June 18, 2017 | By ਸਿੱਖ ਸਿਆਸਤ ਬਿਊਰੋ
ਜਲੰਧਰ: ਦਿਲਜੀਤ ਦੁਸਾਂਝ ਦੀ ਨਵੀਂ ਆਈ ਪੰਜਾਬੀ ਫਿਲਮ ‘ਸੁਪਰ ਸਿੰਘ’ ਦਰਬਾਰ ਸਾਹਿਬ, ਅੰਮ੍ਰਿਤਸਰ ਬਾਰੇ ਫਿਲਮਾਏ ਕੁਝ ਦ੍ਰਿਸ਼ਾਂ ਕਾਰਨ ਵਿਵਾਦਾਂ ਵਿੱਚ ਘਿਰ ਗਈ ਹੈ। ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਦਰਬਾਰ ਸਾਹਿਬ ਵੱਲ ਛੱਡੀ ਮਿਜ਼ਾਈਲ ਦੇ ਦ੍ਰਿਸ਼ਾਂ ’ਤੇ ਦਰਸ਼ਕਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਿੱਖ ਵਿਦਵਾਨਾਂ ਨੇ ਵੀ ਦਸਤਾਰ ਨਾਲ ਜੋੜ ਕੇ ਦਿਖਾਈਆਂ ਕਰਾਮਾਤਾਂ ਨੂੰ ਗ਼ਲਤ ਕਰਾਰ ਦਿੱਤਾ ਹੈ, ਹਾਲਾਂਕਿ ਫਿਲਮ ਵਿੱਚ ਸਿੱਖ ਵਿਚਾਰਧਾਰਾ ਦੀ ਸਿਫ਼ਤ ਕੀਤੀ ਹੈ ਤੇ ਦਸਤਾਰ ਦੀ ਮਹੱਤਤਾ ਦੱਸੀ ਗਈ ਹੈ।
ਫਿਲਮ ਵੇਖਣ ਵਾਲੇ ਇੱਕ ਨੌਜਵਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਫਿਲਮ ਵਿੱਚ ਅਕਾਲ ਤਖ਼ਤ ਸਾਹਿਬ ਨੂੰ ਮਿਜ਼ਾਈਲ ਮਾਰ ਕੇ ਤਬਾਹ ਕਰਨ ਅਤੇ ਦਰਬਾਰ ਸਾਹਿਬ ਵੱਲ ਮਿਜ਼ਾਈਲ ਛੱਡਣ ਵਰਗੇ ਡਾਇਲਾਗ ਬੋਲੇ ਗਏ ਹਨ, ਜਿਸ ਕਾਰਨ ਸਿੱਖ ਸੰਗਤ ਵਿੱਚ ਰੋਸ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਫਿਲਮ ਦੇ ਅਖ਼ੀਰ ਵਿੱਚ ਦਰਬਾਰ ਸਾਹਿਬ ਵੱਲ ਮਿਜ਼ਾਈਲ ਵੀ ਛੱਡੀ ਦਿਖਾਈ ਗਈ ਹੈ ਤੇ ਦਿਲਜੀਤ ਦੁਸਾਂਝ ਨੇ ਉਸ ਮਿਜ਼ਾਈਲ ਨੂੰ ਦਰਬਾਰ ਸਾਹਿਬ ਦੇ ਠੀਕ ਉਪਰੋਂ ਵਾਪਸ ਮੋੜ ਕੇ ਆਪਣੇ ਆਪ ਨੂੰ ਦਰਬਾਰ ਸਾਹਿਬ ਦੇ ਰਾਖੇ ਵਜੋਂ ਦਿਖਾਇਆ ਹੈ।
ਸਬੰਧਤ ਖ਼ਬਰ:
ਸਿੱਖੀ ਸਿਧਾਂਤਾਂ ‘ਤੇ ਮਾਰੂ ਵਾਰ ਕਰਨ ਵਾਲੀ ਫਿਲਮ ਭਾਰਤ ਸਰਕਾਰ ਲਈ “ਕੌਮੀ ਏਕਤਾ” ਦੀ ਪ੍ਰਤੀਕ …
ਹਰਜੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੇ ਹਾਲੇ ਤਕ ਫਿਲਮ ਨਹੀਂ ਦੇਖੀ ਹੈ ਪਰ ਜੋ ਸੁਣਨ ਵਿੱਚ ਆ ਰਿਹਾ ਹੈ, ਉਹ ਸਿੱਖ ਸਿਧਾਂਤਾਂ ਦੇ ਉਲਟ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਤਾਰਪੁਰ ਤੋਂ ਮੈਂਬਰ ਰਣਜੀਤ ਸਿੰਘ ਕਾਹਲੋਂ ਨੇ ਵੀ ਫਿਲਮ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਸਿੱਖਾਂ ਦੀ ਧਾਰਮਿਕ ਸ਼ਰਧਾ ਦਾ ਪ੍ਰਤੀਕ ਹੈ ਅਤੇ ਇਸ ਦੀ ਵਰਤੋਂ ਫ਼ਿਲਮਸਾਜ਼ਾਂ ਨੂੰ ਵਿਵਾਦਿਤ ਢੰਗ ਨਾਲ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਸਿੱਖੀ ਚਿੰਨ੍ਹਾਂ ਨੂੰ ਕਰਾਮਤਾਂ ਨਾਲ ਦਿਖਾਉਣ ਦਾ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਧਿਆਨ ਵਿੱਚ ਲਿਆਉਣਗੇ।
Related Topics: Anti Sikh Movies, Diljit Dosanjh, Punjabi Movies