ਸਿਆਸੀ ਖਬਰਾਂ

ਡਾ. ਅਜੁੱਧਿਆ ਨਾਥ ਨੇ ਕੀਤੀ ਪੰਜਾਬ ਦਾ ਪਾਣੀ ਖੋਹਣ ਦੀ ਅਗਾਊਂ ਵਿਉਂਤਬੰਦੀ (ਲੇਖ)

September 16, 2017 | By

ਕੈਰੋਂ ਨੇ ਦਿੱਤੀ ਸੀ ਪਲੈਨ ਨਾਲੋਂ ਬਿਆਸ ਦਾ ਚੌਗੁਣਾ ਪਾਣੀ ਖਿੱਚਣ ਦੀ ਮਨਜ਼ੂਰੀ

(ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ) ਪੰਜਾਬ ’ਚ ਵਗਦੇ ਦਰਿਆਵਾਂ ਦਾ ਪਾਣੀ ਘੜੀਸਕੇ ਹਰਿਆਣਾ ਵਾਲੇ ਪਾਸੇ ਲਿਜਾਣ ਦੀਆਂ ਗੋਂਦਾ ਉਦੋਂ ਦੀਆਂ ਹੀ ਗੁੰਦਣੀਆਂ ਸ਼ੁਰੂ ਨੇ ਜਦੋਂ ਅਜੇ ਹਰਿਆਣੇ ਦਾ ਜਨਮ ਵੀ ਨਹੀਂ ਸੀ ਹੋਇਆ। ਭਾਵੇਂ ਹਰਿਆਣੇ ਦਾ ਜਨਮ 1966 ’ਚ ਹੋਇਆ ਪਰ ਪੰਜਾਬੀ ਸੂਬੇ ਦੀ ਮੰਗ 1950 ’ਚ ਹੀ ਸ਼ੁਰੂ ਹੋ ਗਈ ਸੀ। ਪੰਜਾਬੀ ਸੂਬੇ ਦੀ ਕਾਇਮੀ ਨਾਲ ਵੱਖਰਾ ਸੂਬਾ (ਹਰਿਆਣਾ) ਖ਼ੁਦ-ਬ-ਖ਼ੁਦ ਹੀ ਕਾਇਮ ਹੋ ਜਾਣਾ ਸੀ।

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ

ਪੰਜਾਬ ਦੇ ਪਾਣੀਆਂ ’ਤੇ ਕਹਿਰੀ ਅੱਖ ਰੱਖਣ ਵਾਲਿਆਂ ਨੂੰ ਅੰਦੇਸ਼ਾ ਸੀ ਕਿ ਪੰਜਾਬੀ ਸੂਬਾ ਇਕ ਨਾ ਇਕ ਦਿਨ ਬਣ ਸਕਦਾ ਹੈ ਤੇ ਉਸ ਸੂਰਤੇਹਾਲ ਵਿਚ ਭਾਰਤੀ ਸੰਵਿਧਾਨ ਮੁਤਾਬਿਕ ਪੰਜਾਬ ਦਾ ਪਾਣੀ ਖੋਹ ਕੇ ਇਕ ਗੈਰ-ਰਾਇਪੇਰੀਅਨ ਸੂਬੇ ਹਰਿਆਣੇ ਨੂੰ ਦੇਣਾ ਔਖਾ ਹੋ ਜਾਣਾ ਹੈ। ਸੋ ਪੰਜਾਬ ਦੇ ਭਵਿੱਖ ’ਚ ਬਣਨ ਵਾਲੇ ਨਕਸ਼ੇ ਦੇ ਮੱਦੇਨਜ਼ਰ ਪੰਜਾਬੀ ਸੂਬੇ ਦੇ ਹਿੱਸੇ ਆਉਣ ਵਾਲੇ ਪਾਣੀ ਨੂੰ ਮੌਜੂਦਾ ਹਰਿਆਣਾ ਵਾਲੇ ਹਿੱਸੇ ’ਚ ਲਿਜਾਣ ਦੀ ਵਿਉਂਤਬੰਦੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੇਲੇ ਹੀ ਸ਼ੁਰੂ ਹੋ ਗਈ ਸੀ। ਇਸ ਕੰਮ ’ਚ ਵੱਡਾ ਸੂਤਰਧਾਰ ਸੈਂਟਰਲ ਵਾਟਰ ਕਮਿਸ਼ਨ ਦਾ ਚੇਅਰਮੈਨ ਡਾ. ਅਜੁੱਧਿਆ ਨਾਥ ਖੋਸਲਾ ਬਣਿਆ ਜੀਹਨੇ ਲੋੜੋਂ ਵੱਧ ਮਿਕਦਾਰ ’ਚ ਬਿਆਸ ਦਾ ਪਾਣੀ ਘੜੀਸ ਕੇ ਨੰਗਲ ਤੱਕ ਲਿਆਉਣ ਦੀ ਵਿਊਂਤ ਬਣਵਾਈ। ਇਥੋਂ ਐਸ.ਵਾਈ.ਐਲ. ਨਹਿਰ ਕੱਢੀ ਜਾਣੀ ਸੀ। ਪਹਿਲਾਂ ਇਸ ਨਹਿਰ ਰਾਹੀਂ ਮੌਜੂਦਾ ਹਰਿਆਣੇ ਵਾਲੇ ਇਲਾਕੇ ਨੂੰ 0.9 ਐਮ.ਏ.ਐਫ਼. ਪਾਣੀ ਦੇਣ ਦੀ ਸਕੀਮ ਸੀ। ਇਹ 0.9 ਐਮ.ਏ.ਐਫ਼. ਪਾਣੀ ਬਿਆਸ ਦਰਿਆ ’ਚੋਂ ਲਿਆ ਕੇ ਨੰਗਲ ਡੈਮ ’ਚ ਸੁੱਟਿਆ ਜਾਣਾ ਸੀ। ਜੇ ਇਹੀ ਸਕੀਮ ਲਾਗੂ ਰਹਿੰਦੀ ਤਾਂ ਅੱਜ ਐਸ.ਵਾਈ.ਐਲ. ਨਹਿਰ ’ਚ 0.9 ਐਮ.ਏ.ਐਫ਼. ਤੋਂ ਵੱਧ ਪਾਣੀ ਨਹੀਂ ਸੀ ਛੱਡਿਆ ਜਾ ਸਕਦਾ। ਪਰ ਅਜੁੱਧਿਆ ਨਾਥ ਖੋਸਲਾ ਨੇ 3.8 ਐਮ.ਏ.ਐਫ਼. ਭਾਵ ਪਹਿਲੀ ਸਕੀਮ ਤੋਂ ਚੌਗੁਣਾ ਪਾਣੀ ਬਿਆਸ ਦਾ ਨੰਗਲ ਡੈਮ ’ਚ ਸੁਟਵਾਇਆ।

ਪੰਜਾਬ ਦੇ ਇੰਜੀਨੀਅਰਾਂ ਨੂੰ ਅਜੁੱਧਿਆ ਨਾਥ ਦੇ ਮਨ ਦਾ ਤਾਂ ਕੀ ਪਤਾ ਹੋਣਾ ਪਰ ਅਜੁਧਿਆ ਨਾਥ ਨੂੰ ਪਤਾ ਸੀ ਕਿ ਜਿੰਨਾ ਪਾਣੀ ਵੱਧ ਤੋਂ ਵੱਧ ਪਾਣੀ ਨੰਗਲ ’ਚ ਸੁੱਟਿਆ ਜਾਵੇਗਾ ਤਾਂ ਭਵਿੱਖ ’ਚ ਉਨ੍ਹਾਂ ਹੀ ਵੱਧ ਪਾਣੀ ਹਰਿਆਣੇ ਨੂੰ ਦਿੱਤਾ ਜਾ ਸਕਣ ਦੀ ਗੁੰਜਾਇਸ਼ ਬਣਦੀ ਹੈ। ਖੋਸਲਾ ਸਾਹਿਬ ਦੀ ਇਸ ਦੂਰਅੰਦੇਸ਼ੀ ਦਾ ਸਿੱਟਾ ਹੀ ਅੱਜ ਪੰਜਾਬ ਭੁਗਤ ਰਿਹਾ ਹੈ। ਨੰਗਲ ’ਚ ਆਏ ਇਸ ਵੱਧ ਪਾਣੀ ਕਰਕੇ ਹੀ ਇਰਾਡੀ ਟ੍ਰਬਿਊਨਲ ਨੇ ਹਰਿਆਣੇ ਨੂੰ ਵੱਧ ਪਾਣੀ ਅਲਾਟ ਕੀਤਾ। ਇਸ ਕਰਕੇ ਹੁਣ ਐਸ.ਵਾਈ.ਐਲ. ਰਾਹੀਂ 0.9 ਦੀ ਬਜਾਏ 2.21 ਐਮ.ਏ.ਐਫ਼. ਪਾਣੀ ਵਗਣਾ ਹੈ। ਇਰਾਡੀ ਨੇ ਹਰਿਆਣੇ ਨੂੰ ਕੁੱਲ 3.83 ਪਾਣੀ ਅਲਾਟ ਕੀਤਾ ਹੈ ਜਿਹਦੇ ’ਚੋਂ ਹਰਿਆਣਾ ਪਹਿਲਾਂ ਹੀ 1.62 ਲੈ ਰਿਹਾ ਹੈ। ਬਾਕੀ ਬਚਦਾ 2.21 ਐਸ.ਵਾਈ.ਐਲ. ਰਾਹੀਂ ਜਾਣਾ ਹੈ।

ਫਾਈਲ ਫੋਟੋ

ਫਾਈਲ ਫੋਟੋ

ਇਸ ਗੱਲ ਦਾ ਇੰਕਸ਼ਾਫ ਕਰਦਿਆਂ ਨਹਿਰੀ ਮਹਿਕਮਾ ਪੰਜਾਬ ਦੇ ਸਾਬਕਾ ਚੀਫ਼ ਇੰਜੀਨੀਅਰ ਸਰਦਾਰ ਗੁਰਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਗੱਲ 1958 ਦੇ ਨੇੜੇ-ਤੇੜੇ ਦੀ ਹੈ ਜਦੋਂ ਪਾਕਿਸਤਾਨ ਤੇ ਭਾਰਤ ਦਰਮਿਆਨ ਪਾਣੀ ਦੀ ਵੰਡ ਮੁਤੱਲਕ ਵਰਲਡ ਬੈਂਕ ਦੇ ਅਮਰੀਕਾ ਵਿਚਲੇ ਹੈ¤ਡ ਕੁਆਟਰ ’ਤੇ ਗੱਲਬਾਤ ਚੱਲ ਰਹੀ ਸੀ। ਉਥੇ ਬੈਠੇ ਭਾਰਤੀ ਡੈਲੀਗੇਸ਼ਨ ਦਾ ਪੰਜਾਬ ਸਰਕਾਰ ਨੂੰ ਇਕ ਸੁਨੇਹਾ ਆਇਆ ਕਿ ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਦੀ ਅਸੀਂ ਸਮੁੱਚੀ ਮਾਲਕੀ ਦੀ ਮੰਗ ਕਰ ਰਹੇ ਹਾਂ। ਇਥੇ ਇਹ ਦੱਸਣਾ ਹੈ ਕਿ ਅਸੀਂ ਇਹ ਸਾਰੇ ਪਾਣੀ ਦੀ ਪੂਰੀ ਵਰਤੋਂ ਕਰਨ ਦੇ ਸਮਰੱਥ ਹਾਂ। ਇਸ ਕਰਕੇ ਪੰਜਾਬ ਸਰਕਾਰ ਕੋਈ ਅਜਿਹੀ ਪਲੈਨ ਬਣਾ ਕੇ ਦੱਸੇ ਕਿ ਬਿਆਸ ਦੇ 0.9 ਐਮ.ਏ.ਐਫ਼. ਪਾਣੀ ਦੀ ਪੰਜਾਬ ਕਿੱਥੇ ਵਰਤੋਂ ਕਰ ਸਕਦਾ ਹੈ।

ਬੰਦ ਪਈ ਸਤਲੁਜ ਯਮੁਨਾ ਲਿੰਕ ਨਹਿਰ

ਬੰਦ ਪਈ ਸਤਲੁਜ ਯਮੁਨਾ ਲਿੰਕ ਨਹਿਰ

ਬਿਆਸ ਦਰਿਆ ਪੰਜਾਬ ਦੇ ਮਾਝਾ ਤੇ ਦੁਆਬਾ ਖਿੱਤੇ ਨੂੰ ਵੰਡਦਾ ਹੈ। ਅਸੂਲਨ ਇਹਦੇ ਪਾਣੀ ਦੀ ਮਾਝੇ ਜਾਂ ਦੁਆਬੇ ਵਿਚ ਹੀ ਵਰਤੋਂ ਕਰਨ ਵਾਸਤੇ ਕੋਈ ਨਹਿਰੀ ਸਕੀਮ ਬਣਨੀ ਚਾਹੀਦੀ ਸੀ। ਪਰ ਉਸ ਵੇਲੇ ਪੰਜਾਬ ਦੇ ਨਹਿਰੀ ਮਹਿਕਮੇ ਦਾ ਵਜ਼ੀਰ ਚੌਧਰੀ ਲਹਿਰੀ ਸਿੰਘ ਸੀ ਜੋ ਕਿ ਹਰਿਆਣਾ ਖਿੱਤੇ ਦਾ ਬੰਦਾ ਸੀ। ਮੁੱਖ ਮੰਤਰੀ ਕੈਰੋਂ ਨੇ ਲਹਿਰੀ ਸਿੰਘ ਦੇ ਆਖੇ ਲੱਗ ਇਹ ਸਕੀਮ ਮਨਜ਼ੂਰ ਕਰ ਲਈ ਕਿ ਬਿਆਸ ਦਰਿਆ ਦੇ ਪਾਣੀ ’ਚੋਂ ਨਹਿਰ ਕੱਢ ਕੇ ਹਰਿਆਣੇ ਵਾਲੇ ਹਿੱਸੇ ਨੂੰ ਦਿੱਤੀ ਜਾਵੇ। ਬਿਆਸ ਦਰਿਆ ਨਾਲ ਹੜ੍ਹਾਂ ਦੀ ਮਾਰ ਝੱਲਣ ਕਰਕੇ ਇਹਦੇ ਪਾਣੀ ’ਤੇ ਕੁਦਰਤੀ ਦਾਅਵੇਦਾਰ ਖਿੱਤਿਆਂ ਦਾ ਹੱਕ ਮਾਰਕੇ ਇਹਦਾ ਪਾਣੀ ਸੈਂਕੜੇ ਕਿਲੋਮੀਟਰ ਦੂਰ ਲਿਜਾਕੇ ਹਰਿਆਣੇ ਵਾਲੇ ਪਾਸੇ ਨੂੰ ਦੇਣਾ ਗੈਰ ਅਸੂਲਨ ਤਾਂ ਹੈ ਹੀ ਸੀ ਉਥੇ ਸਤਲੁਜ ਦਰਿਆ ਟਪਾ ਕੇ ਲੈ ਜਾਣਾ ਤਕਨੀਕੀ ਤੌਰ ’ਤੇ ਵੀ ਔਖਾ ਸੀ। ਇਹ ਵਿਥਿਆ ਦੱਸਣ ਵਾਲੇ ਸਰਦਾਰ ਗੁਰਬੀਰ ਸਿੰਘ ਢਿੱਲੋਂ ਉਦੋਂ ਨਹਿਰੀ ਮਹਿਕਮੇ ਦੇ ਡਿਜ਼ਾਇਨ ਵਿੰਗ ਵਿਚ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਤੈਨਾਤ ਸਨ।

Ajudhya Nath Khosla Partap Singh Kairon Nehru

ਡਾ. ਅਜੁੱਧਿਆ ਨਾਥ ਖੋਸਲਾ, ਪ੍ਰਤਾਪ ਸਿੰਘ ਕੈਰੋਂ ਅਤੇ ਜਵਾਹਰ ਲਾਲ ਨਹਿਰੂ (ਫਾਈਲ ਫੋਟੋ)

ਸ. ਢਿੱਲੋਂ ਦੱਸਦੇ ਹਨ ਕਿ ਹਰਿਆਣੇ ਖਿੱਤੇ ਨੂੰ ਨਹਿਰ ਕੱਢਣ ਲਈ ਬਿਆਸ ਦਾ ਪਾਣੀ ਨੰਗਲ ਡੈਮ ਤੱਕ ਲਿਆਉਣਾ ਪੈਣਾ ਸੀ। ਇਸ ਖਾਤਰ ਜਿਹੜਾ ਅਸੀਂ ਨਕਸ਼ਾ ਤਿਆਰ ਕੀਤਾ ਉਹਦਾ ਨਾਮ ਰਿਜਕ ਰਾਮ ਮੈਪ ਰੱਖਿਆ ਗਿਆ। ਹਰਿਆਣੇ ਨਾਲ ਤਾਲੁਕ ਰੱਖਣ ਵਾਲੇ ਚੌਧਰੀ ਰਿਜਰ ਰਾਮ 1962 ’ਚ ਚੌਧਰੀ ਲਹਿਰੀ ਸਿੰਘ ਤੋਂ ਬਾਅਦ ਪੰਜਾਬ ਦੇ ਸਿੰਜਾਈ ਮੰਤਰੀ ਬਣੇ। ਰਿਜਕ ਰਾਮ ਹਰਿਆਣੇ ਵਾਲੇ ਹਿੱਸੇ ਦੇ ਹਿੱਤਾਂ ਦੀ ਖੂਬ ਪੈਰਵਾਈ ਕਰਦੇ ਹੁੰਦੇ ਸੀ। ਪਤਾ ਨੀ ਵਜ਼ੀਰ ਹੋਣ ਕਰਕੇ ਜਾਂ ਉਨ੍ਹਾਂ ਦਾ ਇਸ ਪ੍ਰੋਜੈਕਟ ਵਿਚ ਕੋਈ ਹੋਰ ਹੱਥ ਹੋਣ ਕਰਕੇ ਇਸ ਪ੍ਰੋਜੈਕਟ ਦੇ ਨਕਸ਼ੇ ਦਾ ਨਾਮ ਰਿਜਕ ਰਾਮ ਨਕਸ਼ਾ ਰੱਖਿਆ ਗਿਆ। ਇਸ ਨਕਸ਼ੇ ਤਹਿਤ ਹਿਮਾਚਲ ਦੇ ਪਹਾੜਾਂ ’ਚ ਪੰਡੋਹ ਨੇੜੇ ਇਕ ਡੈਮ ਬਣਾ ਕੇ ਬਿਆਸ ਦਾ ਪਾਣੀ ਰੋਕਿਆ ਜਾਣਾ ਸੀ। ਇਥੋਂ 13 ਕਿਲੋਮੀਟਰ ਲੰਬੀ ਸੁਰੰਗ ਰਾਹੀਂ ਪਾਣੀ ਬੱਗੀ ਤੱਕ ਲਿਆਉਣਾ ਫੇਰ 12 ਕਿਲੋਮੀਟਰ ਖੁੱਲ੍ਹੇ ਚੈਨਲ ਨਾਲ ਸੁੰਦਰ ਨਗਰ ਝੀਲ ਤੱਕ ਉਹਤੋਂ ਅਗਾਂਹ ਫੇਰ 6 ਕਿਲੋਮੀਟਰ ਸੁਰੰਗ ਰਾਹੀਂ ਲਿਆ ਕੇ ਸਲਾਪੜ ਕੇ ਮੁਕਾਮ ’ਤੇ ਸਤਲੁਜ ’ਚ ਸੁੱਟਣਾ ਸੀ ਜੋ ਕਿ ਨੰਗਲ ਡੈਮ ਤੱਕ ਆਉਣਾ ਸੀ। ਜਦੋਂ ਇਹ ਨਕਸ਼ਾ ਸ. ਕੈਰੋਂ ਨੂੰ ਦਖਾਇਆ ਤਾਂ ਉਨ੍ਹਾਂ ਨੇ ਇਹਨੂੰ ਸਿਧਾਂਤਕ ਮਨਜ਼ੂਰੀ ਤਾਂ ਦੇ ਦਿੱਤੀ ਪਰ ਇਹਨੂੰ ਆਖਰੀ ਮਨਜ਼ੂਰੀ ਲਈ ਸੈਂਟਰਲ ਵਾਟਰ ਕਮਿਸ਼ਨ ਦੇ ਚੇਅਰਮੈਨ ਅਜੁਧਿਆ ਨਾਥ ਖੋਸਲਾ ਕੋਲ ਘੱਲ ਦਿੱਤਾ ਤਾਂ ਖੋਸਲਾ ਨੇ ਸਲਾਹ ਦਿੱਤੀ ਕਿ ਤੁਸੀਂ 0.9 ਐਮ.ਏ.ਐਫ਼. ਕਪੈਸਟੀ ਦੀ ਬਜਾਏ ਔਪਟੀਮਮ ਕਪੈਸਟੀ (ਵੱਧ ਤੋਂ ਵੱਧ ਸਮਰੱਥਾ) ਦੀਆਂ ਸੁਰੰਗਾਂ ਬਣਾਓ ਬਿਆਸ ਦਾ ਵੱਧ ਤੋਂ ਵੱਧ ਪਾਣੀ ਨੰਗਲ ਤੱਕ ਲਿਆਉਣ ਖਾਤਰ।

ਸਬੰਧਤ ਖ਼ਬਰ:

ਪਾਣੀ: ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਕਿਸਾਨ ਵਰਗ ਕਿਊਸਕ, ਐਮ.ਏ.ਐਫ. ਦੇ ਮਾਇਨਿਆਂ ਤੋਂ ਨਾ-ਵਾਕਫ (ਲੇਖ) …

ਡਾ. ਖੋਸਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਬਹੁਤ ਹੀ ਭਰੋਸੇਮੰਦ ਬੰਦਾ ਸੀ। ਪ੍ਰਤਾਪ ਸਿੰਘ ਕੈਰੋਂ ਬਹੁਤ ਹੀ ਤੇਜ਼ ਤਰਾਰ ਦਿਮਾਗ ਦਾ ਬੰਦਾ ਸੀ ਸੋ ਇਹ ਸੰਭਵ ਨਹੀਂ ਕਿ ਉਹਨੂੰ ਖੋਸਲੇ ਦੀ ਇਸ ਭਾਵਨਾ ਦੀ ਸਮਝ ਨਾ ਲੱਗੀ ਹੋਵੇ। ਚਲੋ ਜਿਵੇਂ ਵੀ ਸਹੀ ਕੈਰੋਂ ਨੇ ਖੋਸਲੇ ਦੀ ਇਸ ਸਲਾਹ ਨੂੰ ਮੰਨ ਲਿਆ। ਸੋ ਮਹਿਕਮੇ ਦੇ ਡਿਜ਼ਾਇਨ ਵਿੰਗ ਨੇ 0.9 ਦੀ ਬਜਾਏ 3.82 ਐਮ.ਏ.ਐਫ਼. ਪਾਣੀ ਲਿਆਉਣ ਖਾਤਰ 762 ਮਿਲੀਮੀਟਰ ਡਾਇਆਮੀਟਰ ਦੀਆਂ ਸੁਰੰਗਾ ਡਿਜ਼ਾਇਨ ਕਰ ਦਿੱਤੀਆਂ ਜਿਵੇਂ ਕਿ ਅਜੁੱਧਿਆ ਨਾਥ ਜੀ ਚਾਹੁੰਦੇ ਸਨ। ਪੰਜਾਬ ਹਰਿਆਣਾ ਦੇ ਝਗੜੇ ਵਿਚ 3.82 ਹਿੱਸੇ ਨੂੰ ਵਾਧੂ ਪਾਣੀ ਮੰਨ ਕੇ ਇਹਦੇ ’ਚੋਂ ਐਸ.ਵਾਈ.ਐਲ. 2.21 ਦਿੱਤਾ ਜਾ ਰਿਹਾ ਹੈ। ਬਚਦਾ 1.62 ਪੰਜਾਬ ਨੂੰ ਦੇਣਾ ਮੰਨ ਕੇ ਉਹਦੇ ’ਤੇ ਅਹਿਸਾਨ ਕੀਤਾ ਜਾ ਰਿਹਾ ਹੈ। ਜੇ ਅਜੁੱਧਿਆ ਨਾਥ ਦਾ ਆਖਾ ਨਾ ਮੰਨ ਕੇ ਸਿਰਫ ਬਿਆਸ ’ਚੋਂ 0.9 ਪਾਣੀ ਹੀ ਲਿਆਇਆ ਗਿਆ ਹੁੰਦਾ ਤਾਂ ਐਸ.ਵਾਈ.ਐਲ. ’ਚ ਇਹਤੋਂ ਵੱਧ ਪਾਣੀ ਛੱਡਿਆ ਹੀ ਨਹੀਂ ਸੀ ਜਾ ਸਕਦਾ। ਪਰ ਪੰਜਾਬ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੀ ਦੂਰਅੰਦੇਸ਼ੀ ਤਾਂ ਅੱਜ ਪਤਾ ਲੱਗਦੀ ਹੈ ਪਰ ਪੰਜਾਬ ਦੇ ਆਗੂਆਂ ਵੱਲੋਂ ਦੂਰ ਦੀ ਸੋਚਣਾ ਤਾਂ ਇਕ ਪਾਸੇ ਰਿਹਾ ਬਲਕਿ ਉਹ ਤਾਂ ਅੱਜ ਦੀ ਵੀ ਨਹੀਂ ਸੋਚ ਰਹੇ।

ਸਬੰਧਤ ਖ਼ਬਰ:

ਐਸ.ਵਾਈ.ਐਲ. : ਮਾਮਲਾ ਹਰਿਆਣੇ ਨੂੰ ਪਾਣੀ ਦਵਾਉਣ ਦਾ ਨਹੀਂ, ਬਲਕਿ ਪੰਜਾਬ ਤੋਂ ਖੋਹਣ ਦਾ ਹੈ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,