February 16, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਡੇਰਾ ਸਿਰਸਾ ਵਿਖੇ ਆਸ਼ੀਰਵਾਦ ਅਤੇ ਸਮਰਥਨ ਲੈਣ ਗਏ ਬਾਦਲ ਦਲ ਦੇ ਆਗੂਆਂ ਦੇ ਮਾਮਲੇ ਦੀ ਜਾਂਚ ਕਰ ਰਹੀ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ “ਜਾਂਚ ਟੀਮ” ਨੂੰ “ਹੋਰ ਸਮਾਂ” ਮਿਲਣ ਦੀ ਸੰਭਾਵਨਾ ਹੈ। ਟੀਮ ਵੱਲੋਂ ਮੁਕੰਮਲ ਜਾਂਚ ਰਿਪੋਰਟ ਦਿੱਲੀ ਗੁਰਦੁਆਰਾ ਚੋਣਾਂ (26 ਫਰਵਰੀ) ਤੋਂ ਬਾਅਦ ਹੀ ਸੌਂਪੇ ਜਾਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ “ਹੁਕਮਨਾਮੇ” ਦੀ ਉਲੰਘਣਾ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ‘ਚ ਡੇਰਾ ਸਿਰਸਾ ਪ੍ਰੇਮੀਆਂ ਦੀਆਂ ਵੋਟਾਂ ਹਾਸਲ ਕਰਨ ਲਈ ਬਾਦਲ ਦਲ ਵਲੋਂ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ ‘ਚ ਕਰਾਉਣ ਦਾ ਐਲਾਨ ਕੀਤਾ ਗਿਆ ਸੀ। 1 ਫਰਵਰੀ ਨੂੰ ਬਠਿੰਡਾ ਵਿਖੇ ਹੋਏ ਬਾਦਲ ਦਲ ਅਤੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੀ ਸਾਂਝੀ ਚੋਣ ਸਭਾ ਮੌਕੇ ਬਾਦਲ ਦਲ ਦੇ ਕਈ ਉਮੀਦਵਾਰ ਮੰਚ ’ਤੇ ਮੌਜੂਦ ਸਨ, ਜਿਨ੍ਹਾਂ ਹਮਾਇਤ ਪ੍ਰਾਪਤ ਕਰਨ ਮਗਰੋਂ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਮੁੜ ਬਾਦਲ-ਭਾਜਪਾ ਸਰਕਾਰ ਬਣਨ ਮਗਰੋਂ ਉਹ ਵੱਖ ਵੱਖ ਥਾਵਾਂ ’ਤੇ ਡੇਰਾ ਸਿਰਸਾ ਮੁੱਖੀ ਦੇ ਪ੍ਰੋਗਰਾਮ ਕਰਾਉਣਗੇ।
ਤਿੰਨ ਮੈਂਬਰੀ ਜਾਂਚ ਕਮੇਟੀ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਦੋ ਸਫ਼ਿਆਂ ਦੀ ਰਿਪੋਰਟ ਵਿੱਚ ਜਾਂਚ ਟੀਮ ਨੇ ਡੇਰਾ ਸਿਰਸਾ ਖਿਲਾਫ਼ ਜਾਰੀ ਕੀਤੇ ਹੁਕਮਨਾਮੇ, ਹੁਕਮਨਾਮੇ ਦੀ ਇਬਾਰਤ ਅਤੇ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਆਗੂਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਮੀਡੀਆ ਰਿਪੋਰਟ ਮੁਤਾਬਕ ਇਸ ਸੂਚੀ ਵਿਚ 22 ਸਿਆਸੀ ਆਗੂਆਂ ਦੇ ਨਾਵਾਂ ਦਾ ਜ਼ਿਕਰ ਹੈ, ਜੋ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਹਨ। ਜਾਂਚ ਟੀਮ ਨੇ ਦੱਸਿਆ ਕਿ ਇਨ੍ਹਾਂ ਆਗੂਆਂ ਦੀ ਸ਼ਨਾਖਤ ਅਖ਼ਬਾਰਾਂ, ਵੀਡੀਓ ਕਲਿਪ ਤੇ ਹੋਰ ਸਾਧਨਾਂ ਰਾਹੀਂ ਕੀਤੀ ਗਈ ਹੈ। ਜਾਂਚ ਟੀਮ ਨੇ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਇਸ ਦੀ ਜਾਂਚ ਦਾ ਘੇਰਾ ਵੱਡਾ ਹੈ ਅਤੇ ਇਸ ਲਈ ਜਾਂਚ ਵਾਸਤੇ ਹੋਰ ਸਮੇਂ ਦੀ ਲੋੜ ਹੈ।
ਜਾਂਚ ਟੀਮ ਵੱਲੋਂ ਮਿਲੀ ਰਿਪੋਰਟ ਦੀ ਪੁਸ਼ਟੀ ਕਰਦਿਆਂ ਪ੍ਰੋ. ਬਡੂੰਗਰ ਨੇ ਦੱਸਿਆ ਕਿ ਇਹ ਗੰਭੀਰ ਮਾਮਲਾ ਹੈ, ਜਿਸ ਨੂੰ ਹੁਣ ਅੰਤ੍ਰਿੰਗ ਕਮੇਟੀ ਵਿੱਚ ਰੱਖਿਆ ਜਾਵੇਗਾ। ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 17 ਫਰਵਰੀ ਨੂੰ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਸੱਦੀ ਗਈ ਹੈ, ਜਿਸ ਵਿੱਚ ਮਾਮਲਾ ਵਿਚਾਰਿਆ ਜਾਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਜਾਂਚ ਮਾਮਲੇ ਵਿੱਚ ਕਾਹਲੀ ਕਰਨਾ ਠੀਕ ਨਹੀਂ ਕਿਉਂਕਿ ਇਹ ਕਿਸੇ ਇਕ ਪਾਰਟੀ ਦੇ ਆਗੂਆਂ ਨਾਲ ਨਹੀਂ ਬਲਕਿ ਕਈ ਪਾਰਟੀਆਂ ਨਾਲ ਸਬੰਧਤ ਆਗੂਆਂ ਨਾਲ ਜੁੜਿਆ ਮਾਮਲਾ ਹੈ।
ਇਥੇ ਦੱਸਣਯੋਗ ਹੈ ਕਿ ਸਿਆਸੀ ਹਲਕਿਆਂ ਵਿੱਚ ਪਹਿਲਾਂ ਹੀ ਚਰਚਾ ਸੀ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਦਿੱਲੀ ਗੁਰਦੁਆਰਾ ਚੋਣਾਂ ਤੋਂ ਬਾਅਦ ਹੀ ਸਾਹਮਣੇ ਆਵੇਗੀ। ਜੇਕਰ 17 ਫਰਵਰੀ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਜਾਂਚ ਟੀਮ ਨੂੰ ਹਫ਼ਤੇ ਜਾਂ ਦਸ ਦਿਨ ਦਾ ਹੋਰ ਸਮਾਂ ਦਿੱਤਾ ਜਾਂਦਾ ਹੈ ਤਾਂ ਜਾਂਚ ਰਿਪੋਰਟ ਫਰਵਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਮੁਕੰਮਲ ਹੋਵੇਗੀ। ਉਦੋਂ ਤੱਕ ਦਿੱਲੀ ਚੋਣਾਂ ਲੰਘ ਜਾਣਗੀਆਂ।
ਸਬੰਧਤ ਖ਼ਬਰਾਂ:
ਦਿੱਲੀ ਕਮੇਟੀ ਦੇ ਆਗੂਆਂ ਅਤੇ ਸਲਾਬਤਪੁਰਾ ਡੇਰੇ ਦੇ ਮੁੱਖ ਪ੍ਰਬੰਧਕ ਨੂੰ ਬਾਦਲ ਸਰਕਾਰ ਵਲੋਂ ਜਿਪਸੀਆਂ …
Related Topics: Badal Dal, Prof. Kirpal Singh Badunger, Punjab Elections 2017 (ਪੰਜਾਬ ਚੋਣਾਂ 2017), Punjab Polls 2017, Shiromani Gurdwara Parbandhak Committee (SGPC), ਦਿੱਲੀ ਕਮੇਟੀ ਚੋਣਾਂ 2017