ਖਾਸ ਖਬਰਾਂ » ਸਿੱਖ ਖਬਰਾਂ

ਭਾਈ ਦਿਲਾਵਰ ਸਿੰਘ ਦਾ 23ਵਾਂ ਸ਼ਹੀਦੀ ਦਿਹਾੜਾ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ

August 31, 2018 | By

ਅੰਮ੍ਰਿਤਸਰ: ਵੀਹਵੀਂ ਸਦੀ ਦੇ ਅਖੀਰਲੇ ਦਹਾਕੇ ਦੌਰਾਨ ਸਿੱਖ ਜੁਆਨੀ ਦਾ ਘਾਣ ਕਰਨ ਵਾਲੇ ਪੰਜਾਬ ਦੇ ਮੱੁਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣਕੇ ਸੋਧਾ ਲਾਉਂਦਿਆਂ ਅਦੱੁਤੀ ਸ਼ਹਾਦਤ ਪਾਣ ਵਾਲੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 23ਵਾਂ ਸ਼ਹੀਦੀ ਦਿਹਾੜਾ ਅੱਜ ਇਥੇ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ।

ਸਿੱਖ ਕੌਮ ਦੀ ਅਜਾਦ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਦਿਨੀ ਰੱਖੇ ਗਏ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਜਥੇ ਨੇ ਬੀਰ ਰਸੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ। ਭਾਈ ਜਗਤਾਰ ਸਿੰਘ ਹਵਾਰਾ ਦਾ ਤਿਹਾੜ ਜੇਲ੍ਹ ਤੋਂ ਭੇਜਿਆ ਕੌਮ ਦੇ ਨਾਮ ਸੰਦੇਸ਼ ਬਾਪੂ ਗੁਰਚਰਨ ਸਿੰਘ ਪਟਿਆਲਾ ਨੇ ਪੜ੍ਹਕੇ ਸੁਣਾਇਆ।ਇਸ ਮੌਕੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਥੇਦਾਰ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਵੀ ਪੜ੍ਹਿਆ ਗਿਆ।ਕੌਮ ਦੇ ਨਾਮ ਸੰਦੇਸ਼ ਵਿੱਚ ਭਾਈ ਦਿਲਾਵਰ ਸਿੰਘ ਬੱਬਰ ਦੀ ਸ਼ਹਾਦਤ ਨੂੰ ਸਿਜ਼ਦਾ ਕਰਦਿਆਂ ਭਾਈ ਹਵਾਰਾ ਨੇ ਕਿਹਾ ਹੈ ਕਿ ਅਸੀਂ ਸਿਰਫ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਤੀਕ ਸੀਮਤ ਨਹੀ ਰਹਿਣਾ ਬਲਕਿ ਸ਼ਹਾਦਤ ਦੇ ਮਕਸਦ ਦੀ ਪੂਰਤੀ ਲਈ ਵੀ ਸੰਘਰਸ਼ਸ਼ੀਲ ਰਹਿਣਾ ਹੈ।

ਭਾਈ ਦਿਲਾਵਰ ਸਿੰਘ ਦਾ 23ਵੇਂ ਸ਼ਹੀਦੀ ਦਿਹਾੜਾ ‘ਤੇ ਹਾਜ਼ਰ ਸਿੱਖ ਸੰਗਤਾਂ ਦੀ ਤਸਵੀਰ।

ਭਾਈ ਹਵਾਰਾ ਨੇ ਕਿਹਾ ਹੈ ਕਿ ਖਾਲਿਸਤਾਨੀ ਸੰਘਰਸ਼ ਦੀ ਰੂਹਾਨੀ ਉਚਤਾ ਨੂੰ ਦਿੱਲੀ ਤਖਤ ਦੇ ਜਲਾਦ ਵੀ ਮੰਨਦੇ ਹਨ ਤੇ ਅਸੀਂ ਵੀ ਸੰਘਰਸ਼ ਲੜਦਿਆਂ, ਸੰਘਰਸ਼ ਦੀ ਰੂਹਾਨੀ ਉਚਤਾ ਨੂੰ ਬਰਕਰਾਰ ਰੱਖਣਾ ਹੈ।ਭਾਈ ਹਵਾਰਾ ਦੇ ਸੰਦੇਸ਼ ਦੀ ਸਮਾਪਤੀ ਤੇ ਸੰਗਤਾਂ ਨੇ ਜੋਸ਼ ਨਾਲ ਖਾਲਿਸਤਾਨ ਜਿੰਦਾਬਾਦ , ਹਵਾਰਾ ਜਿੰਦਾਬਾਦ ਤੇ ਸੰਤ ਜਰਨੈਲ ਸਿੰਘ ਖਾਲਸਾ ਜਿੰਦਾਬਾਦ ਦੇ ਨਾਅਰੇ ਬੁਲੰਦ ਕੀਤੇ । ਸ੍ਰੀ ਦਰਬਾਰ ਸਾਹਿਬ ਵਲੋਂ ਭਾਈ ਦਿਲਾਵਰ ਸਿੰਘ ਦੇ ਭਰਾਤਾ ਭਾਈ ਚਮਕੌਰ ਸਿੰਘ, ਭੈਣ ਗੁਰਪ੍ਰੀਤ ਕੌਰ ਤੇ ਭਰਜਾਈ ਚਰਨਜੀਤ ਕੌਰ ਨੂੰ ਸਿਰੋਪਾਉ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਖਸ਼ੀਸ਼ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ ਜਰਮਨੀ, ਪ੍ਰਿੰ:ਬਲਜਿੰਦਰ ਸਿੰਘ, ਭਾਈ ਮਨਜੀਤ ਸਿੰਘ ਠੇਕੇਦਾਰ, ਮਹਾਂਬੀਰ ਸਿੰਘ ਸੁਲਤਾਨ ਵਿੰਡ, ਅਕਾਲ ਖਾਲਸਾ ਦਲ ਦੇ ਸੁਰਿੰਦਰ ਸਿੰਘ ਤਾਲਿਬ ਪੁਰਾ, ਬਲਬੀਰ ਸਿੰਘ ਕਠਿਆਲੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਬਲਵਿੰਦਰ ਸਿੰਘ ਕਾਲਾ, ਅੰਮ੍ਰਿਤ ਸੰਚਾਰ ਜਥਾ ਦੇ ਭਾਈ ਮੇਜਰ ਸਿੰਘ ,ਭਾਈ ਮੰਗਲ ਸਿੰਘ, ਅਕਾਲ ਫੈਡਰੇਸ਼ਨ ਦੇ ਭਾਈ ਨਰੈਣ ਸਿੰਘ ਚੌੜਾ, ਦਲ ਖਾਲਸਾ ਦੇ ਕੰਵਰਪਾਲ ਸਿੰਘ,ਪਰਮਜੀਤ ਸਿੰਘ ਟਾਂਡਾ,ਸਿਖ ਯੂਥ ਆਫ ਪੰਜਾਬ ਦੇ ਪਰਮਜੀਤ ਸਿੰਘ ਮੰਡ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁਹੰਮਦ, ਮਨਜੀਤ ਸਿੰਘ ਭੋਮਾ, ਕੁਲਵਿੰਦਰ ਸਿੰਘ ਖਾਨਪੁਰੀਆ, ਕੁਲਵੰਤ ਸਿੰਘ ਕੋਟਲਾ, ਏਕ ਨੂਰ ਚੈਰੀਟੇਬਲ ਟੱਰਸਟ ਤੋਂ ਬੀਬੀ ਮਨਜੀਤ ਕੌਰ ਹਾਜਰ ਸਨ ।

ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਅੱਜ 13 ਅਪ੍ਰੈਲ 1978 ਦੇ 13 ਸ਼ਹੀਦ ਸਿੰਘਾਂ ਦੇ ਯਾਦਗਾਰੀ ਅਸਥਾਨ ਵਿਖੇ ਵੀ ਮਨਾਇਆ ਗਿਆ। ਇਹ ਸਮਾਗਮ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਦਮਦਮੀ ਟਕਸਾਲ ਮਹਿਤਾ ਦੇ ਸਾਂਝੇ ਉਪਰਾਲੇ ਨਾਲ ਰੇਲਵੇ ਕਲੌਨੀ ਸਥਿਤ ਗੁਰਦੁਆਰਾ ਸ਼ਹੀਦ ਗੰਜ਼ ਸਾਹਿਬ ਵਿਖੇ ਕੀਤਾ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,