ਖਾਸ ਖਬਰਾਂ

ਕੈਂਸਰ ਦੀ ਮਾਰ ਝੱਲ ਰਹੇ ਪਿੰਡ ਅਕਲੀਆ ਦੇ ਘਰ-ਘਰ ਵਿਛੇ ਸੱਥਰ

May 21, 2018 | By

ਬਠਿੰਡਾ: ਇੱਕ ਦਹਾਕੇ ਤੋਂ ਕੈਂਸਰ ਕਾਰਨ ਮਾਲਵਾ ਖੇਤਰ ਦੇ ਪਿੰਡ ਅਕਲੀਆ ’ਚ ਲਗਾਤਾਰ ਹੋ ਰਹੀਆਂ ਮੌਤਾਂ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਰਕਾਰ ਭਾਵੇਂ ਕੈਂਸਰ ਦੇ ਰੋਗੀਆਂ ਦੇ ਇਲਾਜ ਲਈ ਕਈ ਦਾਅਵੇ ਕਰਦੀ ਹੈ, ਪਰ ਪਿੰਡ ਅਕਲੀਆ ਵਿੱਚ ਕੈਂਸਰ ਪੀੜਤਾਂ ਦੇ ਦੁੱਖੜੇ ਸੁਣਨ ਵਾਲਾ ਕੋਈ ਨਹੀ। ਪਿੰਡ ਅਕਲੀਆ ਦੀ ਇਹ ਸਥਿਤੀ ਸਾਰੇ ਪੰਜਾਬ ਲਈ ਆਉਣ ਵਾਲੇ ਇਕ ਵੱਡੇ ਦੁਖਾਂਤ ਦਾ ਸੁਨੇਹਾ ਹੈ। ਜੇ ਪੰਜਾਬ ਦੇ ਲੋਕਾਂ ਨੇ ਆਪਣਾ ਪੌਣ-ਪਾਣੀ ਨਾ ਬਚਾਇਆ ਤਾਂ ਇਸ ਖਿੱਤੇ ਵਿਚ ਜੀਵਨ ਦੇ ਵੱਡੀਆਂ ਕਰੋਪੀਆਂ ਦਾ ਸ਼ਿਕਾਰ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ।

ਪਿੰਡ ਅਕਲੀਆ ਦਾ ਗੁਰਜੰਟ ਸਿੰਘ ਆਪਣੀ ਪਤਨੀ ਤੇ ਆਪਣੇ ਪੋਤੇ ਪੋਤੀ ਨਾਲ

ਪ੍ਰਾਪਤ ਜਾਣਕਾਰੀ ਅਨੁਸਾਰ ਕੈਂਸਰ ਰੋਗੀਆਂ ਵਜੋਂ ਜਾਣੇ ਜਾਂਦੇ ਖੇਤਰ ਦੇ ਪਿੰਡ ਅਕਲੀਆ ’ਚ ਇੱਕ ਕਿਸਾਨ ਪਰਿਵਾਰ ਦੇ ਮੁਖੀ ਟਹਿਲ ਸਿੰਘ ਅਕਲੀਆ (60 ਸਾਲ) ਤੇ ਉਸ ਦੀ ਸਕੀ ਭਰਜਾਈ ਰਾਜ ਕੌਰ ਅਕਲੀਆ (54 ਸਾਲ) ਦੀਆਂ ਹੋਈਆਂ ਮੌਤਾਂ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਟਹਿਲ ਸਿੰਘ ਅਕਲੀਆ ਦੀ ਪਤਨੀ ਕਰਮਜੀਤ ਕੌਰ ਅਕਲੀਆ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦੋ ਅਤੇ ਰਾਜ ਕੌਰ ਦੇ ਚਾਰ ਬੱਚੇ ਹਨ। ਉਨ੍ਹਾਂ ਦੋਵਾਂ ਘਰਾਂ ਵਿੱਚ ਕਮਾਊ ਉਸ ਦਾ ਪਤੀ ਟਹਿਲ ਸਿੰਘ ਅਤੇ ਰਾਜ ਕੌਰ ਸੀ, ਜਿਨ੍ਹਾਂ ਦੀ ਕੈਂਸਰ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅਕਲੀਆ ਦੇ ਹੀ ਇੱਕ ਅਤੀ ਗਰੀਬ ਕਿਸਾਨ ਪਰਿਵਾਰ ਦੇ ਇੱਕੋ ਘਰ ਵਿੱਚ ਸਭ ਤੋਂ ਪਹਿਲਾਂ ਕਿਸਾਨ ਮਹਿੰਦਰ ਸਿੰਘ ਲਹਿਣੇਕਾ ਦੀ ਪਤਨੀ ਸੁਰਜੀਤ ਕੌਰ ਤੇ ਫਿਰ ਉਸ ਦੇ ਦੋ ਪੁੱਤਰਾਂ ਮੰਟਾਂ ਸਿੰਘ ਤੇ ਦਰਸ਼ਨ ਸਿੰਘ ਉਰਫ ਮਹੰਤੀ ਦੀ ਵੀ ਕੈਂਸਰ ਕਾਰਨ ਮੌਤ ਹੋ ਗਈ ਅਤੇ ਉਨ੍ਹਾਂ ਦਾ ਤੀਜਾ ਪੁੱਤਰ ਗੁਰਜੰਟ ਸਿੰਘ ਉਰਫ ਜੰਟਾ ਵੀ ਗਲੇ ਦਾ ਕੈਂਸਰ ਹੋ ਜਾਣ ਮਗਰੋਂ ਹੁਣ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੀ ਕੁਝ ਜ਼ਮੀਨ ਵੇਚ ਕੇ ਉਸ ਦਾ ਇਲਾਜ ਗੂਰੁ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਤੋਂ ਕਰਵਾ ਰਹੇ ਹਨ।

ਦੂਜੇ ਪਾਸੇ ਪਿੰਡ ਅਕਲੀਆ ਦੇ ਜਰਨੈਲ ਕੌਰ, ਗੁਰਮੀਤ ਕੌਰ, ਭਾਗ ਸਿੰਘ ਬਾਬੇਕਾ, ਸੁਖਦੇਵ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ, ਗੁਰਲਾਲ ਸਿੰਘ ਗਿੱਲ, ਮੂਲ ਚੰਦ ਸ਼ਰਮਾ, ਜੈ ਬੰਤੀ, ਅੰਮ੍ਰਿਤਪਾਲ ਸਿੰਘ, ਮੇਜਰ ਸਿੰਘ, ਕਰਤਾਰ ਕੌਰ, ਗੁਰਦੇਵ ਕੌਰ, ਸੁਖਦੇਵ ਕੌਰ, ਸੁਰਜੀਤ ਕੌਰ, ਪਰਮਜੀਤ ਕੌਰ ਅਤੇ ਜੀਵਨ ਲੱਤਾ ਤੋਂ ਇਲਾਵਾ ਹੋਰ ਸੈਂਕੜੇ ਵਿਅਕਤੀਆਂ ਦੀ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਇਸ ਪਿੰਡ ਦੇ ਜਥੇਦਾਰ ਮੱਘਰ ਸਿੰਘ ਅਤੇ ਸੁਰਜੀਤ ਕੌਰ ਸਮੇਤ ਅਨੇਕਾਂ ਹੀ ਵਿਅਕਤੀ ਆਦੇਸ਼ ਹਸਪਤਾਲ ਬਠਿੰਡਾ, ਗੁਰੂ ਗੋਬਿੰਦ ਸਿੰਘ ਮੈਡੀਲਕ ਹਸਪਤਾਲ ਫਰੀਦਕੋਟ, ਬੀਕਾਨੇਰ ਹਸਪਤਾਲ, ਪੰਜਾਬ ਕੈਂਸਰ ਕੇਅਰ ਹਸਪਤਾਲ ਬਠਿੰਡਾ, ਪਟਿਆਲਾ, ਚੰਡੀਗੜ੍ਹ ਪੀਜੀਆਈ ਅਤੇ ਹਿਸਾਰ ਦੇ ਹਸਪਤਾਲਾਂ ਤੋਂ ਨਿੱਜੀ ਤੌਰ ’ਤੇ ਖਰਚਾ ਕਰਕੇ ਇਲਾਜ ਕਰਵਾ ਰਹੇ ਹਨ। ਕੈਂਸਰ ਨਾਲ ਲੜ ਰਹੇ ਇਨ੍ਹਾਂ ਪਰਿਵਾਰਾਂ ਦੀ ਮਾਲੀ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਹਸਪਤਾਲਾਂ ਦੇ ਖਰਚੇ ਕਰਨ ਦੇ ਸਮਰੱਥ ਨਹੀਂ ਹਨ। ਪਿੰਡ ਦੇ ਸਰਪੰਚ ਰਮਿੰਦਰ ਸਿੰਘ ਭੋਲਾ, ਮਜ਼ਦੂਰ ਆਗੂ ਕਾਮਰੇਡ ਅਜਮੇਰ ਸਿੰਘ ਅਕਲੀਆ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਸਰਕਾਰੀ ਜਾਂ ਕੋਈ ਸਮਾਜ ਸੇਵੀ ਅੱਗੇ ਆਵੇ।

ਇਸ ਬਾਰੇ ਜਦੋਂ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਅਣਜਣਤਾ ਪ੍ਰਗਟਾਉਂਦੇ ਹੋਏ ਦਫ਼ਤਰ ਆ ਕੇ ਗੱਲ ਕਰਨ ਲਈ ਕਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: