March 30, 2016 | By ਸਿੱਖ ਸਿਆਸਤ ਬਿਊਰੋ
ਐਸ.ਬੀ.ਐਸ ਨਗਰ/ਬੰਗਾ: “ਗੁਰਾਂ ਦੇ ਨਾਂ ਤੇ ਵਸਦੇ ਪੰਜਾਬ” ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਝੰਡੇਰ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਅਫਸੋਸਨਾਕ ਘਟਨਾ ਸਾਹਮਣੇ ਆਈ ਹੈ।ਜਿਕਰਯੋਗ ਹੈ ਕਿ ਪਿੰਡ ਝੰਡੇਰ ਕਲਾਂ ਦੇ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਦੇ ਝਗੜੇ ਕਾਰਨ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਅਦਾਲਤ ਦੇ ਹੁਕਮਾਂ ਨਾਲ ਸਰਕਾਰ ਦੇ ਸਪੁਰਦ ਕੀਤਾ ਗਿਆ ਸੀ ਜਿਸ ਦੀ ਜਿੰਮੇਵਾਰੀ ਨਵਾਂਸ਼ਹਿਰ ਦੇ ਤਹਿਸੀਲਦਾਰ ਦੀ ਹੈ।
ਪਿੰਡ ਝੰਡੇਰ ਕਲਾਂ ਦੇ ਇਸ ਗੁਰਦੁਆਰਾ ਸਾਹਿਬ ਸ਼ਹੀਦਾਂ ਬਾਬਾ ਸੇਲ ਬਰਾਹ ਵਿੱਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਰੂਪ ਦੇ ਅੰਗ (1137) ਨੂੰ ਪਾੜ ਕੇ ਉਸ ਦੇ ਟੁਕੜੇ ਕਰ ਪਿੰਡ ਦੀਆਂ ਗਲੀਆਂ ਵਿੱਚ ਸੁੱਟਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇਸ ਘਟਨਾ ਬਾਰੇ ਪਿੰਡ ਦੇ ਲੋਕਾਂ ਨੂੰ ਬੀਤੇ ਕੱਲ੍ਹ ਸ਼ਾਮ ਵੇਲੇ ਪਤਾ ਲੱਗਾ।
ਸਿੱਖ ਸਿਆਸਤ ਵੱਲੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਹ ਗੁਰਦੁਆਰਾ ਸਾਹਿਬ ਅਦਾਲਤੀ ਹੁਕਮਾਂ ਅਨੁਸਾਰ ਨਵਾਂਸ਼ਹਿਰ ਦੇ ਤਹਿਸੀਲਦਾਰ ਦੇ ਪ੍ਰਬੰਧ ਅਧੀਨ ਸੀ ਪਰ ਉਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ। ਸੰਗਤਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਪੱਕਾ ਸੇਵਾਦਾਰ ਨਹੀਂ ਸੀ।
ਬੇਅਦਬ ਕੀਤੇ ਗਏ ਗੁਰੂ ਪਾਤਸ਼ਾਹ ਦੇ ਸਰੂਪ ਦਾ ਆਖਰੀ ਵਾਰ ਪ੍ਰਕਾਸ਼ 26 ਮਾਰਚ ਵਾਲੇ ਦਿਨ ਕੀਤਾ ਗਿਆ ਸੀ।
ਉੱਚ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ, ਜਿਨ੍ਹਾਂ ਵਿੱਚ ਐਸ.ਐਸ.ਪੀ (ਸ਼ਹੀਦ ਭਗਤ ਸਿੰਘ ਨਗਰ), ਡੀ.ਐਸ.ਪੀ ਅਤੇ ਐਸ.ਡੀ.ਐਮ ਸ਼ਾਮਿਲ ਸਨ ਨੇ ਗੁਰਦੁਆਰਾ ਸਾਹਿਬ ਦਾ ਦੌਰਾ ਕੀਤਾ ਤੇ ਸੰਗਤਾਂ ਨੂੰ ਯਕੀਨ ਦਵਾਇਆ ਕਿ ਮਾਮਲੇ ਦੀ ਜਾਂਚ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ, ਜਿਨ੍ਹਾਂ ਦੇ ਚੋਣ ਹਲਕੇ ਵਿੱਚ ਇਹ ਘਟਨਾ ਵਾਪਰੀ ਹੈ, ਉਨ੍ਹਾਂ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਕਿਹਾ ਕਿ ਪਿੰਡ ਝੰਡੇਰ ਕਲਾਂ ਦੀ ਸਿੱਖ ਸੰਗਤ ਵੱਲੋਂ ਬੇਅਦਬੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।
ਸਿੱਖ ਨੌਜਵਾਨ ਆਗੂ ਭਾਈ ਮਨਧੀਰ ਸਿੰਘ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਗੱਲ ਤੇ ਜੋਰ ਦਿੱਤਾ ਜਾ ਰਿਹਾ ਸੀ ਕਿ ਐਫ.ਆਈ.ਆਰ ਅਦਾਲਤ ਵੱਲੋਂ ਚੁਣੇ ਗਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ (ਤਹਿਸੀਲਦਾਰ) ਦੀ ਸ਼ਕਾਇਤ ਤੇ ਦਰਜ ਕੀਤੀ ਜਾਵੇ, ਜਿਸ ਦਾ ਪਿੰਡ ਦੀਆਂ ਸੰਗਤਾਂ ਨੇ ਵਿਰੋਧ ਕੀਤਾ ਤੇ ਸੰਗਤ ਵੱਲੋਂ ਐਫ.ਆਈ.ਆਰ ਦਰਜ ਕਰਵਾਈ ਗਈ। ਸਿੱਖ ਸੰਗਤ ਦਾ ਕਹਿਣਾ ਹੈ ਕਿ ਇਸ ਬੇਅਦਬੀ ਦਾ ਕਸੂਰਵਾਰ ਤਹਿਸੀਲਦਾਰ ਵੀ ਹੈ ਕਿਉਂਕਿ ਉਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਆਪਣੀ ਜਿੰਮੇਵਾਰੀ ਨੂੰ ਸਹੀ ਢੰਗ ਨਾਲ ਨਹੀਂ ਨਿਭਾਇਆ।
ਪੁਲਿਸ ਚੌਂਕੀ ਬਹਿਰਾਮ ਦੇ ਇੰਚਾਰਜ ਇੰਸਪੈਕਟਰ ਅਵਤਾਰ ਸਿੰਘ ਨੇ ਸਿੱਖ ਸਿਆਸਤ ਨਾਲ ਫੋਨ ਤੇ ਗੱਲ ਕਰਦਿਆਂ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਆਈ.ਪੀ.ਸੀ ਦੀ ਧਾਰਾ 295-ਏ ਦੇ ਤਹਿਤ ਐਫ.ਆਈ.ਆਰ (ਨੰਬਰ. 12/2016) ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ. ਸੁਖਦੇਵ ਸਿੰਘ ਭੌਰ ਨੇ ਦੱਸਿਆ ਕਿ ਬੇਅਦਬ ਕੀਤੇ ਗਏ ਗੁਰੂ ਪਾਤਸ਼ਾਹ ਦੇ ਸਰੂਪ ਨੂੰ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ ਵਿਖੇ ਲਿਆਂਦਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਗੁਰੂ ਪਾਤਸ਼ਾਹ ਦੇ ਸਰੂਪ ਨੂੰ ਸਬੂਤ ਵਜੋਂ ਸੌਂਪਣ ਤੇ ਜੋਰ ਦਿੱਤਾ ਜਾ ਰਿਹਾ ਸੀ ਪਰ ਸਿੱਖ ਸੰਗਤ ਨੇ ਪੁਲਿਸ ਦੀ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਤੇ ਸਰੂਪ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ ਵਿਖੇ ਲਿਆਂਦਾ ਗਿਆ।ਪਿੰਡ ਝੰਡੇਰ ਕਲਾਂ ਵਿੱਚ ਹੁਣ ਦੋ ਸੇਵਾਦਾਰ ਗੁਰਦੁਆਰਾ ਸਾਹਿਬ ਵਿੱਚ ਲਗਾਏ ਗਏ ਹਨ।
ਸ. ਭੌਰ ਨੇ ਦੱਸਿਆ ਕਿ ਗੁਰੂ ਪਾਤਸ਼ਾਹ ਦੇ ਜਿਸ ਅੰਗ ਨੂੰ ਪਾੜਿਆ ਗਿਆ ਸੀ ਉਹ ਪੁਲਿਸ ਕੋਲ ਹੈ।
ਭਾਈ ਮਨਧੀਰ ਸਿੰਘ ਨੇ ਕਿਹਾ ਕਿ ਸਿੱਖ ਸੰਗਤ ਵੱਲੋਂ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਪ੍ਰਸ਼ਾਸਨ ਨੂੰ ਅਗਲੇ ਬੁੱਧਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੇਅਦਬੀ ਦੇ ਪਛਤਾਵੇ ਵਜੋਂ ਪਿੰਡ ਝੰਡੇਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੋਮਵਾਰ ਤੋਂ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ ਬੁੱਧਵਾਰ ਨੂੰ ਪਾਏ ਜਾਣਗੇ।ਜੇ ਪ੍ਰਸ਼ਾਸਨ ਬੁੱਧਵਾਰ ਤੱਕ ਦੋਸ਼ੀਆਂ ਨੂੰ ਫੜਨ ਵਿੱਚ ਨਾਕਮਯਾਬ ਰਿਹਾ ਤਾਂ ਸਿੱਖ ਸੰਗਤਾਂ ਵੱਲੋਂ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
Related Topics: Beadbi Incidents in Punjab, Bhai Mandhir Singh, Sukhdev SIngh Bhaur