
May 9, 2023 | By ਸਿੱਖ ਸਿਆਸਤ ਬਿਊਰੋ
ਬਾਘਾਪੁਰਾਣਾ : ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨੂੰ ਸੂਤਰਧਾਰ ਕਰਨ ਦੇ ਯਤਨਾਂ ਤਹਿਤ ਬਾਘਾਪੁਰਾਣਾ ਨੇੜੇ ਗੁਰੂ ਕੀ ਮਟੀਲੀ ਵਿਖੇ ਨਿਰਮਲ ਸੰਪ੍ਰਦਾਇ ਦੇ ਕਾਰਜਸ਼ੀਲ ਜਥਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਬੈਠਕ ਦੌਰਾਨ ਵਿਚਾਰ-ਵਟਾਂਦਰਾ ਕਰਦੇ ਹੋਏ ਇੱਕ ਤਸਵੀਰ
ਇਸ ਇੱਕਤਰਤਾ ਵਿਚ ਪੰਥ ਸੇਵਕ ਭਾਈ ਦਲਜੀਤ ਸਿੰਘ ਬਿੱਟੂ ਨੇ ਬਾਬਾ ਚਮਕੌਰ ਸਿੰਘ ਭਾਈਰੂਪਾ (ਨਿਰਮਲ ਸੰਪਰਦਾਇ ਪੰਜਗਰਾਈਂ ਕਲਾਂ), ਬਾਬਾ ਹਰਜਿੰਦਰ ਸਿੰਘ (ਗੁਰੂ ਕੀ ਮਟੀਲੀ, ਬਾਘਾਪੁਰਾਣਾ) ਅਤੇ ਮਹੰਤ ਸੁੱਖਪ੍ਰੀਤ ਸਿੰਘ (ਨਿਰਮਲ ਸੰਪਰਦਾਇ ਰਾਜੇਆਣਾ) ਨਾਲ ਬੈਠਕ ਕੀਤੀ ਜਿਸ ਵਿਚ ਮੌਜੂਦਾ ਹਾਲਾਤ ਅਤੇ ਸਿੱਖ ਸਫਾਂ ਵਿਚਲੇ ਖਿੰਡਾਓ ਬਾਰੇ ਗੰਭੀਰ ਵਿਚਾਰਾਂ ਹੋਈਆਂ।
ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਿੱਖ ਸਫਾਂ ਵਿਚ ਆਪਸੀ ਸੰਵਾਦ ਦੀ ਕਮੀ ਕਾਰਨ ਸਾਡੇ ਮਸਲੇ ਉਲਝਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿਚ ਸਥਾਨਕ ਪੱਧਰ ਉੱਤੇ ਸਰਗਰਮ ਸਿੱਖ ਜਥਿਆਂ ਨੂੰ ਆਪਸ ਵਿਚ ਤਾਲਮੇਲ ਵਧਾਉਣਾ ਚਾਹੀਦਾ ਹੈ ਅਤੇ ਆਪਸੀ ਵਿਚਾਰ-ਚਰਚਾ ਕਰਕੇ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ।
ਭਾਈ ਦਲਜੀਤ ਸਿੰਘ ਵਿਚਾਰ ਸਾਂਝੇ ਕਰਦੇ ਹੋਏ
ਉਹਨਾਂ ਕਿਹਾ ਕਿ ਉਹਨਾ ਵੱਲੋਂ ਪੰਥਕ ਪੱਧਰ ਉੱਤੇ ਆਪਸੀ ਵਿਚਾਰ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਉਸ ਤਹਿਤ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇੱਕਤਰਤਾ ਸੱਦੀ ਗਈ ਹੈ ਜਿਸ ਵਿਚ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਭਾਈ ਦਲਜੀਤ ਸਿੰਘ ਨੇ ਨਿਰਮਲ ਸੰਪ੍ਰਦਾਇ ਦੇ ਉਕਤ ਜਥਿਆਂ ਨੂੰ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦਿੱਤਾ।
ਭਾਈ ਦਲਜੀਤ ਸਿੰਘ, ਬਾਬਾ ਚਮਕੌਰ ਸਿੰਘ ਭਾਈਰੂਪਾ ਜੀ ਨੂੰ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦਿੰਦੇ ਹੋਏ
Related Topics: Baghapurana, Bhai Daljit Singh, Miri Piri Divas, Panth Sewak