June 22, 2015 | By ਸਿੱਖ ਸਿਆਸਤ ਬਿਊਰੋ
ਐਡਮਿੰਟਨ (21 ਜੂਨ, 2015):ਸਿੱਖ ਦੀ ਦਸਤਾਰ ਅਤੇ ਹੋਰ ਸਿਰ ਢੱਕਣ ਵਾਲੇ ਕੱਪੜਿਆਂ ਦੀ ਦੀ ਤਲਾਸ਼ੀ ਲਈ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਕੈਨੇਡਾ ਦੀਆਂ ਸੁਰੱਖਿਆ ਏਜ਼ੰਸੀਆਂ ਵੱਲੋਂ ਲਾਗੂ ਕੀਤੀ ਨਵੀਂ ਨੀਤੀ ਨੂੰ ਵਾਪਿਸਲੈ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਬਹੁਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਟਿੰਮ ਉੱਪਲ ਨੇ ਦੱਸਿਆ ਕਿ ਇਸ ਨਵੇਂ ਫ਼ੈਸਲੇ ਦੇ ਲਾਗੂ ਹੋਣ ਨਾਲ ਹਵਾਈ ਅੱਡਿਆਂ ‘ਤੇ ਪਗੜੀ ਦੀ ਜਾਂਚ ਕਰਨ ਸਮੇਂ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ । ਇਸ ਸਬੰਧੀ ਉਨ੍ਹਾਂ ਨੂੰ ਕਈ ਲੋਕਾਂ ਦੇ ਫੋਨ ਵੀ ਆਏ ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵੀ ਇਸ ਨਵੀਂ ਸੁਰੱਖਿਆ ਪ੍ਰਕਿਰਿਆ ਦਾ ਉਦੋਂ ਪਤਾ ਲੱਗਾ ਜਦੋਂ ਸਥਾਨਿਕ ਹਵਾਈ ਅੱਡੇ ‘ਤੇ ਉਨ੍ਹਾਂ ਨੂੰ ਖੁਦ ਵੀ ਅਜਿਹੀ ਹੀ ਸਥਿਤੀ ਵਿਚੋਂ ਗੁਜ਼ਰਨਾ ਪਿਆ । ਟਿੰਮ ਉੱਪਲ ਨੇ ਦੱਸਿਆ ਕਿ ਇਹ ਫ਼ੈਸਲਾ ਸਰਕਾਰ ਦਾ ਨਹੀਂ ਕੇਵਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਲਿਆ ਗਿਆ ਸੀ, ਜਿਸ ਨਾਲ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਬਾਰੇ ਟਰਾਂਸਪੋਰਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ।
ਉਨ੍ਹਾਂ ਵੱਲੋਂ ਤੁਰੰਤ ਹੀ ਇਹ ਫ਼ੈਸਲਾ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ । ਸ: ਉੱਪਲ ਨੇ ਦੱਸਿਆ ਕਿ ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਉਡਾਣਾਂ ਸਮੇਂ ਵੀ ਪਗੜੀਧਾਰੀ ਲੋਕਾਂ ਨੂੰ ਜਾਂਚ ਸਮੇਂ ਹੋਣ ਵਾਲੀ ਪ੍ਰੇਸ਼ਾਨੀ ਸਬੰਧੀ ਅਮਰੀਕਾ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਸੁਰੱਖਿਆ ਦੇ ਬਦਲਵੇਂ ਪ੍ਰਬੰਧ ਲੱਭੇ ਜਾਣ ।
Related Topics: Sikh Turban, Sikhs in Canada, Turban Issue, World Sikh Organization of Canada