ਸਿੱਖ ਖਬਰਾਂ

ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਦਰਸ਼ਨਾਂ ਲਈ ਜਾਣ ਵਾਸਤੇ ਨਾਂ ਦਰਜ ਕਰਵਾਉਣ ਦੀ ਕਾਰਵਾਈ ਸ਼ੁਰੂ ਨਾ ਹੋ ਸਕੀ

October 21, 2019 | By

ਚੰਡੀਗੜ੍ਹ: ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਲਹਿੰਦੇ ਪੰਜਾਬ ਦੇ ਨਾਰੋਵਾਲ ਜਿਲ੍ਹੇ ਵਿੱਚ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਦੇ ਅਭਿਲਾਸ਼ੀਆਂ ਵਲੋਂ ਆਪਣੇ ਨਾਂ ਦਰਜ ਕਰਵਾਉਣ ਦੀ ਕਾਰਵਾਈ ਐਤਵਾਰ 20 ਅਕਤੂਬਰ ਨੂੰ ਸ਼ੁਰੂ ਹੋ ਜਾਣੀ ਸੀ ਪਰ ਭਾਰਤ-ਪਾਕਿਸਤਾਨ ਦਰਮਿਆਨ ਕੁਝ ਗੱਲਾਂ ‘ਤੇ ਸਹਿਮਤੀ ਨਾ ਹੋਣ ਕਾਰਨ ਅਜਿਹਾ ਨਹੀਂ ਹੋ ਸਕਿਆ।

ਖਬਰਾਂ ਹਨ ਕਿ ਭਾਰਤ ਸਰਕਾਰ ਦਰਸ਼ਨਾਂ ਲਈ ਜਾਣ ਵਾਲੇ ਸਿੱਖਾਂ ਦੇ ਹਰੇਕ ਜਥੇ ਨੂੰ ਆਪਣੇ ਅਫਸਰਾਂ ਦੀ ਨਿਗਰਾਨੀ ਹੇਠ ਭੇਜਣਾ ਚਾਹੁੰਦੀ ਹੈ ਜਿਸ ਉੱਤੇ ਪਾਕਿਸਤਾਨ ਵਲੋਂ ਇਤਰਾਜ ਕੀਤਾ ਜਾ ਰਿਹਾ ਹੈ। ਦੂਜਾ ਮਸਲਾ ਪਾਕਿਸਤਾਨ ਵਲੋਂ ਲਾਂਘੇ ਰਾਹੀਂ ਜਾਣ ਵਾਲੇ ਹਰੇਕ ਯਾਤਰੀ ਤੋਂ 20 ਡਾਲਰ ਸੇਵਾ-ਭੇਟਾ ਲੈਣ ਦਾ ਹੈ, ਜਿਸ ਉੱਤੇ ਭਾਰਤ ਸਰਕਾਰ ਵਲੋਂ ਇਤਰਾਜ ਕੀਤਾ ਜਾ ਰਿਹਾ ਹੈ। ਭਾਵੇਂ ਕਿ ਸਿੱਖ ਜਗਤ ਦੇ ਕਈ ਹਿਸਿਆਂ ਨੇ 20 ਡਾਲਰ ਦੇ ਮਾਮਲੇ ਨੂੰ ਨਿਗੂਣਾ ਦੱਸਦਿਆਂ ਇਸ ਨੂੰ ਲਾਂਘੇ ਦੇ ਰਾਹ ਦਾ ਅੜਿਕਾ ਨਾ ਬਣਨ ਦੇਣ ਦੀ ਗੱਲ ਚੁਕੀ ਹੈ ਪਰ ਭਾਰਤ ਸਰਕਾਰ ਇਸ ਮਸਲੇ ਨੂੰ ਵਾਰ-ਵਾਰ ਚੁੱਕ ਰਹੀ ਹੈ।

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ,ਸ੍ਰੀ ਕਰਤਾਰਪੁਰ ਸਾਹਿਬ, ਨਾਰੋਵਾਲ

ਇਸੇ ਦੌਰਾਨ ਕਸ਼ਮੀਰ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਵੱਧ ਗਿਆ ਹੈ ਅਤੇ ਖਬਰਾਂ ਹਨ ਕਿ ਦੋਵਾਂ ਮੁਲਕਾਂ ਦੀਆਂ ਫੌਜਾਂ ਵਲੋਂ ਇਕ ਦੂਜੇ ਉੱਤੇ ਗੋਲੀਬਾਰੀ ਕੀਤੀ ਗਈ ਹੈ। ਭਾਰਤ ਸਰਕਾਰ ਅਤੇ ਭਾਰਤੀ ਫੌਜ ਦੇ ਨੁਮਾਇੰਦਿਆਂ ਨੇ ਦਾਅਵਾ ਕੀਤੇ ਹੈ ਕਿ ਉਨ੍ਹਾਂ ਪਾਕਿਸਤਾਨ ਦੇ ਕਬਜੇ ਹੇਠਲੇ ਇਲਾਕੇ ਵਿਚ ਗੋਲੀਬਾਰੀ ਕਰਕੇ 4 ਤੋਂ 6 ਪਾਕਿਸਤਾਨੀ ਫੌਜੀ ਮਾਰ ਦਿੱਤੇ ਹਨ।

ਭਾਵੇਂ ਕੇ ਦੋਹਾਂ ਮੁਲਕਾਂ ਦੇ ਹਾਲਾਤ ਬੇਹਦ ਤਣਾਅ ਵਾਲੇ ਹਨ ਅਤੇ ਟਕਰਾਅ ਦੇ ਆਸਾਰ ਵੀ ਵੱਧ ਰਹੇ ਹਨ ਪਰ ਪਾਕਿਸਤਾਨ ਵਲੋਂ ਮੁੜ ਇਹ ਅਹਿਦ ਦਹੁਰਾਇਆ ਗਿਆ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਮਿਥੇ ਸਮੇਂ ਉੱਤੇ ਹੀ ਖੁੱਲੇਗਾ। ਦੂਜੇ ਬੰਨੇ ਭਾਰਤ ਸਰਕਾਰ ਨੇ ਵੀ ਲਾਂਘੇ ਦੀ ਸ਼ੁਰੂਆਤ ਕਰਨ ਲਈ 8 ਨਵੰਬਰ ਨੂੰ ਉਦਘਾਟਨ ਕਰਨ ਦਾ ਐਲਾਨ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,