February 6, 2019 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (6 ਫਰਵਰੀ 2019): ਭਾਈ ਜਗਤਾਰ ਸਿੰਘ ਹਵਾਰਾ ਖਿਲਾਫ ਦਰਜ ਇਕ ਮਾਮਲੇ ਵਿਚ ਲੁਧਿਆਣਾ ਦੇ ਸੀਨੀਅਰ ਐਡੀਸ਼ਨਲ ਸੈਸ਼ਨਜ ਜੱਜ ਅਰੁਨਵੀਰ ਵਸ਼ਿਸਟ ਵੱਲੋਂ 11 ਜਨਵਰੀ 2019 ਨੂੰ ਸਰਕਾਰੀ ਧਿਰ ਦੀਆਂ ਗਵਾਹੀਆਂ ਬਾ-ਹੁਕਮ ਬੰਦ ਕਰਨ ਤੋਂ ਬਾਅਦ 6 ਫਰਵਰੀ 2019 ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਦਿੱਲੀ ਤਿਹਾੜ ਜੇਲ੍ਹ ਦੇ ਸੁਪਰਡੈਟ ਨੂੰ ਪੇਸ਼ੀ ਵਾਰੰਟ ਜਾਰੀ ਕੀਤੇ ਸਨ ਪਰ 25 ਜਨਵਰੀ 2019 ਨੂੰ ਸਰਕਾਰ ਵੱਲੋਂ ਦਰਖਾਸਤ ਲਗਾ ਕੇ ਪੇਸ਼ੀ ਦਾ ਪਰਵਾਨਾਂ ਰੱਦ ਕਰਕੇ ਵੀਡਿਓ ਕਾਨਫਰਸਿੰਗ ਰਾਹੀਂ ਪੇਸ਼ੀ ਕਰਵਾਉਣ ਦੀ ਲਈ ਬੇਨਤੀ ਕੀਤੀ ਗਈ ਸੀ। ਜਿਸ ਸੰਬੰਧੀ ਦਰਖਾਸਤ ਦੀ ਨਕਲ ਸਫਾਈ ਧਿਰ ਨੂੰ ਅੱਜ ਦਿੱਤੀ ਗਈ ਅਤੇ 25 ਫਰਵਰੀ 2019 ਨੂੰ ਜਵਾਬ ਦੇਣ ਲਈ ਤਰੀਕ ਦਿੱਤੀ ਗਈ।
ਇਸ ਸੰਬੰਧੀ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ।
ਜਿਕਰਯੋਗ ਹੈ ਕਿ ਉਕਤ ਮੁਕੱਦਮਾ ਐਫ.ਆਈ.ਆਰ. ਨੰਬਰ. 134 ਮਿਤੀ 23/12/1995 ਨੂੰ ਥਾਣਾ ਕੋਤਵਾਲੀ ਲੁਧਿਆਣਾ ਵਿੱਚ 4/5 ਬਾਰੂਦ ਕਾਨੂੰਨ ਤੇ 25 ਅਸਲਾ ਕਾਨੂੰਨ ਹੇਠ ਦਰਜ ਕੀਤਾ ਗਿਆ ਸੀ।
ਅੱਜ ਮੁਕੱਦਮਾ ਐਫ.ਆਈ.ਆਰ. ਨੰਬਰ. 133 ਮਿਤੀ 6/12/1995 ਥਾਣਾ ਕੋਤਵਾਲੀ ਦੇ ਘੰਟਾ ਘਰ ਬੰਬ ਧਮਾਕਾ ਮਾਮਲੇ ਵਿੱਚ ਵੀ ਅਤੁਲ ਕਮਾਨਾ (ਵਧੀਕ ਸੈਸ਼ਨ ਜੱਜ) ਦੀ ਅਦਾਲਤ ਵਿੱਚ ਸਰਕਾਰੀ ਗਵਾਹੀਆਂ ਦੀ ਤਰੀਕ ਵੀ ਸੀ ਪਰ ਜੱਜ ਦੇ ਛੁੱਟੀ ਤੇ ਗਏ ਹੋਣ ਕਾਰਨ ਉਸ ਕੇਸ ਦੀ ਤਾਰੀਕ 14 ਫਰਵਰੀ 2019 ਪੈ ਗਈ।
Related Topics: Bhai Jagtar Singh Hawara, Jaspal Singh Manjhpur (Advocate), Sikh Political Prisoners