ਸਿੱਖ ਖਬਰਾਂ

ਬਾਪੂ ਸੁਰਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ, ਪੁੱਤਰ ਤੇ ਪਰਚਾ ਕੀਤਾ ਦਰਜ਼

February 27, 2015 | By

ਲੁਧਿਆਣਾ (26 ਫਰਵਰੀ, 2015): ਬੰਦੀ ਸਿੰਘਾਂ ਦੀ ਰਿਾਹਈ ਲਈ ਪਿੱਛਲੇ 42 ਦਿਨਾਂ ਤੋਂ ਭੁੱਖ ਹੜਤਾਲ ‘ਤੇ ਚੱਲ ਰਹੇ ਅਤੇ ਪੁਲਿਸ ਵੱਲੋਂ ਜਬਰਦਸਤੀ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਕਰਵਾਏ ਗਏ ਬਾਪੂ ਸੁਰਤ ਸਿੰਘ, ਉਨ੍ਹਾਂ ਦੇ ਸਪੁੱਤਰ ਰਵਿੰਦ ਰਪਾਲ ਸਿੰਘ ਅਤੇ ਬਠਿੰਡਾ ਤੋਂ ਬਾਪੂ ਸੁਰਤ ਸਿੰਘ ਦੇ ਸਮਰਥਕ ਅਤੇ ਐਕਸ਼ਨ ਕਮੇਟੀ ਦੇ ਕੋਆਰਡੀਨੇਟਰ ਗੁਰਦੀਪ ਸਿੰਘ ਬਠਿੰਡਾ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ।

ਬਾਪੂ ਸੂਰਤ ਸਿੰਘ ਖਾਲਸਾ 16 ਜਨਵਰੀ, 2015 ਤੋਂ ਲਗਾਤਾਰ ਭੁੱਖ ਹੜਤਾਲ ਉੱਤੇ ਹੈ

ਬਾਪੂ ਸੂਰਤ ਸਿੰਘ ਖਾਲਸਾ 16 ਜਨਵਰੀ, 2015 ਤੋਂ ਲਗਾਤਾਰ ਭੁੱਖ ਹੜਤਾਲ ਉੱਤੇ ਹੈ

ਅੱਜ ਸਵੇਰ ਤੋਂ ਹੀ ਸਿਵਲ ਹਸਪਤਾਲ ਜਿਥੇ ਬਾਪੂ ਸੂਰਤ ਸਿੰਘ ਖਾਲਸਾ ਪਿਛਲੇ ਕੁਝ ਸਮੇਂ ਤੋਂ ਦਾਖਲ ਹਨ ਨੂੰ ਪੁਲਿਸ ਨੇ ਛਾਉਣੀ ‘ਚ ਤਬਦੀਲ ਕੀਤਾ ਹੋਇਆ ਸੀ। ਪੁਲਿਸ ਵੱਲੋਂ ਕਾਰਵਾਈ ਤੋਂ ਪਹਿਲਾਂ ਸਿਵਲ ਹਸਪਤਾਲ ‘ਚ ਚੱਪੇ ਚੱਪੇ ‘ਤੇ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਸਨ।

ਦੇਰ ਸ਼ਾਮ 6 ਵਜੇ ਦੇ ਕਰੀਬ ਏ.ਡੀ. ਸੀ. ਪੀ. ਸ. ਮੁਖਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਪੁਲਿਸ ਅਮਲਾ ਭਾਰੀ ਫੋਰਸ ਲੈ ਕੇ ਉਸ ਕਮਰੇ ‘ਚ ਆਏ ਤੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਹਿਰਾਸਤ ‘ਚ ਲਿਆ ਅਤੇ ਉਨ੍ਹਾਂ ਦੇ ਸਪੁੱਤਰ ਰਵਿੰਦਰਪਾਲ ਸਿੰਘ ਖਾਲਸਾ ਨੂੰ ਵੀ ਹਿਰਾਸਤ ਵਿਚ ਲੈ  ਥਾਣਾ ਡਿਵੀਜ਼ਨ ਨੰਬਰ 2 ‘ਚ ਲਿਜਾਇਆ ਗਿਆ ਹੈ ਜਿਥੇ ਉਨ੍ਹਾਂ ਖਿਲਾਫ਼ ਅਮਨ ਸ਼ਾਂਤੀ ਭੰਗ ਹੋਣ ਦੇ ਖਦਸ਼ੇ ਤਹਿਤ ਕੇਸ ਦਰਜ ਕੀਤਾ ਹੈ।

ਪੁਲਿਸ ਕਾਰਵਾਈ ਸਮੇਂ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਵੱਲੋਂ ਉਨ੍ਹਾਂ ਦੀ ਖਿੱਚ ਧੂਹ ਕਰਨ ਦੇ ਦੋਸ਼ ਵੀ ਲਗਾਏ ਹਨ। ਪੁਲਿਸ ਅਧਿਕਾਰੀਆਂ ਵੱਲੋਂ ਉਥੇ ਮੌਜੂਦ ਕੁਝ ਹੋਰ ਲੋਕਾਂ ਨੂੰਵੀ ਉੱਥੋਂ ਚਲੇ ਜਾਣ ਲਈ ਕਿਹਾ ਗਿਆ ਸੀ।ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਬਾਪੂ ਖਾਲਸਾ ਦੀ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਪੁਲਿਸ ਵੱਲੋਂ ਇਲਾਜ ਕਰਾਉਣ ਦੇ ਮਕਸਦ ਨਾਲ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।

ਇਸ ਦੌਰਾਨ ਦਲ ਖਾਲਸਾ ਦੇ ਭਾਈ ਕੰਵਰਪਾਲ ਸਿੰਘ ਬਿੱਟੂ ਨੇ ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸਮਰਥਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਪੁਲਿਸ ਵੱਲੋਂ ਬਾਪੂ ਦੇ ਪਰਿਵਾਰਕ ਮੈਂਬਰਾਂ ਦੀ ਖਿੱਚ ਧੂਹ ਕੀਤੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਲੀ ਕਾਰਵਾਈ ਲਈ ਜਲਦ ਹੀ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।