October 14, 2018 | By ਸਿੱਖ ਸਿਆਸਤ ਬਿਊਰੋ
ਬਰਗਾੜੀ : ਅੱਜ ਦੇ ਦਿਨ ਹੀ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਬਰਗਾੜੀ ਵਿਖੇ ਸ਼ਾਂਤਮਈ ਰੂਪ ਵਿੱਚ ਧਰਨੇ ਉੱਤੇ ਬੈਠੀ ਸੰਗਤ ਉੱਤੇ ਪੁਲਸ ਨੇ ਗੋਲੀਬਾਰੀ ਕਰਕੇ ਭਾਈ ਕ੍ਰਿਸ਼ਨਭਗਵਾਨ ਸਿੰਘ ਅਤੇ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ। ਇਸ ਸਾਕੇ ਨੂੰ ਵਾਪਰਿਆਂ ਅੱਜ ਤਿੰਨ ਸਾਲ ਬੀਤ ਜਾਣ ਉੱਤੇ ਵੀ ਕਾਤਲਾਂ ਨੂੰ ਸਜਾਵਾਂ ਨਹੀਂ ਹੋਈਆਂ ।
2015 ਵਿੱਚ ਪਿੰਡ ਚੱਬਾ ਨੇੜੇ ਤਰਨ ਤਾਰਨ ਵਿਖੇ ਹੋਏ ਪੰਥਕ ਇਕੱਠ ਦੇ ਪ੍ਰਬੰਧਕਾਂ ਵੱਲੋਂ ਐਲਾਨੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸਿੱਖ ਜਥੇਬੰਦੀਆਂ ਵਲੋਂ ਜਿਨ੍ਹਾ ਤਿੰਨ ਮੰਗਾਂ ਨੂੰ ਲੈ ਕੇ 1 ਜੂਨ ਤੋਂ ਬਰਗਾੜੀ ਵਿਖੇ ਮੋਰਚਾ ਸ਼ੁਰੂ ਕੀਤਾ ਗਿਆ ਹੈ, ਉਹਨਾਂ ਮੰਗਾਂ ਵਿੱਚ ਇੱਕ ਮੰਗ ਇਹ ਵੀ ਹੈ ਕਿ ਦੋਹਾਂ ਸਿੰਘਾਂ ਦੇ ਕਾਤਲ ਪੁਲਸੀਆਂ ਅਤੇ ਸੰਬੰਧਿਤ ਜਿੰਮੇਵਾਰ ਬੰਦਿਆਂ ਨੂੰ ਸਜਾਵਾਂ ਦਿੱਤੀਆਂ ਜਾਣ ।
ਅੱਜ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦੂਰੋਂ ਨੇੜਿੳੋਂ ਬਰਗਾੜੀ ਗੋਲੀਕਾਂਡ ਦੇ ਸ਼ਹੀਦਾਂ ਨੂੰ ਸੱਜਦਾ ਕਰਨ ਦੇ ਨਾਲ-ਨਾਲ ਸਰਕਾਰ ਵਲੋਂ ਕੀਤੀ ਗਈ ਬੇਇਨਸਾਫੀ ਪ੍ਰਤੀ ਆਪਣੇ ਰੋਸ ਦਾ ਪ੍ਰਗਟਾਅ ਕਰਨ ਲਈ ਪੂਰੇ ਜੋਸ਼ ਨਾਲ ਪਹੁੰਚੀਆਂ । ਪੰਜਾਬ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਆਗੂਆਂ-ਸੁਖਪਾਲ ਖਹਿਰਾ, ਭਗਵੰਤ ਮਾਨ, ਬੀਬੀ ਬਲਜਿੰਦਰ ਕੌਰ, ਹਰਪਾਲ ਸਿੰਘ ਚੀਮਾ ਸਮੇਤ ਸਾਬਕਾ ਵਿਧਾਨ ਸਭਾ ਸਪੀਕਰ ਬੀਰਦਵਿੰਦਰ ਸਿੰਘ, ਸਾਬਕਾ ਲੋਕਸਭਾ ਮੈੰਬਰ ਜਗਮੀਤ ਬਰਾੜ, ਸੁੱਚਾ ਸਿੰਘ ਛੋਟੇਪੁਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ, ਯੁਨਾਈਟਡ ਅਕਾਲੀ ਦਲ ਦੇ ਪ੍ਰਧਾਨ ਮੋਹਕਮ ਸਿੰਘ, ਦਲ ਖਾਲਸਾ ਦੇ ਆਗੂ ਭਾਈ ਹਰਪਾਲ ਸਿੰਘ ਚੀਮਾ, ਭਾਈ ਕੰਵਰਪਾਲ ਸਿੰਘ ਬਿੱਟੂ ਵੀ ਸੰਗਤਾਂ ਦੇ ਸਨਮੁੱਖ ਆਪਣੇ ਵਿਚਾਰ ਰੱਖਣ ਲਈ ਸਮਾਗਮ ਵਿੱਚ ਹਾਜਰ ਹੋਏ ।
ਇਸ ਮੌਕੇ ਸਮੂਹ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸਿੱਖ ਅਜਾਦੀ ਲਈ ਯਤਨਸ਼ੀਲ਼ ਰਹਿਣ ਪ੍ਰਤੀ ਵੱਚਨਬੱਧਤਾ ਦਾ ਪ੍ਰਗਟਾਅ ਕੀਤਾ । ਆਪਣੀ ਤਕਰੀਰ ਦੇ ਅੰਤ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸਮੂਹ ਲੀਡਰਸ਼ਿਪ ਕੋਲੋਂ ਬਾਹਵਾਂ ਖੜ੍ਹੀਆਂ ਕਰਵਾ ਕੇ ਏਕੇ ਦਾ ਸੁਨੇਹਾ ਦਿੱਤਾ । ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਛੇਤੀ ਤੋਂ ਛੇਤੀ ਕਾਤਲਾਂ ਨੂੰ ਸਜਾਵਾਂ ਨਾ ਦਿੱਤੀਆਂ ਤਾਂ ਮੋਰਚੇ ਨੂੰ ਹੋਰ ਮਜਬੂਤ ਕਰਕੇ ਸਰਕਾਰ ਨੂੰ ਨਿਆਂ ਦੇਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
Related Topics: Aam Aadmi Party, Babu Baljit Singh Daduwal, Bhai Dhian Singh Mand, Bhai Harpal Singh Cheema (Dal Khalsa), Bhai Kanwarpal Singh, Bir Devinder Singh, Congress Government in Punjab 2017-2022, Harpal Singh Cheema (Aam Aadmi Party), Incident of Beadbi of Guru Granth Shaib at Bargar Village, Jagmeet Singh Brar, Prof. Baljinde Kaur, Simranjit Singh Maan, Sukhpal SIngh Khaira