ਸਿੱਖ ਖਬਰਾਂ

ਸਿੱਖ ਕਤਲੇਆਮ 1984: ਦਲ ਖਾਲਸਾ ਵਲੋਂ 1 ਨਵੰਬਰ ਨੂੰ ਬਠਿੰਡਾ ਵਿਖੇ ‘ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ’

October 21, 2017 | By

ਅੰਮ੍ਰਿਤਸਰ: 33 ਵਰ੍ਹੇ ਪਹਿਲਾਂ ਨਵੰਬਰ 1984 ਵਿੱਚ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਭਾਰਤੀ ਹੁਕਮਰਾਨਾਂ ਅਤੇ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੇਠ ਵਹਿਸ਼ੀ ਅਤੇ ਫਿਰਕਾਪ੍ਰਸਤ ਲੋਕਾਂ ਵਲੋਂ ਖੇਡੇ ਗਏ ਮਹਾਂ-ਤਾਂਡਵ ਵਿਰੁਧ ਰੋਹ ਪ੍ਰਗਟਾਉਣ, ਮਾਰੇ ਗਏ ਨਿਰਦੋਸ਼ ਸਿੱਖਾਂ ਨੂੰ ਸ਼ਰਧਾਂਜਲੀ ਦੇਣ, ਅਤੇ ਸੰਯੁਕਤ ਰਾਸ਼ਟਰ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਵਲੋਂ ਸਿੱਖ ਕਤਲੇਆਮ ਪ੍ਰਤੀ ਧਾਰੀ ਚੁੱਪ ਨੂੰ ਹਲੂਣਾ ਦੇਣ ਲਈ ਦਲ ਖਾਲਸਾ ਵਲੋਂ 1 ਨਵੰਬਰ 2017 ਨੂੰ ਬਠਿੰਡਾ ਵਿਖੇ ‘ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ’ ਕੀਤਾ ਜਾਵੇਗਾ।

ਮਾਰਚ ਦੀ ਆਰੰਭਤਾ ਦੁਪਹਿਰ 12 ਵਜੇ ਗੁਰਦੁਆਰਾ ਹਾਜੀ-ਰਤਨ ਤੋਂ ਹੋਵੇਗੀ ਅਤੇ ਸਮਾਪਤੀ ਗੁਰਦੁਆਰਾ ਕਲਗੀਧਰ ਪਾਤਿਸ਼ਾਹੀ ਦਸਵੀਂ (ਕਿਲ੍ਹਾ ਮੁਬਾਰਕ) ਵਿਖੇ ਕੀਤੀ ਜਾਵੇਗੀ।

'ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ' ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ

‘ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ’ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ

ਇਹ ਫੈਸਲਾ ਪਾਰਟੀ ਦੀ ਨਵੀਂ ਬਣੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ. ਹਰਪਾਲ ਸਿੰਘ ਚੀਮਾ ਨੇ ਕੀਤੀ।

ਅੱਜ (21 ਅਕਤੂਬਰ, 2017) ਇਥੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦਸਿਆ ਕਿ ਨਵੰਬਰ 1984 ਵਿੱਚ ਦੁਨੀਆਂ ਦੀ ਅਖੌਤੀ ਵੱਡੀ ਜਮਹੂਰੀਅਤ ਨੇ ਆਪਣੀ ਦਰਿੰਦਗੀ, ਬੇਸ਼ਰਮੀ ਅਤੇ ਸ਼ੈਤਾਨੀ ਸੋਚ ਦਾ ਮੁਜ਼ਾਹਰਾ ਕਰਦਿਆਂ ਨਿਰਦੋਸ਼ ਸਿੱਖ ਬੱਚੇ-ਬੱਚੀਆਂ, ਔਰਤਾਂ ਅਤੇ ਮਰਦਾਂ ਦਾ ਕਰੂਰਤਾ ਨਾਲ ਕਤਲੇਆਮ ਕੀਤਾ ਸੀ । ਉਹਨਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਮੁੱਖ ਕਾਰਨ ਭਾਰਤੀ ਸਟੇਟ ਵਲੋਂ ਘੱਟ-ਗਿਣਤੀਆਂ ਵਿਰੁੱਧ ਨਸਲਕੁਸ਼ੀ, ਨਫਰਤ ਅਤੇ ਬਦਲੇ ਦੀ ਰਾਜਨੀਤੀ ਨੂੰ ਇੱਕ ਰਣਨੀਤੀ ਵਜੋਂ ਪ੍ਰਵਾਨਗੀ ਹੈ। ਉਹਨਾਂ ਦੋਸ਼ ਲਾਇਆ ਕਿ ਭਾਰਤ ਦੀਆਂ ਦੋਨਾਂ ਪ੍ਰਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਨਸਲਕੁਸ਼ੀ ਦੀ ਰਾਜਨੀਤੀ ਖੇਡਕੇ ਹਜ਼ਾਰਾਂ ਹੀ ਬੇ-ਗੁਨਾਹਾਂ ਦਾ ਖੂਨ ਡੋਲ੍ਹਿਆ ਹੈ।

ਸਬੰਧਤ ਖ਼ਬਰ:

1984 ਸਿੱਖ ਕਤਲੇਆਮ: 33 ਵਰ੍ਹੇ ਬਾਅਦ ਵੀ ਸਰਕਾਰ ਨੇ ਸੁਪਰੀਮ ਕੋਰਟ ‘ਚ ਆਪਣਾ ਪੱਖ ਰੱਖਣ ਲਈ ਮੰਗਿਆ ਹੋਰ ਸਮਾਂ …

ਉਹਨਾਂ ਸਪੱਸ਼ਟ ਕੀਤਾ ਕਿ ਸਿੱਖਾਂ ਦਾ ਕਤਲੇਆਮ ਰਾਜੀਵ ਗਾਂਧੀ ਦੇ 31 ਅਕਤੂਬਰ ਦੀ ਸ਼ਾਮ ਨੂੰ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਆਰੰਭ ਹੋਇਆ ਸੀ। ਉਹਨਾਂ ਕਿਹਾ ਕਿ ਬਤੌਰ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਗ੍ਰਹਿ ਮੰਤਰੀ ਵੀ ਪੀ ਨਰਸਿਮਾ ਰਾਉ ਦੀ ਇਸ ਕਤਲੇਆਮ ਵਿੱਚ ਅਹਿਮ ਭੂਮਿਕਾ ਹੈ।

ਪਾਰਟੀ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ 1984 ਦਾ ਕਤਲੇਆਮ ਨਸਲਕੁਸ਼ੀ ਸੀ ਨਾ ਕਿ ਦੰਗੇ। ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਹੀ ਧਰਮ ਨਾਲ ਸਬੰਧਿਤ 8000 ਤੋਂ ਵੱਧ ਵਿਅਕਤੀਆਂ ਦਾ ਕਤਲੇਆਮ ਜੇਕਰ ਨਸਲਕੁਸ਼ੀ ਨਹੀਂ ਤਾਂ ਹੋਰ ਕੀ ਸੀ। ਉਹਨਾਂ ਕਿਹਾ ਕਿ 1984 ਦੀਆਂ ਘਟਨਾਵਾਂ ਨੇ ਸਿੱਖ ਕੌਮ ਨੂੰ ਆਜ਼ਾਦੀ ਅਤੇ ਸਵੈ-ਨਿਰਣੇ ਦੇ ਰਾਹ ਤੋਰਿਆ।

ਮੀਟਿੰਗ ਵਿੱਚ ਹਰਚਰਨਜੀਤ ਸਿੰਘ ਧਾਮੀ, ਸਤਨਾਮ ਸਿੰਘ ਪਾਉਂਟਾ ਸਾਹਿਬ, ਕੁਲਵੰਤ ਸਿੰਘ ਫੇਰੂਮਾਨ, ਜਥੇ. ਬਲਦੇਵ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਖੰਡੂਰ, , ਅਮਰੀਕ ਸਿੰਘ ਈਸੜੂ, ਬਾਬਾ ਹਰਦੀਪ ਸਿੰਘ ਮਹਿਰਾਜ, ਰਣਬੀਰ ਸਿੰਘ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,