July 5, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ 5 ਜੁਲਾਈ: ਦਲ ਖਾਲਸਾ ਜਥੇਬੰਦੀ ਦੇ ਬਾਨੀ ਮੁਖੀ ਭਾਈ ਗਜਿੰਦਰ ਸਿੰਘ ਦੇ ਜਲਾਵਤਨੀ ਦੌਰਾਨ ਪਾਕਿਸਤਾਨ ਵਿਚ ਚਲਾਣਾ ਕਰ ਜਾਣ ਉੱਤੇ ਅੱਜ ਸਨੇਹਾ ਜਾਰੀ ਕਰਦਿਆਂ ਪੰਥ ਸੇਵਕ ਸਖਸ਼ੀਅਤ ਭਾਈ ਦਲਜੀਤ ਸਿੰਘ ਨੇ ਕਿਹਾ ਹੈ ਕਿ ਖਾਲਸਾ ਪੰਥ ਲਈ ਇਹ ਗੱਲ ਤਸੱਲੀ ਦਾ ਸਬੱਬ ਹੈ ਕਿ ਖਾਲਿਸਤਾਨ ਦੀ ਅਜ਼ਾਦੀ ਦੇ ਜਿਸ ਅਕੀਦੇ ਲਈ ਭਾਈ ਗਜਿੰਦਰ ਸਿੰਘ ਨੇ ਸੰਘਰਸ਼ ਵਿਚ ਪੈਰ ਰੱਖਿਆ ਸੀ ਉਸ ਉੱਤੇ ਉਹ ਆਖਰੀ ਸਾਹਾਂ ਤੱਕ ਨਿਭੇ।
ਖਾੜਕੂ ਸੰਘਰਸ਼ ਦੀਆਂ ਆਗੂ ਸਫਾਂ ਵਿਚ ਰਹੇ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਗੁਰਪੁਰਵਾਸੀ ਬੀਬੀ ਮਨਜੀਤ ਕੌਰ ਸਮੇਤ ਸਮੁੱਚਾ ਪਰਿਵਾਰ ਸੰਘਰਸ਼ ਨੂੰ ਸਮਰਪਿਤ ਰਿਹਾ ਅਤੇ ਉਹਨਾ ਹਰ ਕਸ਼ਟ ਦਾ ਖਿੜੇ ਮੱਥੇ ਸਾਹਮਣਾ ਕੀਤਾ ਅਤੇ ਇੰਨੇ ਲੰਮੇ ਅਰਸੇ ਦੌਰਾਨ ਗੁਰੂ ਖਾਲਸਾ ਪੰਥ ਦੀ ਸੇਵਾ ਤੇ ਸੰਘਰਸ਼ ਦੇ ਆਸ਼ੇ ਉੱਤੇ ਅਡੋਲ ਰਹਿੰਦਿਆਂ ਪਹਿਰਾ ਦਿੱਤਾ।
ਉਹਨਾ ਕਿਹਾ ਕਿ ਭਾਈ ਗਜਿੰਦਰ ਸਿੰਘ ਆਪਣੇ ਬੰਦੀ ਤੇ ਜਲਾਵਤਨੀ ਦੇ ਜੀਵਨ ਦੌਰਾਨ ਕਲਮ ਰਾਹੀਂ ਸੰਘਰਸ਼ ਵਿਚ ਯੋਗਦਾਨ ਪਾਉਂਦੇ ਰਹੇ ਤੇ ਉਹਨਾ ਦਾ ਇਹ ਉੱਦਮ ਆਖਰੀ ਸਮੇਂ ਤੱਕ ਵੀ ਜਾਰੀ ਰਿਹਾ। ਭਾਈ ਗਜਿੰਦਰ ਸਿੰਘ ਦਾ ਜੀਵਨ ਸੰਘਰਸ਼ ਦਾ ਰਾਹ ਅਖਤਿਆਰ ਕਰਨ ਵਾਲੇ ਨੌਜਵਾਨਾਂ ਅਤੇ ਅਗਲੀਆਂ ਪੀੜ੍ਹੀਆ ਲਈ ਪ੍ਰੇਰਣਾ ਦਾ ਸਰੋਤ ਰਹੇਗਾ।
ਅੰਗ੍ਰੇਜ਼ੀ ਵਿੱਚ ਪੜ੍ਹੋ-
Related Topics: Bhai Daljit Singh, Bhai Gajinder Singh, Bibi Manjeet Kaur W/o Bhai Gajinder Singh, Panth Sewak, Sikhs In Pakistan