June 29, 2020 | By ਹਰਿੰਦਰ ਸਿੰਘ
ਭਰ ਜਵਾਨੀ ਵਿੱਚ ਕਰੀਬ ਉੱਨੀ ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ 1986 ਸਾਕਾ ਨਕੋਦਰ ਸਮੇਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਵੀਰ ਰਵਿੰਦਰ ਸਿੰਘ ਦੀ ਸ਼ਹੀਦੀ ਬਾਰੇ ਤਾਂ ਬਹੁਤੇ ਜਾਣਦੇ ਨੇ ਪਰ ਮੈਂ ਅੱਜ ਤੁਹਾਡੇ ਨਾਲ ਵੀਰ ਦੇ ਛੋਟੇ ਜਿਹੇ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਨ ਲੱਗਿਆ ਹਾਂ।
ਅੱਜ ਤੋਂ 54 ਵਰ੍ਹੇ ਪਹਿਲਾਂ 29 ਜੂਨ ਦੇ ਦਿਨ ਵੀਰ ਰਵਿੰਦਰ ਸਿੰਘ ਨੇ ਮਾਤਾ ਬਲਦੀਪ ਕੌਰ ਜੀ ਦੀ ਕੁੱਖੋਂ ਮੁਹੇਮਾ ਵਿਖੇ ਆਪਣੇ ਨਾਨਕੇ ਘਰ ਜਨਮ ਲਿਆ । ਆਪ ਜੀ ਦੇ ਨਾਨੀ, ਬੀਬੀ ਚਰਨ ਕੌਰ ਜੀ, ਗਿਆਨੀ ਹਰਚਰਨ ਸਿੰਘ ਜੀ ਮਹਾਲੋਂ, ਜਥੇਦਾਰ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ ਦੀ ਜੁੜਵਾਂ ਭੈਣ ਸੀ।
ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ ਤੇ ਵੀਰ ਦੇ ਜਮਾਤੀਆਂ ਨੇ ਜੋ ਸਾਂਝਾ ਕੀਤਾ ਉਹ ਵੀਰ ਰਵਿੰਦਰ ਜੀ ਦੇ ਚਰਿਤ੍ਰ, ਸੁਭਾਅ ਤੇ ਜੀਵਨ ਬਾਰੇ ਇਹ ਚਿੱਤਰ ਚਿੱਤਰਦਾ ਹੈ ਕਿ ਵੀਰ ਬਹੁਤ ਹੀ ਕੋਮਲ ਦਿਲ, ਮਿਲਾਪੜਾ, ਹਰ ਇੱਕ ਦੀ ਮੱਦਦ ਲਈ ਤੱਤਪਰ ਰਹਿਣ ਵਾਲਾ ਅਣਖੀ, ਧਰਮੀ ਤੇ ਗੁਰੂ ਜੀ ਦੇ ਪਿਆਰ ਵਿੱਚ ਭਿੱਜੀ ਰੂਹ ਸੀ।
ਵੀਰ ਜੀ ਨੂੰ ਨਿੱਕੀ ਉਮਰ ਤੋਂ ਹੀ ਦਸਤਾਰ ਸਜਾਉਣ ਦਾ ਬਹੁਤ ਜ਼ਿਆਦਾ ਚਾਅ ਹੁੰਦਾ ਸੀ, ਕੇਸਰੀ ਤੇ ਗੂੜ੍ਹਾ ਨੀਲਾ ਰੰਗ ਉਸਦੇ ਪਸੰਦੀਦਾ ਸਨ । ਇੱਕ ਬਾਰ ਸਾਡੇ ਗਵਾਂਢੀ ਜੋ ਕਿ ਬ੍ਰਾਹਮਣ ਪ੍ਰੀਵਾਰ ਨਾਲ ਸਬੰਧ ਰੱਖਦਾ ਸੀ ਨੇ ਵੀਰ ਨੂੰ ਕਿਹਾ ਕਿ ‘ਬਿੰਦੇ’ ਕੋਈ ਹੋਰ ਰੰਗ ਦੀ ਪੱਗ ਬੰਨ ਲਿਆ ਕਰ ਪਿੰਡ ਵਾਲਿਆਂ ਨੇ ਕਹਿਣਾ ਕਿ ਇਹ ਪੱਗਾਂ ਤੂੰ ਅਨੰਦਪੁਰ ਸਾਹਿਬ ਆਪਣੇ ਨਾਨਾ ਜੀ ਕੋਲੋਂ ਲੈ ਆਉਂਦਾ ਹੁਣਾ ਤਾਂ ਵੀਰ ਨੇ ਜਵਾਬ ਦਿੱਤਾ ਕਿ ਪੰਡਿਤ ਜੀ ਸ਼ਾਇਦ ਤੁਹਾਨੂੰ ਨਹੀਂ ਪਤਾ ਪਰ ਗਿਆਨੀ ਹਰਚਰਨ ਸਿੰਘ ਜੀ ਮੁਹਾਲੋਂ ਬਿਨ੍ਹਾਂ ਕਿਸੇ ਤਨਖ਼ਾਹ ਦੇ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ ਕਰਦੇ ਹਨ,ਇਥੋਂ ਤੱਕ ਕਿ ਉਨ੍ਹਾਂ ਦੇ ਘਰ ਵਿੱਚ ਬਣਨ ਵਾਲੇ ਭੋਜਨ ਲਈ ਰਾਸ਼ਨ ਵੀ ਉਹ ਆਪਣੇ ਪਿੰਡ ਤੋਂ ਲੈਕੇ ਜਾਂਦੇ ਨੇ।
ਇੱਕ ਹੋਰ ਗਵਾਂਢੀ ਛੋਟੇ ਵੀਰ ਨੇ ਕਿਹਾ ਕਿ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਕਿ ਜਦੋਂ ਉਸਦਾ ਜਨਮ ਹੋਇਆ ਤਾਂ ਉਸਦੇ ਪਿਤਾ ਜੀ ਜੋ ਕੇ ਰੇਲਵੇ ਵਿੱਚ ਨੌਕਰੀ ਕਰਦੇ ਸੀ ਪਿੰਡ ਨਹੀਂ ਸਨ ਤਾਂ ‘ਬਿੰਦਾ’ ਭਾਅ ਜੀ ਉਸਦੇ ਮਾਤਾ ਜੀ ਨੂੰ ਹਸਪਤਾਲ ਲੈਕੇ ਗਿਆ, ਸਾਰੀ ਰਾਤ ਉਨ੍ਹਾਂ ਦੀ ਸੇਵਾ ਕੀਤੀ ਅਤੇ ਇਸ ਵੀਰ ਦੇ ਜਨਮ ਹੋਣ ਤੱਕ ਉਨ੍ਹਾਂ ਕੋਲ ਰਹਿਕੇ ਉਨ੍ਹਾਂ ਦੀ ਮੱਦਦ ਕੀਤੀ ।
ਪਿੰਡ ਦੀ ਇੱਕ ਕੁੜੀ ਜੋ ਕਿ ਵਿਆਹੀ ਹੋਈ ਸੀ ਨੇ ਦੱਸਿਆ ਕਿ ਉਹ ਤੇ ਉਸਦਾ ਪਤੀ ਇੱਕ ਟੈਂਪੂ ਵਿੱਚ ਲਿੱਤਰਾਂ ਤੋਂ ਨਕੋਦਰ ਜਾ ਰਹੇ ਸਨ ਕਿ ਰਸਤੇ ਵਿੱਚ ਉਸਦਾ ਪਤੀ ਜੋ ਕਿ ਸ਼ਰਾਬੀ ਸੀ ਨੇ ਉਸ ਨਾਲ ਝਗੜਣਾ ਸ਼ੁਰੂ ਕਰ ਦਿੱਤਾ । ਵੀਰ ਰਵਿੰਦਰ ਵੀ ਟੈਂਪੂ ਵਿੱਚ ਸੀ ਸ਼ਾਇਦ ਕਾਲਜ ਜਾ ਰਿਹਾ ਸੀ ਨੇ ਉਸਦੇ ਪਤੀ ਨੂੰ ਨਾ ਝਗੜਣ ਦੀ ਸੁਲਾਹ ਦਿੱਤੀ ਪਰ ਉਸਨੇ ਉਲਟਾ ਆਪਣੀ ਘਰਵਾਲੀ ਦੇ ਚਪੇੜ ਜੜ ਦਿੱਤੀ, ਵੀਰ ਨੇ ਟੈਂਪੂ ਰਕਵਾਕੇ ਐਸਾ ਸਮਝਾਇਆ ਕਿ ਉਸ ਦਿਨ ਤੋਂ ਬਾਅਦ ਉਸਨੇ ਕਦੇ ਵੀ ਉਸ ਭੈਣ ਤੇ ਹੱਥ ਨਹੀਂ ਚੁੱਕਿਆ । ਇਸ ਭੈਣ ਦੇ ਅੱਥਰੂ ਰੁਕੇ ਨਹੀਂ ਸੀ ਰੁਕਦੇ ਜਦੋਂ ਉਹ ਆਪਣੀ ਹੱਡ ਬੀਤੀ ਸਾਂਝੀ ਕਰ ਰਹੀ ਸੀ ਤੇ ਕਹਿ ਰਹੀ ਸੀ ਕਿ ਅੱਜ ਦੇ ਜ਼ਮਾਨੇ ਵਿੱਚ ਜਦੋਂ ਆਪਣੇ ਵੀ ਨਾਲ ਨਹੀਂ ਖੜ੍ਹਦੇ ਰਵਿੰਦਰ ਵੀਰ ਨੇ ਸਰਦਾਰਾਂ ਦਾ ਪੁੱਤ ਹੋਣ ਦੇ ਬਾਵਜੂਦ ਮੈਨੂੰ ਪਿੰਡ ਦੀ ਧੀ ਜਾਣਕੇ ਭੈਣ ਹੋਣ ਦਾ ਮਾਣ ਦਿੱਤਾ ।
ਵੀਰ ਜੋ ਕਿ ਇਲੈਕਟ੍ਰੀਕਲ ਇੰਜਨੀਅਰ ਬਣਨਾ ਲੋਚਦਾ ਸੀ ਸਕੂਲ ਤੇ ਕਾਲਜ ਵਿੱਚ ਇੱਕ “ਮਾਡਲ ਵਿਦਿਆਰਥੀ” ਦੇ ਤੌਰ ਤੇ ਪਹਿਚਾਣਿਆ ਜਾਂਦਾ ਸੀ। ਵੀਰ ਸਕੂਲ ਤੇ ਪਿੰਡ ਦੀ ਹਾਕੀ ਟੀਮ ਦਾ ਖਿਡਾਰੀ ਹੋਣ ਦੇ ਨਾਲ ਨਾਲ ਭਾਰ ਚੁੱਕਣ ਦਾ ਵੀ ਬਹੁਤ ਸ਼ੌਕੀਨ ਸੀ।
ਵੀਰ ਜੀ ਨੇ 1984 ਦੀ ਵੈਸਾਖ਼ੀ ਮੌਕੇ ਤਖ਼ਤ ਸ਼੍ਰੀ ਕੇਸ਼ਗੜ੍ਹ ਸਾਹਿਬ ਵਿਖੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ ਸੀ । ਸਿੱਖ ਸਟੂਡੈਂਟ ਫੈਡਰੇਸ਼ਨ ਤੇ ਯੂਥ ਅਕਾਲੀ ਦਲ ਦੇ ਗੁਰਮਤਿ ਸਮਾਗਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦਾ ਸੀ ਤੇ ਪਿੰਡ ਦੇ ਗੁਰੂ ਘਰ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੁੱਖ ਆਸਣ ਦੀ ਸੇਵਾ ਅਕਸਰ ਕਰਦਾ ਸੀ ।
1984 ਦੇ ਸਾਕੇ ਨੇ ਆਪ ਜੀ ਦੇ ਮਨ ਨੂੰ ਬਹੁਤ ਠੇਸ ਪਹੁੰਚਾਈ । ਜਦੋਂ ਵੀ ਵੇਹਲੇ ਹੁੰਦੇ ਆਪਣੀ ਅਭਿਆਸ ਕਾਪੀ ਵਿੱਚ ਸਤਿਨਾਮ ਵਾਹਿਗੁਰੂ ਜੀ ਦਾ ਜਾਪੁ ਲਿਖਦੇ ਰਹਿੰਦੇ ਸਨ ।
ਪਰਿਵਾਰ ਵਿੱਚ ਆਪਣੇ ਭੈਣ ਭਰਾਵਾਂ ਨਾਲੋਂ ਵੱਡੇ ਹੋਣ ਕਰਕੇ ਆਪਣੇ ਪਿਤਾ ਬਾਪੂ ਬਲਦੇਵ ਸਿੰਘ ਜੀ ਲਿੱਤਰਾਂ ਦੀ ਹਮੇਸ਼ਾਂ ਸੱਜੀ ਬਾਂਹ ਬਣਕੇ ਵਿਚਰੇ ।
ਇੱਕ ਰੌਚਿਕ ਤੱਥ: ਵੀਰ ਜੀ ਦੇ ਸਾਇੰਸ ਅਧਿਆਪਿਕ ਗੁਰ-ਪ੍ਰਵਾਸੀ ਮਾਸਟਰ ਬਲਵੰਤ ਸਿੰਘ ਜੀ ਦੇ ਬੇਟੇ ਨੇ ਇੱਕ ਬਾਰ ਆਪਣੇ ਪਿਤਾ ਜੀ ਨੂੰ ਕਿਹਾ,”ਪਾਪਾ ‘ਬਿੰਦੇ’ ਭਾਅ ਜੀ ਜ਼ਰੂਰ ਜ਼ਿਆਦਾ ਅੰਮ੍ਰਿਤ ਛਕਿਆਂ ਹੁਣਾ ” ਮਾਸਟਰ ਜੀ ਨੇ ਪੁੱਛਿਆ ਕਿਓਂ ਤਾਂ ਗੁਰੀ ਨੇ ਜਵਾਬ ਦਿੱਤਾ, “ਪਿੰਡ ਵਿੱਚ ਹੋਰ ਕਿਸੇ ਨੇ ਵੀ ਏਡੀ ਵੱਡੀ ਕਿਰਪਾਨ ਨੀ ਪਾਈ ਹੁੰਦੀ”
ਵੀਰ ਦੀਆਂ ਗੱਲਾਂ ਕਰਦਿਆਂ ਰਾਤਾਂ ਲੰਘ ਜਾਂਦੀਆਂ ਨੇ ਪਰ ਵੀਰ ਦੀਆਂ ਯਾਦਾਂ ਦੀ ਲੜੀ ਕਦੇ ਨਹੀਂ ਟੁੱਟਦੀ ।
ਸਾਡੀ ਗਵਾਂਢਣ ਜੋ ਘਰਾਂ ਵਿਚੋਂ ਪਿਤਾ ਜੀ ਦੀ ਚਾਚੀ ਲੱਗਦੀ ਸੀ ਨੇ ਦੱਸਣਾ ਕਿ ਨਿੱਕੇ ਹੁੰਦੇ ਨੂੰ ਮੈਂ ਪੁੱਛਿਆ ‘ਬਿੰਦੇ’ ਵੱਡਾ ਹੋ ਕਿ ਕਿ ਕਰਨਾ ਤਾਂ ਵੀਰ ਦਾ ਜਵਾਬ ਸੀ ਕਿ ਸ਼ਹੀਦ ਹੋਣਾ । ਚਾਚੀ ਕਹਿੰਦੀ ਕਿ ਤੂੰ ਨਿੱਕਾ ਜਿਹਾ ਬਹੁਤ ਵੱਡੀਆਂ ਗੱਲਾਂ ਕਰਦਾਂ ਤਾਂ ਵੀਰ ਜੀ ਦਾ ਜਵਾਬ ਸੀ ਕਿ ਸਾਡੇ ਵੀਰ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਵੀ ਤਾਂ ਨਿੱਕੀ ਉਮਰ’ਚ ਹੀ ਸ਼ਹੀਦੀਆਂ ਪਾ ਗਏ ਸੀ । ਉਹ ਆਪਣੇ ਕਹੇ ਬੋਲ ਕਮਾ ਗਿਆ !
ਮਾਣ ਹੈ ਵੱਡੇ ਵੀਰ ਤੇ ਜਿਸ ਨੇ ਆਪਣੀ ਸ਼ਹਾਦਤ ਦੇ ਕੇ ਦਸ਼ਮੇਸ਼ ਪਿਤਾ ਦੀ ਗੋਦ ਪ੍ਰਾਪਤ ਕਰ ਲਈ !
ਹਰਿੰਦਰ ਸਿੰਘ (ਛੋਟਾ ਵੀਰ ਭਾਈ ਰਵਿੰਦਰ ਸਿੰਘ ਲਿੱਤਰਾਂ)
29 ਜੂਨ 2020
Related Topics: Bhai Ravinder Singh Littran, Saka Nakodar, Saka Nakodar (4 February 1986), Saka Nakodar 1986