January 2, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਮੋਦੀ-ਸ਼ਾਹ ਸਰਕਾਰ ਵਲੋਂ ਚੁੱਕੇ ਜਾ ਰਹੇ ਨਾਗਰਿਕਤਾ ਸੋਧ ਕਾਨੂੰਨ ਅਤੇ ਜਨਸੰਖਿਆ ਰਜਿਸਟਰ ਜਿਹੇ ਕਦਮਾਂ ਦੇ ਵਿਰੋਧ ਵਜੋਂ ਲੰਘੇ ਦਿਨ ਚੰਡੀਗੜ੍ਹ ਦੇ ਸੈਕਟਰ 17 ਵਿਖੇ ਇਕ ਵਿਰੋਧ ਵਿਖਾਵਾ ਰੱਖਿਆ ਗਿਆ। ਇਸ ਵਿਖਾਵੇ ਵਿਚ ਵਿਦਿਆਰਥੀ ਜਥੇਬੰਦੀਆਂ, ਵਕੀਲਾਂ, ਲੇਖਕਾਂ, ਮਨੁੱਖੀ ਹੱਕਾਂ ਦੇ ਕਾਰਕੁੰਨਾਂ, ਅਕਾਦਮਿਕਾਂ ਅਤੇ ਸਮਾਜਕ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ।
ਵਿਖਵਾਕਾਰੀਆਂ ਵਿਚ ਕਾਫੀ ਗਿਣਤੀ ਵਿਚ ਨੌਜਵਾਨ ਵਿਦਿਆਰਥੀ ਸ਼ਾਮਲ ਸਨ ਜਿਹਨਾਂ ਨੇ ਹੱਥਾਂ ਵਿਚ ਨਾਗਰਿਕਤਾ ਸੋਧ ਕਾਨੂੰਨ ਤੇ ਜਨਸੰਖਿਆ ਰਜਿਸਟਰ ਵਿਰੋਧੀ ਨਾਅਰਿਆਂ ਵਾਲੀਆਂ ਤਖਤੀਆਂ ਫੜ੍ਹੀਆਂ ਹੋਈਆਂ ਸਨ। ਵਿਖਾਵਾਕਾਰੀ ਉੱਤਰ-ਪ੍ਰਦੇਸ਼ ਦੀ ਭਾਜਪਾ ਸਰਕਾਰ ਵਲੋਂ ਮੁਸਲਮਾਨਾਂ ਉੱਪਰ ਕੀਤੀ ਗਈ ਪੁਲਿਸ ਕਾਰਵਾਈ ਬਦਲੇ ਮੁੱਖ-ਮੰਤਰੀ ਯੋਗੀ ਅਦਿਤਿਆਨਾਥ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
ਵਕੀਲ ਰਾਜੀਵ ਗਦਾਰਾ ਨੇ ਕਿਹਾ ਕਿ ਨਾਗਰਿਕਤਾ ਨੂੰ ਧਰਮ ਨਾਲ ਜੋੜ ਕੇ ਭਾਜਪਾ ਨੇ ਭਾਰਤ ਦੇ ਸੰਵਿਧਾਨ ਦੀ ‘ਧਰਮ-ਨਿਰਪੱਖ ਭਾਵਨਾ’ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਦਾ ਹਰ ਹਾਲ ਵਿਰੋਧ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਭਾਜਪਾ ਦੇ ਫੁੱਟ-ਪਾਊ ਕਦਮਾਂ ਨੂੰ ਰੋਕਿਆ ਜਾ ਸਕੇ।
ਵਕੀਲ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ‘ਰਾਹੂ-ਕੇਤੂ’ ਦੀ ਜੋੜੀ ਹੈ ਜਿਹੜੀ ਭਾਰਤੀ ਸੰਵਿਧਾਨ ਨੂੰ ਗ੍ਰਹਿਣ ਲਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਅਜਿਹੇ ਕਾਨੂੰਨ ਬਣਾ ਕੇ ਇਹ ਕਹਿ ਰਹੇ ਹਨ ਕਿ ‘ਤਿਲਕ’ ਵਾਲਿਆਂ ਨੂੰ ਬਿਨਾ ਕਾਗਜਾਂ ਦੇ ਵੀ ਨਾਗਰਿਕਤਾ ਦਿੱਤੀ ਜਾਵੇਗੀ ਪਰ ਜਿਹੜੇ ‘ਗੋਲ-ਟੋਪੀ’ ਵਾਲੇ ਕਾਗਜ ਨਹੀਂ ਵਿਖਾ ਸਕਣਗੇ ਉਹਨਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾਵੇਗਾ।ਇਸ ਇਕੱਠ ਨੂੰ ਸੰਬੋਧਨ ਕਰਨ ਵਾਲੇ ਹੋਰਨਾਂ ਬੁਲਾਰਿਆਂ ਨੇ ਭਾਰਤੀ ਸੰਵਿਧਾਨ ਨੂੰ ਮੋਦੀ ਸਰਕਾਰ ਦੇ ਕਦਮਾਂ ਤੋਂ ਖਤਰਾ ਦੱਸਿਆ ਤੇ ਉੱਤਰ-ਪ੍ਰਦੇਸ਼ ਦੇ ਮੁੱਖ ਮੰਤਰੀ ਤੋਂ ਅਸਤੀਫਾ ਮੰਗਣ ਬਾਰੇ ਨਾਅਰੇ ਲਵਾਏ।ਇਸ ਮੌਕੇ ਬੋਲਦਿਆਂ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਮੌਜੂਦਾ ਹਾਲਾਤ ਦੀ ਜੜ੍ਹ 2014 (ਪਹਿਲੀ ਮੋਦੀ ਸਰਕਾਰ ਬਣਨ ਦੇ ਸਾਲ) ਨੂੰ ਮੰਨਣਾ ਸਹੀ ਨਹੀਂ ਹੈ ਕਿਉਂਕਿ ਜੋ ਵਰਤਾਰਾ ਅੱਜ ਪੂਰੇ ਵੇਗ ਨਾਲ ਹਾਵੀ ਹੋਇਆ ਹੈ ਇਹ ਤਾਂ ’47 ਦੇ ਸੱਤਾ ਤਬਾਦਲੇ ਦੇ ਵੇਲੇ ਤੋਂ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਖਿੱਤੇ ਵਿਚ ਰਾਜ ਉੱਤੇ ਕਾਬਜ ਰਹੀ ਕਿਸੇ ਵੀ ਧਿਰ ਨੇ ਹੋਰਨਾਂ ਪਛਾਣਾਂ ਦਾ ਭਲਾ ਨਹੀਂ ਕੀਤਾ ਸਗੋਂ ਉਹਨਾਂ ਨੂੰ ਦਬਾਉਂਦੀਆਂ ਰਹੀਆਂ ਹਨ ਅਤੇ ਉਹਨਾਂ ਉੱਤੇ ਜੁਲਮ ਹੀ ਕਰਦੀਆਂ ਰਹੀਆਂ ਹਨ।ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਜੋ ਅਮਲ ਧਰਮ-ਨਿਪੱਖਤਾ ਦੇ ਮਖੌਟੇ ਤਹਿਤ ਚੱਲ ਰਿਹਾ ਸੀ ਹੁਣ ਉਹ ਨੰਗੇ-ਚਿੱਟੇ ਰੂਪ ਵਿਚ ਤੇ ਵਧੇਰੇ ਜੋਰ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸਤੀਫਿਆਂ ਦੇ ਨਾਅਰੇ 1980 ਵਿਚ ਵੀ ਲੱਗੇ ਸਨ ਜਦੋਂ ਉੱਤਰ-ਪ੍ਰਦੇਸ਼ ਵਿਚ ਈਦ ਦੀ ਨਮਾਜ਼ ਪੜ੍ਹਦੇ ਮੁਸਲਮਾਨਾਂ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਕੀ ਉਦੋਂ ਇਹਨਾਂ ਨਾਅਰਿਆਂ ਦੇ ਨਤੀਜੇ ਵਿਚ ਅਸਤੀਫੇ ਦਿੱਤੇ ਗਏ ਸਨ? ਜਦੋਂ ਸਰਕਾਰਾਂ ਵਲੋਂ ਸਭ ਕੁਝ ਮਿੱਥ ਕੇ ਕੀਤਾ ਜਾ ਰਿਹਾ ਹੈ ਤਾਂ ਇਹ ਉਮੀਰ ਰੱਖਣੀ ਠੀਕ ਨਹੀਂ ਕਿ ਮੁੱਖ ਮੰਤਰੀ ਪੁਲਿਸ ਕਾਰਵਾਈ ਦਾ ਨੈਤਿਕ ਬੋਝ ਮੰਨਦਿਆਂ ਅਸਤੀਫਾ ਦੇ ਦੇਵੇਗਾ। ਭਾਈ ਮਨਧੀਰ ਸਿੰਘ ਨੇ ਕਿਹਾ ਕਿ ਹੁਣ ਦੇ ਬਦਲੇ ਮਾਹੌਲ ਵਿਚ ਫਿਲਮੀ ਮਾਨਸਿਕਤਾ ਵਿਚੋਂ ਬਾਹਰ ਆ ਕੇ ਵਧੇਰੇ ਗੰਭੀਰ ਹੋ ਕੇ ਸੋਚਣ ਤੇ ਕਦਮ ਚੁੱਕਣ ਦੀ ਲੋੜ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਕੀਲ ਅਮਰ ਸਿੰਘ ਚਾਹਲ, ਡਾ. ਪਿਆਰੇ ਲਾਲ ਗਰਗ, ਉੱਘੇ ਪੱਤਰਕਾਰ ਜਸਪਾਲ ਸਿੰਘ ਸਿੱਧੂ, ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਆਗੂ ਖੁਸ਼ਹਾਲ ਸਿੰਘ, ਸਟੂਡੈਂਟਸ ਫਾਸ ਸੁਸਾਇਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂਆਂ ਤੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨੇ ਵੀ ਸੰਬੋਧਨ ਕੀਤਾ।
Related Topics: Advocate Amar Singh Chahal, Advocate Rajwinder Singh Bains, Bhai Mandhir Singh, Chandgiarh, Dr. Piyare Lal Garg, Jaspal Singh Sidhu (Senior Journalist), Khushal Singh (Kendri Sri Guru Singh Sabha), National Population Register, National Register of Citizens, National Register of Citizens (NRC) Controversy, Students For Society SFS