਨ ਅਤੇ ਮਹਾਂਪੁਰਸ਼ਾਂ ਦੇ ਪਵਿਤਰ ਜੀਵਨ ਬਿਰਤਾਂਤ ਅਤੇ ਦੈਵੀ ਕਾਰਨਾਮੇ ਸਾਖੀ ਸਾਹਿਤ ਵਿਚੋਂ ਸੁਣਾਏ ਜਾਣ ਦੀ ਰੀਤ ਨੂੰ ਬਰਕਰਾਰ ਰਖਣਾ ਚਾਹੀਦਾ ਹੈ। ਸਾਡੇ ਧਰਮ ਦੀ ਪਾਲਣਾ ਤੇ ਧਰਮ ਦੀ ਖੁਸ਼ੀ, ਮਨੁਖੀ ਵਿਕਾਰਾਂ ਦੇ ਤਿਆਗ ਅਤੇ ‘ਊੜੇ ਤੇ ਜੂੜੇ’ ਦੀ ਖੈਰ ਵਿਚੋਂ ਹੀ ਹੋਣੀ ਹੈ, ਜਿਹੜੀ ਗੁਰੂ ਦੀ ਕਿਰਪਾ ਅਤੇ ਮਨੁਖ ਦੀ ਬਿਰਤੀ ਦਾ ਵਿਸ਼ਾ ਹੈ। ਅੰਮ੍ਰਿਤ ਵੇਲਾ, ਨਿਤਨੇਮ, ਸਤਿਸੰਗਤ, ਕੀਰਤਨ, ਕਥਾ ਵਾਰਤਾ, ਗੁਰੂ ਕੀਆਂ ਸਾਖੀਆਂ ਸਿਖੀ ਜੀਵਨ ਵਿਵਹਾਰ ਦੇ ਅਨਿਖੜ ਅੰਗ ਹਨ ਤੇ ਸਹਿਜੇ ਹੀ ਸਾਡੇ ਧਰਮ ਪ੍ਰਚਾਰ ਦੇ ਸਾਧਨ ਵੀ ਹਨ। ਇਹਨਾਂ ਨੂੰ ਆਪਣੇ ਜੀਵਨ ਜੁਗਤ ਵਿਚ ਅਪਣਾਉਣਾ ਹੀ ਸਾਡੇ ਲਈ ਧਰਮ ਕਾਰਜ ਹੈ ਅਤੇ ਸਾਡੇ ਬਚਿਆਂ ਲਈ ਪ੍ਰੇਰਨਾਦਾ ਸੋਮਾ ਹੈ। ਸੋ ਸਿਖੀ ਜੀਵਨ ਲਈ ਦੁਆ ਕਰੀਏ ਨਾ ਕਿ ਪਰਦੇ ’ਤੇ ਸਿਖੀ ਦੀ ਨੁਮਾਇਸ ਲਾਉਣ ਦੀ ਆਦਤ ਪਾਈਏ।

  • ਲੇਖਕ ਗੁਰੂ ਕਾਸ਼ੀ ਕਾਲਜ ਅਾਫ ਸਿਖ ਸਟਡੀਜ਼, ਦਮਦਮਾ ਸਾਹਿਬ ਵਿਖੇ ਧਰਮ ਅਧਿਅੈਨ ਦਾ ਸਹਾਇਕ ਪੋ੍ਫੈਸਰ ਹੈ। ਲੇਖਕ ਨਾਲ +91-946-386-1316 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,