September 29, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚਗਰਾਂ ਨੇੜੇ ਪੈਂਦੇ ਪਿੰਡ ਬੱਸੀ ਦਾਊਦ ਖਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਅਨਸਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਫਿਆਂ ‘ਤੇ ਸਿੰਧੂਰ ਸੁੱਟਿਆ, ਲਾਲ ਪੈਨ ਅਤੇ ਲਿਪਸਟਿਕ ਨਾਲ ਨਿਸ਼ਾਨ ਲਾ ਦਿੱਤੇ। ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਸ਼੍ਰੋਮਣੀ ਕਮੇਟੀ ਨੇ ਬੀੜ ਨੂੰ ਗੋਇੰਦਵਾਲ ਭੇਜ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਹੋਈ ਇਸ ਘਟਨਾ ‘ਚ ਸ਼੍ਰੋਮਣੀ ਕਮੇਟੀ ਨੇ ਕੋਸ਼ਿਸ਼ ਕੀਤੀ ਕਿ ਘਟਨਾ ਬਾਰੇ ਕਿਸੇ ਨੂੰ ਕੁਝ ਪਤਾ ਨਾ ਲੱਗੇ। ਸ਼੍ਰੋਮਣੀ ਅਕਾਲੀ ਦਲ ਦੇ ਇਕ ਆਗੂ ਨੇ ਇਸ ਘਟਨਾ ਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੂੰ ਦਿੱਤੀ, ਫੇਰ ਰਾਠਾਂ ਦੇ ਨਾਂ ਇਕ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
ਪਿੰਡ ਦੀ ਸਰਪੰਚ ਗੁਰਦੀਪ ਕੌਰ ਮੁਤਾਬਕ ਗੁਰਦੁਆਰੇ ‘ਚ ਕੋਈ ਪੱਕਾ ਸੇਵਾਦਾਰ ਨਹੀਂ ਹੈ ਅਤੇ ਸੰਗਤ ਖੁਦ ਹੀ ਸੇਵਾ ਕਰਦੀ ਹੈ।
ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਸਤਨਾਮ ਸਿੰਘ ਵਾਸੀ ਛਾਉਣੀ ਕਲਾਂ ਨੇ ਦੱਸਿਆ ਕਿ 27 ਸਤੰਬਰ ਤੜਕਸਾਰ ਪਿੰਡ ਦੇ ਹੀ ਇਕ ਬੰਦੇ ਵਲੋਂ ਪ੍ਰਕਾਸ਼ ਕੀਤਾ ਗਿਆ ਅਤੇ ਸੇਵਾ ਮਗਰੋਂ ਉਹ ਘਰ ਚਲਾ ਗਿਆ। ਸਤਨਾਮ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਲਗਭਗ ਛੇ ਵਜੇ ਜਦੋਂ ਉਹ ਗੁਰਦੁਆਰਾ ਸਾਹਿਬ ਆ ਕੇ ਮੁੱਖ ਵਾਕ ਲੈਣ ਲੱਗਾ ਤਾਂ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਸਫਿਆਂ ‘ਤੇ ਲਾਲ ਰੰਗ ਨਾਲ ਬਣਾਏ ਗਏ ਨਿਸ਼ਾਨ ਦੇਖੇ ਤਾਂ ਉਹ ਹੈਰਾਨ ਰਹਿ ਗਏ। ਨੌਂ ਦੇ ਕਰੀਬ ਪੰਨਿਆਂ ‘ਤੇ ਕਰਾਸ ਦੇ ਨਿਸ਼ਾਨ ਡੱਬੇਨੁਮਾ ਅਕਾਰ ਵਿਚ ਬਣਾਏ ਗਏ ਸਨ। ਇਸ ਘਟਨਾ ਸਬੰਧੀ ਜਦੋਂ ਪਿੰਡ ਵਾਸੀਆਂ ਤੇ ਨੇੜੇ-ਤੇੜੇ ਦੇ ਪਿੰਡਾਂ ਨੂੰ ਪਤਾ ਲੱਗਾ ਤਾਂ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਵਿਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ।
Related Topics: Beadbi Cases, Beadbi Incidents in Punjab