ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਬਾਦਲ ਅਤੇ ਕੈਪਟਨ ਦੋਵਾਂ ਨੇ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨੂੰ ਧੋਖਾ ਦਿੱਤਾ: ਆਮ ਆਦਮੀ ਪਾਰਟੀ ‘ਆਪ’

July 27, 2016 | By

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸਤਲੁਜ ਯਮੁਨਾ ਲਿੰਕ ਨਹਿਰ ਪ੍ਰਾਜੈਕਟ (ਐਸਵਾਈਐਲ) ਦੇ ਮੁੱਦੇ ’ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ੇ ਦੇਣ ਦੀ ਮੰਗ ਕੀਤੀ ਹੈ। ‘ਆਪ’ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐਸਵਾਈਐਲ ਦੇ ਮੁੱਦੇ ਉਪਰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਵਿੱਚੋਂ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਦੀ ਅਰਜ਼ੀ ਵਾਪਸ ਲੈ ਕੇ ਪੰਜਾਬ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਦੇ ਨਾਲ ਹੀ ਮੁੱਖ ਮੰਤਰੀ ਬਾਦਲ ਤੋਂ ਮੰਗ ਕੀਤੀ ਗਈ ਹੈ ਕਿ ਜੇ ਪ੍ਰਧਾਨ ਮੰਤਰੀ ਇਕ ਹਫ਼ਤੇ ਵਿੱਚ ਅਰਜ਼ੀ ਵਾਪਸ ਨਹੀਂ ਲੈਂਦੇ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਆਪਣੀਆਂ ਗ਼ਲਤੀਆਂ ਲਈ ਭੁੱਲ ਬਖਸ਼ਾਉਣੀ ਚਾਹੀਦੀ ਹੈ।

ਐਡਵੋਕੇਟ ਐਸ.ਐਸ. ਫੂਲਕਾ ਅਤੇ ਹਿੰਮਤ ਸਿੰਘ ਸ਼ੇਰਗਿੱਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਐਡਵੋਕੇਟ ਐਸ.ਐਸ. ਫੂਲਕਾ ਅਤੇ ਹਿੰਮਤ ਸਿੰਘ ਸ਼ੇਰਗਿੱਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ

‘ਆਪ’ ਦੇ ਸੀਨੀਅਰ ਆਗੂ ਵਕੀਲ ਐਚ.ਐਸ. ਫੂਲਕਾ, ਕੰਵਰ ਸੰਧੂ ਅਤੇ ਵਕੀਲ ਹਿੰਮਤ ਸਿੰਘ ਸ਼ੇਰਗਿੱਲ ਨੇ ਮੋਦੀ ਨੂੰ ਭੇਜੇ ਪੱਤਰ ਦੀ ਕਾਪੀ ਇਥੇ ਪੱਤਰਕਾਰਾਂ ਨੂੰ ਮੁਹੱਈਆ ਕਰਦਿਆਂ ਦੋਸ਼ ਲਾਇਆ ਕਿ ਐਸਵਾਈਐਲ ਮਨਜ਼ੂਰ ਕਰਨ, ਨਹਿਰ ਦਾ ਟੱਕ ਲਾਉਣ ਅਤੇ ਖੁਦਾਈ ਕਰਨ ਲਈ ਪੂਰੀ ਤਰ੍ਹਾਂ ਬਾਦਲ ਅਤੇ ਕੈਪਟਨ ਦੋਵੇਂ ਜ਼ਿੰਮੇਵਾਰ ਹਨ, ਜੋ ਹੁਣ ਇਸ ਮੁੱਦੇ ਉਪਰ ਕੁਰਬਾਨੀਆਂ ਦੇਣ ਦੇ ਬਿਆਨ ਦਾਗ ਕੇ ਵੋਟਾਂ ਲਈ ਪੰਜਾਬੀਆਂ ਨੂੰ ਗੁੰਮਰਾਹ ਕਰ ਰਹੇ ਹਨ। ਮੋਦੀ ਨੂੰ ਲਿਖੇ ਪੱਤਰ ਵਿੱਚ ਇਨ੍ਹਾਂ ਦੋਵੇਂ ਆਗੂਆਂ ਵੱਲੋਂ ਵੱਖ-ਵੱਖ ਸਮੇਂ ਲਏ ਸਟੈਂਡਾਂ ਦਾ ਜ਼ਿਕਰ ਕੀਤਾ ਗਿਆ ਹੈ। ਐਡਵੋਕੇਟ ਫੂਲਕਾ ਨੇ ਦੱਸਿਆ ਕਿ ਪੱਤਰ ਰਾਹੀਂ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਾਲ 2004 ਵਿੱਚ ਕੈਪਟਨ ਦੀ ਸਰਕਾਰ ਨੇ ਪੰਜਾਬ ਟਰਮੀਨੇਸ਼ਨ ਆਫ਼ ਐਗਰੀਮੈਂਟਸ ਐਕਟ (ਪੀਟੀਏਏ) ਪਾਸ ਕੀਤਾ ਸੀ। ਇਸ ਰਾਹੀਂ ਪੰਜਾਬ ਦੇ ਪਾਣੀਆਂ ਸਬੰਧੀ ਪਾਸ ਸਾਰੇ ਇਕਰਾਰਨਾਮੇ (ਜਿਸ ਵਿੱਚ ਸਾਲ 1981 ਦੌਰਾਨ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦਬਾਅ ਹੇਠ ਪਾਸ ਕੀਤਾ ਇਕਰਾਰਨਾਮਾ ਵੀ ਸ਼ਾਮਲ ਹੈ) ਰੱਦ ਹੋ ਗਿਆ ਸੀ।

ਇਹ ਵੀ ਪੜ੍ਹੋ: ਪਾਣੀਆਂ ਦਾ ਮਸਲਾ: ਬਾਦਲ ਅਤੇ ਕੈਪਟਨ ਪੰਜਾਬ ਦੇ ਰਾਇਪੇਰੀਅਨ ਹੱਕਾਂ ਦਾ ਕਤਲ ਕਰਨ ਲਈ ਬਰਾਬਰ ਦੇ ਦੋਸ਼ੀ

‘ਆਪ’ ਆਗੂਆਂ ਨੇ ਦੱਸਿਆ ਕਿ ਉਸ ਵੇਲੇ ਇੱਕ ਪਾਸੇ ਕੈਪਟਨ ਨੇ ਪੀਟੀਏਏ ਪਾਸ ਕੀਤਾ ਸੀ ਜਦਕਿ ਦੂਸਰੇ ਪਾਸੇ ਕੇਂਦਰ ਵਿਚਲੀ ਕਾਂਗਰਸ ਸਰਕਾਰ ਨੇ ਸੰਵਿਧਾਨ ਦੀ ਧਾਰਾ 143 ਅਧੀਨ ਸੁਪਰੀਮ ਕੋਰਟ ਨੂੰ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਲੈਣ ਲਈ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬਤੌਰ ਸੰਸਦ ਮੈਂਬਰ ਸਾਲ 1982 ਵਿੱਚ ਇੰਦਰਾ ਗਾਂਧੀ ਦੀ ਅਗਵਾਈ ਅਧੀਨ ਐਸਵਾਈਐਲ ਨਹਿਰ ਦੇ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ।

ਉਨ੍ਹਾਂ ਦੱਸਿਆ ਕਿ 1976 ’ਚ ਭਾਰਤ ਸਰਕਾਰ ਨੇ ਪੰਜਾਬ ਤੇ ਹਰਿਆਣਾ ਵਿਚਕਾਰ ਪਾਣੀਆਂ ਦੀ ਵੰਡ ਬਾਰੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਐਸਵਾਈਐਲ ਨਹਿਰ ਉਸਾਰਨ ਦਾ ਫੁਰਮਾਨ ਜਾਰੀ ਕੀਤਾ ਸੀ। ਬਾਦਲ ਸਰਕਾਰ ਨੇ ਨਾ ਕੇਵਲ ਹਰਿਆਣਾ ਸਰਕਾਰ ਕੋਲੋਂ ਨਹਿਰ ਦੇ ਨਿਰਮਾਣ ਲਈ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ ਸੀ ਸਗੋਂ 1979 ਵਿੱਚ ਇੱਕ ਕਰੋੜ ਰੁਪਏ ਪਹਿਲੀ ਕਿਸ਼ਤ ਵਜੋਂ ਹਾਸਲ ਕੀਤੇ ਸਨ। ਫੂਲਕਾ ਨੇ ਕਿਹਾ ਕਿ ਸਾਲ 1985-87 ਦੌਰਾਨ ਜਦੋਂ ਐਸਵਾਈਐਲ ਦਾ ਵਿਆਪਕ ਪੱਧਰ ’ਤੇ ਨਿਰਮਾਣ ਹੋਇਆ ਸੀ ਤਾਂ ਉਸ ਵੇਲੇ ਕੈਪਟਨ ਅਕਾਲੀ ਦਲ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸੀ। ‘ਆਪ’ ਆਗੂਆਂ ਨੇ ਰਿਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਨੂੰ ਇਨਸਾਫ਼ ਦਿੱਤੇ ਜਾਣ ਦੀ ਮੰਗ ਕੀਤੀ ਹੈ।

ਇਸ ਮੌਕੇ ਇੱਕ ਸਵਾਲ ਦੇ ਜਵਾਬ ਵਿੱਚ ਕੰਵਰ ਸੰਧੂ ਨੇ ਕਿਹਾ ਕਿ ਫੂਲਕਾ ਨੂੰ ਪਾਰਟੀ ਪੰਜਾਬ ਵਿੱਚ ਸਰਗਰਮ ਕਰ ਰਹੀ ਹੈ। ਫੂਲਕਾ ਨੇ ਕਿਹਾ ਕਿ ਉਹ ਪੰਜਾਬ ਵਿੱਚ ਸਭ ਤੋਂ ਵੱਧ ਸਮਾਜਿਕ ਸਰਗਰਮੀਆਂ ਕਰ ਰਹੇ ਹਨ ਅਤੇ ਕੰਮ ਦਾ ਮੁਲ ਤਾਂ ਆਪਣੇ ਆਪ ਹੀ ਪੈਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , ,