ਲੜੀਵਾਰ ਕਿਤਾਬਾਂ

ਕਿਤਾਬ ਪੜਚੋਲ “ਖਾੜਕੂ ਸੰਘਰਸ਼ ਦੀ ਸਾਖੀ”

July 9, 2024 | By

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

ਭਾਵਨਾਵਾਂ ਵਿਚਾਰਾਂ ਅਤੇ ਅਹਿਸਾਸਾਂ ਨੂੰ ਸ਼ਬਦਾਂ ਰਾਹੀਂ ਰੂਪ ਮਿਲਦਾ ਹੈ। ਪਰ ਜੋ ਅਹਿਸਾਸ ਸ਼ਬਦਾਂ ਦੀ ਪਹੁੰਚ ਤੋਂ ਉੱਪਰ ਹੁੰਦੇ ਨੇ ਉਹਨਾਂ ਨੂੰ ਮਹਿਸੂਸ ਕਰਨ ਲਈ ਸ਼ਬਦ ਨਹੀਂ ਆਵਾਜ਼ ਦਾ ਸਹਾਰਾ ਲੈਣਾ ਪੈਂਦਾ ਹੈ। ਉਹ ਆਵਾਜ਼ ਜੋ ਧੁਰ ਅੰਦਰੋਂ ਪੈਦਾ ਹੋਏ ਹਵਾ ਦੇ ਬੁੱਲੇ ਵਾਂਗ ਪੂਰੀ ਕਾਇਨਾਤ ਨੂੰ ਆਪਣੀ ਵੇਗ ਅੰਦਰ ਸਮਾ ਲੈਂਦੀ ਹੈ। ਇਸ ਤਰ੍ਹਾਂ ਦੀ ਹੀ ਗਹਿਰੀ, ਸੱਚੀ ਅਤੇ ਨਿਰਮਲ ਆਵਾਜ਼ ਹੈ ‘ਖਾੜਕੂ ਸੰਘਰਸ਼ ਦੀ ਸਾਖੀ’ ਕਿਤਾਬ, ਜਿਸ ਦੇ ਅਹਿਸਾਸ ਨੂੰ ਕਿਸੇ ਹੱਦ ਤੱਕ ਹੀ ਸ਼ਬਦ ਰੂਪ ਕੀਤਾ ਜਾ ਸਕਦਾ ਹੈ ਜੋ ਇਸ ਹੱਦ ਤੋਂ ਬਾਹਰ ਹੈ ਉਹੀ ਇਸ ਕਿਤਾਬ ਦੇ ਸ਼ਬਦਾਂ ਦਾ ਅਸਲ ਮੁੱਲ ਹੈ।

ਸਬਰ, ਹਲੀਮੀ, ਅਡੋਲਤਾ ਅਤੇ ਪਾਕ ਪਵਿੱਤਰ ਰੱਬੀ ਇਸ਼ਕ ਦੀ ਮਿਸਾਲ, ਕੌਮ ਦੇ ਮਹਾਨ ਸੂਰਵੀਰ ਯੋਧੇ ਭਾਈ ਦਲਜੀਤ ਸਿੰਘ ਦੇ ਹਿੱਸੇ ਖਾੜਕੂ ਸੰਘਰਸ਼ ਦੌਰਾਨ ਸਿੱਧੇ ਰੂਪ ਵਿੱਚ ਹਕੂਮਤ ਨਾਲ ਜੂਝਣ, ਸੰਘਰਸ਼ ਦੇ ਬਦਲਦੇ ਰੂਪ ਵਿੱਚ ਨਵੀਆਂ ਪੰਥਕ ਲੋੜਾਂ ਅਨੁਸਾਰ ਖੁਦ ਨੂੰ ਢਾਲ ਕੇ ਕੌਮ ਨੂੰ ਸੇਧ ਦੇਣ ਅਤੇ ਕੌਮ ਦੇ ਅਨਮੁੱਲੇ ਸਰਮਾਏ ਨੂੰ ਆਪਣੇ ਅਨੁਭਵ ਅਤੇ ਅਹਿਸਾਸਾਂ ਦੇ ਸ਼ਬਦਾਂ ਰਾਹੀਂ ਸਿੱਖ ਸਾਹਿਤ ਦੇ ਰੂਪ ਵਿੱਚ ਵੰਡਣ ਦੀ ਬਖਸ਼ਿਸ਼ ਆਈ ਹੈ। ਲੇਖਕ ਵਜੋਂ ਜਿਸ ਪ੍ਰਕਾਰ ਇਸ ਕਿਤਾਬ ਦੇ ਹਰ ਇੱਕ ਅੱਖਰ ਰਾਹੀਂ ਕਹਾਣੀ ਬੁਣਦੇ ਹੋਏ ਖਾਲਸਾ ਪੰਥ ਦੀ ਕਾਲ ਤੋਂ ਰਹਿਤ ਉੱਚੀ ਸੁੱਚੀ ਸੁਰਤ ਅਤੇ ਚੜ੍ਹਦੀ ਕਲਾ ਨੂੰ ਨਮਨ ਕੀਤਾ ਗਿਆ ਹੈ, ਉਸ ਤੋਂ ਭਲੀ ਭਾਂਤ ਗਿਆਤ ਹੁੰਦਾ ਹੈ ਕਿ ਅਕਾਲ ਪੁਰਖ ਦੀ ਰਜ਼ਾ ਦੇ ਸ਼ੁਕਰ ਵਿੱਚ ਗੁਰੂ ਦਾ ਪਿਆਰਾ ਸਿੱਖ ਗੁਰੂ ਦੀ ਹਰ ਰਹਿਮਤ ਤੋਂ ਕੁਰਬਾਨ ਜਾਂਦਾ ਹੈ ਅਤੇ ਹਰ ਉਸ ਅਹਿਸਾਸ ਦਾ ਕਦਰਦਾਨ ਹੋਣਾ ਸਿੱਖ ਜਾਂਦਾ ਹੈ ਜੋ ਅਹਿਸਾਸ ਖਾਲਸਾਈ ਭਾਵਨਾ ਵਿੱਚੋਂ ਉਪਜਿਆ ਹੋਵੇ।

1984 ਦੇ ਤੀਜੇ ਘੱਲੂਘਾਰੇ ਤੋਂ ਬਾਅਦ ਸ਼ੁਰੂ ਹੋਏ ਖਾੜਕੂ ਸੰਘਰਸ਼ ਦੇ ਦੌਰਾਨ ਅਨੇਕਾਂ ਸਿੰਘਾਂ, ਸਿੰਘਣੀਆਂ, ਬੱਚਿਆਂ ਅਤੇ ਬਜ਼ੁਰਗਾਂ ਨੇ ਪੰਥ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਹਕੂਮਤ ਨਾਲ ਸਿੱਧੇ ਮੂੰਹ ਟੱਕਰ ਲੈਣ ਵਾਲੇ ਖਾੜਕੂ ਸਿੰਘਾਂ ਦੇ ਨਾਮ ਤੇ ਕਾਰਨਾਮੇ ਤਾਂ ਕਿਸੇ ਹੱਦ ਤੱਕ ਸਿੱਖਾਂ ਤੱਕ ਪਹੁੰਚ ਗਏ ਹਨ ਪਰ ਸੰਘਰਸ਼ ਵਿੱਚ ਸਿੱਧੇ ਰੂਪ ਸਮੇਤ ਅਨੇਕਾਂ ਹੋਰ ਰੂਪਾਂ ‘ਚ ਸ਼ਮੂਲੀਅਤ ਕਰਨ ਵਾਲੇ ਜਿਆਦਾਤਰ ਸਿੰਘਾਂ, ਸਿੰਘਣੀਆਂ ਦੀ ਬਾਤ ਅਣਕਹੀ ਰਹੀ ਹੈ। ਉਸੇ ਅਣਕਹੀ ਦਾਸਤਾਨ ਨੂੰ ਲੇਖਕ ਵੱਲੋਂ ਸੱਚੀਆਂ ਕਹਾਣੀਆਂ ਰਾਹੀਂ ਬਿਆਨ ਕੀਤਾ ਗਿਆ ਹੈ।

ਕਿਤਾਬ ਧਰਮ ਹੇਤ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ ਹੈ। ਕਿਤਾਬ ਵਿੱਚ ਪੇਸ਼ ਕੀਤੀਆਂ ਕਹਾਣੀਆਂ ਲੇਖਕ ਦੁਆਰਾ ਆਪਣੇ ਪਿੰਡੇ ਤੇ ਹੰਢਾਈਆਂ, ਆਪਣੇ ਨੇੜਲੇ ਸਾਥੀਆਂ ਰਾਹੀਂ ਜਾਣੀਆਂ ਜਾਂ ਸੰਘਰਸ਼ ਦੌਰਾਨ ਵੱਖ-ਵੱਖ ਤਰੀਕਿਆਂ ਰਾਹੀਂ ਸੁਣੀਆਂ ਹੋਈਆਂ ਹਨ। ਕਹਿੰਦੇ ਹਨ ਜੋ ਘਟਨਾ ਜਿਸ ਇਨਸਾਨ ਨਾਲ ਵਾਪਰੀ ਹੋਵੇ ਸਿਰਫ ਉਹੀ ਉਸਨੂੰ ਮਹਿਸੂਸ ਕਰ ਸਕਦਾ ਹੈ, ਬਾਕੀ ਸਭ ਸਿਰਫ਼ ਅਹਿਸਾਸ ਦੇ ਅੰਦਾਜ਼ੇ ਹੀ ਲਗਾ ਸਕਦੇ ਨੇ। ਸਾਫ਼ ਅਤੇ ਬਹੁਤ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਖਾੜਕੂ ਸੰਘਰਸ਼ ਦੌਰਾਨ ਜਿਹਨਾਂ ਅਹਿਸਾਸਾਂ ਦੇ ਵੇਗਾਂ ਨੂੰ ਭਾਈ ਦਲਜੀਤ ਸਿੰਘ ਬਿੱਟੂ ਨੇ ਖੁਦ ਮਹਿਸੂਸ ਕੀਤਾ ਉਹਨਾਂ ਨੂੰ ਬਾਖੂਬੀ ਪੇਸ਼ ਕਰਦੀ ਹੋਈ ਖੂਬਸੂਰਤ ਤਸਵੀਰ ਹੈ ਇਹ ਕਿਤਾਬ।

ਸਿਰਫ ਸੰਘਰਸ਼ੀ ਪੱਖ ਹੀ ਨਹੀਂ ਸਗੋਂ ਹਕੂਮਤੀ ਦਰਿੰਦਗੀ ਦੀ ਤਸਵੀਰ ਵੀ ਇਸ ਕਿਤਾਬ ਰਾਹੀਂ ਸਪੱਸ਼ਟ ਹੁੰਦੀ ਹੈ। ਹਕੂਮਤ ਅਤੇ ਸਿੰਘਾਂ ਦੇ ਟਾਕਰੇ ਦਰਮਿਆਨ ਦੋਹਾਂ ਪਾਸਿਆਂ ‘ਤੇ ਖੜੀਆਂ ਧਿਰਾਂ ਕਿਸ ਤਰ੍ਹਾਂ ਦਾ ਵਿਵਹਾਰ, ਸੋਚ, ਤੌਰ ਤਰੀਕੇ ਅਤੇ ਆਪਣੇ ਟੀਚੇ ਨੂੰ ਸਰ ਕਰਨ ਦਾ ਅਹਿਸਾਸ ਰੱਖਦੀਆਂ ਹਨ ਅਤੇ ਇੱਕ ਧਿਰ ਤੋਂ ਦੂਜੀ ਧਿਰ ਤੱਕ ਖਿਸਕਦੇ ਹੋਏ ਜਿਨ੍ਹਾਂ ਨੇ ਆਪਣੇ ਜ਼ਮੀਰ ਨੂੰ ਜਗਾ ਕੇ ਸ਼ਹਾਦਤ ਦਾ ਰਾਹ ਚੁਣਿਆ ਅਤੇ ਜਿਹੜੇ ਸ਼ਹਾਦਤ ਦੇ ਰਾਹ ਤੋਂ ਤਿਲਕਦੇ ਹੋਏ ਹਕੂਮਤ ਦੀ ਭੱਠੀ ਦੇ ਨਿੱਘ ਨੂੰ ਮਾਣ ਕੇ ਅੰਤ ਨੂੰ ਇਸੇ ਭੱਠੀ ਵਿੱਚ ਸੜ ਕੇ ਸਵਾਹ ਹੋ ਗਏ ਉਹਨਾਂ ਦੀ ਜ਼ਿੰਦਗੀ ਨੂੰ ਵੀ ਬਹੁਤ ਚੰਗੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਕਿਤਾਬ ਨੂੰ ਛੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕਿਤਾਬ ਅੰਦਰ ਜਿੰਨੀ ਗਿਣਤੀ ਵਿੱਚ ਅਤੇ ਜਿੰਨੀ ਡੂੰਘਾਈ ਨਾਲ ਨਾਲ ਵੱਖ-ਵੱਖ ਪਹਿਲੂ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਸਮਝਣ ਦੇ ਲਈ ਵੀ ਤਰਤੀਬਵਾਰ ਵੰਡ ਦੀ ਜ਼ਰੂਰਤ ਹੈ।

ਪਹਿਲਾ ਭਾਗ ਅਣਜਾਣੇ ਸਿਦਕੀ ਅਤੇ ਯੋਧਿਆਂ ਦੇ ਨਾਮ ਹੈ, ਜਿਨ੍ਹਾਂ ਨੇ ਗੁਰੂ ਦੇ ਅਦਬ ਦਾ ਪਾਲਣ ਕਰਦੇ ਹੋਏ ਮਰਿਆਦਾ ਨੂੰ ਆਪਣੇ ਜੀਵਨ ਤੋਂ ਉੱਪਰ ਜਾਣਿਆ ਅਤੇ ਗੁਰੂ ਦੇ ਪ੍ਰੇਮ ਨਾਲ ਗੁਰੂ ਵੱਲੋਂ ਪਾਏ ਗਏ ਔਖੇ ਇਮਤਿਹਾਨਾਂ ਵਿੱਚੋਂ ਸ਼ਹਾਦਤਾਂ ਦਾ ਰਾਹ ਚੁਣ ਕੇ ਪਾਰ ਹੋ ਗਏ।

ਭਾਈ ਦਲਜੀਤ ਸਿੰਘ ਲਿਖਦੇ ਨੇ –
“ਉਸ ਵਕਤ ਪੰਥ ਵਿੱਚ ਬਹੁਤ ਸਿਮਰਨ ਤੇ ਅਰਦਾਸ ਹੋਈ _ _ _ ਅਸੀਂ ਸਦਾ ਇਹ ਪਵਿੱਤਰ ਅਰਦਾਸ ਦੇ ਰਿਣੀ ਰਹਾਂਗੇ”

ਗੁਰਬਾਣੀ ਦੇ ਅਦਬ ਕਾਰਨ ਭਾਈ ਹੀਰਾ ਸਿੰਘ ਬੱਬਰ ਦੇ ਨਾਲ ਜੁੜੇ ਇੱਕ ਸਿੰਘ ਨੇ ਸਿੰਘਾਂ ਦੇ ਕਾਤਲ ਸਵਰਨ ਘੋਟਨੇ ਦੀ ਜਾਨ ਬਖਸ਼ ਦਿੱਤੀ। ਇਸੇ ਤਰ੍ਹਾਂ ਗੁਰੂ ਦੇ ਅਦਬ ਨੇ ਪੁਲਿਸ ਅਫ਼ਸਰ ਚਟੋਪਾਧਿਆ ਦੀ ਜਾਨ ਭਾਈ ਬਲਵੀਰ ਸਿੰਘ ਭੂਤਨਾ ਅਤੇ ਉਨਾਂ ਦੇ ਸਾਥੀਆਂ ਤੋਂ ਬਚਾ ਦਿੱਤੀ। ਹਥਿਆਰਾਂ ਤੋਂ ਦੂਰ ਰਹਿਣ ਵਾਲੇ ਹੁਕਮ ਦਾ ਅਦਬ ਕਰਨ ਵਾਲੇ ਇੱਕ ਸਤਿਬਚਨੀ ਸਿੰਘ ਨੇ ਆਪਣੇ ਆਖਰੀ ਸਮੇਂ ਵਿੱਚ ਸੋਹਿਲਾ ਸਾਹਿਬ ਦਾ ਪਾਠ ਕਰਨ ਮਗਰੋਂ ਸਾਈਨਾਈਡ ਖਾ ਕੇ ਸ਼ਹਾਦਤ ਪ੍ਰਾਪਤ ਕਰ ਲਈ। ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਕਹਾਣੀਆਂ ਅਤੇ ਅਹਿਸਾਸ ਪੇਸ਼ ਕੀਤੇ ਗਏ ਨੇ। ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਿੰਘਾਂ ਸਿੰਘਣੀਆਂ ਨੇ ਆਪਣੇ ਤਨੋ ਮਨੋ ਧਨੋ ਸੇਵਾ ਕੀਤੀ ਬੀਬੀਆਂ ਦੇ ਸੰਘਰਸ਼ ਵਿੱਚ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਸਾਂਝੀ ਕੀਤੀ ਗਈ ਇੱਕ ਸੱਚੀ ਕਹਾਣੀ ਦੇ ਮੁਤਾਬਿਕ ਇੱਕ ਬੀਬੀ ਵੱਲੋਂ ਉਚਾਰੇ ਗਏ ਜਪੁ ਨਿਸਾਨ ਸਾਹਿਬ ਦੇ ਪਾਠ ਨੇ ਸਦਾ ਭਾਈ ਦਲਜੀਤ ਸਿੰਘ ਬਿੱਟੂ ਦੀ ਸੁਰਤ ਵਿੱਚ ਪਕਿਆਈ ਵਾਲੀ ਇੱਕ ਜੜ ਲਾਈ ਰੱਖੀ ਇਹ ਆਵਾਜ਼ ਕਿਸੇ ਬੀਬੀ ਦੀ ਨਹੀਂ ਸਗੋਂ ਧੁਰ ਦਰਗਾਹੋਂ ਆਈ ਸੰਦੇਸ਼ ਦੀ ਜਾਪਦੀ ਮਹਿਸੂਸ ਹੁੰਦੀ ਹੈ।

ਜਿੱਥੇ ਸਮੁੱਚੇ ਪੰਥ ਦੇ ਹਰ ਵਰਗ ਨੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਉਥੇ ਹੀ ਦੂਸਰੇ ਪਾਸੇ ਹਕੂਮਤ ਨੇ ਵੀ ਕਿਸੇ ਦਾ ਲਿਹਾਜ਼ ਨਹੀਂ ਕੀਤਾ ਬਜ਼ੁਰਗਾਂ ਤੇ ਬੀਬੀਆਂ ਨੂੰ ਵੀ ਨਾ ਬਿਆਨ ਕੀਤੇ ਜਾਣ ਵਾਲੇ ਤਸ਼ੱਦਦ ਵਿੱਚੋਂ ਲੰਘਾਇਆ ਗਿਆ ਅਤੇ ਕਿੰਨਿਆਂ ਨੂੰ ਲਾਪਤਾ ਕਰ ਦਿੱਤਾ ਗਿਆ ਇਸ ਚੀਜ਼ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ।

ਪੜ੍ਹੋ –
“ਕੁਝ ਬੁੱਚੜਾਂ ਉਹਦੀ ਇੱਜ਼ਤ ਵੀ ਲੁੱਟੀ ਪਰ ਉਹਨੇ ਕੋਈ ਵਿਰੋਧ ਨਾ ਕੀਤਾ, ਉਹ ਜਿਉਂਦੀ ਲਾਸ਼ ਵਾਂਗ ਹੋ ਗਈ ਸੀ।”
“ਸੀ.ਆਰ.ਪੀ.ਐਫ ਵਾਲਿਆਂ ਨੇ ਬਾਬਾ ਜੀ ਦੇ ਕੇਸ ਕਤਲ ਕੀਤੇ ਹੋਏ ਸਨ _ _ _ ਉਸ ਦਿਨ ਤੋਂ ਬਾਅਦ ਸਾਨੂੰ ਕਦੇ ਕੋਈ ਖਬਰ ਨਹੀਂ ਮਿਲੀ।”

ਦੂਜੇ ਭਾਗ ਵਿੱਚ ਅਜਿਹੇ ਸਿੰਘਾਂ ਦਾ ਜ਼ਿਕਰ ਮਿਲਦਾ ਹੈ ਜਿਨਾਂ ਵਿੱਚੋਂ ਕੁਝ ਦੀ ਨਾਮ ਤੋਂ ਪਛਾਣ ਜ਼ਾਹਿਰ ਕੀਤੀ ਗਈ ਹੈ। ਕੌਮੀ ਸੰਘਰਸ਼ਾਂ ਵਿੱਚ ਨਿਸਵਾਰਥ ਸੇਵਾ ਭਾਵਨਾ ਨਾਲ ਆਪਣੀ ਜ਼ਿੰਦਗੀ ਲੇਖੇ ਲਾਉਣ ਵਾਲਿਆਂ ਸਿੰਘਾਂ ਦਾ ਜੀਵਨ ਬੜਾ ਨਿਰਮਲ ਅਤੇ ਖਾਲਸ ਹੁੰਦਾ ਹੈ।

ਭਾਈ ਜੁਗਰਾਜ ਸਿੰਘ ਤੂਫਾਨ ਸਮੇਤ ਉਨਾਂ ਦੇ ਜੱਥੇ ਦੇ ਵਿੱਚੋਂ ਹੀ ਇੱਕ ਹੋਰ ਸਿੰਘ ਦੇ ਚਰਿੱਤਰ ਦਾ ਜ਼ਿਕਰ ਕੀਤਾ ਮਿਲਦਾ ਹੈ ਕਿ ਅੱਖਾਂ ਵਿੱਚ ਜੰਗ ਦੀ ਚਮਕ ਲੈ ਕੇ ਗੁਰਮਤਿ ਦੇ ਅਸੂਲਾਂ ‘ਤੇ ਪਹਿਰਾ ਦੇਣ ਵਾਲੇ ਇਹਨਾਂ ਸਿੰਘਾਂ ਵਿੱਚ ਥੋੜਾ ਖਾਣ ਪੀਣ, ਸਖਤ ਕਸਰਤ ਅਤੇ ਖੁੱਲ੍ਹ ਕੇ ਹੱਸਣ ਦੀਆਂ ਸਾਂਝੀਆਂ ਆਦਤਾਂ ਸਨ। ਭਾਈ ਦਲਜੀਤ ਸਿੰਘ ਬਿੱਟੂ ਜਦ ਇੱਕੋ ਇੱਕ ਵਾਰ ਭਾਈ ਜੁਗਰਾਜ ਸਿੰਘ ਤੂਫਾਨ ਨੂੰ ਮਿਲੇ ਤਾਂ ਸਤਿਕਾਰ ਵਜੋਂ ਹੀ ਭਾਈ ਤੂਫਾਨ ਨੇ ਉਹਨਾਂ ਸਾਹਮਣੇ ਸਾਰੀ ਮੁਲਾਕਾਤ ਦੌਰਾਨ ਨੀਵੀਂ ਪਾਈ ਰੱਖੀ।

ਪੜੋ –
“ਜੰਗ ਦੀ ਸ਼ਿੱਦਤ ਅਤੇ ਚਾਅ ਉਹਦੇ ਚਿਹਰੇ ਤੋਂ ਝਲਕਦਾ ਦਿਸਦਾ ਸੀ, ਉਹਦਾ ਸਾਰਾ ਜੀਅ ਜਿਸਮ ਜੰਗ ਨਾਲ ਇਕਮਿਕ ਸੀ।”

ਕੁਝ ਇਨਸਾਨਾਂ ਦਾ ਜੀਵਨ ਇਸ ਤਰ੍ਹਾਂ ਦਾ ਵੀ ਹੁੰਦਾ ਹੈ ਜਿਨਾਂ ਉੱਪਰ ਗੁਰੂ ਦੀ ਖਾਸ ਰਹਿਮਤ ਹੁੰਦੀ ਹੈ ਦੇਖਣ ਨੂੰ ਆਮ ਜਿਹੇ ਤੇ ਪੰਥਕ ਮਰਿਆਦਾ ਦੇ ਨੇਮੀ ਨਾ ਜਾਪਣ ਵਾਲੇ ਮਨੁੱਖ ਗੁਰੂ ਦੀ ਕਲਾ ਨਾਲ ਸੰਘਰਸ਼ੀ ਸਿੰਘਾਂ ਤੋਂ ਵੀ ਜ਼ਿਆਦਾ ਕਮਾਲ ਦੀ ਅਡੋਲਤਾ ਤੇ ਸਿਦਕ ਦਿਖਾ ਦਿੰਦੇ ਹਨ।

ਪੜ੍ਹੋ –
“ਉਹ ਚੰਗੀ ਤਰ੍ਹਾਂ ਪਾਠ ਕਰਨਾ ਵੀ ਨਹੀਂ ਜਾਣਦਾ ਸੀ ਪਰ ਉਹਦੇ ਸਿਦਕ ਦੀ ਗਵਾਹੀ ਹਕੂਮਤ ਦੇ ਕਈ ਕਰਿੰਦਿਆਂ ਨੇ ਵੀ ਭਰੀ ਹੈ।”
“ਇਹੋ ਜਿਹੀਆਂ ਸਾਫ ਅਤੇ ਸੱਚੀਆਂ ਰੂਹਾਂ ‘ਤੇ ਰੱਬ ਦੀ ਬਖਸ਼ਿਸ਼ ਹੁੰਦੀ ਹੈ। ਇਹਨਾਂ ਨੂੰ ਅਨੁਭਵ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਗਲਤ ਹੈ, ਕੀ ਠੀਕ ਹੈ, ਕੀ ਪੰਥਕ ਤੇ ਕੀ ਗੈਰ ਪੰਥਕ ਹੈ।”

ਕੁਝ ਅਜਿਹੇ ਸਿੰਘਾਂ ਜਾਂ ਪਰਿਵਾਰਾਂ ਦਾ ਵੀ ਜ਼ਿਕਰ ਮਿਲਦਾ ਹੈ ਜੋ ਸੰਘਰਸ਼ ਦੇ ਔਖੇ ਵੇਲਿਆਂ ਦੇ ਮੌਤ ਦੇ ਮੂੰਹ ਨੂੰ ਪਾਰ ਕਰਕੇ ਅੱਗੇ ਵਧਦੇ ਹੋਏ ਅੱਜ ਦੇ ਸਮੇਂ ਚ’ ਵੀ ਹਰ ਤਰ੍ਹਾਂ ਪੰਥਕ ਸੇਵਾ ਵਿੱਚ ਅੱਗੇ ਰਹਿਣ ਦੀ ਇੱਛਾ ਰੱਖਦੇ ਹਨ ਅਤੇ ਹਰ ਪੰਥਕ ਗਤੀਵਿਧੀ ਵਿੱਚ ਹਾਜ਼ਰੀ ਭਰਦੇ ਹਨ।

ਇਹ ਸਮਾਂ ਅਜਿਹਾ ਸੀ ਜਦ ਸਿੰਘਾਂ ਦਾ ਪੰਥ ਪ੍ਰਤੀ ਪ੍ਰੇਮ ਤੇ ਦਰਦ ਰੱਖਣ ਵਾਲੇ ਪਰਿਵਾਰਾਂ ਵਿੱਚ ਬਹੁਤ ਆਦਰ ਸਤਿਕਾਰ ਵਾਲਾ ਸਥਾਨ ਸੀ। ਜਿਸ ਉਚੇਚ ਅਤੇ ਮਨ ਨਾਲ ਪੰਥ ਪ੍ਰਸਤ ਸਿੱਖ ਸਿੰਘਾਂ ਦੀ ਸੇਵਾ ਕਰਦੇ ਸਨ, ਉਹਨਾਂ ਲਈ ਹਰ ਮੁਸ਼ਕਿਲ ਨਾਲ ਜੂਝਣ ਲਈ ਤਿਆਰ ਹੋ ਜਾਂਦੇ ਸਨ ਉਸ ਸੱਚੀ ਅਤੇ ਮਹਾਨ ਭਾਵਨਾ ਅੱਗੇ ਸਿਰ ਨੀਵਾਂ ਹੋ ਜਾਂਦਾ ਹੈ। ਇਸ ਸਮੇਂ ਦਾ ਰੰਗ ਹੀ ਕੁਝ ਅਨੋਖਾ ਸੀ।

ਇੱਕ ਬੀਬੀ ਸਿਮਰਜੀਤ ਕੌਰ ਦਾ ਜ਼ਿਕਰ ਮਿਲਦਾ ਹੈ ਜਿਨਾਂ ਦੀ ਦਲੇਰ ਤਬੀਅਤ ਨੇ ਇੱਕ ਵਾਰ ਭਾਈ ਦਲਜੀਤ ਸਿੰਘ ਬਿੱਟੂ ਦੀ ਜਾਨ ਬਚਾਈ ਪਰ ਆਖਿਰਕਾਰ ਇਸ ਬੀਬੀ ਨੂੰ ਵੀ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ।

ਇਸ ਸਮੇਂ ਦੌਰਾਨ ਬਹੁਤ ਘੱਟ ਅਜਿਹੀਆਂ ਸ਼ਹਾਦਤਾਂ ਹੋਈਆਂ ਜਿਨਾਂ ਦਾ ਪਤਾ ਪਰਿਵਾਰ ਜਾਂ ਕੌਮ ਨੂੰ ਲੱਗ ਪਾਇਆ ਜ਼ਿਆਦਾਤਰ ਸਿੰਘਾਂ, ਸਿੰਘਣੀਆਂ ਨੂੰ ਪੁਲਿਸ,ਸੀਆਰਪੀਐਫ ਆਈਬੀਆਈ ਜਾਂ ਹੋਰ ਸਰਕਾਰੀ ਏਜੰਸੀਆਂ ਵੱਲੋਂ ਅਲੋਪ ਹੀ ਕਰ ਦਿੱਤਾ ਗਿਆ।

ਅਜਿਹਾ ਸਿਰਫ ਸਿੱਧੇ ਢੰਗ ਨਾਲ ਹਕੂਮਤ ਨਾਲ ਮੱਥਾ ਲਾਉਣ ਵਾਲੇ ਸੂਰਵੀਰ ਯੋਧਿਆਂ ਨਾਲ ਹੀ ਨਹੀਂ ਸਗੋਂ ਉਹਨਾਂ ਦੀ ਰਹਿਣ ਸਹਿਣ ਪ੍ਰਸ਼ਾਦਾ ਪਾਣੀ, ਮਾਲੀ ਜਾਂ ਇੱਥੋਂ ਤੱਕ ਕਿ ਭਾਵਨਾਤਮਕ ਪੱਖੋਂ ਮਦਦ ਕਰਨ ਵਾਲਿਆਂ ਨਾਲ ਵੀ ਕੀਤਾ ਜਾਂਦਾ।

ਤੀਜਾ ਭਾਗ ਠਾਹਰਾਂ ਵਾਲੇ ਪਰਿਵਾਰਾਂ ਨਾਲ ਸੰਬੰਧਿਤ ਹੈ ਠਾਹਰਾਂ ਵਾਲੇ ਪਰਿਵਾਰ ਸੰਘਰਸ਼ ਦੀ ਧੜਕਣ ਦੇ ਵਾਂਗ ਸਨ ਜਿਨਾਂ ਦੀ ਨਿਡਰਤਾ, ਤਾਜ਼ਗੀ ਅਤੇ ਆਜ਼ਾਦ ਪਰ ਗੁਰੂ ਦੇ ਲੜ ਲੱਗੀ ਸੁਰਤ ਨੇ ਸੰਘਰਸ਼ੀ ਧਿਰ ਦੀ ਤਾਕਤ ਵਧਾਈ।
ਘਰਾਂ ਦੇ ਘਰ ਉੱਜੜ ਗਏ ਕਈ ਪਰਿਵਾਰ ਖੇਰੋਂ ਖੇਰੋਂ ਹੋ ਗਏ, ਕਈਆਂ ਦੀਆਂ ਸ਼ਹਾਦਤਾਂ ਹੋਈਆਂ ਤੇ ਕਈ ਅੱਜ ਤੱਕ ਵੀ ਜੰਗ ਦਾ ਸੇਕ ਆਪਣੇ ਪਿੰਡਿਆਂ ਤੇ ਮਨ ‘ਤੇ ਹੰਢਾ ਰਹੇ ਹਨ।

ਪੜੋ –
“ਇਹਨਾਂ ਅਣਗਿਣਤ ਸਿੰਘਾਂ ਸਿੰਘਣੀਆਂ ਦੀ ਕਮਾਈ ਵੀ ਕੋਈ ਘੱਟ ਨਹੀਂ ਹੈ ਜਿਨਾਂ ਨੇ ਪਹਿਲਾਂ ਸੰਘਰਸ਼ ਲਈ ਆਪਣੇ ਘਰ-ਬਾਰ ਖੋਲੇ _ _ _ _ ਘਰ ਸਦਾ ਲਈ ਬੰਦ ਹੋ ਗਏ ਪਰ ਏਹਨਾਂ ਨੇ ਸਰਕਾਰ ਦੀ ਈਨ ਨਾ ਮੰਨੀ”

ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪੁਰਾਣੇ ਇਲਾਕੇ ‘ਚ ਇੱਕ ਬਜ਼ੁਰਗ ਮਾਤਾ ਦਾ ਪਰਿਵਾਰ , ਮਾਝੇ ਦੇ ਪਿੰਡ ਰਈਏ ਦੀਆਂ ਦੋ ਸੇਵਾ ਭਾਵਨਾ ਵਾਲੀਆਂ ਬੀਬੀਆਂ, ਕੰਡੀ ਦੇ ਇਲਾਕੇ ‘ਚ ਵਸੇ ਇੱਕ ਪਰਿਵਾਰ ਦੇ ਬਜ਼ੁਰਗ , ਲੁਧਿਆਣਾ ਦੇ ਨਜ਼ਦੀਕ ਇੱਕ ਪਿੰਡ ‘ਚ ਵਸੇ ਵੱਡੇ ਲਾਣੇ ਵਾਲੇ ਪਰਿਵਾਰ ਸਮੇਤ ਅਨੇਕਾਂ ਹੀ ਜੀਆਂ ਦੀ ਸੇਵਾ ਭਾਵਨਾ ਮਹਿਸੂਸ ਕਰਨ ਨੂੰ ਮਿਲਦੀ ਹੈ ਜਿਨਾਂ ਦਾ ਇਸ ਦੁਨੀਆਂ ਪ੍ਰਤੀ ਹਰ ਤਰ੍ਹਾਂ ਦਾ ਸਵਾਰਥ ਖਤਮ ਹੋ ਚੁੱਕਿਆ ਸੀ, ਉਹ ਸੰਘਰਸ਼ਸ਼ੀਲ ਯੋਧਿਆਂ ਦੀ ਸਾਂਭ ਸੰਭਾਲ ਸਮੇਤ ਔਖੇ ਵੇਲਿਆਂ ‘ਚ ਵੀ ਉਹਨਾਂ ਦੇ ਕੰਮ ਆਉਣ ਵਾਲੇ ਸਨ।

ਕੰਢੀ ਇਲਾਕੇ ਵਿੱਚ ਸਿੰਘਾਂ ਨੂੰ ਠਾਹਰ ਦੇਣ ਵਾਲੇ ਇੱਕ ਚੜਦੀ ਕਲਾ ਵਾਲੇ ਬਾਪੂ ਬਾਰੇ ਪਤਾ ਲੱਗਦਾ ਹੈ ਨਾਮ ਬਾਣੀ ਸਿਮਰਨ ਨਾਲ ਜੁੜੇ ਹੋਏ ਇਸ ੮੫ਕੁ ਸਾਲਾ ਬਜ਼ੁਰਗ ਨੂੰ ਸਿਆਸਤ ਅਤੇ ਦੁਨੀਆਦਾਰੀ ਸਮੇਤ ਖਾਸ ਤੌਰ ਤੇ ਪੰਥਕ ਸੰਘਰਸ਼ ਵਾਰੀ ਇੰਨੀ ਗਹਿਰੀ ਸਮਝ ਸੀ ਕਿ ਇੱਕ ਵਾਰ ਜਨਰਲ ਲਾਭ ਸਿੰਘ ਵੱਲੋਂ ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੌਂਪਣ ਦੀ ਵੀ ਗੱਲ ਕੀਤੀ ਗਈ।

ਚੌਥਾ ਭਾਗ ਉਹਨਾਂ ਗੁੰਮਨਾਮ ਸ਼ਹੀਦਾਂ ਦੀ ਗਾਥਾ ਹੈ ਜੋ ਸੰਘਰਸ਼ਸ਼ੀਲ ਧਿਰਾਂ ਦੇ ਹਿੱਸੇ ਚਾਹੇ ਨਹੀਂ ਸਨ ਪਰ ਉਨਾਂ ਅੰਦਰਲੀ ਪੰਥਕ ਭਾਵਨਾ ਤੇ ਸਿਦਕ ਕਮਾਲ ਦਾ ਸੀ ਉਹਨਾਂ ਨੇ ਹਕੂਮਤ ਦੀ ਹਨੇਰਗਰਦੀ ਦੀ ਕਾਲ ਕੋਠੜੀ ਵਿੱਚ ਵੀ ਸੱਚਾਈ ਅਤੇ ਵਿਸ਼ਵਾਸ ਦਾ ਦੀਪ ਜਗਾਈ ਰੱਖਿਆ ਅਤੇ ਇਸ ਸੱਚੇ ਚਾਨਣ ਦੇ ਰਾਹੀਂ ਤੁਰਦਿਆਂ ਅਕਾਲ ਪੁਰਖ ਦੀ ਗੋਦ ਵਿੱਚ ਜਾ ਬਿਰਾਜੇ। ਅਜਿਹੇ ਨੌਜਵਾਨ, ਬਜ਼ੁਰਗ ਤੇ ਬੀਬੀਆਂ ਹੋਈਆਂ ਜਿਨਾਂ ਦਾ ਵਾਅ ਜਦ ਹਕੂਮਤ ਨਾਲ ਪਿਆ ਤਾਂ ਉਹਨਾਂ ਨੇ ਹਰ ਤਰ੍ਹਾਂ ਦੇ ਭੈਅ ਤੋਂ ਰਹਿਤ ਹੋ ਕੇ ਆਪਣੇ ਆਖਰੀ ਸਾਹ ਤੱਕ ਪੰਥ ਨਾਲ ਵਫ਼ਾ ਕਮਾਈ।

ਪੜ੍ਹੋ –
“ਇਹੋ ਜਿਹੇ ਨਿੱਕੇ ਨਿੱਕੇ ਜਾਪਦੇ ਕਿੰਨੇ ਹੀ ਵਾਕਿਆਤ ਹਨ ਜਿਹੜੇ ਆਮ ਪੰਜਾਬ ਦੇ ਲੋਕਾਂ ਦੀ ਸਹਿਜ ਸੁਭਾਅ ਦ੍ਰਿੜਤਾ, ਨਿਸ਼ਚੇ ਅਤੇ ਅਣਖ ਦਾ ਮੌਤ ਦੇ ਮੂੰਹ ਤੱਕ ਮੁਜ਼ਾਹਰਾ ਪੇਸ਼ ਕਰਦੇ ਹਨ।”

ਪੰਜਵੇਂ ਭਾਗ ਵਿੱਚ ਉਹਨਾਂ ਆਮ ਲੋਕਾਂ ਦੀ ਬਾਤ ਸਾਂਝੀ ਕੀਤੀ ਗਈ ਹੈ ਜੋ ਹਕੂਮਤ ਅਤੇ ਸੰਘਰਸ਼ ਦੇ ਵਿਚਕਾਰਲੀ ਜੰਗ ਦਰਮਿਆਨ ਆਪਣੀ ਜਾਨ ਪੰਥਕ ਸੰਘਰਸ਼ ਦੇ ਹਿੱਤ ਵਿੱਚ ਲਗਾ ਗਏ। ਦੋਹਾਂ ਧਿਰਾਂ ਦੇ ਸਿੱਧੇ ਮੁਕਾਬਲਿਆਂ ਦੌਰਾਨ ਪੁਲਿਸ ਅਤੇ ਸਿੰਘਾਂ ਦੀ ਗੋਲੀਬਾਰੀ ਕਾਰਨ ਕਈ ਵਾਰ ਆਮ ਲੋਕ ਮਾਰੇ ਗਏ। ਕੁਝ ਵਾਰ ਹਕੂਮਤ ਦੀ ਦਹਿਸ਼ਤਗਰਦੀ ਦਾ ਜਵਾਬ ਦੇਣ ਲਈ ਕੀਤੇ ਗਏ ਧਮਾਕਿਆਂ ਵਿੱਚ ਵੀ ਕਈ ਨਿਰਦੋਸ਼ ਆਪਣੀ ਜਾਨ ਗਵਾ ਬੈਠੇ। ਹਕੂਮਤ ਵੱਲੋਂ ਮਨੁੱਖੀ ਢਾਲ ਦਾ ਤਰੀਕਾ ਅਪਣਾ ਕੇ ਖਾੜਕੂਆਂ ਨੂੰ ਮਾਰਨ ਦੀ ਵਰਤੀ ਗਈ ਚਾਲ ਕਰਕੇ ਖਾੜਕੂ ਸੰਘਰਸ਼ਕਾਰੀਆਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਅਨੇਕਾਂ ਹੀ ਹੋਰ ਲੋਕ ਜੰਗ ਦੀ ਲਪੇਟ ਵਿੱਚ ਆ ਗਏ। ਹਾਲਾਤ ਅਜਿਹੇ ਸਨ ਕਿ ਪੁਲਿਸ ਵੱਲੋਂ ਝੂਠੇ ਮੁਕਾਬਲੇ ਦਿਖਾਉਣ ਦੀ ਖਾਤਰ ਪੂਰਬ ਦੇ ਭਈਆਂ ਤੱਕ ਨੂੰ ਦਾੜੀ ਮੁੱਛਾਂ ਵਧਵਾ ਕਿ ਧੋਖੇ ਵਿੱਚ ਰੱਖ ਕੇ ਮਾਰ ਦਿੱਤਾ ਗਿਆ।

ਇਸ ਕਿਤਾਬ ਨੂੰ ਪੜਨ ਤੋਂ ਬਾਅਦ ਇਹ ਵੀ ਪਤਾ ਲੱਗਦਾ ਹੈ ਕਿ ਸਿਰਫ ਮੌਤ ਹੀ ਮੌਤ ਨਹੀਂ ਹੁੰਦੀ ਜਲਾਲਤ, ਦਰਦ ਦੀ ਸਤ੍ਹਾ ਤੋਂ ਉੱਪਰ ਦੇ ਤਸੀਹੇ, ਚਾਰੇ ਪਾਸਿਓਂ ਬੰਦ ਕਾਲ ਕੋਠੜੀਆਂ ਦੀ ਗੰਦੀ ਸਿੱਲ ‘ਚੋਂ ਪਸਰਦੀ ਸੁੰਨ ਅਤੇ ਮੌਤ ਤੱਕ ਨੂੰ ਗਲੇ ਨਾ ਲਗਾ ਸਕਣ ਦੀ ਲਾਚਾਰੀ ਇਹ ਸਭ ਮੌਤ ਤੋਂ ਕਿਤੇ ਜਿਆਦਾ ਖਤਰਨਾਕ ਹੁੰਦੇ ਨੇ।

ਪਰ ਦੂਜੇ ਪਾਸੇ ਗੁਰੂ ਦੇ ਅਟੁੱਟ ਵਿਸ਼ਵਾਸ, ਪੰਥ ਤੇ ਕੁਰਬਾਨ ਹੋਣ ਦਾ ਜਜ਼ਬਾ ਅਤੇ ਇੱਕ ਅਕਾਲ ਪੁਰਖ ਦੀ ਓਟ ਇਸ ਮੌਤ ਤੋਂ ਵੀ ਭਾਰੀ ਜ਼ਿੰਦਗੀ ਨੂੰ ਗੁਰੂ ਦੇ ਹੁਕਮ ਅਤੇ ਰਜ਼ਾ ਦਾ ਸ਼ੀਸ਼ਾ ਦਿਖਾਉਂਦੀ ਹੈ, ਜਿਸ ਸ਼ੀਸ਼ੇ ਵਿੱਚ ਕੁਦਰਤ ਦੇ ਅਨੁਕੂਲ ਚੱਲਣ ਵਾਲਾ ਪਾਂਧੀ ਆਪਣੀ ਧਰਤ ਮਾਂ ਦੀ ਬੁੱਕਲ ਵਿੱਚ ਅਤੇ ਉਸ ਨੀਲੇ ਅਸਮਾਨ ਪਿਤਾ ਦੀ ਛਾਂ ਵਿੱਚ ਸਕੂਨ ਮਾਣ ਰਿਹਾ ਹੁੰਦਾ ਹੈ।

ਵੇਖਣ ਨੂੰ ਸਿੱਧਰੇ ਜਿਹੇ ਜਾਪਣ ਵਾਲੇ ਗੂੰਗੇ ਤੇ ਬੋਲੇ ੪੦ ਕੁ ਸਾਲਾਂ ਬਜ਼ੁਰਗ ਨੂੰ ਸਿੰਘਾਂ ਨੂੰ ਠਾਹਰ ਦੇਣ ਕਾਰਨ ਜ਼ੁਲਮ ਦੀ ਅੱਗ ਵਿੱਚ ਸੜਨਾ ਪਿਆ। ਇੱਕ ਭਗੌੜੇ ਸਿੰਘ ਦਾ ਭਰਾ ਪੁਲਿਸ ਥਾਣੇ ਵਿੱਚ ਰਸੋਈਆ ਬਣ ਕੇ ਆਪਣੀ ਜ਼ਿੰਦਗੀ ਟਪਾਉਂਦਾ ਹੈ। ਖਾੜਕੂ ਸਿੰਘਾਂ ਨਾਲ ਸਿਰਫ ਨਾਮ ਦੀ ਸਾਂਝ ਹੋਣ ਕਰਕੇ ਕਿੰਨੇ ਹੀ ਨੌਜਵਾਨਾਂ ਨੂੰ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤਾ ਗਿਆ, ਇੱਕ ਸਿੰਘ ਨੂੰ ਸਿਰਨਾਵੀਂਏ ਹੋਣ ਦੀ ਸਜ਼ਾ ਇਹ ਮਿਲੀ ਕਿ ਪੁਲਿਸ ਵੱਲੋਂ ਬੱਸ ਵਿੱਚੋਂ ਉਤਾਰ ਕੇ ਗੋਲੀ ਮਾਰ ਦਿੱਤੀ ਗਈ।

ਛੇਵੇਂ ਭਾਗ ਵਿੱਚ ਜੰਗ ਅਤੇ ਬੰਦਿਆਂ ਦੇ ਕਿਰਦਾਰ ਨੂੰ ਉਜਾਗਰ ਕਰਨ ਵਾਲੀਆਂ ਅਜਿਹੀਆਂ ਕਹਾਣੀਆਂ ਹਨ ਜੋ ਇਨਸਾਨ ਦੇ ਸੱਚ ਜਾਂ ਝੂਠ ਦੇ ਪਾਲੇ ਵਿੱਚ ਖੜੇ ਹੋਣ ਦੀ ਦੁਵਿਧਾ ਜਾਂ ਮੌਕੇ ਦੇ ਸੰਦਰਭ ਨੂੰ ਪੇਸ਼ ਕਰਦੀਆਂ ਹਨ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਅਜਿਹੇ ਮੌਕੇ ਆਉਂਦੇ ਹਨ ਜਿੱਥੇ ਦੋ ਜਾਂ ਦੋ ਤੋਂ ਵੱਧ ਰਾਸਤਿਆਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੁੰਦਾ ਹੈ ਇਹ ਚੋਣ ਹੀ ਫੈਸਲਾ ਰੂਪ ਬਣ ਕੇ ਜ਼ਿੰਦਗੀ ਨੂੰ ਘੜਦੀ ਹੈ।

ਸੰਘਰਸ਼ ਵਿੱਚ ਗੁਰੂ ਦੀ ਬਖਸ਼ਿਸ਼ ਦੇ ਪਾਤਰ ਸਿਦਕ ਅਤੇ ਅਡੋਲਤਾ ‘ਤੇ ਕਾਇਮ ਰਹੇ ਅਤੇ ਸੱਚੇ ਨੂਰ ਨੂੰ ਆਪਣੇ ਨੂਰਾਨੀ ਚਿਹਰਿਆਂ ਦੀ ਲਾਲੀ ਬਣਾ ਕੇ ਸਦਾ ਲਈ ਅਮਰ ਹੋ ਗਏ। ਦੂਜੇ ਪਾਸੇ ਆਪਣੀ ਮੱਤ ਗਵਾ ਬੈਠੇ ਲੋਕ ਸੰਘਰਸ਼ਸ਼ੀਲ ਧਿਰਾ ਨਾਲ ਦਗਾ ਕਮਾਉਣ ਦਾ ਜੁਰਮ ਕਰ ਬੈਠੇ ਜਿਸ ਦਾ ਨਤੀਜਾ ਬਹੁਤਿਆਂ ਨੇ ਇਸੇ ਜਨਮ ਦੇ ਵਿੱਚ ਹੀ ਭੁਗਤਿਆ।

ਦੋ ਦੋਸਤਾਂ ਦੀ ਕਹਾਣੀ ਦਾ ਜ਼ਿਕਰ ਮਿਲਦਾ ਹੈ ਜਿੱਥੇ ਬਚਪਨ ਦੇ ਜਿਗਰੀ ਦੋਸਤ ਦੋ ਵੱਖ ਵੱਖ ਮੋੜਾਂ ਤੇ ਖੜ੍ਹ ਇੱਕ ਦੂਜੇ ਦੇ ਆਹਮੋ ਸਾਹਮਣੇ ਹੁੰਦੇ ਨੇ, ਇਹ ਦ੍ਰਿਸ਼ ਸਿਰਫ ਦੋ ਇਨਸਾਨਾਂ ਦੇ ਵਿਚਕਾਰਲੀ ਇੱਕ ਕਹਾਣੀ ਨੂੰ ਨਹੀਂ ਸਗੋਂ ਜ਼ਿੰਦਗੀ ਦੀ ਅਸਲ ਕਸਵੱਟੀ ਨੂੰ ਦਰਸਾਉਂਦਾ ਹੈ।

ਇੱਕ ਸਾਥੀ ਆਪਣੇ ਦੂਜੇ ਸਾਥੀ ਨੂੰ ਆਈ.ਬੀ. ਦੇ ਹੱਥ ਫੜਾ ਦਿੰਦਾ ਹੈ।

ਲਿਖਿਆ ਮਿਲਦਾ ਹੈ –
“ਇੱਕ ਪਲ ਦੇ ਮਿਲਣ ਤੇ ਕੁਝ ਸ਼ਬਦਾਂ ਨੇ ਉਮਰਾ ਦੀ ਸਾਂਝ ਨੂੰ ਲੀਰੋ ਲੀਰ ਕਰ ਦਿੱਤਾ। ਹੁਣ ਉਹਨਾਂ ਵਿੱਚ ਕੁਝ ਨਹੀਂ ਰਹਿ ਗਿਆ ਸਿਵਾਏ ਪਛਤਾਵੇ ਅਤੇ ਨਿਰਾਸ਼ਾ ਦੇ”

ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਦੇ ਰਵੀ ਨਾਮ ਵਾਲੇ ਇੱਕ ਤੇਜ਼ ਦਿਮਾਗ ਵਿਅਕਤੀ ਨੇ ਵੀ ਉਸ ਵਕਤ ਆਪਣਾ ਪਾਲਾ ਪਲਟ ਲਿਆ ਜਦ ਉਸਨੂੰ ਆਪਣੀ ਜਾਨ ਬਚਾਉਣ ਦਾ ਇੱਕ ਇੱਕ ਰਾਹ ਏਜੰਸੀਆਂ ਦਾ ਹੱਥਠੋਕਾ ਬਣਨਾ ਦਿਸਿਆ।ਇਸ ਪ੍ਰਕਾਰ ਦੇ ਕਮਜ਼ੋਰ ਦਿਲ ਗੱਦਾਰ ਬੰਦਿਆਂ ਨੇ ਸੰਘਰਸ਼ ਦਾ ਬਹੁਤ ਨੁਕਸਾਨ ਕਰਵਾਇਆ।

ਸੰਘਰਸ਼ ਦੌਰਾਨ ਔਖੇ ਵੇਲਿਆਂ ਵਿੱਚ ਕੰਮ ਆਉਣ ਵਾਲਿਆਂ, ਆਪਣੀਆਂ ਜਾਇਦਾਦਾਂ ਸਮੇਤ ਆਪਣੀ ਜ਼ਿੰਦਗੀ ਨੂੰ ਸੰਘਰਸ਼ ਦੇ ਕਦਮਾਂ ‘ਚ ਹੀ ਧਰਨ ਵਾਲਿਆਂ ਸਮੇਤ ਉਹਨਾਂ ਸੂਖਮ ਪਰ ਸ਼ਕਤੀਸ਼ਾਲੀ ਭਾਵਨਾਵਾਂ ਦਾ ਵੀ ਧੰਨਵਾਦ ਅਦਾ ਕੀਤਾ ਗਿਆ ਹੈ ਜੋ ਕਿਸੇ ਇੱਕ ਬੰਦੇ ਜਾਂ ਧੜੇ ਦੀਆਂ ਨਹੀਂ ਸਗੋਂ ਸਮੁੱਚੇ ਬ੍ਰਹਿਮੰਡ ਨੂੰ ਚਲਾਉਣ ਵਾਲੀ ਤਾਕਤ ਦੀ ਤਰਜਮਾਨੀ ਕਰਦੀਆਂ ਹਨ.

ਕਿਤਾਬ ਦੀ ਲਿਖਣ ਸ਼ੈਲੀ ਬੜੀ ਸਰਲ, ਸਪੱਸ਼ਟ ਤੇ ਭਾਵਨਾ ਪੂਰਨ ਹੈ। ਹਰ ਕਹਾਣੀ ਨੂੰ ਇਸ ਪ੍ਰਕਾਰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਕਿ ਸਮੁੱਚੇ ਪ੍ਰਸੰਗ ਦੀ ਜਿਊ਼ਦੀ ਜਾਗਦੀ ਜਸਵੀਰ ਜ਼ਿਹਨ ਵਿੱਚ ਵਸ ਜਾਂਦੀ ਹੈ ਸ਼ਾਬਦਿਕ ਅਤੇ ਵਿਆਕਰਨਿਕ ਤੌਰ ਤੇ ਵੀ ਕਿਤਾਬ ਦਾ ਕੰਮ ਬਹੁਤ ਸੁਚੱਜਾ ਹੈ

ਖਾੜਕੂ ਸੰਘਰਸ਼ ਦੀ ਸਾਖੀ ਅਜਿਹੀਆਂ ਗਾਥਾਵਾਂ ਦਾ ਸੁਮੇਲ ਹੈ ਜੋ ਖਾੜਕੂ ਸੰਘਰਸ਼ ਤੇ ਹਰ ਉਸ ਸੂਖਮ ਭਾਵ ਨੂੰ ਦਿਲ ਤੱਕ ਪਹੁੰਚਦਾ ਕਰਦੀ ਹੈ ਜੋ ਉੱਪਰਲੇ ਪੱਧਰ ਤੋਂ ਦੇਖਣ ਤੇ ਆਸਾਨੀ ਨਾਲ ਦ੍ਰਿਸ਼ਮਾਨ ਨਹੀਂ ਹੁੰਦਾ ਉਸ ਤੱਕ ਪਹੁੰਚਣ ਲਈ ਸ਼ੁੱਧਤਾ ਨੂੰ ਸਾਫ ਕਰਕੇ ਨਿਰਮਲ ਤੇ ਪਾਕ ਸਾਹਾਂ ਦੀ ਲੜੀ ਲੋੜੀਦੀ ਹੈ ਜਿਸ ਦਾ ਬੁਣਿਆ ਤੰਦ ਮਨੁੱਖੀ ਮਨ ਦੀ ਉਸ ਖੁਸ਼ੀ ਦੀ ਤਰਜਮਾਨੀ ਕਰਦਾ ਹੈ ਜੋ ਖੁਦਾ ਨਾਲ ਇੱਕ ਮਿੱਕ ਹੋ ਜਾਣ ਤੇ ਜੋਤ ਬਣ ਕੇ ਹਰ ਕੋਨੇ ਨੂੰ ਰੌਸ਼ਨ ਕਰ ਦਿੰਦੀ ਹੈ। ਅਜਿਹੀ ਖੁਸ਼ੀ ਹੀ ਪ੍ਰਾਪਤ ਹੁੰਦੀ ਹੈ ‘ਖਾੜਕੂ ਸੰਘਰਸ਼ ਦੀ ਸਾਖੀ’ ਪੜ੍ਹ ਕੇ ਜਿਸ ਨੂੰ ਮਹਿਸੂਸ ਕਰਨ ਲਈ ਵੀ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਜੁੜਨਾ ਜ਼ਰੂਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,