December 11, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲਾਉਣ ਵਾਲੇ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਹੈ ਕਿ “ਇਨਸਾਫ ਮੋਰਚੇ ਦਾ ਪਹਿਲਾ ਪੜਾਅ ਬਰਗਾੜੀ ਦਾਣਾ ਮੰਡੀ ਵਿਖੇ ਸੀ ਤੇ ਹੁਣ ਉਹ ਮੰਗਾਂ ਮੰਨਵਾਉਣ ਲਈ ਉਹ ਪਿੰਡ ਪੱਧਰ ਤੀਕ ਪੁੱਜ ਕੇ ਇੱਕ ਮਜਬੂਤ ਲਹਿਰ ਸਿਰਜਣਗੇ। ਉਨ੍ਹਾਂ ਕਿਹਾ ਕਿ “ਜਿਹੜੀਆਂ ਸਿੱਖ ਸਿਆਸੀ ਪਾਰਟੀਆਂ ਨੇ 25 ਨਵੰਬਰ 2018 ਨੂੰ ਕੌਮ ਦੇ ਵਡੇਰੇ ਹਿੱਤਾਂ ਤਹਿਤ ਆਪਣੇ ਢਾਂਚੇ ਭੰਗ ਕੀਤੇ ਸਨ, ਉਨ੍ਹਾਂ ਨੂੰ ਇੱਕਜੁਟ ਕਰਕੇ ਛੇਤੀ ਹੀ ਇੱਕ ਮਜਬੂਤ ਅਕਾਲੀ ਦਲ ਦਾ ਗਠਨ ਕੀਤਾ ਜਾਵੇਗਾ”।
9 ਤਰੀਕ ਨੂੰ ਬਰਗਾੜੀ ਇਨਸਾਫ ਮੋਰਚੇ ਦੀ ਅਰਦਾਸ ਕਰਨ ਉਪਰੰਤ ਭਾਈ ਧਿਆਨ ਸਿੰਘ ਮੰਡ ਅੱਜ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਪੁੱਜੇ ਸਨ। ਪਰ 192ਵੇਂ ਦਿਨ ਬਰਗਾੜੀ ਇਨਸਾਫ ਮੋਰਚੇ ਵਿੱਚ ਭਾਈ ਮੰਡ ਨਾਲ ਉਨ੍ਹਾਂ ਵਲੋਂ ਰੱਖੀਆਂ ਮੰਗਾਂ ਮਨਵਾਉਣ ਦੇ ਦਾਅਵੇ ਕਰਨ ਵਾਲੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਅਮਰੀਕ ਸਿੰਘ ਅਜਨਾਲਾ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਆਏ। ਭਾਈ ਧਿਆਨ ਸਿੰਘ ਮੰਡ ਦੀ ਆਮਦ ਨੂੰ ਵੇਖਦਿਆਂ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੇ ਵੱਡੀ ਪੱਧਰ ਤੇ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਧਿਆਨ ਸਿੰਘ ਮੰਡ ਨੇ ਦੱਸਿਆ ਕਿ “ਬਰਗਾੜੀ ਇਨਸਾਫ ਮੋਰਚੇ ਦਾ ਪਹਿਲਾ ਪੜਾਅ ਖਤਮ ਹੋ ਗਿਆ ਹੈ ।”
ਉਨ੍ਹਾਂ ਬਰਗਾੜੀ ਇਨਸਾਫ ਮੋਰਚੇ ਦਾ ਸਾਥ ਦੇਣ ਵਾਲੀਆਂ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ “ਸਿੱਖ ਕੌਮ ਨੇ ਉਨ੍ਹਾਂ ਵਲੋਂ ਦਿੱਤੇ ਸੱਦੇ ਉੱਤੇ ਜੋ ਸਹਿਯੋਗ ਦਿੱਤਾ ਹੈ ਉਸੇ ਕਰਕੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰੀ ਕਾਰਵਾਈ ਨੇ ਜੋਰ ਫੜਿਆ ਹੈ”।
ਇਹ ਪੁੱਛੇ ਜਾਣ ‘ਤੇ ਕਿ ਜਿਹੜੀਆਂ ਸਿੱਖ ਸਿਆਸੀ ਪਾਰਟੀਆਂ ਨੇ ਤੁਹਾਡੇ ਸੱਦੇ ਤੇ ਬਰਗਾੜੀ ਵਿਖੇ 25 ਨਵੰਬਰ ਨੂੰ ਆਪਣੇ ਦਲ ਭੰਗ ਕਰ ਦਿੱਤੇ ਸਨ ਉਨ੍ਹਾਂ ਦਾ ਕੀ ਭਵਿੱਖ ਹੈ ਤਾਂ ਭਾਈ ਮੰਡ ਨੇ ਕਿਹਾ ਕਿ “ਉਡੀਕ ਕਰੋ ਛੇਤੀ ਹੀ ਇੱਕ ਮਜਬੂਤ ਅਕਾਲੀ ਦਲ ਕੌਮ ਦੀ ਸੇਵਾ ਵਿੱਚ ਹਾਜਰ ਹੋਵੇਗਾ ਜੋ ਕੌਮ ਦੀਆਂ ਖਾਹਿਸ਼ਾਂ ਤੇ ਪੂਰਾ ਉਤਰਨ ਲਈ ਯਤਨਸ਼ੀਲ ਤੇ ਸੰਘਰਸ਼ੀਲ ਹੋਵੇਗਾ।
ਇਹ ਪੁੱਛੇ ਜਾਣ ਉੱਤੇ ਕਿ ਬਰਗਾੜੀ ਇਨਸਾਫ ਮੋਰਚੇ ਨੂੰ ਅੱਧ ਵਿਚਾਲੇ ਛੱਡ ਜਾਣ ਨਾਲ ਤੁਸੀਂ ਲੀਹੋਂ ਲੱਥੇ ਬਾਦਲ ਦਲ ਨੂੰ ਮਜਬੂਤ ਨਹੀ ਕਰ ਦਿੱਤਾ? ਤਾਂ ਜਥੇਦਾਰ ਮੰਡ ਨੇ ਕਿਹਾ “ਕਿ ਬਾਦਲ ਦਲ ਦੀਆਂ ਜੜ੍ਹਾਂ ਤਾਂ ਬਰਗਾੜੀ ਮੋਰਚੇ ਨੇ ਜਮੀਨ ‘ਚੋਂ ਪੱਟ ਕੇ ਉੱਪਰ ਕਰ ਦਿੱਤੀਆਂ ਹਨ”
ਇਸ ਮੌਕੇ ਉਨ੍ਹਾਂ ਨਾਲ ਭਾਈ ਮੋਹਕਮ ਸਿੰਘ, ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ, ਪਰਮਜੀਤ ਸਿੰਘ ਜਿਜੇਆਣੀ, ਗੁਰਸੇਵਕ ਸਿੰਘ ਹਰਪਾਲਪੁਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਕਾਲਾ, ਬਲਵੰਤ ਸਿੰਘ ਗੋਪਾਲਾ, ਅਮਰੀਕ ਸਿੰਘ ਨੰਗਲ, ਜਗਦੀਪ ਸਿੰਘ ਭੁੱਲਰ, ਗੁਰਮੁਖ ਸਿੰਘ ਬਰਗਾੜੀ ਸਮੇਤ ਵੱਡੀ ਗਿਣਤੀ ਸੰਗਤਾਂ ਹਾਜਰ ਸਨ।
ਉਧਰ ਜਿਉਂ ਹੀ ਜਥੇਦਾਰ ਮੰਡ ਤੇ ਸਾਥੀਆਂ ਨੇ ਸਚਖੰਡ ਵਿਖੇ ਮੱਥਾ ਟੇਕਣ ਉਪਰੰਤ ਰਾਗੀ ਸਿੰਘਾਂ ਦੇ ਪਿਛਲੇ ਪਾਸੇ ਬੈਠ ਕੇ ਕੀਰਤਨ ਸਰਵਣ ਕਰਨ ਦੀ ਇੱਛਾ ਪ੍ਰਗਟਾਈ ਤਾਂ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸਾਫ ਨਾਂਹ ਕਰ ਦਿੱਤੀ।
ਇਸਤੋਂ ਪਹਿਲਾਂ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼ਹੀਦੀ ਯਾਦਗਾਰ ਵਿਖੇ ਮੱਥਾ ਟਕਣ ਉਪਰੰਤ ਭਾਈ ਧਿਆਨ ਸਿੰਘ ਮੰਡ ਨੇ ਖੁਦ ਸ਼ੁਕਰਾਨੇ ਦੀ ਅਰਦਾਸ ਕੀਤੀ। ਉਨ੍ਹਾਂ ਲੰਗਰ ਗੁਰੂ ਰਾਮਦਾਸ ਵਿਖੇ ਕੁਝ ਸਮੇਂ ਲਈ ਭਾਂਡੇ ਮਾਂਜਣ ਦੀ ਸੇਵਾ ਵੀ ਕੀਤੀ।
Related Topics: Badal Dal, Bargari Insaaf Morcha 2018, Bargari Police Firing, Beadbi Incidents in Punjab, Bhai Dhian Singh Mand, Sikh Political Prisoners