ਸਿੱਖ ਖਬਰਾਂ

ਜਗਰਾਉਂ ਨੇੜੇ ਪਿੰਡ ਚਕਰ ਵਿਖੇ ਗੁਰਦੁਆਰੇ ਦੀ ਪ੍ਰਧਾਨਗੀ ਦੇ ਰੌਲੇ ‘ਚ ਦੋ ਭਰਾਵਾਂ ਦਾ ਕਤਲ

August 28, 2016 | By

ਲੁਧਿਆਣਾ: ਥਾਣਾ ਹਠੂਰ ਦੇ ਪਿੰਡ ਚਕਰ ਵਿੱਚ ਗੁਰਦੁਆਰੇ ਦੀ ਪ੍ਰਧਾਨਗੀ ਦੇ ਵਿਵਾਦ ਕਾਰਨ ਦੋ ਭਰਾਵਾਂ ਦਾ ਕਤਲ ਹੋ ਗਿਆ। ਡੀਐਸਪੀ ਰਛਪਾਲ ਸਿੰਘ ਢੀਂਡਸਾ ਅਤੇ ਪੜਤਾਲੀਆ ਅਫ਼ਸਰ ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਚਕਰ ਵਿੱਚ ਇੱਕ ਗੁਰਦੁਆਰਾ ਹੈ, ਜਿਸ ਦੀ ਪ੍ਰਧਾਨਗੀ ਲਈ ਦੋ-ਤਿੰਨ ਮਹੀਨੇ ਪਹਿਲਾਂ ਪਿੰਡ ਵੱਲੋਂ ਸਾਂਝੇ ਤੌਰ ’ਤੇ ਮਤਾ ਪਾਇਆ ਗਿਆ ਸੀ ਅਤੇ ਸਰਬਸੰਮਤੀ ਨਾਲ ਹੀਰਾ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਸੀ।

ਪਿੰਡ ਦਾ ਇੱਕ ਹੋਰ ਵਿਅਕਤੀ ਹਰਜੀਤ ਸਿੰਘ ਪੁੱਤਰ ਸੁਖਪਾਲ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਵਿਦੇਸ਼ ਤੋਂ ਆਇਆ ਹੈ, ਗੁਰਦੁਆਰੇ ਦੀ ਪ੍ਰਧਾਨਗੀ ਦਾ ਚਾਹਵਾਨ ਸੀ ਅਤੇ ਹੀਰਾ ਸਿੰਘ ਨੂੰ ਪ੍ਰਧਾਨ ਬਣਾਉਣ ਤੋਂ ਖ਼ਫ਼ਾ ਸੀ। ਕੱਲ੍ਹ ਦੇਰ ਸ਼ਾਮ ਗੁਰਦੁਆਰੇ ਵਿੱਚ ਪ੍ਰਧਾਨ ਹੀਰਾ ਸਿੰਘ ਦੀ ਅਗਵਾਈ ’ਚ ਸਫ਼ਾਈ ਦਾ ਕੰਮ ਚੱਲ ਰਿਹਾ ਸੀ। ਹਰਜੀਤ ਸਿੰਘ ਉਥੇ ਆਇਆ ਅਤੇ ਸਾਈਕਲ ’ਤੇ ਸਵਾਰ ਹੋ ਕੇ ਗੁਰਦੁਆਰੇ ਦੇ ਮੁੱਖ ਗੇਟ ਅੱਗੋਂ ਵਾਰ-ਵਾਰ ਲੰਘਣ ਲੱਗਿਆ ਤਾਂ ਸੇਵਾ ਕਰਨ ਵਾਲਿਆਂ ਨੇ ਵਰਜ ਦਿੱਤਾ। ਇਸ ਤੋਂ ਖ਼ਫ਼ਾ ਹੋ ਕੇ ਹਰਜੀਤ ਸਿੰਘ ਨੇ ਕ੍ਰਿਪਾਨ ਕੱਢੀ ਅਤੇ ਹੀਰਾ ਸਿੰਘ ਤੇ ਸਾਥੀਆਂ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਉਹ ਆਪਣੇ ਘਰ ਚਲਾ ਗਿਆ ਤੇ ਰਾਈਫਲ ਲੈ ਆਇਆ। ਉਸ ਨਾਲ ਉਸ ਦਾ ਪਿਤਾ ਸੁਖਪਾਲ ਸਿੰਘ ਤੇ ਭਰਾ ਚਰਨਜੀਤ ਸਿੰਘ ਵੀ ਪੁੱਜ ਗਏ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਹੀਰਾ ਸਿੰਘ ਦਾ ਭਰਾ ਹੌਲਦਾਰ ਬਲਬੀਰ ਸਿੰਘ ਵੀ ਰਾਈਫਲ ਸਮੇਤ ਆ ਗਿਆ ਪਰ ਇੰਨੇ ਵਿੱਚ ਹਰਜੀਤ ਸਿੰਘ ਅਤੇ ਚਰਨਜੀਤ ਸਿੰਘ ਨੇ ਹੀਰਾ ਸਿੰਘ ਅਤੇ ਬਲਬੀਰ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ, ਜਿਸ ਨਾਲ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਹੌਲਦਾਰ ਬਲਬੀਰ ਸਿੰਘ, ਹੀਰਾ ਸਿੰਘ (ਪੁਰਾਣੀ ਤਸਵੀਰ)

ਹੌਲਦਾਰ ਬਲਬੀਰ ਸਿੰਘ, ਹੀਰਾ ਸਿੰਘ (ਪੁਰਾਣੀ ਤਸਵੀਰ)

ਇਸ ਖ਼ੂਨੀ ਝੜਪ ’ਚ ਬਲਬੀਰ ਸਿੰਘ ਦਾ ਪੁੱਤ ਗੁਰਵਿੰਦਰ ਸਿੰਘ ਅਤੇ ਗੁਰਦੁਆਰੇ ਦਾ ਲਾਂਗਰੀ ਵੀਰ ਸਿੰਘ ਵੀ ਜ਼ਖ਼ਮੀ ਹੋ ਗਏ। ਪਿੰਡ ਦੇ ਲੋਕਾਂ ਨੇ ਹੀਰਾ ਸਿੰਘ ਤੇ ਬਲਬੀਰ ਸਿੰਘ ਦੀਆਂ ਲਾਸ਼ਾਂ ਅਤੇ ਗੁਰਵਿੰਦਰ ਸਿੰਘ ਤੇ ਵੀਰ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਸ ਮੌਕੇ ਪੁਲਿਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਹਥਿਆਰ ਕਬਜ਼ੇ ਵਿੱਚ ਲੈ ਲਏ ਅਤੇ ਬਲਬੀਰ ਸਿੰਘ ਦੇ ਪੁੱਤਰ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਲਿਖਤੀ ਕਾਰਵਾਈ ਅਮਲ ਵਿੱਚ ਲਿਆਂਦੀ।

Image result for brothers of chakar gurwara

ਘਟਨਾ ਵਾਲੀ ਥਾਂ ਅਤੇ ਜ਼ਖਮੀ

ਗੁਰਵਿੰਦਰ ਸਿੰਘ ਨੇ ਬਿਆਨਾਂ ਵਿੱਚ ਦੱਸਿਆ ਕਿ ਹਰਜੀਤ ਸਿੰਘ, ਚਰਨਜੀਤ ਸਿੰਘ, ਸੁਖਪਾਲ ਸਿੰਘ ਤੇ ਉਨ੍ਹਾਂ ਦੇ ਸਾਥੀ ਰਾਈਫਲ ਲੈ ਕੇ ਗਏ। ਉਸ ਨੇ ਦੱਸਿਆ ਕਿ ਸੁਖਪਾਲ ਸਿੰਘ ਕੋਲ ਰਾਈਫਲ ਤੋਂ ਬਿਨਾਂ ਉਸ ਦੇ ਅੱਧੀ ਦਰਜਨ ਦੇ ਕਰੀਬ ਸਾਥੀਆਂ ਕੋਲ ਤੇਜ਼ਧਾਰ ਹਥਿਆਰ ਸਨ, ਜਿਨ੍ਹਾਂ ਨਾਲ ਉਨ੍ਹਾਂ ਨੇ ਉਸ ਦੇ ਪਿਤਾ ਅਤੇ ਚਾਚੇ ’ਤੇ ਲਗਾਤਾਰ ਵਾਰ ਕੀਤੇ। ਡੀਐਸਪੀ ਰਛਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਹੌਲਦਾਰ ਬਲਬੀਰ ਸਿੰਘ ਤੇ ਹੀਰਾ ਸਿੰਘ ਦੀਆਂ ਲਾਸ਼ਾਂ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,