ਸਿੱਖ ਖਬਰਾਂ

“ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ” ਕਿਤਾਬ ਅਜੋਕੇ ਸਮੇਂ ਦੇ ਭਖਵੇਂ ਵਿਸ਼ੇ ‘ਤੇ ਚਰਚਾ ਦੀ ਪਹਿਲਕਦਮੀ: ਸਿੱਖ ਵਿਦਵਾਨ

January 3, 2018 | By

ਚੰਡੀਗੜ: ਅੱਜ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਵਿਖੇ ਸਿੱਖ ਵਿਦਵਾਨ ਡਾ. ਗੁਰਮੀਤ ਸਿੰਘ ਦੀ ਨਵੀਂ ਕਿਤਾਬ “ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ” ਜਾਰੀ ਕੀਤੀ ਗਈ।

ਡਾ. ਗੁਰਮੀਤ ਸਿੰਘ, ਜੋ ਕਿ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਧਰਮ ਅਧਿਐਨ ਵਿਭਾਗ ਦੇ ਮੁਖੀ ਹਨ, ਨੇ ਇਸ ਕਿਤਾਬ ਬਾਰੇ ਸਬੰਧੀ ਸੰਖੇਪ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਲਿਖਤ ਰਾਹੀਂ ਅਜੋਕੇ ਚਿੰਤਨ ਦੇ ਸੰਦਰਭ ਵਿਚ ਇਹ ਸਮਝਣ ਦਾ ਯਤਨ ਕੀਤਾ ਗਿਆ ਹੈ ਕਿ ਬ੍ਰਾਹਮਣਵਾਦ ਵੱਲੋਂ ਰਾਸ਼ਟਰਵਾਦ ਦੇ ਨਾਂ ਹੇਠ ਕਿਵੇਂ ਹਿੰਦੂ ਰਾਸ਼ਟਰ ਦੀ ਸਿਰਜਣਾ ਕਰਨ ਲਈ ਰਸਤਾ ਤਿਆਰ ਕੀਤਾ ਗਿਆ ਹੈ। ਇਸ ਖਿੱਤੇ ਵਿਚ “ਨੇਸ਼ਨ-ਸਟੇਟ” ਦੀ ਉਸਾਰੀ ‘ਚ ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ ਨੂੰ ਹਿੰਦੂ ਰਾਸ਼ਟਰ ਦੇ ਸੰਦਾਂ ਵਜੋਂ ਵਰਤਿਆ ਜਾ ਰਿਹਾ ਹੈ।

ਸਮਾਗਮ ਦੇ ਪ੍ਰਧਾਨਗੀ ਭਾਸ਼ਨ ‘ਚ ਪ੍ਰੋ. ਮੇਹਰ ਸਿੰਘ ਗਿੱਲ ਨੇ ਪੁਸਤਕ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਗਿਆਨ ਅਤੇ ਸੱਤਾ ਦੀ ਤਾਕਤ ਆਰੰਭ ਤੋਂ ਹੀ ਬ੍ਰਾਹਮਣ ਦੇ ਕਬਜ਼ੇ ‘ਚ ਰਹੇ ਹਨ। ਘੱਟ ਗਿਣਤੀ ਹੋਣ ਦੇ ਬਾਵਜੂਦ ਬ੍ਰਾਹਮਣ ਨੇ ਬਹੁਗਿਣਤੀ ਨੂੰ ਸਦੀਆਂ ਤੋਂ ਕਿਵੇਂ ਗੁਲਾਮ ਬਣਾਇਆ ਹੋਇਆ ਹੈ ਇਸ ਗੁੰਝਲਦਾਰ ਵਰਤਾਰੇ ਨੂੰ ਸਮਝਣ ਦੀ ਲੋੜ ਹੈ ਤਾਂ ਜੋ ਘੱਟ ਗਿਣਤੀ ਕੌਮਾਂ ਆਪਣੀ ਪਛਾਣ ਬਚਾ ਸਕਣ।

3 ਜਨਵਰੀ, 2018 ਨੂੰ ਚੰਡੀਗੜ੍ਹ ਵਿਖੇ "ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ" ਕਿਤਾਬ ਜਾਰੀ ਕੀਤੇ ਜਾਣ ਦਾ ਦ੍ਰਿਸ਼

3 ਜਨਵਰੀ, 2018 ਨੂੰ ਚੰਡੀਗੜ੍ਹ ਵਿਖੇ “ਬ੍ਰਾਹਮਣਵਾਦ ਤੋਂ ਹਿੰਦੂਵਾਦ: ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ” ਕਿਤਾਬ ਜਾਰੀ ਕੀਤੇ ਜਾਣ ਦਾ ਦ੍ਰਿਸ਼

ਸਾਬਕਾ ਆਈ. ਏ. ਐਸ. ਤੇ ਸਿੱਖ ਲੇਖਕ ਸ. ਗੁਰਤੇਜ ਸਿੰਘ ਨੇ ਇਸ ਕਿਤਾਬ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਦੇ ਬਹੁ ਗਿਣਤੀ ਦੀ ਅਗਵਾਈ ਕਰਨ ਵਾਲੇ ਡਾ. ਅੰਬੇਦਕਰ ਵੱਲੋਂ ਸਿੱਖ ਧਰਮ ਨੂੰ ਨਾ ਅਪਣਾਉਣ ਸਬੰਧੀ ਕਾਰਨਾਂ ਦਾ ਵਰਨਣ ਕਰਦੇ ਹੋਏ ਕਿਹਾ ਬ੍ਰਾਹਮਣਵਾਦ ਇਕ ਗੁੰਝਲਦਾਰ ਵਰਤਾਰਾ ਹੈ ਜਿਸ ਵਿਚੋਂ ਬਾਹਰ ਆਉਣਾ ਸੌਖਾ ਨਹੀਂ। ਉਨ੍ਹਾਂ ਡਾ. ਅੰਬੇਦਕਰ ਵੱਲੋਂ ਸਿੱਖੀ ਵਿੱਚ ਨਾ ਆਉਣ ਦੇ ਕਿਤਾਬ ਵਿਚ ਦੱਸੇ ਕਾਰਨਾਂ ਉੱਤੇ ਸਵਾਲ ਚੁੱਕਦਿਆਂ ਕਿਹਾ ਕਿ ਲਿਖਤ ਵਿਚ ਜਿੱਥੇ ਬਾਕੀ ਵਿਸ਼ਾ-ਵਸਤੂ ਬਾਰੇ ਠੋਸ ਹਵਾਲੇ ਅਤੇ ਸਿੱਟੇ ਦਰਜ਼ ਕੀਤੇ ਗਏ ਹਨ ਓਥੇ ਇਸ ਪੱਖ ‘ਤੇ ਦਿੱਤੀ ਜਾਣਕਾਰੀ ਪਹਿਲਾਂ ਤੋਂ ਪ੍ਰਚੱਲਤ ਧਾਰਨਾਵਾਂ ਨੂੰ ਹੀ ਦਹੁਰਾਉਂਦੀ ਹੈ।

ਸਿੱਖ ਵਿਦਵਾਨ ਅਜਮੇਰ ਸਿੰਘ ਨੇ ਲੇਖਕ ਦੇ ਉੱਦਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਡਾ. ਗੁਰਮੀਤ ਸਿੰਘ ਨੇ ਵਿਸ਼ਵ ਪੱਧਰ ਉਤੇ ਵਾਪਰ ਰਹੀਆਂ ਤਬਦੀਲੀਆਂ ਅਤੇ ਅਜੋਕੇ ਚਿੰਤਨ ਅੰਦਰ ਸੰਵਾਦ ਰਚਾਉਣ ਲਈ ਇਸ ਪੁਸਤਕ ਦੁਆਰਾ ਇਕ ਨਿੱਗਰ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲੇਖਕ ਨੇ ਜਿਸ ਵਿਸ਼ੇ ‘ਤੇ ਚਰਚਾ ਛੇੜਨ ਦਾ ਕਦਮ ਚੁੱਕਿਆ ਹੈ ਉਹ ਅੱਜ ਦੇ ਸਮੇਂ ਦਾ ਭਖਵਾਂ ਵਿਸ਼ਾ ਹੈ ਤੇ ਅਜਿਹੇ ਕਾਰਜ ਨੂੰ ਹੱਥ ਪਾਉਣ ਲਈ ਲੇਖਕ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕੁਝ ਪੱਖਾਂ ਤੋਂ ਸਾਹਮਣੇ ਆਈਆਂ ਉਣਤਾਈਆਂ ਦੇ ਬਾਵਜੂਦ ਇਸ ਕਿਤਾਬ ਵਿਚ ਗੰਭੀਰ ਚਰਚਾ ਛੇੜਨ ਦੀ ਭਰਪੂਰ ਸੰਭਾਵਨਾ ਹੈ।

ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੇ ਲੇਖਕ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਪੁਸਤਕ ਸੰਵਾਦ ਦੇ ਨਵੇਂ ਰਸਤੇ ਖੋਲ੍ਹਦੀ ਹੈ। ਨਵੀਂ ਪੀੜ੍ਹੀ ਦੇ ਉਨ੍ਹਾਂ ਖੋਜਾਰਥੀਆਂ ਲਈ ਇਹ ਪੁਸਤਕ ਲਾਹੇਵੰਦ ਸਿੱਧ ਹੋਵੇਗੀ ਜੋ ਭਾਰਤੀ ਸਮਾਜ ਦੀ ਬਣਤਰ ‘ਚ ਘੱਟ ਗਿਣਤੀਆਂ ਬਾਰੇ ਖੋਜ ਕਰਨ ਲਈ ਉਤਾਵਲੇ ਹਨ।

ਡਾ. ਗੁਰਬੀਰ ਸਿੰਘ ਪਟਿਆਲਾ ਨੇ ਪੁਸਤਕ ਨੂੰ ਬ੍ਰਾਹਮਣਵਾਦ ਅਤੇ ਘੱਟ ਗਿਣਤੀਆਂ ਦੇ ਟਕਰਾਅ ਵਾਲੇ ਅਜੋਕੇ ਮਸਲਿਆਂ ਨੂੰ ਸਮਝਣ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਭਾਰਤ ‘ਚ ਘੱਟ ਗਿਣਤੀਆਂ ਅੰਦਰ ਜੋ ਤੌਖਲੇ ਪੈਦਾ ਹੋਏ ਹਨ ਉਨ੍ਹਾਂ ਨੂੰ ਲੇਖਕ ਨੇ ਸਮਝਣ ਦਾ ਯਤਨ ਕੀਤਾ ਹੈ।

ਇਸ ਮੌਕੇ ਮੰਚ ਦੀ ਕਾਰਵਾਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸ. ਖੁਸ਼ਹਾਲ ਸਿੰਘ ਨੇ ਨਿਭਾਉਂਦਿਆਂ ਕਿਹਾ ਸੰਸਥਾ ਵੱਲੋਂ ਭਵਿੱਖ ਵਿਚ ਵੀ ਉਭਰਦੇ ਲੇਖਕਾਂ ਨੂੰ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਜਾਂਦਾ ਰਹੇਗਾ।

ਸੰਸਥਾ ਦੇ ਵਿੱਤ ਸਕੱਤਰ ਸ. ਗੁਰਪ੍ਰੀਤ ਸਿੰਘ ਨੇ ਲੇਖਕ, ਸਮਾਗਮ ‘ਚ ਪਹੁੰਚੇ ਵਿਦਵਾਨਾਂ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਾਬਕਾ ਵਿਧਾਇਕ ਜੁਗਰਾਜ ਸਿੰਘ ਗਿੱਲ, ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਪ੍ਰੋ. ਹਰਪਾਲ ਸਿੰਘ ਬੰਗਾ, ਨੌਜਵਾਨ ਵਿਚਾਰਕ ਪ੍ਰਭਜੋਤ ਸਿੰਘ ਨਵਾਂਸ਼ਹਿਰ ਅਤੇ ਇੰਜ. ਜਗਦੇਵ ਸਿੰਘ ਸੋਢੀ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,