ਸਿੱਖ ਖਬਰਾਂ

ਸ਼ਹੀਦੀ ਸਮਾਗਮਾਂ ਮੌਕੇ ਦੀਪਮਾਲਾ ਕਰਕੇ ਸ਼੍ਰੋਮਣੀ ਕਮੇਟੀ ਨੇ ਨਵਾਂ ਵਿਵਾਦ ਖੜ੍ਹਾ ਕੀਤਾ

December 28, 2011 | By

ਫ਼ਤਹਿਗੜ੍ਹ ਸਾਹਿਬ, 28 ਦਸੰਬਰ (ਪਰਦੀਪ ਸਿੰਘ) : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 7 ਅਤੇ 9 ਸਾਲ ਦੇ ਸ਼ਾਹਿਬਜ਼ਾਦਿਆਂ ਅਤੇ ਬਿਰਧ ਮਾਤਾ ਗੁਜਰੀ ਜੀ ਦੀ ਦਿਲ ਦਹਿਲਾ ਦੇਣ ਵਾਲੀ ਸ਼ਹਾਦਤ ਦੀ ਯਾਦ ਵਿੱਚ ਲੱਗਣ ਵਾਲੇ ਸ਼ਹੀਦੀ ਜੋੜ ਮੇਲ ਮੌਕੇ ਇਤਿਹਾਸਕ ਗੁਰਦੁਆਰਿਆਂ ਦੀ ਦੀਪ ਮਾਲਾ ਕਰਕੇ ਸ਼੍ਰੋਮਣੀ ਕਮੇਟੀ ਨਵੇਂ ਵਿਵਾਦਾਂ ਵਿੱਚ ਘਿਰ ਸਕਦੀ ਹੈ। ਇਨ੍ਹਾਂ ਸਮਾਗਮਾਂ ਦੌਰਾਨ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਠੰਡਾ ਬੁਰਜ਼ ਅਤੇ ਗੁਰੁਦਆਰਾ ਜੋਤੀ ਸਰੂਪ ਸਾਹਿਬ ’ਤੇ ਵੱਡੇ ਪੱਧਰ ’ਤੇ ਕੀਤੀ ਗਈ ਦੀਪਮਾਲਾ ਨੂੰ ਵੇਖ ਕੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਜੋੜ ਮੇਲ ਸਮਾਗਮ ਵਿੱਚ ਪਹੁੰਚੇ ਸ਼ਰਧਾਲੂਆਂ ਵੱਲੋਂ ਬਹੁਤ ਬੁਰਾ ਮਨਾਇਆ ਗਿਆ ਹੈ ਅਤੇ ਅਗਲੇ ਦਿਨਾਂ ਵਿੱਚ ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨੂੰ ਪੰਥਕ ਸਫ਼ਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਸਾਕੇ ਨੇ ਸਿੱਖ ਸਮਾਜ ਦੇ ਦਿਲ-ਦਿਮਾਗਾਂ ’ਤੇ ਐਨਾ-ਡੂੰਘਾ ਅਸਰ ਕੀਤਾ ਸੀ ਕਿ ਅੱਜ ਤੋਂ ਕੁਝ ਕੁ ਦਹਾਕੇ ਪਹਿਲਾਂ ਤੱਕ ਸਿੱਖ ਸਮਾਜ ਇਨ੍ਹਾਂ ਦਿਨਾਂ ਨੂੰ ਸੋਗ ਭਰੇ ਦਿਨਾਂ ਵਜੋਂ ਮਨਾਉਂਦਾ ਸੀ। ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਸ਼ਹੀਦਾਂ ਨੂੰ ਸਿਜਦਾ ਕਰਨ ਆਏ ਸ਼ਰਧਾਲੂ ਜ਼ਮੀਨ ’ਤੇ ਹੀ ਸੌਂਦੇ ਸਨ। ਸਿੱਖ ਸਮਾਜ ਦੀਆਂ ਔਰਤਾਂ, ਨੌਜਵਾਨ ਤੇ ਬਜ਼ੁਰਗ ਸਭ ਸੋਗਮਈ ਹਾਲਤ ਵਿੱਚ ਹੀ ਇੱਥੇ ਪਹੁੰਚਦੇ ਅਤੇ ਇਸ ਅਨਮਨੁੱਖੀ ਸਾਕੇ ਦੀ ਯਾਦ ਵਿੱਚ ਅੱਥਰੂ ਕੇਰਦੇ ਵੇਖੇ ਜਾਂਦੇ ਸਨ।ਇੰਨਾ ਹੀ ਨਹੀਂ ਸਿੱਖ ਸਮਾਜ ਵਿੱਚ ਪੋਹ ਦੇ ਮਹੀਨੇ ਵਿੱਚ ਵਿਆਹ ਆਦਿ ਕੋਈ ਵੀ ਖੁਸ਼ੀ ਦਾ ਸਮਾਗਮ ਨਹੀਂ ਸੀ ਕੀਤਾ ਜਾਂਦਾ। ਪਰ ਸ਼੍ਰੋਮਣੀ ਕਮੇਟੀ ਅਤੇ ਸਿੱਖ ਕੌਮ ਦੇ ਜਿੰਮੇਵਾਰ ਆਗੂਆਂ ਦੀ ਨਲਾਇਕੀ ਕਾਰਨ ਉਹ ਸੰਵੇਦਣਾ ਲੋਕਾਂ ਵਿੱਚੋਂ ਹੁਣ ਘਟ ਚੁੱਕੀ ਹੈ।ਪਹਿਲਾਂ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਮਾਗਮਾਂ ਮੌਕੇ ਵਪਾਰਕ ਦੁਕਾਨਾਂ ਲਗਾਉਣ ਲਈ ਜ਼ਮੀਨ ਕਿਰਾਏ ’ਤੇ ਦੇਣੀ ਸ਼ੁਰੂ ਕੀਤੀ।ਵਪਾਰਕ ਦੁਕਾਨਾਂ ਦੇ ਨਾਲ-ਨਾਲ ਬਾਅਦ ’ਚ ਇੱਥੇ ਸਰਕਸਾਂ ਝੂਲਿਆਂ ਦੇ ਨਾਲ ਅਸ਼ਲੀਲ ਨਾਚ ਹੋਣੇ ਵੀ ਸ਼ੁਰੂ ਹੋ ਗਏ ਸਨ। ਜਿਸ ਨਾਲ ਇਹ ਸ਼ਹੀਦੀ ਸਮਾਗਮ ‘ਮੌਜ-ਮੇਲੇ’ ਦਾ ਰੂਪ ਧਾਰਨ ਕਰ ਗਏ। ਕੁਝ ਸਮਾਂ ਪਹਿਲਾਂ ਨਵੇਂ ਆਏ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਸ ਕੇ ਆਹਲੂਵਾਲੀਆ ਨੇ ਇਨ੍ਹਾਂ ਸ਼ਹੀਦੀ ਸਮਾਗਮਾਂ ਨੂੰ ਧਾਰਮਿਕ ਰੰਗਤ ਦੇਣ ਲਈ ਸਰਕਸਾਂ ਝੂਲਿਆਂ ਅਤੇ ਵਪਾਰਕ ਦੁਕਾਨਾਂ ’ਤੇ ਪਾਬੰਦੀ ਲਗਾ ਦਿੱਤੀ ਸੀ। ਡੀਸੀ ਦੇ ਇਸ ਕਦਮ ਦਾ ਉਦੋਂ ਸ਼੍ਰੋਮਣੀ ਕਮੇਟੀ ਸਮੇਤ ਚੁਫੇਰਿਓਂ ਸਵਾਗਤ ਹੋਇਆ ਸੀ। ਪਰ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਜੋੜ ਮੇਲਿਆਂ ਵਿੱਚ ਵਾਜੇ, ਭੁਕਾਨੇ ਤੇ ਹੋਰ ਸਮਾਨ ਪ੍ਰਸਾਸ਼ਨ ਦੀ ਨੱਕ ਹੇਠ ਵਿਕ ਰਿਹਾ ਹੈ। ਵਿਗੜੇ ਹੋਏ ਮੁੰਡੇ ਜ਼ੋਰਦਾਰ ਆਵਾਜ਼ਾਂ ਵਿੱਚ ਵਾਜੇ ਵਜਾਉਂਦੇ ਤੇ ਸ਼ਰਾਰਤਾਂ ਕਰਦੇ ਆਮ ਵੇਖੇ ਜਾ ਸਕਦੇ ਹਨ। ਲੰਗਰਾਂ ਵਾਲੇ ਲਾਊਡ ਸਪੀਕਰਾਂ ਰਾਹੀਂ ਕੰਨ ਪਾੜਵੀਆਂ ਆਵਾਜ਼ਾਂ ਵਿੱਚ ਵਪਾਰੀਆਂ ਵਾਂਗ ਭਾਂਤ-ਸੁਭਾਂਤੇ ਖਾਣਿਆਂ ਦੇ ਹੋਕੇ ਦੇ ਰਹੇ ਹਨ।ਭਾਵੇਂ ਪ੍ਰਸ਼ਾਸ਼ਨ ਨੇ ਹਰ ਤਰ੍ਹਾਂ ਦੇ ਨਸ਼ਿਆਂ ’ਤੇ ਸ਼ਹੀਦੀ ਸਮਾਗਮ ਖੇਤਰ ਵਿੱਚ ਪਾਬੰਦੀ ਲਗਾ ਰਖੀ ਹੈ ਪਰ ਨਿਹੰਗਾਂ ਵੱਲੋਂ ਸ਼ਰੇਆਮ ਭੰਗ ਵੇਚੀ ਜਾ ਰਹੀ ਹੈ। ਇਸ ਵਾਰ ਭਾਵੇਂ ਇਨ੍ਹਾਂ ਸਮਾਗਮਾਂ ਨੂੰ ਧਾਰਮਿਕ ਰੰਗਤ ਵਿੱਚ ਮਨਾਉਣ ਦੇ ਸ਼੍ਰੋਮਣੀ ਕਮੇਟੀ ਨੇ ਦਾਅਵੇ ਤੇ ਨਿਰਦੇਸ਼ ਜਾਰੀ ਕੀਤੇ ਸਨ ਪਰ ਖੁਸ਼ੀਆਂ ਦੇ ਸਮਾਗਮ ਵਾਂਗ ਇਸ ਸਮੇਂ ਗੁਰਧਾਮਾਂ ਦੀ ਭਰਵੀਂ ਦੀਪਮਾਲਾ ਕਰਕੇ ਸ਼੍ਰੋਮਣੀ ਕਮੇਟੀ ਖੁਦ ਹੀ ਚਰਚਾ ਦਾ ਕੇਂਦਰ ਬਣ ਗਈ ਹੈ। ਜੋੜ ਮੇਲ ਸਮਾਗਮਾਂ ਵਿੱਚ ਸ਼ਾਮਲ ਲੋਕ ਸਵਾਲ ਉਠਾ ਰਹੇ ਸਨ ਕਿ ਇਹ ਸਭ ਸ਼੍ਰੋਮਣੀ ਕਮੇਟੀ ਆਖਰ ਕਿਸ ਖੁਸ਼ੀ ਵਿੱਚ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: