June 17, 2023 | By ਸਤਵਿੰਦਰ ਸਿੰਘ
ਗੁਰਦੁਆਰਾ ਇਤਿਹਾਸ ਅਤੇ ਵਰਤਮਾਨ ਵਿੱਚ ਸਿਖ ਹਸਤੀ ਦੀ ਰੂਹ ਅਤੇ ਅਮਲ ਦੀ ਕੇਂਦਰੀ ਧਰੋਹਰ ਹਨ। ਗੁਰੂ ਨਾਨਕ ਸਾਹਿਬ ਤੋਂ ਥਾਪੀਆਂ ਧਰਮਸ਼ਲਾਵਾਂ ਤੋਂ ਅਜੋਕੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਿਖੜੇ ਪੈਂਡੇ ਵਾਲਾ ਰਿਹਾ ਹੈ। ਹਰ ਗੁਰਦੁਆਰਾ ਸਾਹਿਬ ਦੀ ਇੱਕ-ਇੱਕ ਇੱਟ ਸੈਂਕੜੇ ਸਿੱਖਾਂ ਦੇ ਸਿਰਾਂ ਦੀਆਂ ਕੁਰਬਾਨੀਆਂ ਤੇ ਟਿਕੀ ਹੈ। ਜਿੱਥੇ ਗੁਰਦੁਆਰਾ ਸਾਹਿਬ ਸਿੱਖਾਂ ਦੀ ਰੂਹ ਹੈ, ਉੱਥੇ ਸਿੱਖ ਵਿਰੋਧੀ ਤਾਕਤਾਂ ਨੇ ਸਮੇਂ-ਸਮੇਂ ਤੇ ਅਨੇਕਾਂ ਹਮਲੇ ਕਰ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਨਾਲ-ਨਾਲ ਇਸ ਦੀ ਮਰਿਆਦਾ ‘ਤੇ ਅਨੇਕਾਂ ਹਮਲੇ ਕੀਤੇ। ਭਾਵੇਂ ਉਹ ਮੁਗਲਾਂ ਦੀ ਗੁਰਦੁਆਰਿਆਂ ਨੂੰ ਮਲੀਆਮੇਟ ਕਰਨ ਦੀ ਨੀਤੀ ਹੋਵੇ ਜਾਂ ਅੰਗ੍ਰੇਜੀ ਰਾਜ ਦੀ ਸ਼ਹਿ ਹੇਠ ਮਸੰਦਾਂ ਦੇ ਗੁਰੂ ਘਰਾਂ ਤੇ ਕਬਜੇ ਹੋਣ, ਜਿੱਥੇ ਮਸੰਦਾਂ ਦੁਆਰਾ ਗੁਰੂ ਘਰਾਂ ਵਿੱਚ ਹਰ ਨੀਚ ਕੰਮ ਕਰਕੇ ਇਸ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਜਾਂਦੀ ਸੀ। ਹੇਠਲੀ ਪੁਸਤਕ ਅਜਿਹੇ ਅਨੇਕਾਂ ਗੁਰੂ ਘਰਾਂ ਦੇ ਇਤਿਹਾਸ ਤੋਂ ਸਾਨੂੰ ਜਾਣੂ ਕਰਵਾਉਦੀ ਹੈ। ਜਿੱਥੇ ਇਹ ਪੁਸਤਕ ਵੱਖੋ-ਵੱਖਰੇ ੧੦ ਲੇਖਾਂ ਵਿੱਚ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ਤੋਂ ਜਾਣੂੰ ਕਰਵਾਉਦੀ ਹੈ, ਉਥੇ ਹੀ ਸਾਕੇ ਦੇ ਵੱਖੋਂ-ਵੱਖਰੇ ਕਾਰਣਾਂ ਨੂੰ ਪਾਠਕਾਂ ਦੇ ਮੂਹਰੇ ਬਾਖੂਬੀ ਪੇਸ਼ ਕਰਦੀ ਹੈ।
ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ –
ਪੁਸਤਕ ਦੀ ਖੂਬਸੂਰਤੀ ਇਹ ਵੀ ਹੈ ਕਿ ਇਹ ਸਾਕਾ ਨਨਕਾਣਾ ਸਾਹਿਬ ਦੇ ਨਾਲ-ਨਾਲ ਉਸ ਸਮੇਂ ਵਾਪਰੇ ਅਨੇਕਾਂ ਹੀ ਮੋਰਚਿਆਂ, ਸੰਸਥਾਵਾਂ, ਗੁਰਦੁਆਰਾ ਸੁਧਾਰ ਲਹਿਰ, ਗਦਰ ਲਹਿਰ, ਬਬਰ ਅਕਾਲੀ ਲਹਿਰ, ਸ਼ਹੀਦ ਸਿੱਖ ਮਿਸ਼ਨਰੀ ਸੁਸਾਇਟੀ,ਅਕਾਲੀ ਅਖਬਾਰ ਦੇ ਨਾਲ ਨਾਲ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦਾ ਇਤਿਹਾਸ ਵੀ ਬਾਖੂਬੀ ਵਰਨਣ ਕਰਦੀ ਹੈ। ਇਹ ਪੁਸਤਕ ਪੜਦਿਆਂ ਸਾਕਾ ਨਨਕਾਣਾ ਸਾਹਿਬ ਦੇ ਨਾਲ-ਨਾਲ ਵਾਪਰੇ ਅਜਿਹੇ ਅਨੇਕਾਂ ਹੀ ਸਾਕਿਆਂ ਦਾ ਇਤਿਹਾਸ ਪਤਾ ਲੱਗਦਾ ਹੈ, ਜਿਸ ਨਾਲ ਅਨੇਕਾਂ ਹੀ ਜੁਝਾਰੂ ਸ਼ਹੀਦ ਸਿੰਘਾਂ ਦੀ ਸਖਸ਼ੀਅਤ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ।
ਵੱਖੋਂ-ਵੱਖਰੇ ੧੦ ਲੇਖਕਾਂ ਦੇ ਲੇਖਾਂ ਨਾਲ ਸਜੀ ਇਹ ੧੨੪ ਸਫਿਆਂ ਦੀ ਪੁਸਤਕ ਅਜੋਕੇ ਸਮੇਂ ਦੇ ਗੁਰਦਆਰਾ ਸੁਧਾਰ ਪ੍ਰਬੰਧ ਨੂੰ ਸੇਧ ਦੇਣ ਵਿੱਚ ਬਾਖੂਬੀ ਭੂਮਿਕਾ ਅਦਾ ਕਰਦੀ ਹੈ।