February 8, 2019 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਨਕੋਦਰ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਫਰਵਰੀ 1986 ਵਿੱਚ ਗੁਰੂ-ਦੋਖੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰਨ ਦੀ ਦੁਖਦਾਈ ਘਟਨਾ ਖਿਲਾਫ ਰੋਸ ਪ੍ਰਗਟਾ ਰਹੀਆਂ ਸੰਗਤਾਂ ਵਿੱਚ ਸ਼ਾਮਿਲ ਚਾਰ ਸਿੱਖ ਨੌਜੁਆਨਾਂ ਨੂੰ ਪੁਲਿਸ ਵਲੋਂ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ ਫਿਰ ਉਨ੍ਹਾਂ ਦੀਆਂ ਸ਼ਹੀਦੀ ਦੇਹਾਂ ਵੀ ਪਰਵਾਰਾਂ ਨੂੰ ਨਾ ਕੇ ਉਨ੍ਹਾਂ ਦਾ ਸੰਸਕਾਰ ਲਾਵਾਰਿਸ ਕਹਿ ਕੇ ਕਰ ਦਿੱਤਾ ਗਿਆ।
ਇਹ ਕੋੜਾ ਸੱਚ ਹੁਣ ਕਿਸੇ ਪਾਸੋਂ ਛੁਪਿਆ ਹੋਇਆ ਨਹੀ ਹੈ। ਭਲੇ ਹੀ ਉਸ ਵੇਲੇ ਦੀ ਸੁਰਜੀਤ ਸਿੰਘ ਬਰਨਾਲਾ ਸਰਕਾਰ ਨੇ ਆਪਣੇ ਇਸ ਪਾਪ ਤੇ ਪਰਦਾ ਪਾਉਣ ਦੀ ਨੀਤ ਨਾਲ ਇਸ ਮਾਮਲੇ ਵਿੱਚ ਜਸਟਿਸ ਗੁਰਨਾਮ ਸਿੰਘ ਦਾ ਜਾਂਚ ਲੇਖਾ ਜਨਤਕ ਨਾ ਹੋਣ ਦਿੱਤਾ ਪਰ ਨਕੋਦਰ ਦੇ ਤਤਕਾਲੀਨ ਵਧੀਕ ਡਿਪਟੀ ਕਮਿਸ਼ਨਰ ਰਹੇ ਦਰਬਾਰਾ ਸਿੰਘ ਗਰੂ ਜਿਨ੍ਹਾਂ ਨੂੰ ਬਾਦਲ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਦੇ ਅਹੁਦੇ ਨਾਲ ਵੀ ਨਿਵਾਜ਼ਿਆ ਤੇ ਸੇਵਾ ਮੁਕਤ ਹੋਣ ਤੇ ਆਪਣੇ ਗਲ ਲਾਉਂਦਿਆਂ ਇੱਕ ਵਾਰ ਵਿਧਾਇਕ ਦੀ ਚੋਣ ਲੜਨ ਲਈ ਪਾਰਟੀ ਟਿਕਟ ਵੀ ਦੇ ਦਿੱਤੀ, ਉਹ ਇਸ ਘਟਨਾ ਬਾਰੇ ਕੁਫਰ ਕਿਉਂ ਤੋਲ ਰਹੇ ਹਨ?
ਜਿਕਰ ਕਰਨਾ ਬਣਦਾ ਹੈ ਕਿ ਦਰਬਾਰਾ ਸਿੰਘ ਗੁਰੂ ਨੇ ਬੀਤੇ ਦਿਨੀਂ ਕਿਹਾ ਸੀ ਕਿ ਉਨ੍ਹਾਂ ਦਾ ਨਕੋਦਰ ਕਾਂਡ ਨਾਲ ਕੋਈ ਲੈਣ ਦੇਣ ਨਹੀ ਹੈ ਪਰ ਇਸ ਕਾਂਡ ਵਿੱਚ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਪਰਵਾਰ ਨੇ ਡਿਪਟੀ ਕਮਿਸ਼ਨਰ ਦਫਤਰ ਨਕੋਦਰ ਵਲੋਂ ਜਾਰੀ ਉਸ ਹੁਕਮ ਦੀ ਨਕਲ ਜਨਤਕ ਕੀਤੀ ਹੈ ਜਿਸ ਉਪਰ ਦਰਬਾਰਾ ਸਿੰਘ ਗੁਰੂ ਨੇ ਵਧੀਕ ਜਿਲ੍ਹਾ ਮੈਜਿਸਟਰੇਟ ਜਲੰਧਰ (ਕੈਂਪ ਆਫਿਸ ਨਕੋਦਰ) ਵਜੋਂ ਦਸਤਖਤ ਕੀਤੇ ਹੋਏ ਹਨ।
3 ਫਰਵਰੀ 1986 ਨੂੰ ‘ਕਰਫਿਊ ਆਰਡਰ’ ਦੇ ਸਿਰਲੇਖ ਹੇਠ ਜਾਰੀ ਦਫਤਰੀ ਹੁਕਮ ਨੰਬਰ 741-72/ਐਮ.ਸੀ. ਮਿਤੀ 3-2-1986 ਵਿੱਚ ਲਿਿਖਆ ਹੈ ‘ਨਕੋਦਰ ਦੇ ਹਾਲਾਤਾਂ ਨੂੰ ਵੇਖਦਿਆਂ ਮੈਨੂੰ ਪੂਰੀ ਤਸੱਲੀ ਹੈ ਕਿ ਹਾਲਾਤ ਕਿਸੇ ਵੇਲੇ ਵੀ ਹਿੰਸਾ ਦਾ ਰੂਪ ਧਾਰਣ ਕਰ ਸਕਦੇ ਹਨ ਇਸ ਲਈ ਮੈਂ ਦਰਬਾਰਾ ਸਿੰਘ ਗੁਰੂ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ ਜਲੰਧਰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਕੋਦਰ ਵਿੱਚ ਧਾਰਾ 144 ਤਹਿਤ ਕਰਫਿਉ ਦਾ ਹੁਕਮ ਦਿੰਦਾ ਹਾਂ’।
ਭਾਈ ਰਵਿੰਦਰ ਸਿੰਘ ਦੇ ਪਰਵਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜੀ ਉਸ ਚਿੱਠੀ ਦੀ ਨਕਲ ਵੀ ਭੇਜੀ ਹੈ ਜਿਸ ਵਿੱਚ ਹੁਕਮ ਕੀਤਾ ਗਿਆ ਹੈ ਕਿ ਡਿਪਟੀ ਕਮਿਸ਼ਨਰ ਦਫਤਰ ਦਾ ਕੋਈ ਅਧਿਕਾਰੀ ਕਮਿਸ਼ਨ ਸਾਹਮਣੇ ਪੇਸ਼ ਹੋਵੇ। ਇਸੇ ਚਿੱਠੀ ਉਪਰ ਆਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਦਫਤਰ ਜਲੰਧਰ ਲਿਖਦਾ ਹੈ ਕਿ ਐਸ.ਡੀ.ਏ. ਕਮਿਸ਼ਨ ਪਾਸ ਪੇਸ਼ ਹੋਵੇ ਤੇ ਕਰਫਿਉ ਹੁਕਮ ਦੀ ਕਾਪੀ ਨਾਲ ਲੈਕੇ ਜਾਵੇ।
ਦੂਸਰੇ ਪਾਸੇ ਘਟਨਾ ਦੀ ਨਿਰਪੱਖ ਜਾਂਚ ਕਰਨ ਵਾਲੀ ਮਨੁਖੀ ਹੱਕਾਂ ਦੀ ਜਥੇਬੰਦੀ “ਇੰਟਰਨੈਸ਼ਨਲ ਹਿਉਮਨ ਰਾਈਟਸ ਆਰਗੇਨਾਈਜੇਸ਼ਨ” ਦੀ ਜਾਂਚ ਖੁਲਾਸਾ ਕਰਦੀ ਹੈ ਕਿ ਜਿਸ ਵੇਲੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਤੇ ਐਸ.ਐਸ.ਪੀ. ਇਜ਼ਹਾਰ ਆਲਮ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਜਾਣ ਦੀ ਘਟਨਾ ਦਾ ਜਾਇਜਾ ਲੈਣ ਆਏ ਤਾਂ ਦਰਬਾਰਾ ਸਿੰਘ ਗੁਰੂ ਨੇ ਬਿਨ੍ਹਾਂ ਕੁਝ ਵੇਖੇ ਹੀ ਕਹਿ ਦਿੱਤਾ ਇਹ ਤਾਂ ਅਚਨਚੇਤੀ ਘਟਨਾ ਕਾਰਣ ਵਾਪਰਿਆ ਹੈ। ਹਾਲਾਂਕਿ ਇੰਟਰਨੈਸ਼ਨਲ ਹਿਉਮਨ ਰਾਈਟਸ ਆਰਗੇਨਾਈਜੇਸ਼ਨ ਨੇ ਆਪਣੀ ਜਾਂਚ ਵਿੱਚ ਸਾਫ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਨਾ ਤਾਂ ਕੋਈ ਜੋਤ ਸੀ, ਨਾ ਧੂਫ ਤੇ ਨਾ ਹੀ ਬਿਜਲੀ ਦਾ ਕੋਈ “ਸ਼ਾਰਟ-ਸਰਕਟ” ਤੇ ਨਾ ਹੀ ਬਿਜਲੀ ਵਿਭਾਗ ਵਲੋਂ ਲਗਾਏ ਗਏ ਕਿਸੇ ਪਾਵਰ ਕੱਟ ਦਾ ਵੇਰਵਾ। ਆਈ.ਐਚ.ਆਰ.ਓ. ਨੇ ਆਪਣੀ ਚਿੰਤਾ ਜਾਹਰ ਕੀਤੀ ਸੀ ਕਿ ਆਖਿਰ ਘਟਨਾ ਦੇ ਉਪਰੰਤ ਇੰਟੈਲੀਜੈਂਸ ਅਫਸਰ ਰਣਜੀਤ ਸਿੰਘ ਭਿੰਡਰ ਅਤੇ ਕਾਂਗਰਸੀ ਆਗੂ ਉਮਰਾਉ ਸਿੰਘ ਨਕੋਦਰ ਦੇ ਸ਼ਿਵ ਸੈਨਾ ਸਰਪ੍ਰਸਤ ਦੇ ਘਰ ਕੀ ਲੈਣ ਗਏ ਸਨ ਜਦੋਂ ਕਿ ਇਸ ਘਟਨਾ ਲਈ ਸ਼ਿਵ ਸੈਨਾ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਸੀ।
ਨਕੋਦਰ ਗੋਲੀ ਕਾਂਡ ਨਾਲ ਜੁੜੇ ਜੋ ਦਸਤਾਵੇਜ ਸਾਹਮਣੇ ਆਏ ਹਨ ਸਭ ਕੁਝ ਹਕੀਕਤ ਬਿਆਨ ਕਰਦੇ ਹਨ ਤਾਂ ਫਿਰ ਦਰਬਾਰਾ ਸਿੰਘ ਗੁਰੂ ਇਸ ਘਟਨਾ ਬਾਰੇ ਐਡਾ ਵੱਡਾ ਕੁਫਰ ਕਿਉਂ ਤੋਲ ਰਹੇ ਹਨ? ਇਹ ਤਾਂ ਹੀ ਸਾਹਮਣੇ ਆ ਸਕੇਗਾ ਜਦੋਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਜਨਤਕ ਹੋਵੇਗੀ ਜਿਸ ਨੂੰ ਕਿ ਪੰਜਾਬ ਵਿਚ ਬਣਨ ਵਾਲੀਆਂ ਸਰਕਾਰਾਂ ਲੰਘੇ ਤਿੰਨ ਦਹਾਕਿਆਂ ਤੋਂ ਦੱਬ-ਦੱਬ ਕੇ ਰੱਖ ਰਹੀਆਂ ਹਨ। ਇਹ ਆਉਂਦੇ ਦਿਨਾਂ ਵਿਚ ਹੀ ਪਤਾ ਲੱਗੇਗਾ ਕਿ ਕੀ ਜਸਟਿਸ ਰਣਜੀਤ ਸਿੰਘ ਦਾ ਜਾਂਚ ਲੇਖਾ ਜਨਤਕ ਕਰਨ ਵਾਲੀ ਮੌਜੂਦਾ ਸਰਕਾਰ ਜਸਟਿਸ ਗੁਰਨਾਮ ਸਿੰਘ ਦਾ ਜਾਂਚ ਲੇਖਾ ਜਨਤਕ ਕਰਨ ਦੀ ਸਿਆਸੀ ਇੱਛਾ-ਸ਼ਕਤੀ ਵਿਖਾ ਸਕੇਗੀ?
Related Topics: Badal Dal, Congress Government in Punjab 2017-2022, Dabara Singh Guru, Justice Gurnam Singh Commission Report on Police Firing at Nakodar, Saka Nakodar (4 February 1986)