ਸਿਆਸੀ ਖਬਰਾਂ

ਭਗਵੰਤ ਮਾਨ ਨੇ ਮਜੀਠੀਏ ਨੂੰ ‘ਨਸ਼ਿਆ ਦਾ ਸੌਦਾਗਰ’ ਕਿਹਾ, ਮਾਨਹਾਨੀ ਕੇਸ ਦਰਜ ਕਰਨ ਲਈ ਵੰਗਾਰਿਆ

May 21, 2016 | By

ਅੰਮ੍ਰਿਤਸਰ/ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮਜੀਤ ਮਜੀਠੀਆ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਮੁੱਖੀ ਅਰਵਿੰਦ ਕੇਜਰੀਵਾਲ ਸਮੇਤ ਸੀਨੀਅਰ ਆਗੂ ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਦੇ ਖਿਲਾਫ ਮਾਨਹਾਨੀ ਦਾ ਕੇਸ ਕਰਨ ਦੇ ਇਕ ਦਿਨ ਬਾਅਦ ‘ਆਪ’ ਦੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ ਨਸ਼ਿਆ ਦਾ ਸੌਦਾਗਰ ਦੱਸਿਆ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਉਸ ‘ਤੇ ਮਾਨਹਾਨੀ ਦਾ ਕੇਸ ਦਰਜ ਕਰਵਾਏ।

ਸ਼ਨਿੱਚਰਵਾਰ ਨੂੰ ਅੰਮ੍ਰਿਤਸਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਭਗਵੰਤ ਮਾਨ ਨੇ ਕਿਹਾ, “ਮੈਂ ਇਸ ਤੋਂ ਪਹਿਲਾਂ ਵੀ ਅਨੇਕਾਂ ਵਾਰ ਕਹਿ ਚੁੱਕਿਆ ਹਾਂ ਕਿ ਮਜੀਠੀਆ ਅਰਬਾ ਰੁਪਏ ਦੇ ਨਸ਼ੇ ਦੇ ਧੰਦੇ ਦਾ ਮੁੱਖ ਸਰਗਨਾ ਹੈ ਅਤੇ ਇਸ ਗੱਲ ਨੂੰ ਮੈਂ ਹਜ਼ਾਰ ਵਾਰ ਕਹਿੰਦਾ ਰਹਾਂਗਾ। ਮਜੀਠੀਆ ਮੇਰੇ ਖਿਲਾਫ ਮਾਨਹਾਨੀ ਦਾ ਦਾਅਵਾ ਕਿਉਂ ਨਹੀਂ ਕਰਦਾ?”

ਭਗਵੰਤ ਮਾਨ ਨੇ ਕਿਹਾ ਕਿ ਇਕ ਪਾਸੇ ਤਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੰਜਾਬ ਵਿਚ ਕਿਸੇ ਪ੍ਰਕਾਰ ਦਾ ਨਸ਼ਾ ਨਾ ਹੋਣ ਦਾ ਦਾਅਵਾ ਕਰਦੇ ਹਨ ਅਤੇ ਉਹਨਾਂ ਦੇ ਕੈਬਨਟ ਮੰਤਰੀ ਸੁਰਜੀਤ ਜਿਆਨੀ ਪੰਜਾਬ ਵਿਚ ਇਕ ਵੀ ਨਸ਼ੇੜੀ ਹੋਣ ਤੋਂ ਇੰਨਕਾਰ ਕਰਦੇ ਹਨ ਅਤੇ ਦੂਜੇ ਪਾਸੇ ਮੁੱਖ ਮੰਤਰੀ ਬਾਦਲ ਪੰਜਾਬ ਵਿਚ ਦੇਸ਼ ਦਾ ਪਹਿਲਾਂ ਔਰਤਾਂ ਲਈ ਨਸ਼ਾ ਛੁਡਾਊ ਕੇਂਦਰ ਖੋਲਣ ਦਾ ਐਲਾਨ ਕਰ ਰਹੇ ਹਨ । ਮਾਨ ਨੇ ਪੁੱਛਿਆ ਕਿ ਦੋਵੇਂ ਬਾਦਲ ਦੱਸਣ ਕਿ ਦੋਹਾਂ ਵਿਚੋਂ ਕੌਣ ਝੂਠ ਬੋਲ ਰਿਹਾ ਹੈ? ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿਚ ਨਸ਼ੇ ਨਹੀਂ ਹਨ ਤਾਂ ਖਾਸ ਤੌਰ ‘ਤੇ ਔਰਤਾਂ ਲਈ ਨਸ਼ਾ ਛੁਡਾਊ ਕੇਂਦਰ ਖੋਲਣ ਦੀ ਕੀ ਲੋੜ ਹੈ।

ਬਿਕਰਮ ਮਜੀਠੀਆ (ਸੱਜੇ) ਭਗਵੰਤ ਮਾਨ (ਖੱਬੇ) [ਪੁਰਾਣੀਆਂ ਤਸਵੀਰਾਂ]

ਬਿਕਰਮ ਮਜੀਠੀਆ (ਸੱਜੇ) ਭਗਵੰਤ ਮਾਨ (ਖੱਬੇ) [ਪੁਰਾਣੀਆਂ ਤਸਵੀਰਾਂ]

ਆਪ ਆਗੂ ਨੇ ਕਿਹਾ ਕਿ ਬਾਦਲ ਨੂੰ ਨਸ਼ਿਆ ਨਾਲ ਉਜੜ ਚੁੱਕੇ ਪਰਿਵਾਰਾਂ ਦੀ ਅਸਲ ਹਾਲਤ ਵੇਖਣ ਲਈ ਅੰਮ੍ਰਿਤਸਰ ਦੇ ਮਕਬੂਲਪੁਰਾ ਅਤੇ ਗੁਰਦਾਸਪੁਰ ਦੇ ਸੁਰ ਸਿੰਘ ਪਿੰਡ ਦਾ ਦੌਰਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਲੱਖਾਂ ਹੀ ਘਰ ਨਸ਼ੇ ਕਾਰਨ ਉਜੜ ਚੁੱਕੇ ਹਨ।

ਸੰਗਰੂਰ ਦੇ ਸਾਂਸਦ ਨੇ ਅੱਗੇ ਕਿਹਾ ਕਿ “ਆਪ’ ਦੇ ਕੇਂਦਰੀ ਨੇਤਾ ਜਦੋਂ ਪੰਜਾਬ ਦੌਰੇ ਤੇ ਆਏ ਸਨ ਤਾਂ ਉਹਨਾਂ ਨੇ ਮਜੀਠੀਏ ਨੂੰ ਨਸ਼ਿਆ ਦਾ ਸਰਗਨਾ ਕਿਹਾ ਸੀ ਪਰੰਤੂ ਮੈਂ ਤਾਂ ਸਮੂਹ ਪੰਜਾਬੀਆਂ ਦੇ ਨਾਲ ਹਰ ਰੋਜ ਮਜੀਠੀਏ ਨੂੰ ਪੰਜਾਬ ਵਿਚ ਚਲ ਰਹੇ ਨਸ਼ੇ ਦੇ ਧੰਦੇ ਦਾ ਸੌਦਾਗਰ ਕਹਿੰਦਾ ਹਾਂ, ਉਹ ਮੇਰੇ ਅਤੇ ਸਾਰੇ ਪੰਜਾਬ ਖਿਲਾਫ ਮਾਨਹਾਨੀ ਦਾ ਮੁੱਕਦਮਾ ਕਿਉਂ ਦਰਜ ਨਹੀਂ ਕਰਦਾ ?

ਬਾਦਲ ਉਤੇ ਦੋਹਰੇ ਮਾਪਦੰਡ ਅਪਨਾਉਣ ਦਾ ਇਲਜ਼ਾਮ ਲਗਾਉਂਦਿਆ ‘ਆਪ’ ਨੇਤਾ ਨੇ ਕਿਹਾ ਕਿ ਨਸ਼ਿਆ ਦੇ ਧੰਦੇ ਵਿਚ ਈਡੀ ਵੱਲੋਂ ਕੈਬਨਟ ਮੰਤਰੀ ਸਰਵਨ ਸਿੰਘ ਫਿਲੌਰ ਦਾ ਨਾਂ ਲਏ ਜਾਣ ਤੋਂ ਬਾਅਦ ਮੁਖ ਮੰਤਰੀ ਬਾਦਲ ਨੇ ਉਸਨੂੰ ਮੰਤਰੀ ਮੰਡਲ ‘ਚੋਂ ਛੇਕ ਦਿੱਤਾ ਸੀ ਪਰੰਤੂ ਮਜੀਠੀਏ ਦਾ ਨਾਂ ਈਡੀ ਦੀ ਰਿਪੋਰਟ ਵਿਚ ਆਉਣ ਤੋਂ ਬਾਅਦ ਵੀ ਬਾਦਲ ਉਸਨੂੰ ਕਲੀਨ ਚਿਟ ਦੇਣ ਵਿਚ ਇਕ ਮਿੰਟ ਤੋਂ ਵੀ ਘੱਟ ਸਮਾਂ ਲਗਾਉਂਦੇ ਹਨ।”

ਮਾਨ ਨੇ ਕਿਹਾ ਕਿ ਮਜੀਠੀਆ ਖਿਲਾਫ ਲੱਗੇ ਨਸ਼ੇ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਥਾਂ ਮੁਖ ਮੰਤਰੀ ਬਾਦਲ ਉਸਦਾ ਬਚਾਅ ਕਰ ਰਿਹਾ ਹੈ ਅਤੇ ਪੰਜਾਬ ਕਾਂਗਰਸ ਮੁਖੀ ਕੈਪਟਨ ਅਮਰਿੰਦਰ ਸਿੰਘ ਵੀ ਹੈਰਾਨੀਜਨਕ ਤਰੀਕੇ ਨਾਲ ਇਸ ਮਾਮਲੇ ਵਿਚ ਸੀਬੀਆਈ ਜਾਂਚ ਦੀ ਲੋੜ ਤੋਂ ਇੰਨਕਾਰ ਕਰ ਰਹੇ ਹਨ। ਮਾਨ ਨੇ ਪੁੱਛਿਆ ਕਿ ਜਦੋਂ ਇਸ ਮਾਮਲੇ ਵਿਚ ਕਿਸੇ ਵਿਅਕਤੀ ਨੂੰ ਕਲੀਨ ਚਿਟ ਦੇਣ ਦਾ ਅਧਿਕਾਰ ਸਿਰਫ ਮਾਣਯੋਗ ਅਦਾਲਤ ਕੋਲ ਹੀ ਹੈ ਤਾਂ ਬਾਦਲ ਕਿਹੜੇ ਹੱਕ ਨਾਲ ਮਜੀਠੀਏ ਨੂੰ ਪਾਕ ਸਾਫ ਕਹਿ ਰਿਹਾ ਹੈ?

ਮਾਨ ਨੇ ਕਿਹਾ ਕਿ ਨਸ਼ੇ ਦੇ ਧੰਦੇ ਵਿਚ ਮਜੀਠੀਏ ਖਿਲਾਫ ਦੋਸ਼ ਅਸੀ ਨਹੀਂ ਬਲਕਿ ਮਜੀਠੀਏ ਦੇ ਸਾਥੀ ਮਨਿੰਦਰ ਸਿੰਘ ਔਲਖ, ਜਗਜੀਤ ਸਿੰਘ ਚਾਹਲ ਅਤੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਲਗਾਏ ਹਨ । ਅਰਬਾ ਰੁਪਏ ਦੇ ਨਸ਼ਾ ਦੇ ਕਾਰੋਬਾਰ ਵਿਚ ਫੜੇ ਇਹਨਾਂ ਮੁਲਜ਼ਿਮਾ ਨੇ ਈਡੀ ਦੀ ਪੁੱਛਗਿਛ ਦੌਰਾਨ ਮਜੀਠੀਏ ਦਾ ਨਾਂ ਉਹਨਾਂ ਦੇ ਮੁੱਖੀ ਵਜੋਂ ਨਸ਼ਰ ਕੀਤਾ ਸੀ।

ਮਾਨ ਨੇ ਨਸ਼ੇ ਦੇ ਕੇਸ ਵਿਚ ਮਜੀਠੀਏ ਦੀ ਸ਼ਮੂਲੀਅਤ ਸੰਬੰਧੀ ਜਰੂਰੀ ਸਬੂਤ ਹੋਣ ਦਾ ਦਾਅਵਾ ਕਰਦਿਆ ਕਿਹਾ ਕਿ ਸਹੀ ਸਮਾਂ ਆਉਣ ‘ਤੇ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਬਿਕਰਮ ਮਜੀਠੀਆ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦਾ ਹੈ ਤੇ ਉਸ ਨੇ ਆਪ ਨੇ ਕਈ ਆਗੂਆਂ ਵਿਰੁਧ ਅਜਿਹੇ ਬਿਆਨਾਂ ਕਰਕੇ ਮਾਨਹਾਨੀ ਦੇ ਕੇਸ ਵੀ ਦਰਜ਼ ਕਰਵਾਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,