November 8, 2019 | By ਸਿੱਖ ਸਿਆਸਤ ਬਿਊਰੋ
ਡੇਹਰਾ ਬਾਬਾ ਨਾਨਕ: ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਡੇਹਰਾ ਬਾਬਾ ਨਾਨਕ ਵਿਖੇ ਕੀਤੇ ਗਏ ਪ੍ਰਬੰਧ ਪਾਣੀ ਦੀ ਭੇਟ ਚੜ੍ਹ ਗਏ ਹਨ। ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਲਈ ਡੇਹਰਾ ਬਾਬਾ ਨਾਨਕ ਵਿਖੇ ਕਈ ਕਾਨਤੀ ਭਵਨ (ਟੈਂਟ-ਸਿਟੀ) ਬਣਾਉਣ ਦੇ ਨਾਲ-ਨਾਲ ਸੰਗਤਾਂ, ਖਬਰਖਾਨੇ ਅਤੇ ਸਿਆਸਤਦਾਨਾਂ ਤੇ ਸਰਕਾਰੀ ਅਹੁਦੇਦਾਰਾਂ ਦੀਆਂ ਗੱਡੀਆਂ ਖੜ੍ਹਾਉਣ ਲਈ ਜੋ ਥਾਵਾਂ ਤਿਆਰ ਕੀਤੀਆ ਸਨ ਸਭ ਬੀਤੀ ਰਾਤ ਪਏ ਮੀਹ ਕਾਰਨ ਪਾਣੀ ਨਾਲ ਭਰ ਗਈਆਂ ਹਨ।
ਖਬਰਖਾਨੇ ਵਲੋਂ ਸਰਕਾਰ ਵਲੋਂ ਖਰਚੇ ਗਏ ਕਰੋੜਾਂ ਰੁਪੱਈਆਂ ਦਾ ਹਵਾਲਾ ਦਿੰਦਿਆਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਕੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਅਮਲੇ-ਫੈਲੇ ਨੇ ਅਜਿਹੇ ਹਾਲਾਤ ਨਾਲ ਨਜਿੱਠਣ ਦੀ ਪ੍ਰਬੰਧ ਕਿਉਂ ਨਹੀਂ ਕੀਤੇ?
ਦੱਸ ਦੇਈਏ ਕਿ ਅੱਜ ਤੋਂ ਡੇਹਰਾ ਬਾਬਾ ਨਾਨਕ ਵਿਖੇ ਸਮਾਗਮ ਸ਼ੁਰੂ ਹੋਣੇ ਸਨ ਪਰ ਖਬਰ ਲਿਖੇ ਜਾਣ ਤੱਕ ਹਾਲੀ ਕੋਈ ਵੀ ਸਮਾਗਮ ਸ਼ੁਰੂ ਨਹੀਂ ਸਨ ਹੋ ਸਕੇ। ਇਸ ਦਰਮਿਆਨ ਸਰਕਾਰੀ ਨੁਮਾਇੰਦੇ ਕਹਿ ਰਹੇ ਹਨ ਕਿ ਉਹ ਸਭ ਕੁਝ ਠੀਕ ਕਰ ਲੈਣਗੇ ਅਤੇ ਹੋਣ ਵਾਲੇ ਸਮਾਗਮ ਹਰ ਹਾਲਤ ਵਿਚ ਹੋਣਗੇ।
ਜ਼ਿਕਰਯੋਗ ਹੈ ਕਿ ਭਲਕੇ (9 ਨਵੰਬਰ ਨੂੰ) ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚ ਕ੍ਰਮਵਾਰ ਭਾਰਤ ਸਰਕਾਰ ਅਤੇ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕਰਨ ਹੈ ਜਿਸ ਰਾਹੀਂ ਪੂਰਬੀ ਪੰਜਾਬ ਅਤੇ ਭਾਰਤੀ ਉਪਮਹਾਂਦੀਪ ਵਿਚ ਰਹਿਣ ਵਾਲੇ ਸਿੱਖ ਅਤੇ ਇਨ੍ਹਾਂ ਖਿੱਤਿਆਂ ਦੇ ਪਰਵਾਸੀ ਸਿੱਖ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਕਰਤਾਰਪੁਰ ਸਾਹਿਬ ਜਾ ਸਕਣਗੇ।
Related Topics: Dehra Baba Nanak, Dera Baba Nanak to Kartarpur Sahib Corridor, Kartarpur Corridor