ਸਿੱਖ ਖਬਰਾਂ

ਭਾਈ ਦਰਸ਼ਨ ਸਿੰਘ ਦਾ ਪਿੰਡ ਲੋਹਾਰਾ ਵਿਖੇ ਸੰਸਕਾਰ; ਸੰਤ ਸਮਾਜ ਨੇ ਧਰਨਾ ਖਤਮ ਕੀਤਾ

December 6, 2009 | By

ਲੁਧਿਆਣਾ (6 ਦਸੰਬਰ, 2009): ਬੀਤੇ ਦਿਨ ਲੁਧਿਆਣਾ ਵਿਖੇ ਪੁਲਿਸ ਵੱਲੋਂ ਗੋਲੀ ਮਾਰ ਕੇ ਸ਼ਹੀਦ ਕੀਤੇ ਗਏ ਭਾਈ ਦਰਸ਼ਨ ਸਿੰਘ ਦਾ ਉਨ੍ਹਾਂ ਦੇ ਪਿੰਡ ਲੋਹਾਰਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ, ਸਿੱਖ ਸੰਗਤ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ, ਜਿਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਦਮਦਮੀ ਟਕਸਾਲ ਦੇ ਮਹਿਤਾ ਧੜੇ ਦੇ ਬਾਬਾ ਹਰਨਾਮ ਸਿੰਘ ਖਾਲਸਾ, ਸੰਤ ਸਮਾਜ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਬਾਬਾ ਰਣਜੀਤ ਸਿੰਘ ਢੱਡਰੀਆਂ, ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਤੇ ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ ਦੇ ਨਾਂ ਜ਼ਿਕਰਯੋਗ ਹਨ।

ਸੰਤ ਸਮਾਜ ਵੱਲੋਂ ਧਰਨਾ ਖਤਮ

ਇਸ ਤੋਂ ਪਹਿਲਾਂ ਅੱਜ ਸੰਤ ਸਮਾਜ ਵੱਲੋਂ ਸਮਰਾਲਾ ਚੌਂਕ ਲੁਧਿਆਣਾ ਨੇੜੇ ਕੱਲ ਤੋਂ ਜਾਰੀ ਧਰਨਾ ਖਤਮ ਕਰ ਦਿੱਤਾ ਗਿਆ। ਧਰਨਾ ਖਤਮ ਕਰਨ ਦਾ ਕਾਰਨ ਸੰਤ ਸਮਾਜ ਦੇ ਆਗੂਆਂ ਵੱਲੋਂ ਭਾਈ ਦਰਸ਼ਨ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਿਰਕਤ ਕਰਨਾ ਦੱਸਿਆ ਜਾ ਰਿਹਾ ਹੈ। ਸੰਤ ਸਮਾਜ ਵੱਲੋਂ ਅਗਲੀ ਰਣਨੀਤੀ ਤੇ ਕਾਰਜ ਦਾ ਐਲਾਨ ਕੀਤੇ ਬਿਨਾ ਧਰਨਾ ਸਮਾਪਤ ਕਰ ਦੇਣ ਕਾਰਨ ਸਿੱਖ ਸੰਗਤਾਂ ਅੰਦਰ ਕਾਫੀ ਰੋਸ ਹੈ ਅਤੇ ਨੌਜਵਾਨਾਂ ਵੱਲੋਂ ਧਰਨਾ ਖਤਮ ਕਰਨ ਦਾ ਭਾਰੀ ਵਿਰੋਧ ਕੀਤਾ ਗਿਆ ਪਰ ਕਾਫੀ ਯਤਨਾਂ ਬਾਅਦ ਸੰਤਾਂ ਨੇ ਸੰਗਤ ਨੂੰ ਧਰਨਾ ਬੰਦ ਕਰਨ ਦੇ ਫੈਸਲੇ ਨਾਲ ਸਹਿਮਤ ਕਰ ਲਿਆ। ਇਹ ਧਰਨਾ ਸਰਕਾਰ ਅਤੇ ਪ੍ਰਸ਼ਾਸਨ ਦੇ ਗਲੇ ’ਚ ਹੱਡੀ ਬਣ ਚੁੱਕਾ ਸੀ ਜਿਸ ਕਾਰਨ ਇਸ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਭਾਰੀ ਦਬਾਅ ਪਾਇਆ ਜਾ ਰਿਹਾ ਸੀ।

ਸੰਤ ਸਮਾਜ ਨੇ ਅਗਲੀ ਰਣਨੀਤੀ ਤੈਅ ਕਰਨ ਲਈ 12 ਦਸੰਬਰ ਨੂੰ ਇਕੱਤਰਤਾ ਸੱਦੀ ਹੈ ਅਤੇ ਉਸ ਵਿੱਚ ਹੋਣ ਵਾਲੇ ਫੈਸਲੇ ਦਾ ਐਲਾਨ 14 ਦਸੰਬਰ ਨੂੰ ਭਾਈ ਦਰਸ਼ਨ ਸਿੰਘ ਪ੍ਰਥਾਏ ਕਰਵਾਏ ਜਾਣ ਵਾਲੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,