April 3, 2020 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਿੱਖ ਹਲਕਿਆਂ ਵਿੱਚ ਬੀਤੇ ਕੱਲ੍ਹ ਉਸ ਵੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਗੁਰਬਾਣੀ ਦਾ ਰਾਗ ਅਧਾਰਿਤ ਤੇ ਰਸਭਿੰਨਾ ਕੀਰਤਨ ਕਰਨ ਵਾਲੇ ਕੀਰਤਨੀਏ ਭਾਈ ਨਿਰਮਲ ਸਿੰਘ ਖਾਲਸਾ ਤੜਕੇ ਕਰੀਬ ਸਾਢੇ ਚਾਰ ਵਜੇ ਗੁਰੂ ਨਾਨਕ ਹਸਪਤਾਲ (ਸ੍ਰੀ ਅੰਮ੍ਰਿਤਸਰ) ਵਿਖੇ ਚਲਾਣਾ ਕਰ ਗਏ। ਦੱਸਿਆ ਜਾ ਰਿਹਾ ਹੈ ਕਿ ਉਸ ਕਰੋਨੇ ਦੀ ਬਿਮਾਰੀ ਤੋਂ ਪੀੜਿਤ ਸਨ ਅਤੇ ਉਨ੍ਹਾਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ।
ਰਾਗੀ ਭਾਈ ਨਿਰਮਲ ਸਿੰਘ ਦਾ ਜਨਮ 1952 ਵਿੱਚ ਫਿਰੋਜਪੁਰ ਵਿਖੇ ਹੌਇਆ ਤੇ ਮੁੱਢਲੀ ਪੜਾਈ ਕਰਨ ਤੋ ਬਾਅਦ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਦੇ ਸਿੱਖ ਮਿਸ਼ਨਰੀ ਕਾਲਜ ਵਿੱਚ ਦਾਖਲਾ ਲੈ ਲਿਆ ਤੇ ਧਾਰਮਿਕ ਵਿਦਿਆ ਹਾਸਿਲ ਕੀਤੀ। ਉਹਨਾਂ ਨੇ ਆਪਣੀ ਵਿਦਿਆ ਪੂਰੀ ਕਰਨ ਉਪਰੰਤ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਸ਼ੁਰੂ ਕਰ ਦਿੱਤਾ ਤੇ 1979 ਵਿੱਚ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਜ਼ੂਰੀ ਰਾਗੀ ਵਜੋਂ ਕੀਰਤਨ ਦੀ ਸੇਵਾ ਮਿਲੀ ਜੋ ਕਿ ਉਨ੍ਹਾਂ ਕਰੀਬ 40 ਸਾਲ ਤੋਂ ਵਧੇਰੇ ਸਮੇਂ ਲਈ ਨਿਭਾਈ।
ਭਾਈ ਨਿਰਮਲ ਸਿੰਘ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮਸ਼੍ਰੀ ਨਾਮੀ ਸਨਮਾਨ ਵੀ ਦਿੱਤਾ ਗਿਆ ਸੀ।
ਭਾਈ ਨਿਰਮਲ ਸਿੰਘ ਸ੍ਰੀ ਅੰਮ੍ਰਿਤਸਰ ਦੇ ਊਧਮ ਸਿੰਘ ਨਗਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ।
ਅਫਸੋਸ ਕਿ ਮਨਮੁਖਤਾ ਦਾ ਪ੍ਰਗਟਾਵਾ ਕਰਦਿਆਂ ਕਈ ਲੋਕਾਂ ਵੱਲੋੰ ਭਾਈ ਨਿਰਮਲ ਸਿੰਘ ਦਾ ਅੰਤਿਮ ਸੰਸਕਾਰ ਕਰਨ ਵਿੱਚ ਅੜਿੱਕਾ ਪਾਏ ਗਏ।
ਪ੍ਰਸ਼ਾਸਨ ਵਲੋਂ ਭਾਈ ਨਿਰਮਲ ਸਿੰਘ ਦੀ ਦੇਹ ਦੇ ਅੰਤਿਮ ਸੰਸਕਾਰ ਲਈ ਵੇਰਕਾ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰਨ ਦਾ ਵਿਚਾਰ ਬਣਨ ਉੱਤੇ ਉੱਥੋਂ ਦੇ ਕੁਝ ਸਿਆਸੀ ਲੋਕਾਂ ਨੇ ਵਿਰੋਧ ਕਰਕੇ ਆਪਣੇ ਪਿੰਡ ਲਈ ਜਗਤ ਬਦਖੋਈ ਤੇ ਕਲੰਕ ਖੱਟਿਆ।
ਭਾਈ ਨਿਰਮਲ ਸਿੰਘ ਖਾਲਸਾ ਦੇ ਸੰਸਕਾਰ ਦਾ ਵਿਰੋਧ ਕਰਨ ਵਾਲਿਆਂ ਵਿਚ ਹਰਪਾਲ ਸਿੰਘ ਨਾਮੀ ਵਿਅਕਤੀ ਸਭ ਤੋਂ ਮੂਹਰੀ ਭੂਮਿਕਾ ਨਿਭਾਅ ਰਿਹਾ ਸੀ। ਪਤਾ ਲੱਗਾ ਹੈ ਕਿ ਇਹ ਸਖਸ਼ ਆਪਣੀ ਸਿਆਸਤ ਚਮਕਾਉਣ ਲਈ ਵੱਖ-ਵੱਖ ਪਾਰਟੀਆਂ ਦਾ ਹਿੱਸਾ ਰਿਹ ਚੁੱਕਾ ਹੈ ਅਤੇ ਇਸ ਵੇਲੇ ਕਾਂਗਰਸ ਪਾਰਟੀ ਵਿਚ ਹੈ।
ਪਤਾ ਲੱਗਾ ਹੇ ਕਿ ਫਤਿਹਗੜ੍ਹ ਸ਼ੁੱਕਰਚੱਕ ਦੀ ਪੰਚਾਇਤ ਭਾਈ ਸਾਹਿਬ ਦੇ ਸੰਸਕਾਰ ਬਾਬਤ ਸਹਿਮਤ ਸੀ ਪਰ ਉਥੇ ਵੀ ਪਿੰਡ ਵਾਲਿਆ ਨੇ ਅੜਿੱਕਾ ਪਾ ਦਿੱਤਾ ਤੇ ਪਿੰਡ ਦੀ ਸ਼ਾਮਲਾਟ ਜ਼ਮੀਨ ਉੱਤੇ ਅਖਿਰੀ ਤੌਰ ‘ਤੇ ਸੰਸਕਾਰ ਕਰ ਦਿੱਤਾ ਗਿਆ।
ਭਾਈ ਨਿਰਮਲ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਅਰਦਾਸ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੇ ਕੀਤੀ ਹੈ।
ਸਿੱਖ ਸੰਗਤਾਂ ਅਤੇ ਸਖਸੀਅਤਾਂ ਨੇ ਭਾਈ ਨਿਰਮਲ ਸਿੰਘ ਦੇ ਚਲਾਣੇ ਉੱਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਸੰਸਕਾਰ ਮੌਕੇ ਭਾਈ ਨਿਰਮਲ ਸਿੰਘ ਖਾਲਸਾ ਦਾ ਪੁੱਤਰ ਅਤੇ ਕੁਝ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜਰ ਸਨ।
ਭਾਈ ਨਿਰਮਲ ਸਿੰਘ ਦੇ ਸੰਸਕਾਰ ਵਿਚ ਅੜਿਕੇ ਪਾਉਣਾ ਅਗਿਆਨਤਾ ਅਤੇ ਮਨਮੁਖਤਾ ਦੀ ਨਿਸ਼ਾਨੀ ਹੈ ਕਿਉਂਕਿ ਕਿਸੇ ਵੀ ਬਿਮਾਰੀ ਤੋਂ ਪੀੜਿਤ ਇਨਸਾਫ ਦੀ ਦੇਹ ਦਾ ਸੰਸਕਾਰ ਸਤਿਕਾਰਤ ਤਰੀਕੇ ਨਾਲ ਨਾ ਜੋਣ ਦੇਣਾ ਗੈਰ-ਇਨਸਾਨੀ ਕਰਮ ਹੈ।
ਜਿੱਥੇ ਇਕ ਪਾਸੇ ਕੁਝ ਲੋਕਾਂ ਵੱਲੋਂ ਡਰ ਦਾ ਮਾਹੌਲ ਬਣਾ ਕੇ ਭਾਈ ਨਿਰਮਲ ਸਿੰਘ ਖਾਲਸਾ ਦੇ ਸੰਸਕਾਰ ਵਿਚ ਅੜਿੱਕੇ ਡਾਹੇ ਜਾ ਰਹੇ ਸਨ ਉੱਥੇ ਦੂਜੇ ਪਾਸੇ ਅਖਬਾਰੀ ਖਬਰਾਂ ਮੁਤਾਬਿਕ ਕਈ ਲੋਕ ਉਹਨਾਂ ਦੇ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਆਏ ਸਨ ਪਰ ਪ੍ਰਸ਼ਾਸਨ ਨੇ ਪਾਬੰਦੀਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਵਾਪਿਸ ਮੋੜ ਦਿੱਤਾ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੇ ਸਿਰ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਲਈ ਅੱਗੇ ਆਉਣ ਵਿਚ ਨਕਾਮ ਰਹੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਹਾਇਕ ਜਸਪਾਲ ਸਿੰਘ ਨੇ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕਹਿਣ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਸਕੱਤਰ ਪੱਧਰ ਦੇ ਅਧਿਕਾਰੀ ਪ੍ਰਸ਼ਾਸ਼ਨ ਨਾਲ ਗੱਲਬਾਤ ਕਰ ਰਹੇ ਸਨ ਅਤੇ ਉਹ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਸੰਸਕਾਰ ਪੂਰੇ ਸਤਿਕਾਰ ਨਾਲ ਕਰਨਾ ਚਾਹੁੰਦੇ ਸਨ। ਇਸ ਬਾਰੇ ਸ਼੍ਰੋ.ਗੁ.ਪ੍ਰ.ਕ. ਨੇ ਪ੍ਰਸ਼ਾਸ਼ਨ ਨੂੰ ਕਿਹਾ ਸੀ ਕਿ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰਾ ਸਾਹਿਬ ਜਾਂ ਫਿਰ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦਾ ਸੰਸਕਾਰ ਪੂਰੇ ਮਾਣ ਸਨਮਾਨ ਨਾਲ ਕੀਤਾ ਜਾਵੇ ਪਰ ਪ੍ਰਸ਼ਾਸ਼ਨ ਉਹਨਾਂ ਦੀ ਗੱਲ ਸੁਨਣ ਲਈ ਤਿਆਰ ਨਹੀ।
Related Topics: Bhai Nirmal Singh Khalsa, coronavirus, COVID-19, Giani Harpreet Singh, SGPC