July 6, 2019 | By ਸੀ. ਵੰਜਨਾ
ਛੱਤੀਸਗੜ੍ਹ ਦੇ ਬਸਤਰ ਦੇ ਇਲਾਕੇ ਵਿਚੋਂ ਪੁਲਿਸ ਮੁਕਾਬਲਿਆਂ ਦੀਆਂ ਖਬਰਾਂ ਬਾਰੇ ਕਥਿਤ ਮੁੱਖ-ਧਾਰੀ ਖਬਰਖਾਨਾ ਕੋਈ ਪੜਚੋਲ ਨਹੀਂ ਕਰਦਾ। ਪੱਤਰਕਾਰ ਸੀ. ਵੰਜਨਾ ਵੱਲੋਂ ਕੀਤੀ ਗਈ ਹੇਠਲੀ ਪੜਤਾਲ ਦਰਸਾਉਂਦੀ ਹੈ ਕਿ ਸਰਕਾਰੀ ਨੀਤੀ ਤੇ ਪ੍ਰਸ਼ਾਸਨਿਕ ਸਰਪ੍ਰਸਤੀ ਹੇਠ ਕਿੰਝ ਫੀਤੀਆਂ ਦਾ ਲਾਲਚ ਨਿਰਦੋਸ਼ਾਂ ਤੇ ਮਾਸੂਮਾਂ ਦੀ ਜਾਨ ਦਾ ਖੌਅ ਬਣ ਰਿਹਾ ਹੈ। ਮੂਲ ਲਿਖਤ ਅੰਗਰੇਜ਼ੀ ਵਿਚ ਸੀ ਜਿਸ ਦਾ ਪੰਜਾਬ ਵਿਚ ਉਲੱਥਾ ਕਰਨ ਵੇਲੇ ਮੂਲ ਲਿਖਤ ਦੇ ਤੱਤ ਤੇ ਭਾਵ ਨੂੰ ਧਿਆਨ ਵਿਚ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ – ਸੰਪਾਦਕ।
“ਸਾਨੂੰ ਜਾਣਕਾਰੀ ਮਿਲੀ ਕਿ 100 ਤੋਂ 150 ਨਕਸਲੀ ਸੰਘਣੇ ਜੰਗਲਾਂ ਵਿੱਚ ਇਕੱਠੇ ਹੋਏ ਹਨ। ਅਸੀਂ 100 ਬੰਦਿਆਂ ਦਾ ਖੋਜੀ ਦਲ ਬਣਾਇਆ ਅਤੇ ਉਹਨਾਂ ਨੂੰ ਲੱਭਣ ਲਈ ਜੰਗਲਾਂ ਵਿੱਚ ਗਏ। ਜਦੋਂ ਅਸੀਂ ਸਾਡੇ ਤੋਂ ਲਗਭਗ ਜ਼ਿਆਦਾ ਗਿਣਤੀ ਵਿਚ ਹਥਿਆਰਬੰਦ ਅਤੇ ਵਰਦੀਧਾਰੀ ਨਕਸਲੀ ਵੇਖੇ ਤਾਂ ਅਸੀਂ ਉਹਨਾਂ ਨੂੰ ਹਥਿਆਰ ਸੁੱਟ ਕੇ ਸਮਰਪਣ ਕਰਨ ਲਈ ਕਿਹਾ। ਪਰ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਸਗੋਂ ਸਾਨੂੰ ਮਾਰਨ ਲਈ ਅਤੇ ਸਾਡੇ ਹਥਿਆਰ ਲੁੱਟਣ ਲਈ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ। ਆਪਣੇ ਆਪ ਨੂੰ ਬਚਾਉਣ ਲਈ ਅਸੀਂ ਗੋਲੀਆਂ ਚਲਾਈਆਂ ਤਾਂ ਨਕਸਲੀ ਜੰਗਲਾਂ ਵਿੱਚ ਦੋੜ ਗਏ। ਮੁਕਾਬਲੇ ਵਿੱਚ 10 ਵਰਦੀਧਾਰੀ ਨਕਸਲੀ ਮਾਰੇ ਗਏ”।
ਇਹ ਭਾਰਤ ਦੇ ਕੇਂਦਰੀ ਰਾਜ ਛੱਤੀਸਗੜ੍ਹ, ਖਾਸ ਤੌਰ ਤੇ ਬਸਤਰ ਦੇ ਇਲਾਕੇ ਵਿੱਚ, ਆਮ ਤੌਰ ਤੇ ਰੋਜ਼ਾਨਾ ਮਿਲਣ ਵਾਲੀ ਕਹਾਣੀ ਹੈ। ਬਸਤਰ ਵਿੱਚ ਜ਼ਿਆਦਾਤਰ ਆਦਿਵਾਸੀ ਰਹਿੰਦੇ ਹਨ ਅਤੇ ਮਾਉਵਾਦੀਆਂ ਦਾ ਗੜ੍ਹ ਹੈ। ਮਾਉਵਾਦੀਆਂ ਨੂੰ ਆਮ ਤੌਰ ਤੇ ਨਕਸਲੀ ਕਿਹਾ ਜਾਦਾ ਹੈ। ਹਰ ਵਾਰੀ ਜਦੋਂ ਸੁਰੱਖਿਆ ਦਸਤਿਆਂ ਅਤੇ ਹਥਿਆਰ ਬੰਦ ਬਾਗੀਆਂ ਵਿੱਚ ਹੋਏ ਮੁਕਾਬਲੇ ਦੀ ਕਹਾਣੀ ਖਬਰਾਂ ਵਿੱਚ ਆਉਦੀ ਹੈ ਤਾਂ ਸੰਕੇ ਖੜੇ ਹੁੰਦੇ ਹਨ ਅਤੇ ਕੁੱਝ ਮਨੁੱਖੀ ਅਧਿਕਾਰ ਕਾਰਕੁੰਨ ਜ਼ਿਆਦਤੀ ਦੀ ਗੱਲ ਕਰਦੇ ਹਨ। ਕੁੱਝ ਬੰਦੇ ਪੁੱਛਦੇ ਹਨ ਕਿ ਜਦੋਂ ਮਾਉਵਾਦੀਆਂ ਨੇ ਪਹਿਲਾਂ ਗੋਲੀ ਚਲਾਈ ਤਾਂ ਇੱਕ ਵੀ ਪੁਲਿਸ ਵਾਲਾ ਜ਼ਖਮੀ ਕਿਉਂ ਨਹੀਂ ਹੋਇਆ? ਲਗਭਗ ਕੋਈ ਵੀ ਅਜਿਹੀ ਕਹਾਣੀ ਤੇ ਯਕੀਨ ਨਹੀਂ ਕਰਦਾ, ਪਰ ਕੋਈ ਜਾਂਚ ਪੜਤਾਲ ਨਹੀਂ ਹੁੰਦੀ। ਮੁਕਾਬਲੇ ਦੀ ਕਹਾਣੀ ਸੱਚ ਬਣ ਜਾਂਦੀ ਹੈ। ਬੋਦਗਾ ਦਾ ਮੁਕਾਬਲਾ (ਬੀਜਾਪੁਰ ਪੁਲਿਸ ਦੀ ਜੁਬਾਨੀ ) ਵੀ ਅਜਿਹੇ ਮੁਕਾਬਲਿਆਂ ਵਿੱਚੋਂ ਇੱਕ ਹੈ।
ਇਹ ‘ਮੁਕਾਬਲਾ’ ਫਰਵਰੀ 2019 ਨੂੰ ਹੋਇਆ। ਪੁਲਿਸ ਵੱਲੋਂ ਪੇਸ਼ ਕੀਤੀਆਂ ਮ੍ਰਿਤਕਾਂ ਦੀਆਂ ਤਸਵੀਰਾਂ ਨੇ ਡੁੰਘੀ ਬੈਚੇਨੀ ਪੈਦਾ ਕਰ ਦਿੱਤੀ। ਰੰਗ-ਬਰੰਗੇ ਕੱਪੜਿਆਂ ਨੂੰ ਬਿਨਾਂ ਬੀੜਿਆਂ ਵਾਲੀਆਂ ਨਵੀਆਂ ਮਾਉਵਾਦੀਆਂ ਵਰਦੀਆਂ ਨਾਲ ਬੜੀ ਕਾਹਲੀ ਵਿੱਚ ਮੁਸ਼ਕਲ ਨਾਲ ਢੱਕਿਆ ਹੋਇਆ ਸੀ। ਅਜਿਹੇ ਮੁਕਾਬਲਿਆਂ ਦੀ ਖਬਰਾਂ ਛਾਪਣ ਵਾਲੇ ਪੱਤਰਕਾਰਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਸੀ। ਹੋਰ ਵੀ ਬੁਰੀ ਗੱਲ ਇਹ ਸੀ ਕਿ ਸਾਰੇ ਦਸ ਦੇ ਦਸ ਮਰਨ ਵਾਲੇ ਜਵਾਨ ਉਮਰ ਦੇ ਸਨ।
ਦੋ ਸਵਾਲ ਖੜ੍ਹੇ ਹੁੰਦੇ ਹਨ: ਪਹਿਲਾ ਕੀ ਇਹ ਅਸਲ ਮੁਕਾਬਲਾ ਸੀ? ਦੂਜਾ, ਜਿਵੇਂ ਕਿ ਪੁਲਿਸ ਨੇ ਕਿਹਾ ਹੀ ਕਿ ਹਥਿਆਰਬੰਦ ਮਾਉਵਾਦੀਆਂ ਦਾ ਇੱਕ ਵੱਡਾ ਇਕੱਠ ਸੀ, ਇਸ ਵਿੱਚ ਇੰਨੇ ਨਾਬਾਲਗ ਕਿਵੇਂ ਮਾਰੇ ਗਏ। 100 ਹਥਿਆਰਬੰਦ ਮਾਉਵਾਦੀਆਂ ਨੇ ਨਾਬਾਲਗਾਂ ਨੂੰ ਕਿਉਂ ਨਹੀਂ ਬਚਾਇਆ?
ਇਹ ਸਵਾਲਾਂ ਦੇ ਜਵਾਬ ਲੱਭਣ ਲਈ ਮੈਂ ਪੱਤਰਕਾਰਾਂ ਦੀ ਟੋਲੀ ਨਾਲ ਸੰਘਣੇ ਜੰਗਲਾਂ ਵਿੱਚ ਮੁਕਾਬਲੇ ਵਾਲੀ ਜਗ੍ਹਾ ਤੇ ਗਈ। ਉੱਥੇ ਕਾਰ, ਬੱਸ, ਰੇਲ-ਗੱਡੀ ਜਾ ਹਵਾਈ ਜ਼ਹਾਜ ਰਾਹੀਂ ਸਿੱਧੇ ਪਹੁੰਚਣਾ ਮੁਸ਼ਕਿਲ ਹੈ। ‘ਮੁਕਾਬਲੇ’ ਵਾਲੀ ਜਗ੍ਹਾ ਦੇ ਵਾਸੀਆਂ ਨੂੰ ਮਿਲਣ ਲਈ ਕੁਝ ਸਮਾਂ ਲੱਗਿਆ। ‘ਮੁਕਾਬਲੇ’ ਵਾਲੀ ਜਗ੍ਹਾ ਵੀ ਆਪਣੇ ਆਪ ਵਿੱਚ ਸਵਾਲੀਆ ਹੈ।
ਬੋਦਗਾ ‘ਮੁਕਾਬਲੇ’ ਦੀ ਪੁਲਿਸ ਵੱਲੋਂ ਦਰਜ ਕੀਤੀ ਇਤਲਾਹ (FIR) ਇਹ ਦੱਸਦੀ ਹੈ ਕਿ ਮੁਕਾਬਲਾ ਭੈਰਮਗੜ੍ਹ ਪੁਲਿਸ ਸਟੇਸ਼ਨ ਤੋਂ 60 ਕਿ.ਮੀ ਦੂਰ ਹੋਇਆ। ਸਾਨੂੰ ਪਤਾ ਲੱਗਿਆ ਕਿ ਪੁਲਿਸ ਵੱਲੋਂ ਦੱਸੀ ਜਗ੍ਹਾ ਸਹੀ ਨਹੀਂ ਸੀ। ਬੋਦਗਾ ਪਿੰਡ ਜਾਂ ਬੋਦਗਾ ਨਾਲਾ, ਜਿਵੇਂ ਕਿ ਇਤਲਾਹ ਵਿੱਚ ਕਿਹਾ ਸੀ, ਦਾ ਘਟਨਾ ਨਾਲ ਕੋਈ ਸੰਬੰਧ ਨਹੀਂ ਸੀ।
ਇੰਦਰਾਵਤੀ ਦਰਿਆ ਜੰਗਲਾਂ ਨੂੰ ਮੈਦਾਨੀ ਇਲਾਕਿਆਂ ਤੋਂ ਵੱਖ ਕਰਦਾ ਹੈ। ਭੈਰਮਗੜ੍ਹ ਤੋਂ ਦਰਿਆ ਤੱਕ ਜਾਣ ਲਈ ਕੋਈ ਜਨਤਕ ਸਾਧਨ ਨਹੀਂ ਸੀ। ਪਰ ਤੁਸੀਂ ਨਿੱਜੀ ਵਾਹਨ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰਬੰਧ ਕਰ ਸਕਦੇ ਹੋ। ਗਰਮੀਆਂ ਵਿੱਚ ਦਰਿਆਵਾਂ ਨੂੰ ਕੁੱਝ ਥਾਵਾਂ ਤੋਂ ਪਾਰ ਕੀਤਾ ਜਾ ਸਕਦਾ ਹੈ। ਅਸੀਂ ਅਜਿਹੇ ਹੀ ਲਾਂਘੇ ਰਾਹੀਂ ਦਰਿਆ ਪਾਰ ਕੀਤਾ। ‘ਮੁਕਾਬਲੇ’ ਵਾਲੀ ਜਗ੍ਹਾ ਦਰਿਆ ਤੋਂ 20 ਕਿ.ਮੀ. ਦੂਰ ਹੈ ਅਤੇ ਸਾਰੇ ਰਸਤੇ ਤੁਰ ਕੇ ਹੀ ਜਾਣਾ ਪੈਂਦਾ ਸੀ। ‘ਮੁਕਾਬਲੇ’ ਵਾਲੀ ਜਗ੍ਹਾ ਤੇ ਪਹੁੰਚਣ ਲਈ 2 ਦਿਨ ਲੱਗੇ। ਅਸੀਂ ਵੇਖਿਆ ਕਿ ਰਾਹ ਵਿੱਚ ਆਉਣ ਵਾਲੇ ਸਾਰੇ ਪਿੰਡ ਹੀ ਘਟਨਾ ਤੋਂ ਪ੍ਰਭਾਵਿਤ ਹੋਏ ਸਨ।
ਆਦਿਵਾਸੀ ਜੰਗਲੀ ਬਸਤੀਆਂ ਜਾਂ ਪਿੰਡ ਮੈਦਾਨੀ ਪਿੰਡਾਂ ਵਰਗੇ ਨਹੀਂ ਸਨ। ਉੱਥੇ ਕੋਈ ਗਲੀਆਂ ਨਹੀਂ ਸਨ। 10 ਤੋਂ 30 ਘਰ 3-4 ਕਿ.ਮੀ ਦੇ ਖੇਤਰ ਵਿੱਚ ਖਿੰਡੇ ਹੋਏ ਸਨ। ਇੱਕ ਘਰ ਦੂਜੇ ਘਰ ਤੋਂ ਕਈ ਮੀਟਰ ਅੱਗੇ ਹੁੰਦਾ ਹੈ ਅਤੇ ਉਹਨਾਂ ਵਿੱਚ ਕੋਈ ਸਾਂਝੀ ਕੰਧ ਜਾਂ ਵਾੜ ਨਹੀਂ ਹੁੰਦੀ। ਪਹਿਲੀ ਬਸਤੀ ਤੋਂ ਹੀ ਭਿਆਨਕ ਕਹਾਣੀ ਦੀ ਸ਼ੁਰੂਆਤ ਹੋ ਗਈ ਸੀ। ਅਸੀਂ ਘਰ-ਘਰ ਤੋਂ ਦਹਿਸ਼ਤ ਦੀਆਂ ਕਹਾਣੀਆਂ ਸੁਣਦੇ ਬਸਤੀਆਂ ਲੰਘਦੇ ਗਏ ਅਤੇ ਅਣਮਿਣਿਆ ਰਸਤਾ ਤਹਿ ਕਰਕੇ ਅਗਲੇ ਦਿਨ ਘਟਨਾ ਵਾਲੀ ਥਾਂ ‘ਤੇ ਪਹੁੰਚੇ।
ਖੋ-ਖੋ, ਕਬੱਡੀ ਕਬੱਡੀ :
ਇੰਦਰਾਵਤੀ ਦਰਿਆ ਦੇ ਕਿਨਾਰੇ ‘ਤੇ ਪਹਿਲੇ ਪਿੰਡ ਅਸੀਂ ਅੱਲੜ ਉਮਰ ਦੇ ਮੁੰਡੇ-ਕੁੜੀਆਂ ਦੀਆਂ ਟੋਲੀਆਂ ਨੂੰ ਮਿਲੇ। ਜਦੋਂ ਅਸੀ ‘ਮੁਕਾਬਲੇ’ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਸਾਰੇ ਹੀ ਮੌਕੇ ਤੇ ਹਾਜ਼ਰ ਸਨ। ਉਹਨਾਂ ਨੇ ਪੱਤਰਕਾਰਾਂ ਦੀ ਟੋਲੀ ਨੂੰ ਦੱਸਿਆ ਕਿ ਉਹ ਦੌੜ ਗਏ ਸਨ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੇ ਦੋਸਤਾਂ ਨੂੰ ਗੋਲੀਆਂ ਨਾਲ ਮਰਦੇ ਵੇਖਿਆ ਸੀ। ਅਸੀਂ ਪਰੇਸ਼ਾਨ ਹੋ ਗਏ, ਅਸੀਂ ਬੱਚਿਆ ਨੂੰ ਪੁੱਛਿਆ, ਤੁਸੀਂ ਉੱਥੇ ਕੀ ਕਰ ਰਹੇ ਸੀ?
“ਅਸੀਂ ਕਬੱਡੀ ਅਤੇ ਖੋ-ਖੋ ਖੇਡ ਰਹੇ ਸੀ”, ਲਗਭਗ ਹਰ ਇੱਕ ਨੇ ਇਹੀ ਕਿਹਾ, “ਮੈਂ ਕਬੱਡੀ ਖੇਡ ਰਿਹਾ ਸੀ ਜਦੋਂ ਮੈਂ ਗੋਲੀਆਂ ਦੀ ਆਵਾਜ਼ ਸੁਣੀ”। “ਮੈਂ ਖੋ-ਖੋ ਵਿੱਚ ਛੁਹਣ ਲਈ ਦੌੜ ਰਿਹਾ ਸੀ”। ਮੇਰੀ ਵਾਰੀ ਖ਼ਤਮ ਹੋ ਗਈ ਸੀ ਅਤੇ ਮੈਂ ਸਿਰਫ ਖੜਾ ਵੇਖ ਰਿਹਾ ਸੀ”। ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਵਿੱਚ ਕੁੱਝ ਕਬੱਡੀ ਖੇਡ ਹਟੇ ਸੀ ਅਤੇ ਖੋ-ਖੋ ਖੇਡਣ ਲੱਗ ਪਏ ਸਨ ਅਤੇ ਕਈ ਖੋ-ਖੋ ਖੇਡਕੇ ਕਬੱਡੀ ਖੇਡ ਰਹੇ ਸਨ, ਜਦੋਂ ਉਹਨਾਂ ਨੇ ਗੋਲੀਬਾਰੀ ਹੁੰਦੀ ਸੁਣੀ ਅਤੇ ਵੇਖੀ।
ਇੱਕ ਰਾਤ ਪਹਿਲਾਂ 10 ਅਲੜ ਉਮਰ ਦੇ ਬੱਚੇ ਉਤਕਲ ਪਿੰਡ ਦੀ ਇਸ ਬਸਤੀ ਤੋਂ ਤਦਬੱਲਾ (Tadballa) ਪਿੰਡ ਗਏ ਸਨ। ਜਿੱਥੇ 5 ਪਿੰਡਾਂ ਦੀਆਂ ਖੇਡਾਂ ਹੋ ਰਹੀਆਂ ਸਨ। ਉਹ ਇਹਨਾਂ ਖੇਡਾਂ ਦੇ ਪ੍ਰਬੰਧ ਕਰਨ ਵਿੱਚ ਮਦਦ ਕਰਨ ਲਈ ਗਏ ਸਨ। ਉਹ 6 ਫਰਵਰੀ, ਮੰਗਲਵਾਰ ਦੀ ਸ਼ਾਮ ਨੂੰ ਪਿੰਡੋਂ ਤੁਰੇ ਸਨ ਅਤੇ ਰਾਤ ਨੂੰ ਰਸਤੇ ਦੇ ਇੱਕ ਪਿੰਡ ਵਿੱਚ ਰੁਕੇ ਸਨ ਅਤੇ ਬੁੱਧਵਾਰ ਦੀ ਸਵੇਰ ਨੂੰ ਤਦਬੱਲਾ ਪਿੰਡ ਪਹੁੰਚੇ। ਉਦੋਂ ਤੱਕ ਖੇਡਾਂ ਪੂਰੇ ਜੋਬਨ ਤੇ ਸਨ। ਮੇਜ਼ਬਾਨ ਪਿੰਡ ਦੇ 10 ਬੱਚਿਆਂ ਦੀ ਖੇਡਣ ਦੀ ਵਾਰੀ ਆ ਚੁੱਕੀ ਸੀ। ਉਹਨਾਂ ਵਿੱਚ 5 ਗੋਲੀਬਾਰੀ ਵਿੱਚ ਮਾਰੇ ਗਏ।
ਹਰੇਕ ਮ੍ਰਿਤਕ ਦੇ ਘਰ ਤੋਂ ਅਗਲੇ ਘਰਾਂ, ਬਸਤੀ ਤੋਂ ਅਗਲ਼ੀ ਬਸਤੀ, ਹਰ ਘਰ ਵਿੱਚ ਕਬੱਡੀ, ਖੋ-ਖੋ ਦੇ ਸ਼ਬਦ ਹੀ ਗੂੰਜ ਰਹੇ ਸਨ। ਜੋ ਬੱਚੇ ਜਗ੍ਹਾ ਤੋਂ ਬਚ ਨਿਕਲੇ ਸਨ ਨੇ ਨਕਸ਼ੇ ਬਣਾ ਕੇ ਦੱਸਿਆ ਕਿ ਉਹਨਾਂ ਦੇ ਦੋਸਤ ਜੋ ਖੇਡ ਰਹੇ ਸਨ ਜਾਂ ਮੈਚ ਵੇਖ ਰਹੇ ਸਨ, ਕਿਵੇਂ ਮਾਰੇ ਗਏ। ਉਹਨਾਂ ਵਿੱਚੋਂ ਕੁਝ ਨੇ ਆਪਣੇ ਨਾਲ ਭੱਜਦੇ ਹੋਏ ਦੋਸਤਾਂ ਨੂੰ ਗੋਲੀਆਂ ਲੱਗਕੇ ਡਿਗਦਿਆਂ ਵੇਖਿਆ ਸੀ। ਉਤਕਲ ਪਿੰਡ ਦੀ ਸੁੱਕੀ ਗੋਲੀ ਨਾਲ ਨਹੀਂ ਡਿੱਗੀ ਸਗੋਂ ਉਹ ਰਸਤੇ ਵਿੱਚ ਅਟਕ ਕੇ ਡਿੱਗ ਪਈ। ਉਸਦੇ ਨਾਲ ਭੱਜਣ ਵਾਲੀ ਦੋਸਤ ਭੱਜ ਗਈ ਸੀ ਅਤੇ ਜਦੋਂ ਉਸਨੇ ਪਿੱਛੋਂ ਮੁੜਕੇ ਵੇਖਿਆ ਤਾਂ ਸਿਪਾਹੀ ਸੁੱਕੀ ਨੂੰ ਕੇਸਾਂ ਤੋਂ ਫੜਕੇ ਘੜੀਸ ਰਹੇ ਸਨ। ਉਸਨੂੰ ਇਹ ਨਹੀਂ ਪਤਾ ਕਿ ਸੁੱਕੀ ਦੇ ਉਸ ਸਮੇਂ ਹੀ ਗੋਲੀ ਮਾਰ ਦਿੱਤੀ ਸੀ ਕਿ ਨਹੀਂ। ਪਰ 2 ਦਿਨ ਬਾਅਦ ਉਸਦੀ ਨੰਗੀ ਦੇਹ ਵਾਪਸ ਆਈ ਸੀ। ਉਸਦੇ ਸਰੀਰ ਦੇ ਉੱਪਰਲੇ ਹਿੱਸੇ ਤੇ ਗੋਲੀਆਂ ਦੇ ਜ਼ਖਮ ਸਨ ਅਤੇ ਉਸਦੇ ਪੱਟਾਂ ਅਤੇ ਗੁਪਤ ਅੰਗਾਂ ਤੇ ਬੰਦੂਖ ਦੇ ਮੁਠਿਆਂ ਦੇ ਜ਼ਖਮ ਸਨ।
ਜਦੋਂ ਅਸੀਂ ਅੱਗੇ-ਅੱਗੇ ਹੋਰ ਘਰਾਂ ਵਿੱਚ ਗਏ, ਬੱਚਿਆਂ, ਜਿਹਨਾਂ ਵਿੱਚੋਂ ਕੁਝ ਜ਼ਖਮੀ ਹੋਏ ਸਨ, ਨੇ ਉਹੀ ਕਹਾਣੀ ਸੁਣਾਈ। ਉਹਨਾਂ ਨੇ ਪੁਲਿਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ਤੋਂ ਆਪਣੇ ਦੋਸਤਾਂ ਦੀ ਪਛਾਣ ਕੀਤੀ। ਜਦੋਂ ਪੱਤਰਕਾਰਾਂ ਨੇ ਮਾਰੇ ਗਏ ਬੱਚਿਆਂ ਦੀਆਂ ਤਸਵੀਰਾਂ ਉਹਨਾਂ ਨੂੰ ਫੋਨ ਤੇ ਵਿਖਾਈਆ ਤਾ ਉਹ ਸਾਰੇ ਇਕੱਠੇ ਹੋ ਕੇ ਤਸਵੀਰਾਂ ਵੇਖਣ ਲੱਗ ਪਏ ਤੇ ਵਾਪਸ ਨਹੀਂ ਮੋੜਨਾ ਚਾਹੁੰਦੇ ਸਨ। ਇਹ ਉਹਨਾਂ ਲਈ ਆਪਣੇ ਦੋਸਤਾਂ ਦਾ ਚਿਹਰਾ ਵੇਖਣ ਦਾ ਆਖਰੀ ਮੌਕਾ ਸੀ ਕਿਉਂਕਿ ਮਰਨ ਵਾਲਿਆਂ ਦੀ ਆਧਾਰ ਕਾਰਡ ਅਤੇ ਰਾਸ਼ਨ ਕਾਰਡ ਤੇ ਲੱਗੀਆਂ ਤਸਵੀਰਾਂ ਤੋਂ ਇਲਾਵਾ ਹੋਰ ਕੋਈ ਤਸਵੀਰਾਂ ਨਹੀਂ ਸਨ। ਉਹਨਾਂ ਨੂੰ ਆਪਣੇ ਮਰੇ ਦੋਸਤਾਂ ਦੀਆਂ ਤਸਵੀਰਾਂ ਦੁਆਲੇ ਇਕੱਠੇ ਹੋਏ ਦੇਖਣ ਦਾ ਦ੍ਰਿਸ਼ ਦਿਲ ਦਹਿਲਾ ਦੇਣ ਵਾਲਾ ਸੀ। ਲਗਭਗ ਸਾਰੇ ਇੱਕ-ਦੂਜੇ ਨੂੰ ਜਾਣਦੇ ਸਨ। ਇਹਨਾਂ ਸਾਰਿਆਂ ਬੱਚਿਆਂ ਕੋਲੋ ਸਰਕਾਰ ਵੱਲੋਂ ਜਾਰੀ ਕੀਤੇ ਆਧਾਰ ਅਤੇ ਰਾਸ਼ਨ ਕਾਰਡ ਸਨ, ਉਹ ਕੋਈ ਹਥਿਆਰਬੰਦ ਲੜਾਕੂ ਨਹੀਂ ਸਨ। ਦੋਂ ਨੂੰ ਛੱਡਕੇ ਬਾਕੀ ਸਾਰੇ ਹੀ ਨਾਬਾਲਗ ਸਨ।
ਅਸੀਂ ਅੱਧੀ ਰਾਤ ਤੱਕ ਤੁਰਦੇ ਰਹੇ, ਕੁਝ ਘੰਟੇ ਆਰਾਮ ਕੀਤਾ ਅਤੇ ਸਵੇਰੇ ਫਿਰ ਛੇਤੀ ਤੁਰ ਪਏ ਅਤੇ ਤਦਬੱਲਾ ਪਿੰਡ ਦੇ ਨੇੜੇ ‘ਮੁਕਾਬਲੇ’ ਵਾਲੀ ਜਗ੍ਹਾ ਤੇ ਦੁਪਹਿਰ ਬਾਅਦ ਪਹੁੰਚੇ। ਉਸ ਸਮੇਂ ਤੱਕ ਸਾਡੇ ਵੱਲੋਂ ਲੰਘੇ ਹੋਏ ਪਿੰਡਾਂ ਦੇ ਲੋਕ ਉੱਥੇ ਇਕੱਠੇ ਹੋ ਗਏ ਸਨ। ਉਹ ਉਦਾਸ ਅਤੇ ਚੁੱਪ-ਚਪੀਤੇ ਸਾਨੂੰ ਘਟਨਾ ਵਾਲੀ ਥਾਂ ਤੇ ਲੈ ਕੇ ਗਏ। ਜੰਗਲ ਵਿੱਚ ਝਾੜੀਆਂ ਆਦਿ ਸਾਫ਼ ਕਰਕੇ ਕਬੱਡੀ ਅਤੇ ਖੋ-ਖੋ ਮੈਦਾਨ ਤਿਆਰ ਕੀਤੇ ਗਏ ਸਨ। ਕਿਉਂਕਿ ਇਸ ਘਟਨਾ ਨੂੰ ਲੱਗਭੱਗ 2 ਮਹੀਨੇ ਹੋ ਗਏ ਸਨ, ਇਸ ਕਰਕੇ ਇਹ ਜਗ੍ਹਾ ਸੁੱਕੇ ਪੱਤਿਆਂ ਨਾਲ ਭਰੀ ਪਈ ਸੀ।
ਖੂਨ ਖਰਾਬਾ :
ਅਸੀਂ ਖੇਡਾਂ ਵਾਲੇ ਮੇਲੇ ਬਾਰੇ ਪੁੱਛਦੇ ਰਹੇ। ਉਹ ਮੈਦਾਨੀ ਇਲਾਕਿਆਂ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਕਿਉਂ ਖੇਡ ਰਹੇ ਸਨ? ਸਾਨੂੰ ਦੱਸਿਆ ਗਿਆ ਕਿ ਬਹੁਤ ਸਾਰੇ ਆਦਿਵਾਸੀ ਇਲਾਕਿਆਂ ਅਤੇ ਬਸਤਰ ਵਿੱਚ ਵੀ ਬਸੰਤ ਸਮਾਗਮ ਮਨਾਉਣ ਦੀ ਰਵਾਇਤ ਰਹੀ ਹੈ। ਸਾਲ ਵਿੱਚ ਇੱਕ ਵਾਰ ਬਸੰਤ ਰੁੱਤ ਦੇ ਸ਼ੁਰੂ ਵਿੱਚ ਵਿਆਹਣਯੋਗ ਮੁੰਡੇ ਕੁੜੀਆਂ ਇਕੱਠੇ ਹੁੰਦੇ ਹਨ, ਨੱਚਦੇ ਗਾਉਂਦੇ ਤੇ ਮੌਜ ਮਸਤੀ ਕਰਦੇ ਹਨ ਅਤੇ ਬਿਨਾਂ ਕਿਸੇ ਜਾਤ-ਪਾਤ, ਦਾਜ ਅਤੇ ਕੁੰਡਲੀਆਂ ਮਿਲਾਉਣ ਦੇ ਆਪਣਾ ਜੀਵਨ ਸਾਥੀ ਚੁਣਦੇ ਹਨ। ਪਰ ਪਿਛਲੇ 100 ਸਾਲਾਂ ਵਿੱਚ ਕੁਝ ਬਦਲਾਅ ਆਇਆ ਹੈ। 1910 ਵਿੱਚ ਅੰਗਰੇਜ਼ਾਂ ਵਿਰੁੱਧ ਸਾਹਸੀ ਬਗਾਵਤ ਤੋਂ ਬਾਅਦ, ਬਸਤਰ ਦੇ ਆਦਿਵਾਸੀ ਫ਼ਰਵਰੀ ਦੇ ਪਹਿਲੇ ਹਫਤੇ ਵਿੱਚ ਭੂਮਕਾਲ ਦਿਹਾੜਾ ਮਨਾਉਂਦੇ ਹਨ। ਇਹ ਦਿਹਾੜਾ ਅਤੇ ਬਸੰਤ ਮੇਲਾ ਇਕੱਠੇ ਹੁੰਦੇ ਹਨ। ਨਕਸਲੀਆਂ ਦੇ ਇਸ ਇਲਾਕੇ ਵਿੱਚ ਆਉਣ ਤੋਂ ਬਾਅਦ ਉਹਨਾਂ (ਨਕਸਲੀਆਂ) ਨੇ ਇਸ ਮੇਲੇ ਵਿੱਚ ਮੈਦਾਨੀ ਇਲਾਕਿਆਂ ਦੀਆਂ ਖੇਡਾਂ ਕਬੱਡੀ ਅਤੇ ਖੋ-ਖੋ ਆਦਿ ਸ਼ਾਮਲ ਕਰ ਦਿੱਤੀਆਂ। ਇਸ ਤਰ੍ਹਾਂ ਇਹ ਮੇਲਾ 3-4 ਦਿਨ ਦਾ ਬਣ ਗਿਆ। ਜਿੱਥੇ ਆਲੇ-ਦੁਆਲੇ ਦੇ 4-5 ਪਿੰਡਾਂ ਦੇ ਮੁੰਡੇ-ਕੁੜੀਆਂ ਇਕੱਠੇ ਹੋ ਕੇ ਖੇਡਾਂ ਖੇਡਦੇ ਹਨ, ਭੂਮਕਾਲ ਦਿਹਾੜਾ ਮਨਾਉਂਦੇ ਹਨ ਅਤੇ ਨੱਚਦੇ ਗਾਉਂਦੇ ਹਨ।
ਇਹ ਮੇਲਾ ਇਲਾਕੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ। 4-5 ਪਿੰਡ ਇਕੱਠੇ ਹੁੰਦੇ ਹਨ ਅਤੇ ਪ੍ਰਬੰਧ ਕਰਨ ਲਈ ਇੱਕ ਦਿਨ ਪਹਿਲਾਂ ਪਹੁੰਚ ਜਾਂਦੇ ਹਨ ਅਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਅਗਲੇ ਦਿਨ ਆੳਂਦੇ ਹਨ। ਮੇਲੇ ਵਾਲੀ ਜਗ੍ਹਾ ਉਹ ਚੁਣੀ ਜਾਂਦੀ ਹੈ ਜਿਥੇ ਰੁੱਖ ਉੱਚੇ ਹੋਣ ਤਾਂ ਕੀ ਜਮੀਨ ਤੇ ਥਾਂ ਖੁੱਲੀ ਹੋਵੇ ਅਤੇ ਜਿੱਥੇ ਪੀਣ ਤੇ ਨਹਾਉਣ ਲਈ ਪਾਣੀ ਹੋਵੇ। ਝਾੜੀਆਂ ਆਦਿ ਸਾਫ ਕਰਕੇ ਖੇਡ ਮੈਦਾਨ ਤਿਆਰ ਕੀਤੇ ਜਾਂਦੇ ਹਨ। ਰਸੋਈ ਤਿਆਰ ਕੀਤੀ ਜਾਂਦੀ ਹੈ ਅਤੇ ਭਾਗ ਲੈਣ ਵਾਲੇ ਪਿੰਡ ਅਨਾਜ ਲੈ ਕੇ ਆਉਂਦੇ ਹਨ ਅਤੇ ਸਾਂਝੇ ਰੂਪ ਵਿੱਚ ਅੰਨ-ਪਾਣੀ ਤਿਆਰ ਕਰਦੇ ਹਨ। ਕੱਪੜੇ ਅਤੇ ਹੋਰ ਕੀਮਤੀ ਸਮਾਨ ਰੱਖਣ ਲਈ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਅਤੇ ਇਹਨਾਂ ਨੂੰ ਡੇਰਾ ਕਿਹਾ ਜਾਂਦਾ ਹੈ। ਇਹ ਥਾਂ ਦਰਖੱਤਾਂ ਹੇਠ ਹੁੰਦੀ ਹੈ ਜਿੱਥੇ ਅਰਾਮ ਕੀਤਾ ਜਾ ਸਕੇ।
ਜਦੋਂ ਬੀਬੀਆਂ ਸਾਨੂੰ ਘਟਨਾ ਵਾਲੀ ਥਾਂ ਤੇ ਲੈ ਕੇ ਜਾ ਰਹੀਆਂ ਸਨ ਤਾਂ ਉਹ ਰਾਹ ਵਿੱਚ ਰੁਕ ਗਈਆਂ ਅਤੇ ਸਾਨੂੰ ਦੱਸਿਆ ਕਿ ਗੋਲੀਬਾਰੀ ਸਮੇਂ ਪੁਲਿਸ ਨੇ ਬੰਦੂਖ ਦੀ ਨੋਕ ਤੇ ਉਹਨਾਂ ਨੂੰ ਉੱਥੇ ਰੋਕ ਕੇ ਰੱਖਿਆ ਅਤੇ ਘਟਨਾ ਵਾਲੀ ਜਗ੍ਹਾਂ ਤੇ ਜਾਣ ਨਹੀਂ ਦਿੱਤਾ।
ਬੁੱਧਵਾਰ ਨੂੰ ਖੇਡਾਂ ਆਮ ਵਾਂਗ ਸਵੇਰੇ 8:30 ਸ਼ੁਰੂ ਹੋ ਗਈਆਂ। ਸਮਾਂ ਸੂਰਜ ਦੀ ਸਥਿਤੀ ਦੇ ਨਾਲ ਮਿਣਿਆ ਜਾਂਦਾ ਸੀ। ਉੱਥੇ ਲਗਭਗ 70-80 ਮੁੰਡੇ-ਕੁੜੀਆਂ ਸਨ ਜਿਹੜੇ ਖੇਡ ਰਹੇ ਸਨ ਜਾਂ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ ਅਤੇ ਲਗਭਗ ਇੰਨੇ ਹੀ ਦੇਖਣ ਵਾਲੇ, ਪ੍ਰਬੰਧਕ ਅਤੇ ਹੋਰ ਲੋਕ ਸਨ। ਇਹਨਾਂ ਵਿੱਚ ਕੋਈ ਉਧੇੜ ਉਮਰ ਦੇ ਨਹੀਂ ਸਨ। ਸਾਰੇ ਹੀ ਨੌਜਵਾਨ ਸਨ। ਆਦਿਵਾਸੀ ਖਿੱਤੇ ਵਿੱਚ ਕੁਪੋਸ਼ਣ ਅਤੇ ਮਲੇਰੀਏ ਕਰਕੇ ਉਮਰਾਂ ਬਹੁਤੀਆਂ ਲੰਬੀਆਂ ਨਹੀਂ ਹੁੰਦੀਆਂ। ਬਹੁਤੇ ਬੰਦੇ 50 ਸਾਲ ਪਾਰ ਨਹੀਂ ਕਰ ਸਕਦੇ। ਇਸ ਕਰਕੇ ਇੱਥੇ ਪ੍ਰਬੰਧ ਕਰਨ ਵਾਲੇ 20-30 ਸਾਲ ਦੇ ਸਨ ਅਤੇ ਖੇਡਣ ਵਾਲੇ ਨਾਬਾਲਿਗ ਸਨ।
ਉਹਨਾਂ ਬੀਬੀਆਂ, ਜਿਨ੍ਹਾਂ ਨੂੰ ਮੁਕਾਬਲੇ ਵਾਲੇ ਦਿਨ ਪੁਲਿਸ ਨੇ ਬੰਦੂਕ ਦੀ ਨੋਕ ਤੇ ਰੋਕੀ ਰੱਖਿਆ ਸੀ, ਨੇ ਸਾਨੂੰ ਦੱਸਿਆ ਕਿ ਉਹਨਾਂ ਵਿੱਚ ਕੁਝ ਥੋੜਾ ਚਿਰ ਪਹਿਲਾਂ ਹੀ ਖੇਡਾਂ ਦੇਖਕੇ ਮੁੜੀਆਂ ਸਨ। ਸੂਰਜ ਦੀ ਸਥਿਤੀ ਦੇ ਮੁਤਾਬਕ ਲਗਭਗ 10:30 ਵਜੇ ਦਾ ਸਮਾਂ ਸੀ ਜਦੋਂ ਉਹਨਾਂ ਨੇ ਗੋਲੀਆਂ ਅਤੇ ਚੀਕਾਂ ਦੀ ਆਵਾਜ਼ ਸੁਣੀ ਤੇ ਉਹ ਸਾਰੀਆਂ ਘਟਨਾ ਵਾਲੀ ਥਾਂ ਵੱਲ ਭੱਜੀਆਂ ਜਿਹੜੀ ਕਿ ਉਹਨਾਂ ਦੇ ਘਰਾਂ ਤੋਂ ਲੱਗਭੱਗ 300-400 ਮੀਟਰ ਦੂਰ ਸੀ। ਉਹਨਾਂ ਨੂੰ ਘਟਨਾ ਵਾਲੀ ਜਗ੍ਹਾਂ ਤੋਂ ਚੀਕਾਂ ਸੁਣਾਈ ਦੇ ਰਹੀਆਂ ਸਨ ਪਰ ਉਹਨਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ ਗਿਆ ਸੀ। ਲੱਗਭੱਗ 2:30 ਵਜੇ ਤੱਕ ਇਹ ਚਲਦਾ ਰਿਹਾ। ਸੁਰੱਖਿਆ ਦਸਤਿਆਂ ਦੇ ਜਾਣ ਤੋਂ ਬਾਅਦ ਉਹ ਘਟਨਾ ਵਾਲੀ ਥਾਂ ਵੱਲ ਦੋੜੇ ਤਾਂ ਉਹਨਾਂ ਨੂੰ ਟੁੱਟੇ ਹੋਏ ਬਰਤਨ ਅਤੇ ਸੜੇ ਹੋਏ ਕੱਪੜੇ ਮਿਲੇ। ਘਟਨਾ ਦੇ 2 ਮਹੀਨੀਆਂ ਬਾਅਦ ਵੀ ਅਸੀਂ ਲੋਕਾਂ ਦੇ ਸੜੇ ਹੋਏ ਕੱਪੜਿਆਂ ਦੀ ਰਹਿੰਦ–ਖੂੰਹਦ ਵੇਖੀ। ਉਸ ਸਮੇਂ ਤੱਕ ਆਸ-ਪਾਸ ਦੇ ਪਿੰਡਾਂ ਦੇ ਲੋਕ ਉੱਥੇ ਪਹੁੰਚ ਗਏ, ਉਹਨਾਂ ਨੂੰ ਭੱਜੇ ਹੋਏ ਲੋਕਾਂ ਤੋਂ ਖਬਰ ਮਿਲ ਗਈ ਸੀ। ਉਹ ਪੁਲਿਸ ਦੇ ਪਿੱਛੇ ਦੌੜੇ ਅਤੇ ਦਰਿਆ ਤੇ ਜਾ ਕੇ ਪੁਲਿਸ ਨੂੰ ਮਿਲੇ। ਉਹਨਾਂ ਨੇ ਦੇਖਿਆ ਕਿ ਪੁਲਿਸ ਵਾਲੇ 10 ਸਰੀਰਾਂ ਨੂੰ ਪਲਾਸਟਿਕ ਦੀਆਂ ਚਾਦਰਾਂ ਵਿੱਚ ਬੰਨ੍ਹਕੇ ਲਿਜਾ ਰਹੇ ਸਨ।
ਚੀਕਦੀ ਲਾਸ਼ :
ਮਰਨ ਵਾਲੇ 10 ਵਿੱਚੋਂ 8 ਨਾਬਾਲਗ ਸਨ ਅਤੇ ਇੱਕ ਦੀ ਉਮਰ ਕੇਵਲ 12 ਸਾਲ ਦੀ ਸੀ। 24 ਸਾਲਾਂ ਦੇ ਪਰਮੇਸ਼ ਬਰਸਾ ਦੇ 2 ਬੱਚੇ ਸਨ ਅਤੇ ਦੂਸਰਾ ਬਾਲਗ 20 ਸਾਲ ਦਾ ਕੁਆਰਾ ਮੁੰਡਾ ਸੀ। ਪਿੰਡ ਦੇ ਲੋਕ ਪਲਾਸਟਿਕ ਦੀਆਂ ਚਾਦਰਾਂ ਵਿੱਚ ਬੰਨੀਆਂ ਲਾਸ਼ਾਂ ਬਾਰੇ ਜਾਣਦੇ ਨਹੀਂ ਸਨ, ਇਸ ਕਰਕੇ ਉਹ ਉਹਨਾਂ ਨੂੰ ਦੇਖਣ ਲਈ ਦੌੜੇ, ਹੋ ਸਕਦਾ ਸੀ ਕਿ ਉਹਨਾਂ ਦਾ ਕੋਈ ਬੱਚਾ ਨਾ ਹੋਵੇ। ਉਹਨਾਂ ਨੇ ਪੁਲਿਸ ਨੂੰ ਲਾਸ਼ਾਂ ਵਿਖਾਉਣ ਲਈ ਕਿਹਾ, ਪਰ ਪੁਲਿਸ ਨਹੀਂ ਮੰਨੀ। ਉਹਨਾਂ ਦਰਿਆ ਦੇ ਦੂਸਰੇ ਕਿਨਾਰੇ ਤੇ ਖੜੀਆਂ ਗੱਡੀਆਂ ਵਿੱਚ ਲਾਸ਼ਾਂ ਰੱਖ ਦਿੱਤੀਆਂ। ਤਦ ਪਰਮੇਸ਼ ਬਰਸਾ ਦੀ ਪਤਨੀ ਨੇ ਮਹਿਸੂਸ ਕੀਤਾ ਕਿ ਪਲਾਸਟਿਕ ਦੀਆਂ ਚਾਦਰਾਂ ਵਿੱਚ ਬੰਨੇ ਸਰੀਰਾਂ ਵਿੱਚ ਇੱਕ ਦਰਦ ਨਾਲ ਕਰਾਹ ਰਿਹਾ ਸੀ ਅਤੇ ਉਸਨੇ ਸੋਚਿਆ ਕਿ ਸ਼ਾਇਦ ਉਸਦਾ ਪਤੀ ਹੋਵੇ। ਉਸਨੇ ਚਾਦਰ ਖੋਲਣ ਲਈ ਕਿਹਾ, ਜਵਾਬ ਵਿੱਚ ਪੁਲਿਸ ਵਾਲਿਆ ਨੇ ਲਪੇਟੀ ਹੋਈ ਦੇਹ ਨੂੰ ਦਰਿਆ ਵਿੱਚ ਡੋਬ ਦਿੱਤਾ ਅਤੇ ਫਿਰ ਉਸਨੂੰ ਪਰੇ ਧੱਕਾ ਦੇ ਕੇ ਦੇਹ ਨੂੰ ਉਠਾ ਕੇ ਲੇ ਗਏ।
ਜਦੋਂ ਅਸੀਂ ਪਰਮੇਸ਼ ਬਰਸਾ ਦੀ ਪਤਨੀ ਨੂੰ ਮਿਲੇ ਤਾਂ ਉਸਨੇ ਸਾਨੂੰ ਆਪਣੇ ਪਤੀ ਦਾ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਵਿਖਾਇਆ ਪਰ ਉਹ ਸਾਡੇ ਨਾਲ ਕੋਈ ਗੱਲ ਨਹੀਂ ਸੀ ਕਰ ਰਹੀ ਸੀ। ਉਹ ਬੁੱਤ ਵਾਂਗ ਚੁੱਪ ਸੀ ਅਤੇ ਬੈਠੀ ਦੂਰ ਕਿਤੇ ਝਾਕ ਰਹੀ ਸੀ। ਉਸਦੇ ਦੂਸਰੇ ਸਾਥੀਆਂ ਨੇ ਦੱਸਿਆ ਕਿ ਪਰਮੇਸ਼ ਨੂੰ ਉਸ ਦਿਨ ਬੁਖਾਰ ਸੀ ਅਤੇ ਪਹਿਲੇ ਡੇਰੇ ਤੇ ਸੁੱਤਾ ਪਿਆ ਸੀ। ਪੁਲਿਸ ਸਭ ਤੋਂ ਪਹਿਲਾਂ ਉਸ ਡੇਰੇ ਤੇ ਪਹੁੰਚੀ ਅਤੇ ਉਸਨੂੰ ਜ਼ਮੀਨ ਤੇ ਪਏ ਨੂੰ ਗੋਲ਼ੀ ਮਾਰ ਦਿੱਤੀ। ਗਵਾਹਾਂ ਨੇ ਦੱਸਿਆ ਕਿ ਉਸ ਤੋਂ ਬਾਅਦ ਪੁਲਿਸ ਖੇਡ ਮੈਦਾਨਾਂ ਵਿੱਚ ਆਈ ਅਤੇ ਗੋਲੀਆਂ ਚਲਾਉਣ ਲੱਗੀ।
ਕੇਵਲ ਪਰਮੇਸ਼ ਦੀ ਪਤਨੀ ਹੀ ਨਹੀਂ, ਮਰ ਚੁੱਕਿਆਂ ਦੇ ਬਹੁਤੇ ਮਾਪੇ ਗੱਲ ਕਰਨ ਲਈ ਤਿਆਰ ਨਹੀਂ ਸਨ। ਪਰ ਅੱਲੜ ਉਮਰ ਦੇ ਬੱਚਿਆਂ ਨੂੰ ਸਾਨੂੰ ਨਕਸ਼ੇ ਦੀ ਮਦਦ ਨਾਲ ਘਟਨਾ ਬਾਰੇ ਵਿਸਥਾਰ ਨਾਲ ਦੱਸਿਆ। ਕੀ ਮਾਪੇ ਗੱਲ ਕਰਨ ਤੋਂ ਡਰਦੇ ਸਨ? ਸਾਨੂੰ ਇਸ ਬਾਰੇ ਪਤਾ ਨਹੀਂ ਪਰ ਇਹ ਸਾਫ ਸੀ ਕਿ ਉਹ ਬਹੁਤ ਪਰੇਸ਼ਾਨ ਅਤੇ ਟੁੱਟੇ ਹੋਏ ਸਨ। ਜਦੋਂ ਪੁਲਿਸ ਮ੍ਰਿਤਕ ਦੇਹਾਂ ਨੂੰ ਲੈ ਗਈ ਤਾਂ ਲੋਕ ਦਰਿਆ ਕਿਨਾਰੇ ਇਕੱਠੇ ਹੋ ਗਏ ਅਤੇ ਸ਼ਾਮ ਨੂੰ ਭੈਰਮਗੜ੍ਹ ਪਹੁੰਚ ਗਏ ਅਤੇ ਮ੍ਰਿਤਕ ਦੇਹਾਂ ਦੇਖਣ ਲਈ ਠਾਣੇ ਅੱਗੇ ਧਰਨੇ ਤੇ ਬੈਠ ਗਏ। ਪਰ ਸਾਰੀਆਂ ਲਾਸ਼ਾਂ ਨੂੰ ਬੀਜਾਪੁਰ ਦੇ ਜਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਉਹ ਅਗਲੇ ਦਿਨ ਉੱਥੇ ਪਹੁੰਚ ਗਏ ਅਤੇ ਆਪਣੇ ਬੱਚਿਆਂ ਨੂੰ ਪਛਾਣਿਆ। ਜਾਣ ਸਮੇਂ ਉਹਨਾਂ ਨੇ ਸ਼ਹਿਰ ਵਿੱਚ ਭਰਪੂਰ ਵਿਦਰੋਹ ਕੀਤਾ ਅਤੇ ਨਾਅਰੇ ਲਾਏ ਕਿ ਇਹ ਇੱਕ ਝੂਠਾ ਮੁਕਾਬਲਾ ਸੀ ਅਤੇ ਮਾਰੇ ਜਾਣ ਵਾਲੇ ਆਮ ਨਾਗਰਿਕ ਸਨ ਤੇ ਉਹ ਨਾਬਾਲਗ ਵੀ ਸਨ।
ਮਾਪਿਆਂ ਵੱਲੋਂ ਪਛਾਣ ਦੇ ਬਾਵਜੂਦ ਇੱਕ ਮ੍ਰਿਤਕ ਦਾ ਨਾਮ ਅਤੇ ਪਤਾ ਗਲਤ ਦੱਸਿਆ ਗਿਆ। ਇਹ 12 ਸਾਲ ਦੀ ਪਾਲੋ ਨਾਮਕ ਕੁੜੀ ਸੀ। ਉਸਦਾ ਘਰ ਘਟਨਾ ਵਾਲੇ ਸਥਾਨ ਤੋਂ 100 ਮੀਟਰ ਦੂਰ ਸੀ। ਇਸ ਉਤਸ਼ਾਹੀ ਕੁੜੀ ਨੇ ਖੋ-ਖੋ ਵੀ ਖੇਡੀ ਸੀ। ਗੋਲੀਬਾਰੀ ਸਮੇਂ ਉਹ ਖੇਡ ਰਹੀ ਸੀ ਅਤੇ ਉਸਦੇ ਮਾਪੇ ਥੋੜਾ ਸਮਾਂ ਪਹਿਲਾਂ ਹੀ ਘਰ ਵਾਪਸ ਗਏ ਸਨ। ਕੁਛ ਬੁਰੀ ਘਟਨਾ ਦੇ ਡਰ ਵਿੱਚ ਉਹ ਘਟਨਾ ਸਥਾਨ ਵੱਲ ਦੌੜੇ, ਪਰ ਉਹਨਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ ਜਿਥੇ ਉਹਨਾ ਨੂੰ ਘਟਨਾ ਵਾਲੀ ਥਾਂ ਤੋਂ ਆਉਣ ਵਾਲੀਆਂ ਚੀਕਾਂ ਸੁਣਦੀਆਂ ਰਹੀਆਂ। ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੱਚੀ ਮਰਨ ਵਾਲਿਆਂ ਵਿੱਚੋਂ ਇੱਕ ਸੀ। ਪਰ ਪੁਲਿਸ ਨੇ ਉਸਦਾ ਨਾਮ ਕਿਸੇ ਹੋਰ ਪਿੰਡ ਦੀ ‘ਰਾਮੀ’ ਦੱਸਿਆ।
ਚੋਕਸੀ ਸਭਾਵਾਂ ਅਤੇ ਖੁੱਲਾ ਯੁੱਧ:
ਪੁਲਿਸ ਵੱਲੋਂ ਜਾਰੀ ਤਸਵੀਰਾਂ ਵਿੱਚ ਸਾਰੀਆਂ ਲਾਸ਼ਾਂ ਮਾਓਵਾਦੀਆਂ ਵਰਦੀਆਂ ਵਿੱਚ ਸਨ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਗਿਆਰਾਂ ਦੇਸੀ ਬੰਦੂਕਾਂ ਫੜੀਆਂ ਗਈਆ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਓਵਾਦੀ ਖੇਤਰ ਵਿੱਚ ਹਰ ਜਗ੍ਹਾ ਮੌਜੂਦ ਹਨ। ਅਸੀਂ ਉਹਨਾਂ ਨੂੰ ਆਹਮੋ-ਸਾਹਮਣੇ ਨਹੀਂ ਮਿਲੇ ਪਰ ਅਸੀਂ ਬਹੁਤ ਸਾਰੇ ਤਲਾਅ ਬਣੇ ਵੇਖੇ ਅਤੇ ਕਈ ਬਣਾਏ ਜਾ ਰਹੇ ਸਨ। ਅਸੀਂ ‘ਮੁਕਾਬਲੇ’ ਵਾਲੀ ਜਗ੍ਹਾ ਤੇ ਜਾਣ ਸਮੇਂ ਲੱਗਭੱਗ ਅੱਧੀ ਦਰਜਨ ਤਲਾਅ ਦੇਖੇ। ਮਾਓਵਾਦੀ ਸਕੂਲ ਵੀ ਚਲਾਉਂਦੇ ਹਨ। 2005 ਤੋਂ ਪਹਿਲਾਂ ਇਸ ਇਲਾਕੇ ਵਿੱਚ ਸਰਕਾਰੀ ਸਕੂਲ ਵੀ ਸਨ। ਪਰ ਸਲਵਾ ਜੂਡਮ ਕਾਰਵਾਈ ਸਮੇਂ ਸਰਕਾਰ ਨੇ ਸਾਰੇ ਸਕੂਲ ਬੰਦ ਕਰ ਦਿੱਤੇ। ਹੁਣ ਸਾਰੇ ਵਿਕਾਸ ਕਾਰਜ ਅਤੇ ਸਕੂਲ ਮਾਓਵਾਦੀਆਂ ਵੱਲੋਂ ਚਲਾਈ ਜਾ ਰਹੀ ‘ਲੋਕਾਂ ਦੀ ਸਰਕਾਰ’ ਜਾਂ ‘ਜਨਾਥਨ ਸਰਕਾਰ’ ਤਹਿਤ ਬਣਾਈਆਂ ਸਥਾਨਕ ਸਭਾਵਾਂ ਵੱਲੋਂ ਚਲਾਏ ਜਾ ਰਹੇ ਹਨ। “ਸਭ ਕਾ ਵਿਕਾਸ, ਸਭ ਕੀ ਸੁਰੱਕਸ਼ਾ” ਉਹਨਾਂ ਦਾ ਨਾਅਰਾ ਹੈ।
2005 ਦੇ ਸਲਵਾ ਜੂਡਮ ਤੋਂ ਬਾਅਦ ਖੇਤਰ ਵਿੱਚ ਇੱਕ ਵੱਡੀ ਤਬਦੀਲੀ ਆਈ ਹੈ। ਇਸ ਤੋਂ ਪਹਿਲਾਂ ਪੁਲਿਸ ਤਦਬੱਲਾ ਵਰਗੀਆਂ ਥਾਵਾਂ ਤੇ ਨਹੀਂ ਸੀ ਪਹੁੰਚ ਸਕਦੀ। ਗੈਰ ਆਦਿਵਾਸੀਆਂ ਨੂੰ ਜੰਗਲਾਂ ਵਿੱਚੋਂ ਲੰਘਣਾ ਸੌਖਾ ਨਹੀਂ ਸੀ। ਸੜਕਾਂ ਬਣਾਉਣੀਆਂ ਗੈਰ-ਆਦਿਵਾਸੀਆਂ ਦੀ ਜੰਗਲਾਂ ਵਿੱਚ ਘੁਸਪੈਠ ਕਰਾਉਣ ਦੀ ਨੀਤੀ ਸੀ। ਬੀਜਾਪੁਰ ਦੇ ਜ਼ਿਲ੍ਹਾ ਕੁਲੈਕਟਰ, ਕੇ.ਡੀ.ਕੁੰਜਨ ਨੇ ਸਾਨੂੰ ਉਸਦੇ ਕਾਰਜਕਾਲ ਸਮੇਂ ਬਣੀਆਂ ਸੜਕਾਂ ਦੀ ਸੂਚੀ ਦਿਖਾਈ। ਉਸਦਾ ਪੱਕਾ ਵਿਸ਼ਵਾਸ ਸੀ ਕਿ ਸੜਕਾਂ ਨਾਲ ਆਦਿਵਾਸੀਆਂ ਦਾ ਵਿਕਾਸ ਹੋਵੇਗਾ। ਜਦੋਂ ਅਸੀਂ ਉਸਨੂੰ ਸਕੂਲਾਂ ਅਤੇ ਸਿਹਤ ਸਹੂਲਤਾਂ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਇਹ ਵੀ ਕਰਨਗੇ। ਪਰ ਵਿਕਾਸ ਕਾਰਜਾਂ ਵਾਸਤੇ ਸੜਕਾਂ ਸਭ ਤੋਂ ਪਹਿਲਾਂ ਜ਼ਰੂਰੀ ਹਨ। ਪਰ ਆਦਿਵਾਸੀਆਂ ਅਨੁਸਾਰ ਸੜਕਾਂ ਕਾਰਨ ਉਹਨਾਂ ਦੇ ਇਲਾਕਿਆਂ ਵਿੱਚ ਜ਼ਿਆਦਾ ਪੁਲਿਸ ਆ ਰਹੀ ਹੈ।
ਆਦਿਵਾਸੀ ਖਿੱਤੇ ਵਿੱਚ ਕੁਝ ਸੜਕਾਂ ਬਣਾ ਕੇ ਅਤੇ ਆਦਿਵਾਸੀ ਜਵਾਨਾਂ ਨੂੰ ਐਸ.ਪੀ.ਓ ਭਰਤੀ ਕਰਕੇ ‘ਸਲਵਾ ਜੂਡਮ’ ਕਾਰਵਾਈ ਦੀ ਯੋਜਨਾ ਬਣਾਈ ਗਈ। ਇਸ ਕਾਰਵਾਈ ਦਾ ਮੁੱਖ ਉਦੇਸ਼ ਜੰਗਲਾਂ ਨੂੰ ਮਾਓਵਾਦੀਆਂ ਤੋਂ ਮੁਕਤ ਕਰਨਾ ਸੀ। ਪੇਂਡੂ ਲੋਕਾਂ ਦੇ ਘਰ ਸਾੜਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਉਹਨਾਂ ਅਨਾਜ ਦੇ ਭੰਡਾਰ ਵੀ ਸਾੜ ਦਿੱਤੇ ਤਾਂ ਕਿ ਉਹ ਬਾਅਦ ਵਿੱਚ ਵੀ ਉੱਥੇ ਨਾ ਰਹਿ ਸਕਣ। ਕਤਲ ਅਤੇ ਬਲਤਕਾਰ ਸਮੇਤ ਅਨੇਕਾਂ ਅਪਰਾਧ ਹੋਏ ਅਤੇ ਮਨੁੱਖੀ ਹੱਕਾਂ ਦਾ ਘਾਣ ਹੋਇਆ ਪਰ ਕੋਈ ਇਤਲਾਹ ਦਰਜ ਨਹੀਂ ਹੋਈ। ਜਦੋਂ ਜੂਡਮ ਸਿਪਾਹੀ ਪਿੰਡਾਂ ਵਿੱਚ ਵੜੇ ਪਿੰਡਾਂ ਦੇ ਲੋਕ ਸੰਘਣੇ ਜੰਗਲਾਂ ਵੱਲ ਭੱਜ ਗਏ ਤੇ ਕੁਝ ਪੁਲਿਸ ਨਾਲ ਵੱਡੀਆਂ ਸੜਕਾਂ ਤੇ ਬਣੇ ਕੈਪਾਂ ਵਿੱਚ ਚਲੇ ਗਏ। ਇਸ ਤਰ੍ਹਾਂ ਜੰਗਲਾਂ ਵਿੱਚ ਜਾਣ ਵਾਲੇ ਅਤੇ ਕੈਪਾਂ ਵਾਲੇ ਆਪਸ ਵਿੱਚ ਵੰਡੇ ਗਏ। ਸਰਕਾਰ ਨੇ ਕੈਪਾਂ ਵਿੱਚੋਂ ਹੋਰ ਐਸ.ਪੀ.ਓ. ਭਰਤੀ ਕੀਤੇ। ਕਿਉਂਕਿ ਕੈਪਾਂ ਵਾਲੇ ਅਤੇ ਜੰਗਲਾਂ ਵਾਲੇ ਆਪਸ ਵਿੱਚ ਦੁਸ਼ਮਣ ਬਣ ਗਏ ਸਨ। ਇਸ ਤਰ੍ਹਾਂ ਲੜਾਈ ਆਦਿਵਾਸੀ ਬਨਾਮ ਆਦਿਵਾਸੀ ਹੋ ਗਈ ਸੀ।
ਜੁਲਾਈ 2011 ਵਿੱਚ ਸੁਪਰੀਮ ਕੋਰਟ ਨੇ ਨੰਦਿਨੀ ਸੁੰਦਰ ਅਤੇ ਹੋਰ ਬਨਾਮ ਛਤੀਸਗੜ੍ਹ ਸਰਕਾਰ ਦੇ ਮਾਮਲੇ ਵਿੱਚ ਫੈਸਲਾ ਦਿੱਤਾ। ਸੁਪਰੀਮ ਕੋਰਟ ਨੇ ਹਥਿਆਰਬੰਦ ਮੁਕਾਬਲਿਆਂ ਵਿੱਚ ਐਸ.ਪੀ.ਓ. ਦੀ ਵਰਤੋਂ ਨੂੰ ਮਨੁੱਖੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਕਹਿੰਦਿਆਂ ਅੱਗੇ ਤੋਂ ਪਾਬੰਦੀ ਲਗਾ ਦਿੱਤੀ। ਪਰ ਇਸ ਫੈਸਲੇ ਨਾਲ ਇਹਨਾਂ ਟੋਲਿਆਂ ਦਾ ਅੰਤ ਨਹੀਂ ਹੋਇਆ। ਛਤੀਸਗੜ੍ਹ ਸਰਕਾਰ ਨੇ ਐਸ.ਪੀ.ਓ. ਦਾ ਨਾਂ ਬਦਲਕੇ ‘ਡਿਸਟਰਿਕਟ ਰਿਜ਼ਰਵ ਗਰੁੱਪ’ ਰੱਖ ਦਿੱਤਾ। ਅਗਨੀ ਅਤੇ ਸਮਾਜਿਕ ਏਕਤਾ ਮੰਚ, ਵਰਗੇ ਕਈ ਸਮੂਹ ਖੜੇ ਕਰ ਦਿੱਤੇ। ਇਹ ਡੀ.ਆਰ.ਜੀ.ਹੀ ਸੀ ਜਿਸਨੇ ਬੋਦਗਾ ਮੁਕਾਬਲੇ ਵਿੱਚ ਹਿੱਸਾ ਲਿਆ। ਘਟਨਾ ਵਾਲੀ ਜਗ੍ਹਾ ਤੋਂ ਰੋਕੇ ਲੋਕਾਂ ਅਤੇ ਹੋਰ ਸੈਕੜੇ ਲੋਕਾਂ ਅਤੇ ਅੱਲੜ ਉਮਰ ਦੇ ਬੱਚਿਆਂ, ਜੋ ਉੱਥੋਂ ਬਚ ਕੇ ਨਿੱਕਲੇ ਸਨ, ਸਾਰਿਆਂ ਨੇ ਹੀ ਕਿਹਾ ਕਿ ਸਾਰੇ ਸਿਪਾਹੀ ਆਦਿਵਾਸੀ ਸਨ ਅਤੇ ਉਹ ਗੋਂਦੀਬੋਲੀ ਵਿੱਚ ਮਾਰੋ, ਮਾਰੋ ਕਹਿ ਰਹੇ ਸਨ। ਉਹਨਾਂ ਨੇ ਕਈ ਅਜਿਹੇ ਸਿਪਾਹੀ ਵੀ ਪਛਾਣੇ ਜੋ ਮਾਰੇ ਜਾਣ ਵਾਲੇ ਲੋਕਾਂ ਦੇ ਪਿੰਡ ਦੇ ਹੀ ਸਨ। ਬੀਜਾਪੁਰ ਦੇ ਐਸ.ਪੀ ਗੋਵਰਧਨ ਠਾਕੁਰ ਨੇ ਤਸਦੀਕ ਕੀਤਾ ਕਿ ਬੀਜਾਪੁਰ ਦੇ ਡੀ.ਆਰ.ਜੀ. ਯੁਨੀਟ ਵਿੱਚ ਸਾਰੇ 400 ਸਿਪਾਹੀ ਤੇ ਅਧਿਕਾਰੀ ਆਦਿਵਾਸੀ ਹਨ ਅਤੇ ਉਹਨਾਂ ਵਿੱਚੋਂ ਕਈ ਆਤਮ ਸਮਰਪਣ ਕਰਨ ਵਾਲੇ ਨਕਸਲੀ ਹਨ। ਡੀ.ਆਰ.ਜੀ. ਸਮੂਹ ਤਲਾਸ਼ੀ ਅਤੇ ਖੋਜ ਮੁਹਿੰਮਾਂ ਲਈ ਜ਼ਿੰਮੇਵਾਰ ਹੈ। ਜਿਵੇਂ ਕਿ ਉਮੀਦ ਸੀ, ਜੂਡਮ ਕਾਰਵਾਈ ਤੋਂ ਬਾਅਦ ਪੈਦਾ ਹੋਈ ਦੁਸ਼ਮਣੀ ਨੇ ਜੰਗਲ ਵਾਲੇ ਆਦਿਵਾਸੀਆਂ ਨੂੰ ਮਾਓਵਾਦੀ ਬਣਨ ਲਈ ਮਜ਼ਬੂਰ ਕਰ ਦਿੱਤਾ। ਇਹ ਆਮ ਵੇਖਣ ਚ ਆਉਂਦਾ ਹੈ ਕਿ ਸਾਰੇ ਆਦਿਵਾਸੀਆਂ ਦਸਤਿਆਂ ਦੇ ਮੁਖੀ ਵੀ ਆਦਿਵਾਸੀ ਹਨ। ਸਰਕਾਰੀ ਤੌਰ ਤੇ ਵਿਕਾਸ ਦੀ ਘਾਟ ਅਤੇ ਦਮਨ ਨੇ “ਸਭ ਦਾ ਵਿਕਾਸ, ਸਭ ਕੀ ਸੁਰਕਸ਼ਾ” ਦੀ ਲੋੜ ਪੈਦਾ ਕਰ ਦਿੱਤੀ। ਵਿਕਾਸ ਵਾਸਤੇ ਪੇਂਡੂ ਕਮੇਟੀਆਂ ਹਨ ਅਤੇ ਸੁਰੱਖਿਆ ਵਾਸਤੇ ਸੈਨਾ। ਤਦਬੋਲਾ ਦੇ ਮੇਲੇ ਵਿੱਚ ਵੀ 3 ਆਦਮੀ ਨਿਗਰਾਨੀ ਕਰ ਰਹੇ ਸਨ। ਇਹ ਗੱਲ ਖੇਡਣ ਵਾਲੇ ਕੁਝ ਬੱਚਿਆਂ ਨੇ ਦੱਸੀ। ਜਦੋਂ ਪੁਲਿਸ ਨੇ ਗੋਲੀਬਾਰੀ ਕੀਤੀ ਤਾਂ ਨਿਗਰਾਨਾਂ ਨੇ ਵੱਧ ਤੋਂ ਵੱਧ ਬੰਦਿਆਂ ਨੂੰ ਉਸ ਥਾਂ ਤੋ ਭੱਜਣ ਲਈ ਕਿਹਾ ਅਤੇ ਬਾਅਦ ਵਿੱਚ ਉਹ ਜੰਗਲਾਂ ਵਿੱਚ ਚਲੇ ਗਏ।
ਜੋ ਵੀ ਛਾਪਾਮਾਰ ਯੁੱਧ ਖਾਸ ਤੌਰ ਤੇ ਬਸਤਰ ਵਿਚਲੇ ਯੁੱਧ ਤਰੀਕਿਆਂ ਤੋਂ ਵਾਕਫ ਹੈ ਉਸਨੂੰ ਪਤਾ ਹੋਵੇਗਾ ਕਿ ਜੇ ਕਿਤੇ 100 ਵਰਦੀਧਾਰੀ ਮਾਓਵਾਦੀ ਹੋਣਗੇ ਤਾਂ ਸੁਰੱਖਿਆ ਸਖਤ ਹੋਵੇਗੀ ਅਤੇ ਆਸੇ-ਪਾਸੇ ਕਈ ਪਹਿਰੇਦਾਰ ਹੋਣਗੇ। 100 ਵਰਦੀਧਾਰੀ ਮਾਓਵਾਦੀ ਦੀ ਇੱਕਤਰਤਾ ਖਾਸ ਮੋਕਿਆਂ ਤੇ ਹੀ ਹੁੰਦੀ ਹੈ ਅਤੇ ਸੁਰੱਖਿਆ ਇੰਤਜ਼ਾਮ ਪੁਖਤਾ ਹੋਣਗੇ। ਕੇਵਲ ਪੁਲਿਸ ਹੀ ਨਹੀਂ ਸਗੋਂ ਅਰਧ ਸੈਨਿਕ ਬਲ ਵੀ ਅਛੋਪਲੇ ਹੀ ਉਸ ਜਗ੍ਹਾ ਤੇ ਨਹੀਂ ਪਹੁੰਚ ਸਕਦੇ। ਜੇ ਸਵੈਚਾਲਿਤ ਹਥਿਆਰਾਂ ਨਾਲ ਲੈਸ ਮਾਓਵਾਦੀਆਂ ਗੋਲੀਬਾਰੀ ਕੀਤੀ ਹੁੰਦੀ, ਜਿਵੇਂ ਕਿ ਪੁਲਿਸ ਨੇ ਕਿਹਾ ਸੀ, ਤਾਂ ਪੁਲਿਸ ਦਾ ਭਾਰੀ ਨੁਕਸਾਨ ਹੋਣਾ ਸੀ।
ਜਿੱਥੋ ਤੱਕ ਹਥਿਆਰਬੰਦ ਬਾਗੀਆਂ ਦੀ ਗੱਲ ਹੈ, ਪਿੰਡ ਦੇ ਲੋਕਾਂ ਮੁਤਾਬਕ ਜੰਗਲੀ ਜਾਨਵਰਾਂ ਦੇ ਹਮਲੇ ਤੋਂ ਬਚਾਅ ਲਈ 6 ਦੇਸੀ ਬੰਦੂਖਾਂ ਰੱਖੀਆਂ ਹੋਈਆਂ ਸਨ। ਲੋਕਾਂ ਨੇ ਪੁਲਿਸ ਵੱਲੋਂ 11 ਦੇਸੀ ਬੰਦੂਖਾਂ ਫੜਨ ਦੇ ਦਾਅਵੇ ਨੂੰ ਖਾਰਿਜ ਕਰਦਿਆਂ ਕਿਹਾ ਕਿ ਇਹ ਬੰਦੂਖਾਂ ਸਿਰਫ ਜੰਗਲੀ ਜਾਨਵਰਾਂ ਤੋਂ ਬਚਾਅ ਵਾਸਤੇ ਸਨ। ਸਵੈਚਾਲਿਤ ਹਥਿਆਰਾਂ ਨਾਲ ਲੈਸ ਸੁਰੱਖਿਆਂ ਦਸਤਿਆਂ ਦਾ ਤੁਸੀਂ ਇਹਨਾਂ ਬੰਦੂਕਾਂ ਨਾਲ ਕੁਝ ਨਹੀਂ ਵਿਗਾੜ ਸਕਦੇ। ਬਾਕੀ ਦੀਆਂ ਬੰਦੂਖਾਂ ਪੁਲਿਸ ਵਾਲਿਆਂ ਨੇ ਆਪਣੇ ਕੋਲੋਂ ਵਿਖਾਈਆਂ ਸਨ। ਉਹ ਇਹ ਬੰਦੂਖਾਂ ਨਵੀਆਂ ਮਾਉਵਾਦੀਆਂ ਵਰਦੀਆਂ ਸਮੇਤ ਲੈ ਕੇ ਆਏ ਸਨ ਅਤੇ ਉਹਨਾਂ ਨੇ ਇਹ ਨਵੀਆਂ ਵਰਦੀਆਂ ਮਰਨ ਵਾਲਿਆਂ ਦੇ ਬਾਅਦ ਵਿੱਚ ਪਾ ਦਿੱਤੀਆਂ।
ਜਬਰ ਦਾ ਰਾਜ:
ਮੁੱਖ ਮੰਤਰੀ ਤੋਂ ਸਮਾਂ ਨਾ ਮਿਲਣ ਕਰਕੇ ਅਸੀਂ ਉਸਦੇ ਰਾਜਨੀਤੀਕ ਸਲਾਹਕਾਰ ਵਿਨੋਦ ਵਰਮਾ ਨੂੰ ਮਿਲੇ। ਇਹ ਪਹਿਲਾਂ ਪੱਤਰਕਾਰ ਰਿਹਾ ਸੀ ਅਤੇ ਇਸੇ ਗੜਬੜੀ ਵਾਲੇ ਖੇਤਰ ਦੀਆਂ ਖਬਰਾਂ ਲਿਖਦਾ ਹੁੰਦਾ ਸੀ। ਉਹ 2017 ਵਿੱਚ ਛਤੀਸਗੜ੍ਹ ਸਰਕਾਰ ਵੱਲੋਂ ਫੜੇ ਗਏ 14 ਪੱਤਰਕਾਰਾਂ ਵਿੱਚ ਸ਼ਾਮਿਲ ਸੀ। ਉਸਨੇ ਸਾਫ ਸ਼ਬਦਾਂ ਵਿੱਚ ਕਿਹਾ, “ਅਸੀਂ ਨਕਸਲੀਆਂ ਨਾਲ ਨਰਮੀ ਨਹੀਂ ਵਰਤਾਂਗੇ, ਉਹ ਰਾਜ ਦੇ ਦੁਸ਼ਮਣ ਹਨ ਅਤੇ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਵੇਗੀ। ਉੱਥੇ ਸਿਰਫ ਗੋਲੀਆਂ ਹੀ ਗੱਲ ਕਰਦੀਆਂ ਹਨ”। ਉਹਨੇ ਅੱਗੇ ਕਿਹਾ ਕਿ ਉਹ ਵਿਕਾਸ ਰਾਹੀਂ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਵਾਲ ਕਿ ਤਦ ਵਿਕਾਸ ਦੀ ਇਸ ਨਵੀਂ ਗੱਲਬਾਤ ਵਿੱਚ ਇੱਕ ਮੁਕਾਬਲਾ ਜਿਸ ਵਿੱਚ ਨਾਬਾਲਗ ਮਾਰੇ ਗਏ ਸਨ, ਕਿਵੇਂ ਠੀਕ ਬੈਠ ਸਕਦਾ ਸੀ? ਦੇ ਜਵਾਬ ਵਿਚ ਉਸਨੇ ਕਿਹਾ ਕਿ ਇਸ ਬਾਰੇ ਗੱਲ ਕਰਨ ਦਾ ਅਧਿਕਾਰ ਉਸ ਕੋਲ ਨਹੀਂ ਹੈ। ਪਰ ਨਾਲ ਹੀ ਇਹ ਕਿਹਾ, “ਦਹਾਕਿਆਂ ਤੋਂ ਦੂਸਰੇ ਤਰੀਕਿਆਂ ਨਾਲ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਮਨੋਦਸ਼ਾ ਬਦਲਣੀ ਔਖੀ ਹੈ”।
ਬੀਜਾਪੁਰ ਐਮ.ਅੇਲ.ਏ. ਵਿਕਰਮ ਮੰਡਾਵੀ ਜਿਹੜਾ ਕੀ ਮਰਨ ਵਾਲਿਆਂ ਦੇ ਭਾਈਚਾਰੇ ਨਾਲ ਸੰਬੰਧਿਤ ਸੀ, ਨੇ ਜ਼ੋਰ ਦੇ ਕੇ ਕਿਹਾ ਕਿ ਮੁਕਾਬਲਾ ਝੂਠਾ ਸੀ। ਉਸਨੇ ਕਿਹਾ “ਰਾਏਪੁਰ ਅਤੇ ਦਿੱਲੀ ਤੋਂ ਆਉਣ ਵਾਲੇ ਅਧਿਕਾਰੀ ਇਸ ਖਿੱਤੇ ਲਈ ਬਾਹਰਲੇ ਹਨ। ਉਹਨਾਂ ਨੂੰ ਸਾਰੇ ਪੁਲਿਸ ਜਾਂ ਨਕਸਲੀ ਹੀ ਦਿਖਦੇ ਹਨ, ਉਹਨਾਂ ਨੂੰ ਲੋਕ ਨਹੀਂ ਦਿਖਦੇ। ਉਸਨੇ ਦਾਅਵਾ ਕੀਤਾ ਕੀ ਜਿਲ੍ਹੇ ਦਾ ਐਸ.ਪੀ ਇਸ ਮੁਕਾਬਲੇ ਦੇ ਵਿਵਾਦ ਕਾਰਨ ਹੀ ਬਦਲਿਆ ਗਿਆ ਸੀ। ਪਰ ਜਿਲ੍ਹੇ ਦੇ ਨਵੇਂ ਐਸ.ਪੀ ਗੋਵਰਧਨ ਠਾਕੁਰ ਨੇ ਕਿਹਾ ਇਹ ਇੱਕ ਆਮ ਬਦਲੀ ਸੀ, ਇਸਦਾ ਮੁਕਾਬਲੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹ ਮੁਕਾਬਲੇ ਬਾਰੇ ਗੱਲ ਕਰਨ ਤੋਂ ਕੰਨੀ ਕਤਰਾ ਰਿਹਾ ਸੀ ਅਤੇ ਉਸਨੇ ਕਿਹਾ ਕਿ ਮੁਕਾਬਲੇ ਸਮੇਂ ਉਹ ਐਸ.ਪੀ ਨਹੀਂ ਸੀ।
‘ਮੁਕਾਬਲੇ’ ਦੀ ਅਧਿਕਾਰਕ ਜਾਂਚ ਚੱਲ ਰਹੀ ਹੈ। ਪਰ ਅਜਿਹੀਆਂ ਜਾਂਚ ਪੜਤਾਲਾਂ ਆਮ ਗੱਲ ਹੋ ਗਈ ਹੈ। ਇਕੱਲੇ ਬੀਜਾਪੁਰ ਜਿਲ੍ਹੇ ਵਿੱਚ ਇਸ ਸਮੇਂ 10 ਜਾਂਚ ਪੜਤਾਲਾਂ ਚੱਲ ਰਹੀਆਂ ਹਨ। ਜਾਂਚ ਅਧਿਕਾਰੀ ਏ.ਆਰ.ਰਾਣਾ. ਵੀ ਜਿਲ੍ਹਾ ਕੁਲੈਕਟਰ ਦੇ ਦਫਤਰ ਤੋਂ ਬਾਹਰ ਕੰਮ ਕਰਨ ਵਾਲਾ ਸਰਕਾਰੀ ਅਧਿਕਾਰੀ ਹੈ। ਬੋਦਗਾ/ਤਦਬੱਲਾ ‘ਮੁਕਾਬਲੇ’ ਦੇ ਸੰਬੰਧ ਵਿੱਚ ਉਸਨੇ ਦੱਸਿਆ ਕਿ ਉਸਨੇ ਪੁਲਿਸ ਪੱਖ ਦੇ ਸਬੂਤ ਲੈ ਲਏ ਹਨ ਅਤੇ ਪਿੰਡਾਂ ਵਾਲਿਆਂ ਦੇ ਪੱਖ ਦੀ ਉਡੀਕ ਕਰ ਰਿਹਾ ਹੈ। ਭੈਰਮਗੜ੍ਹ ਪੁਲਿਸ ਠਾਣੇ ਦੇ ਮੁਲਾਜ਼ਮਾਂ ਰਾਹੀ ਪਿੰਡ ਵਾਲਿਆਂ ਨੂੰ ਬੁਲਾਇਆ ਗਿਆ ਹੈ। ਇਹ ਉਹੀ ਪੁਲਿਸ ਠਾਣਾ ਹੈ ਜਿਹੜਾ ਇਸ ‘ਮੁਕਾਬਲੇ’ ਵਿੱਚ ਸ਼ਾਮਿਲ ਸੀ। ਮਾਰੇ ਜਾਣ ਵਾਲਿਆਂ ਦੇ ਪਰਿਵਾਰਾਂ ਦੇ ਕੁਝ ਜੀਆਂ ਨੇ ਕਿਹਾ ਸੀ ਕਿ ਪੁਲਿਸ ਉਹਨਾਂ ਨੂੰ ਦਰਿਆ ਕਿਨਾਰੇ ਲੱਗਣ ਵਾਲੀ ਹਫਤਾਵਾਰੀ ਮੰਡੀ ਤੋਂ ਉਠਾ ਕੇ ਲੈ ਗਈ ਅਤੇ ਖਾਲੀ ਕਾਗਜ਼ਾਂ ਤੇ ਦਸਤਖਤ ਕਰਵਾ ਲਏ ਅਤੇ ਕਿਹਾ ਕਿ ਬਾਕੀ ਬੰਦਿਆਂ ਨੂੰ ਉਹ ਠਾਣੇ ਲੈ ਕੇ ਆਉਣ। ਸ਼ਾਇਦ ਬਾਅਦ ਵਿੱਚ ਇਹ ਨਿਆਂਇਕ ਜਾਂਚ ਲਈ ਪਰਿਵਾਰਾਂ ਦੀ ਗਵਾਹੀ ਹੋਵੇਗੀ।
ਛਤੀਸਗੜ੍ਹ ਦੇ ਮੌਜੂਦਾ ਡੀ.ਜੀ.ਪੀ. ਡੀ.ਐਮ.ਅਵਸਥੀ, ਜਿਹੜਾ ਡੀ.ਜੀ.ਪੀ. ਬਣਨ ਤੋਂ ਪਹਿਲਾਂ ਨਕਸਲ ਵਿਰੋਧੀ ਕਾਰਵਾਈਆਂ ਦਾ ਮੁੱਖੀ ਸੀ, ਨੇ ਮੰਨਿਆ ਕਿ ਆਦਿਵਾਸੀਆਂ ਨੂੰ ਜੰਗਲਾਤ ਅਤੇ ਪੁਲਿਸ ਮਹਿਕਮਿਆਂ ਵੱਲੋਂ ਤੰਗ ਕੀਤਾ ਜਾਂਦਾ ਹੈ। ਉਸਨੇ ਕਿਹਾ ਕਿ ਅਸੀਂ ਪੁਲਿਸ ਵਗੈਰਾ ਦੇ ਦਸਤਿਆਂ ਨਾਲ ਨਕਸਲੀਆਂ ਨੂੰ ਖਤਮ ਨਹੀਂ ਕਰ ਸਕਦੇ। ਉਹ ਇਹ ਵੀ ਮੰਨਦਾ ਹੈ ਕਿ ਬਹੁਤ ਸਾਰੀਆਂ ਵਧੀਕੀਆਂ ਜ਼ਬਰਦਸਤੀਆਂ ਹੋਈਆਂ ਹਨ ਅਤੇ ਕਈ ਅਧਿਕਾਰੀਆਂ ਨੂੰ ਸਜ਼ਾ ਵੀ ਹੋਈ ਹੈ। ਉਸਨੇ ਕਿਹਾ ‘ਵਰਦੀਧਾਰੀ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਪੁਲਿਸ ਵਿੱਚੋਂ ਅਪਰਾਧੀਆਂ ਨੂੰ ਖਤਮ ਕਰਨ ਲਈ ਵਚਨਬੱਧ ਹਾਂ’। ਅਸੀਂ ਉਸ ਨੂੰ ਪੁੱਛਿਆ ਕਿ ਕੀ ਤਰੱਕੀਆਂ ਅਤੇ ਇਨਾਮ ਸਮਰਪਣ ਅਤੇ ਮੁਕਾਬਲਿਆਂ ਨਾਲ ਸੰਬੰਧਿਤ ਤਾਂ ਨਹੀਂ ਅਤੇ ਕਿਤੇ ਇਸ ਕਰਕੇ ਤਾਂ ਨਹੀਂ ਉਹ ਝੂਠੇ ਆਤਮ ਸਮਰਪਣ ਅਤੇ ਝੂਠੇ ਮੁਕਾਬਲੇ ਬਣਾ ਰਹੇ? ਉਹ ਸਹਿਮਤ ਹੁੰਦਾ ਹੈ ਪਰ ਕਹਿੰਦਾ ਹੈ, ਕਿ ਤਰੱਕੀਆਂ ਅਤੇ ਇਨਾਮ ਨਿਆਇਕ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਦਿੱਤੇ ਜਾਂਦੇ ਹਨ।
ਅਜਿਹੀਆਂ ਘਟਨਾਵਾਂ ਪਿਛਲੇ 15 ਸਾਲਾਂ ਤੋਂ ਆਮ ਹੋ ਗਈਆਂ ਹਨ।, ਜਦੋਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਨੇ ਮਾਉਵਾਦੀਆਂ ਨੂੰ ਜੰਗਲਾਂ ਵਿੱਚੋਂ ਖਤਮ ਕਰਨ ਦਾ ਇਰਾਦਾ ਕਰ ਲਿਆ ਹੈ। ਭਾਵੇਂ ਕਿ ਇਹ ਉਮੀਦ ਕੀਤੀ ਜਾਂਦੀ ਸੀ ਕਿ ਭਾਜਪਾ ਤੋਂ ਬਾਅਦ ਕਾਂਗਰਸ ਆਉਣ ਨਾਲ ਕੋਈ ਨਰਮ ਨੀਤੀ ਅਖਤਿਆਰ ਕੀਤੀ ਜਾਵੇਗੀ ਪਰ ਇਸ ਘਟਨਾ ਤੋਂ ਅਜਿਹਾ ਨਹੀਂ ਲੱਗਦਾ।
ਸਗੋਂ ਇਸ ਤੋਂ ਉਲਟ ਗੜਬੜ ਵਾਲਿਆ ਇਲਾਕਿਆਂ ਦੇ ਤਜਰਬੇ ਤੋਂ ਇਹੀ ਲੱਗਦਾ ਹੈ ਕਿ ਜਦੋਂ ਤੱਕ ਕਤਲ ਅਤੇ ਆਤਮ ਸਮਰਪਣ ਨਾਲ ਤਰੱਕੀਆਂ ਅਤੇ ਇਨਾਮ ਜੁੜੇ ਰਹਿਣਗੇ, ਜਬਰ ਵਾਲੀ ਨੀਤੀ ਚਲਦੀ ਰਹੇਗੀ ਅਤੇ ਵਧੀਕੀਆਂ ਹੁੰਦੀਆਂ ਰਹਿਣਗੀਆਂ।
• ਸੀ. ਵੰਜਨਾ ਹੈਦਰਾਬਾਦ ਦੀ ਰਹਿਣਵਾਲੀ ਇਕ ਅਜ਼ਾਦ ਪੱਤਰਕਾਰ ਅਤੇ ਦਸਤਾਵੇਜ਼ੀ ਫਿਲਮਸਾਜ ਹੈ। ਉਸਨੇ ਬਸਤਰ ਬਾਰੇ ਉਸ ਵੇਲੇ ਖਬਰਾਂ ਲਿਖਣੀਆਂ ਸ਼ੁਰੂ ਕੀਤੀਆਂ ਸਨ ਜਦੋਂ ਹਾਲੀ ਬਹੁਤੇ ਪੱਤਰਕਾਰ ਓਥੇ ਪਹੁੰਚ ਨਹੀਂ ਸੀ ਕਰਨ ਲੱਗੇ। ਉਸਦੀਆਂ ਖਬਰਾਂ/ਲੇਖਿਆਂ ਕਰਕੇ ਉਸਨੂੰ 2005 ਵਿਚ ਰਾਮਾਨਾਥ ਗੋਇਨਕਾ ਇਨਾਮ ਮਿਿਲਆ ਸੀ।
________________________________________
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
________________________________________
Related Topics: Bastar, Chhattisgarh, Fake Encounter in Baster, Fake Encounters, Human Rights, Indian Politics, Indian State
Related Topics: Bastar, Chhattisgarh, Fake Encounter in Baster, Fake Encounters, Human Rights, Indian Politics, Indian State